ਬਰਤਾਨੀਆ ’ਚ ਵੱਡੀ ਸਿਆਸੀ ਨੁਮਾਇੰਦਗੀ ਦੇ ਬਾਵਜੂਦ ਸਿੱਖ ਤੇ ਹੋਰ ਘੱਟ ਗਿਣਤੀ ਨਸਲੀ ਵਿਤਕਰੇ ਦਾ ਇੰਝ ਸਾਹਮਣਾ ਕਰਦੇ ਹਨ

ਤਸਵੀਰ ਸਰੋਤ, Reuters
- ਲੇਖਕ, ਜ਼ੁਬੈਰ ਅਹਿਮਦ
- ਰੋਲ, ਬੀਬੀਸੀ ਪੱਤਰਕਾਰ
ਪਿਛਲੇ ਹਫ਼ਤੇ ਪਾਕਿਸਤਾਨੀ ਮੂਲ ਦੇ ਸਾਜਿਦ ਜਾਵੇਦ ਮੰਤਰੀ ਮੰਡਲ 'ਚ ਸਿਹਤ ਮੰਤਰੀ ਬਣ ਕੇ ਵਾਪਸ ਆਏ ਹਨ। ਉਨ੍ਹਾਂ ਦੇ ਮੰਤਰਾਲੇ ਦੇ ਅਧੀਨ ਨੈਸ਼ਨਲ ਹੈਲਥ ਸੇਵਾ, ਐਨਐਚਐਸ ਸ਼ਾਮਲ ਹੈ, ਜੋ ਕਿ ਦੁਨੀਆਂ ਦੀ ਸਭ ਤੋਂ ਵੱਡੀ ਸਰਕਾਰੀ ਸਿਹਤ ਸੇਵਾਵਾਂ 'ਚੋਂ ਇੱਕ ਹੈ।
ਬ੍ਰਿਟੇਨ 'ਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਬਾਅਦ ਦੂਜਾ ਸਭ ਤੋਂ ਅਹਿਮ ਮੰਤਰਾਲਾ 'ਵਿੱਤ ਮੰਤਰਾਲਾ' ਹੈ। ਭਾਰਤੀ ਮੂਲ ਦੇ ਨੌਜਵਾਨ ਰਿਸ਼ੀ ਸੁਨਕ ਦੇਸ਼ ਦੇ ਵਿੱਤ ਮੰਤਰੀ ਹਨ ਅਤੇ ਮਹੱਤਵਪੂਰਨ ਗ੍ਰਹਿ ਮੰਤਰਾਲੇ ਦੀ ਵਾਗਡੋਰ ਭਾਰਤੀ ਮੂਲ ਦੀ ਪ੍ਰੀਤੀ ਪਟੇਲ ਦੇ ਹੱਥ 'ਚ ਹੈ।
ਇਸ ਤੋਂ ਇਲਾਵਾ ਦਸੰਬਰ 2019 'ਚ ਹੋਈਆਂ ਸੰਸਦੀ ਚੋਣਾਂ 'ਚ 15 ਭਾਰਤੀ ਮੂਲ ਦੇ ਅਤੇ ਇੰਨ੍ਹੇ ਹੀ ਪਾਕਿਸਤਾਨੀ ਮੂਲ ਦੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਇੰਨ੍ਹਾਂ ਚੋਣਾਂ 'ਚ ਚਾਰ ਬੰਗਲਾਦੇਸ਼ੀ ਮਹਿਲਾ ਉਮੀਦਵਾਰ ਵੀ ਜੇਤੂ ਰਹੀਆਂ ਹਨ।
ਇਹ ਵੀ ਪੜ੍ਹੋ:
2019 'ਚ ਬ੍ਰਿਟਿਸ਼ ਸੰਸਦ ਦੇ ਹਾਊਸ ਆਫ਼ ਕਾਮਨਜ਼ ਦੀਆਂ 650 ਸੀਟਾਂ ਲਈ ਚੋਣਾਂ ਹੋਈਆਂ ਸਨ, ਜਿਸ 'ਚ ਹਰ 10 ਸੀਟਾਂ ਪਿੱਛੇ ਇੱਕ ਸੀਟ 'ਤੇ ਨਸਲੀ ਘੱਟ ਗਿਣਤੀ ਉਮੀਦਵਾਰਾਂ ਨੂੰ ਜਿੱਤ ਹਾਸਲ ਹੋਈ ਸੀ।
ਦੇਸ਼ 'ਚ ਆਮ ਤੌਰ 'ਚ 'ਤੇ ਇੰਨ੍ਹਾਂ ਨੂੰ ਬੀਏਐਮਈ ਗਰੁੱਪ ਮਤਲਬ ਅਫ਼ਰੀਕੀ ਮੂਲ ਦੇ, ਏਸ਼ੀਆਈ ਅਤੇ ਨਸਲੀ ਘੱਟ ਗਿਣਤੀਆਂ ਦੇ ਰੂਪ 'ਚ ਵੇਖਿਆ ਜਾਂਦਾ ਹੈ।
ਬ੍ਰਿਟੇਨ 'ਚ ਨਸਲੀ ਘੱਟ ਗਿਣਤੀਆਂ ਦੀ ਆਬਾਦੀ 14% ਦੇ ਕਰੀਬ ਦੱਸੀ ਜਾਂਦੀ ਹੈ।
ਇਸ ਤੋਂ ਪਹਿਲਾਂ ਕਦੇ ਵੀ ਇੰਨ੍ਹੀ ਗਿਣਤੀ 'ਚ ਕਾਲੇ, ਏਸ਼ੀਆਈ ਅਤੇ ਨਸਲੀ ਘੱਟ ਗਿਣਤੀ ਸੰਸਦ ਮੈਂਬਰ ਬ੍ਰਿਟੇਨ ਦੀ ਸੰਸਦ 'ਚ ਨਹੀਂ ਚੁਣੇ ਗਏ ਹਨ।

ਤਸਵੀਰ ਸਰੋਤ, Matt Dunham/PA Wire
ਕੀ ਨਸਲੀ ਭੇਦਭਾਵ ਜਾਂ ਵਿਤਕਰਾ ਘੱਟ ਰਿਹਾ ਹੈ?
'ਬਲੈਕ ਲਾਈਵਜ਼ ਮੈਟਰ' ਮੁਹਿੰਮ ਅਤੇ ਸਰਕਾਰੀ ਅਤੇ ਗੈਰ ਸਰਕਾਰੀ ਦਫ਼ਤਰਾਂ, ਸੰਸਥਾਵਾਂ ਅਤੇ ਖੇਡਾਂ ਦੀ ਦੁਨੀਆਂ 'ਚ ਵਿਭਿੰਨਤਾ ਲਿਆਉਣ ਦੀ ਕੋਸ਼ਿਸ਼ ਦੇ ਤਹਿਤ ਬ੍ਰਿਟੇਨ ਦੀ ਸੰਸਦ ਅਤੇ ਕੈਬਨਿਟ 'ਚ ਵੀ ਨਸਲੀ ਘੱਟ ਗਿਣਤੀਆਂ ਦੀ ਭਾਗੀਦਾਰੀ ਵਧੀ ਹੈ।
ਵਿਰੋਧੀ ਧਿਰ ਲੇਬਰ ਪਾਰਟੀ ਦੇ ਭਾਰਤੀ ਮੂਲ ਦੇ ਸੰਸਦ ਮੈਂਬਰ ਨਵੇਂਦੂ ਮਿਸ਼ਰਾ ਦਾ ਕਹਿਣਾ ਹੈ ਕਿ ਇਹ ਸਹੀ ਦਿਸ਼ਾ ਵੱਲ ਇੱਕ ਕਦਮ ਹੈ।
ਤਾਂ ਫਿਰ ਕੀ ਇਸ ਦਾ ਮਤਲਬ ਇਹ ਲਿਆ ਜਾਵੇ ਕਿ ਬ੍ਰਿਟੇਨ 'ਚ ਨਸਲੀ ਵਿਤਕਰਾ ਖ਼ਤਮ ਹੋ ਰਿਹਾ ਹੈ ਜਾਂ ਫਿਰ ਪਹਿਲਾਂ ਨਾਲੋਂ ਘੱਟ ਰਿਹਾ ਹੈ?
ਮਾਹਰਾਂ ਦਾ ਕਹਿਣਾ ਹੈ ਕਿ ਅਜਿਹਾ ਸੋਚਣਾ ਨਾ-ਸਮਝੀ ਹੋਵੇਗੀ। ਟਵਿੱਟਰ ਅਤੇ ਸੋਸ਼ਲ ਮੀਡੀਆ ਦੇ ਹੋਰਨਾਂ ਪਲੇਟਫਾਰਮਾਂ 'ਤੇ ਅਫਰੀਕੀ ਮੂਲ ਦੇ ਖਿਡਾਰੀਆਂ ਨੂੰ ਹਮੇਸ਼ਾ ਹੀ ਨਸਲਵਾਦੀਆਂ ਵੱਲੋਂ ਟਰੋਲ ਕੀਤਾ ਜਾਂਦਾ ਹੈ। ਕਈ ਵਾਰ ਤਾਂ ਉਨ੍ਹਾਂ ਨੂੰ ਮੂੰਹ 'ਤੇ ਹੀ ਬੰਦਰ ਤੱਕ ਵੀ ਕਿਹਾ ਜਾਂਦਾ ਹੈ।
ਇੰਨ੍ਹੀ ਦਿਨੀਂ ਬ੍ਰਿਟੇਨ 'ਚ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੇ ਵਧਣ ਕਾਰਨ ਭਾਰਤੀ ਮੂਲ ਦੇ ਲੋਕਾਂ ਦੇ ਖ਼ਿਲਾਫ਼ ਨਸਲੀ ਵਿਤਕਰੇ ਦੇ ਮਾਮਲਿਆਂ 'ਚ ਵਾਧਾ ਦਰਜ ਕੀਤਾ ਗਿਆ ਹੈ।
ਨਵੇਂਦੂ ਮਿਸ਼ਰਾ ਦਾ ਕਹਿਣਾ ਹੈ, "ਦ ਇੰਡੀਅਨ ਵੈਰੀਐਂਟ ਵਰਗੇ ਸ਼ਬਦ ਭੇਦਭਾਵ ਦੀ ਇੱਕ ਮਿਸਾਲ ਹਨ, ਜਿੱਥੇ ਇਸ ਦੀ ਵਿਆਪਕ ਵਰਤੋਂ ਵਾਇਰਸ ਦੇ ਮਾਰੂ ਪ੍ਰਸਾਰ ਨੂੰ ਭਾਰਤੀ ਲੋਕਾਂ ਨਾਲ ਜੋੜਦਾ ਹੈ, ਇਹ ਯਕੀਨਨ ਹੀ ਨੁਕਸਾਨਦੇਹ ਹੈ।"
ਉਨ੍ਹਾਂ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਕੁਝ ਮੰਤਰੀਆਂ ਨੇ ਅਜਿਹੀਆਂ ਨੀਤੀਆਂ ਬਣਾਈਆਂ ਹਨ, ਜੋ ਕਿ ਇਸ ਦੇਸ਼ 'ਚ ਘੱਟ ਗਿਣਤੀ ਲੋਕਾਂ ਲਈ ਨੁਕਸਾਨਦੇਹ ਹੈ। ਦੇਸ਼ ਨਿਕਾਲਾ ਅਤੇ ਕੋਵਿਡ-19 ਦੀਆਂ ਨੀਤੀਆਂ, ਜਿੰਨ੍ਹਾਂ ਨੇ ਨਸਲੀ ਅਸਮਾਨਤਾਵਾਂ ਪੈਦਾ ਕੀਤੀਆਂ ਹਨ, ਇਸ ਦੀਆਂ ਕਈ ਉਦਾਹਰਣਾਂ ਮੌਜੂਦ ਹਨ।
ਹਾਲਾਂਕਿ ਆਮ ਤੌਰ 'ਤੇ ਬ੍ਰਿਟਿਸ਼ ਸਮਾਜ ਪਿਛਲੇ ਦਹਾਕਿਆਂ ਦੇ ਮੁਕਾਬਲੇ 'ਚ ਵਧੇਰੇ ਸਹਿਣਸ਼ੀਲ ਹੋ ਗਿਆ ਹੈ, ਇਸ ਦਾ ਮਤਲਬ ਇਹ ਨਹੀਂ ਕਿ ਨਸਲਵਾਦ ਮੌਜੂਦ ਨਹੀਂ ਹੈ।
ਸੋਸ਼ਲ ਮੀਡੀਆ ਨੇ ਇਸ ਨੂੰ ਹੋਰ ਵਧੇਰੇ ਪ੍ਰਚਲਿਤ ਕਰ ਦਿੱਤਾ ਹੈ, ਕਈ ਲੋਕ ਅਸੰਵੇਦਨਸ਼ੀਲਤਾ ਵਿਖਾਉਂਦੇ ਹਨ।
ਇਹੀ ਕਾਰਨ ਹੈ ਕਿ ਸਾਨੂੰ ਇੱਕ ਅਪਡੇਟਿਡ ਹੇਟ ਕ੍ਰਾਈਮ ਰਣਨੀਤੀ ਦੀ ਜ਼ਰੂਰਤ ਹੈ, ਜੋ ਸਹੀ ਢੰਗ ਨਾਲ ਇਹ ਦੱਸੇ ਕਿ ਸਰਕਾਰ ਇਸ ਸਥਿਤੀ ਨਾਲ ਕਿਵੇਂ ਨਜਿੱਠਣਾ ਚਾਹੁੰਦੀ ਹੈ।"
ਸ਼ਾਇਦ ਇਸੇ ਕਰਕੇ ਹੀ 22 ਜੂਨ ਨੂੰ ਸੰਸਦ ਮੈਂਬਰ ਨਵੇਂਦੂ ਮਿਸ਼ਰਾ ਨੇ ਬ੍ਰਿਟੇਨ ਦੀ ਸੰਸਦ 'ਚ ਇੱਕ ਪ੍ਰਸਤਾਵ ਪੇਸ਼ ਕੀਤਾ, ਜਿਸ 'ਚ ਦੇਸ਼ 'ਚ 'ਭਾਰਤ ਵਿਰੋਧੀ ਨਸਲਵਾਦ ਦੇ ਵਾਧੇ' ਦੀ ਨਿੰਦਾ ਕੀਤੀ ਗਈ ਸੀ।
ਉਨ੍ਹਾਂ ਨੇ ਇਸ ਪ੍ਰਸਤਾਵ ਨੂੰ ਹਾਊਸ ਆਫ ਕਾਮਨਜ਼ 'ਚ 'ਅਰਲੀ ਡੇਅ ਮੋਸ਼ਨ' ਈਡੀਐਮ ਦੀ ਤਰ੍ਹਾਂ ਪੇਸ਼ ਕੀਤਾ। ਬਰਤਾਨਵੀ ਸੰਸਦ 'ਚ, ਈਡੀਐਮ ਦੀ ਵਰਤੋਂ ਸੰਸਦ ਮੈਂਬਰਾਂ ਦੇ ਵਿਚਾਰਾਂ ਨੂੰ ਦਰਜ ਕਰਨ ਜਾਂ ਖਾਸ ਘਟਨਾਵਾਂ ਜਾਂ ਮੁਹਿੰਮਾਂ ਵੱਲ ਧਿਆਨ ਖਿੱਚਣ ਲਈ ਕੀਤੀ ਜਾਂਦੀ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸੰਸਦ 'ਚ ਮਤਾ
ਉਨ੍ਹਾਂ ਦਾ ਇਹ ਪ੍ਰਸਤਾਵ ਭਾਰਤੀ ਮੂਲ ਦੇ ਬਰਤਾਨੀਆ ਦੇ ਵਿਚਾਰਾਂ ਦੀ ਨੁਮਾਇੰਦਗੀ ਕਰਨ ਲਈ ਪਿਛਲੇ ਸਾਲ ਸਥਾਪਤ ਕੀਤੇ ਗਏ ਥਿੰਕ ਟੈਂਕ 'ਦ 1928 ਇੰਸਟੀਚਿਊਟ' ਦੀ ਇਕ ਹਾਲ ਦੀ ਰਿਪੋਰਟ 'ਤੇ ਅਧਾਰਿਤ ਹੈ।
ਇਸ ਨੇ ਮਈ ਮਹੀਨੇ ਇੱਕ ਰਿਪੋਰਟ ਜਾਰੀ ਕੀਤੀ ਸੀ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਭਾਰਤੀ ਮੂਲ ਦੇ 80% ਲੋਕਾਂ ਨੂੰ ਆਪਣੀ ਭਾਰਤੀ ਪਛਾਣ ਦੇ ਕਾਰਨ ਪੱਖਪਾਤ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਹਿੰਦੂ ਵਿਰੋਧੀ ਭਾਵਨਾਵਾਂ ਸਭ ਤੋਂ ਵੱਧ ਪ੍ਰਚਲਿਤ ਹੋਈਆਂ ਹਨ।
ਰਿਪੋਰਟ 'ਚ ਕਿਹਾ ਗਿਆ ਹੈ ਕਿ "ਇਹ ਜ਼ਰੂਰੀ ਹੈ ਕਿ ਭਾਰਤ ਵਿਰੋਧੀ ਨਸਲਵਾਦ, ਖ਼ਾਸ ਕਰਕੇ ਹਿੰਦੂਫੋਬੀਆ ਨਾਲ ਨਜਿੱਠਣ ਵੱਲ ਧਿਆਨ ਦਿੱਤਾ ਜਾਵੇ।"
'1928 ਇੰਸਟੀਚਿਊਟ' ਦੇ ਸਹਿ-ਸੰਸਥਾਪਕ ਅਰੁਣ ਵੈਦ ਨੇ ਬੀਬੀਸੀ ਨੂੰ ਦੱਸਿਆ ਕਿ ਹਿੰਦੂਫੋਬੀਆ ਬਰਤਾਨਵੀ ਸਮਾਜ ਦੀ ਇਕ ਸੱਚਾਈ ਹੈ।
ਉਨ੍ਹਾਂ ਦਾ ਕਹਿਣਾ ਹੈ , "ਹਿੰਦੂਫੋਬੀਆ ਦੀ ਸਾਡੀ ਧਾਰਨਾ ਰਵਾਇਤੀ ਸੱਭਿਆਚਾਰਕ-ਭੂਗੋਲਿਕ ਅਰਥਾਂ 'ਚ 'ਹਿੰਦੂ' ਸ਼ਬਦ ਦੀ ਵਰਤੋਂ ਕਰਦੀ ਹੈ। ਇਸ ਤਰ੍ਹਾਂ ਨਾਲ ਹਿੰਦੂਫੋਬੀਆ, ਜੋ ਕਿ ਸਵਦੇਸ਼ੀ ਭਾਰਤੀ ਗਿਆਨ ਅਤੇ ਸਭਿਆਚਾਰ ਦੇ ਬਸਤੀਵਾਦੀ ਰੂਪ 'ਚ ਉਭਰਦਾ ਹੈ, ਉਹ ਗਲਤ ਬਿਆਨਬਾਜ਼ੀ, ਮਖੌਲ, ਟਿੱਚਰਾਂ ਅਤੇ ਹਿੰਸਾ ਦੇ ਰੂਪ 'ਚ ਪ੍ਰਗਟ ਹੋ ਸਕਦਾ ਹੈ।"
ਉਹ ਭਾਰਤੀ ਮੂਲ ਦੇ ਲੋਕਾਂ ਦਾ ਉੱਚੇ ਸਰਕਾਰੀ ਅਹੁਦਿਆਂ 'ਤੇ ਪਹੁੰਚਣ ਦਾ ਸਵਾਗਤ ਕਰਦੇ ਹਨ ਅਤੇ ਉਨ੍ਹਾਂ ਮੁਤਾਬਕ ਇਹ ਪ੍ਰੇਰਣਾਦਾਇਕ ਵੀ ਹੈ।
ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ, "ਭਾਰਤ ਵਿਰੋਧੀ ਨਸਲਵਾਦ ਅਜੇ ਵੀ ਮੌਜੂਦ ਹੈ ਅਤੇ ਕੁਝ ਖ਼ਾਸ ਖੇਤਰਾਂ 'ਚ ਕੇਂਦਰਿਤ ਹੈ।"
ਦੱਖਣੀ ਏਸ਼ੀਆ ਦੇ ਲੋਕ ਜੋ ਕਿ ਮੰਤਰੀ ਬਣਨ ਦਾ ਮਤਲਬ ਨਸਲੀ ਵਿਤਕਰੇ ਦੇ ਘੱਟ ਹੋਣਾ ਕੱਢਦੇ ਹਨ, ਉਨ੍ਹਾਂ ਨੂੰ ਅਰੁਣ ਪੁੱਛਦੇ ਹਨ ਕਿ ਜਦੋਂ ਬਰਾਕ ਓਬਾਮਾ ਅਮਰੀਕਾ ਦੇ ਰਾਸ਼ਟਰਪਤੀ ਸਨ ਤਾਂ ਕੀ ਇਸ ਦਾ ਮਤਲਬ ਇਹ ਕੱਢਿਆ ਜਾਵੇ ਕਿ ਉਸ ਸਮੇਂ ਅਮਰੀਕਾ 'ਚ ਨਸਲੀ ਵਿਤਕਰਾ ਘੱਟ ਹੋ ਗਿਆ ਸੀ।"

ਤਸਵੀਰ ਸਰੋਤ, NAVENDU MISHRA
ਬ੍ਰਿਟੇਨ 'ਚ ਭਾਰਤੀ ਭਾਈਚਾਰਾ
ਬ੍ਰਿਟੇਨ 'ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ਲਗਭਗ 14% ਹੈ, ਜੋ ਕਿ ਦੇਸ਼ ਦੀ ਕੁੱਲ ਵਸੋਂ ਦਾ ਸਿਰਫ 2.3% ਹੈ, ਪਰ ਇਹ ਬ੍ਰਿਟੇਨ ਦਾ ਸਭ ਤੋਂ ਵੱਡਾ ਨਸਲੀ ਭਾਈਚਾਰਾ ਹੈ।
ਇਹ ਪ੍ਰਵਾਸੀ ਭਾਰਤੀ 1950 ਅਤੇ 1960 ਦੇ ਦਹਾਕੇ 'ਚ ਬ੍ਰਿਟੇਨ 'ਚ ਕੱਪੜਿਆਂ ਦੀਆਂ ਮਿੱਲਾਂ 'ਚ ਕੰਮ ਕਰਨ ਲਈ ਇੱਥੇ ਆਏ ਸਨ। ਕੁਝ ਭਾਰਤੀ ਮੂਲ ਦੇ ਲੋਕ ਅਫ਼ਰੀਕਾ ਤੋਂ ਆ ਕੇ ਬ੍ਰਿਟੇਨ 'ਚ ਵੱਸ ਗਏ ਸਨ।
ਬ੍ਰਿਟਿਸ਼ ਸਮਾਜ ਦੇ ਲਗਭਗ ਸਾਰੇ ਹੀ ਖੇਤਰਾਂ 'ਚ ਭਾਰਤ ਅਤੇ ਦੱਖਣੀ ਏਸ਼ੀਆ ਤੋਂ ਆ ਕੇ ਇੱਥੇ ਵੱਸੇ ਲੋਕਾਂ ਦੀ ਮੌਜੂਦਗੀ ਮਿਲੇਗੀ।
ਉਦਯੋਗ, ਵਪਾਰ, ਕ੍ਰਿਕਟ ਅਤੇ ਸਿੱਖਿਆ ਦੇ ਖੇਤਰਾਂ 'ਚ ਇੰਨ੍ਹਾਂ ਨੇ ਕਾਫ਼ੀ ਮੱਲਾਂ ਮਾਰੀਆਂ ਹਨ ਪਰ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਦੱਖਣੀ ਏਸ਼ੀਆ ਤੋਂ ਆਏ ਲੋਕਾਂ ਨੂੰ ਸਿਆਸਤ ਦੇ ਖੇਤਰ 'ਚ ਵਧੇਰੇ ਸਫਲਤਾ ਹਾਸਲ ਹੋਈ ਹੈ।
ਸਾਜਿਦ ਜਾਵਿਦ ਦੀ ਹੀ ਉਦਾਹਰਣ ਲੈ ਲਵੋ। ਉਹ ਪਹਿਲਾਂ ਬਤੌਰ ਵਿੱਤ ਮੰਤਰੀ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਦੇ ਪਿਤਾ ਜੀ ਪਾਕਿਸਤਾਨ ਤੋਂ ਇੱਥੇ ਆਏ ਸਨ ਅਤੇ ਬੱਸ ਡਰਾਇਵਰੀ ਦਾ ਕੰਮ ਕਰਦੇ ਸਨ।
ਭਾਵੇਂ ਕਿ ਉਹ ਕਿਸੇ ਪ੍ਰਾਈਵੇਟ ਸਕੂਲ 'ਚ ਨਹੀਂ ਗਏ, ਪਰ ਫਿਰ ਵੀ ਆਪਣੀ ਯੋਗਤਾ ਦੇ ਅਧਾਰ 'ਤੇ ਉਹ ਡਾਐਚ ਬੈਂਕ 'ਚ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ 'ਤੇ ਪਹੁੰਚ ਗਏ ਸਨ।
ਹੁਣ ਉਹ ਪਿਛਲੇ 11 ਸਾਲਾਂ ਤੋਂ ਰਾਜਨੀਤੀ 'ਚ ਹਨ। ਉਨ੍ਹਾਂ ਲਈ ਹੁਣ ਸਿਰਫ ਇੱਕ ਹੀ ਅਹੁਦਾ ਬਚਿਆ ਹੈ, ਜਿੱਥੇ ਉਹ ਪਹੁੰਚਣ ਦੀ ਇੱਛਾ ਰੱਖਦੇ ਹੋਣਗੇ ਅਤੇ ਉਹ ਹੈ ਪ੍ਰਧਾਨ ਮੰਤਰੀ ਦਾ ਅਹੁਦਾ।
ਭਾਰਤੀ ਮੂਲ ਦੀ ਪ੍ਰੀਤੀ ਪਟੇਲ ਵੀ ਵਰਕਿੰਗ ਕਲਾਸ ਪਿਛੋਕੜ ਨਾਲ ਸਬੰਧ ਰੱਖਦੀ ਹੈ।
ਉਨ੍ਹਾਂ ਬਾਰੇ ਵੀ ਕਿਹਾ ਜਾ ਸਕਦਾ ਹੈ ਕਿ ਗ੍ਰਹਿ ਮੰਤਰਾਲੇ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਅਹੁਦਾ ਹਾਸਲ ਕਰਨਾ ਹੀ ਉਨ੍ਹਾਂ ਦੀ ਤਰੱਕੀ ਮੰਨੀ ਜਾਵੇਗੀ।
ਰਿਸ਼ੀ ਸੁਨਕ ਅਜੇ 40 ਸਾਲ ਦੇ ਹਨ ਅਤੇ ਵਿੱਤ ਮੰਤਰੀ ਦੇ ਅਹੁਦੇ 'ਤੇ ਕਾਬਜ਼ ਹਨ, ਉਨ੍ਹਾਂ ਦੇ ਸਿਆਸੀ ਜੀਵਨ ਦਾ ਉਦੇਸ਼ ਵੀ ਦੇਸ਼ ਦਾ ਸਰਵਉੱਚ ਅਹੁਦਾ ਹਾਸਲ ਕਰਨਾ ਹੋਵੇਗਾ।

ਤਸਵੀਰ ਸਰੋਤ, PA Media
ਭਾਰਤੀ ਮੂਲ ਦੇ ਲੋਕਾਂ ਨਾਲ ਵਿਤਕਰਾ
ਨਵੇਂਦੂ ਮਿਸ਼ਰਾ ਦੇ ਮਾਤਾ-ਪਿਤਾ ਉੱਤਰ ਪ੍ਰਦੇਸ਼ ਤੋਂ ਹਨ ਅਤੇ ਉਹ ਸਿਰਫ 30 ਸਾਲ ਦੀ ਉਮਰ 'ਚ ਹੀ ਸੰਸਦ ਮੈਂਬਰ ਬਣ ਗਏ ਸਨ। ਉਹ ਭਾਰਤੀ ਮੂਲ ਦੇ ਲੋਕਾਂ ਦੀ ਕਾਮਯਾਬੀ ਦੀ ਇੱਕ ਮਿਸਾਲ ਹਨ। ਪਰ ਉਨ੍ਹਾਂ ਦਾ ਕਹਿਣਾ ਹੈ ਕਿ ਨਸਲਵਾਦ ਬਾਹਰੋਂ ਨਹੀਂ ਵਿਖਾਈ ਦਿੰਦਾ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਭਾਰਤੀ ਮੂਲ ਦੇ ਲੋਕਾਂ ਵਿਰੁੱਧ ਨਸਲਵਾਦ ਅਕਸਰ ਹੀ ਲੁਕਿਆ ਹੋਇਆ ਹੁੰਦਾ ਹੈ। ਮੇਰੇ ਨਾਲ ਵੀ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ। ਕੁਝ ਲੋਕਾਂ 'ਚ ਵੱਖ-ਵੱਖ ਸਭਿਆਚਾਰਾਂ ਅਤੇ ਧਰਮਾਂ ਬਾਰੇ ਪੂਰੀ ਜਾਣਕਾਰੀ ਦੀ ਘਾਟ ਹੁੰਦੀ ਹੈ।"
ਸਿੱਖ ਭਾਈਚਾਰ ਦੇ ਇੱਕ ਧਾਰਮਿਕ ਆਗੂ ਅਮਰਜੀਤ ਸਿੰਘ ਚੀਮਾ ਨੇ ਮੈਨਚੇਸਟਰ ਤੋਂ ਫੋਨ ਨਾਲ ਸਾਡੇ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਬਚਪਨ ਤੋਂ ਵੀ ਇਸ ਵਿਤਕਰੇ ਦਾ ਸ਼ਿਕਾਰ ਹੋ ਰਹੇ ਹਨ।
ਉਹ ਕਹਿੰਦੇ ਹਨ, " ਜਦੋਂ ਮੈਂ ਸਕੂਲ 'ਚ ਸੀ ਤਾਂ ਉਸ ਸਮੇਂ ਮੇਰੀ ਦਾੜੀ ਅਤੇ ਲੰਮੇ ਵਾਲਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ। ਫਿਰ ਜਦੋਂ ਮੈਂ ਵੱਡਾ ਹੋਇਆ ਤਾਂ ਇੱਥੋਂ ਦੇ ਬਜ਼ੁਰਗ ਲੋਕ ਮੈਨੂੰ ਬਹੁਤ ਹੀ ਉਤਸੁਕਤਾ ਨਾਲ ਵੇਖਦੇ ਸਨ।”
“ਜੇਕਰ ਮੈਂ ਖਰੀਦਦਾਰੀ ਕਰਨ ਲਈ ਬਾਜ਼ਾਰ ਜਾਂਦਾ ਸੀ ਤਾਂ ਲੋਕ ਮੈਨੂੰ ਸ਼ੱਕੀ ਨਜ਼ਰਾਂ ਨਾਲ ਵੇਖਦੇ ਸਨ ਜਿਸ ਸਮੇਂ 9/11 ਹਮਲਾ ਹੋਇਆ ਤਾਂ ਮੈਨੂੰ ਆਪਣੀ ਲੰਬੀ ਦਾੜੀ ਅਤੇ ਪੱਗ ਦੇ ਕਾਰਨ ਓਸਾਮਾ ਦੇ ਨਾਮ ਨਾਲ ਵੀ ਬੁਲਾਇਆ ਗਿਆ।"
ਪਰ ਇਸ ਸਭ ਬਾਰੇ ਉਨ੍ਹਾਂ ਦੇ ਮਨ 'ਚ ਕੋਈ ਖਟਾਸ ਨਹੀਂ ਹੈ ਅਤੇ ਨਾ ਹੀ ਸਥਾਨਕ ਲੋਕਾਂ ਖ਼ਿਲਾਫ਼ ਕੋਈ ਸ਼ਿਕਾਇਤ ਹੈ।
ਉਹ ਕਹਿੰਦੇ ਹਨ, "ਮੇਰਾ ਜਨਮ ਇੱਥੇ ਹੀ ਹੋਇਆ ਹੈ। ਇਕ ਸਮਾਂ ਸੀ ਜਦੋਂ ਇਹ ਗੋਰੇ ਲੋਕ ਸਾਡੇ ਭੋਜਨ ਦਾ ਮਜ਼ਾਕ ਉਡਾਉਂਦੇ ਸਨ ਅਤੇ ਸਾਨੂੰ 'ਪਾਕੀ' ਜਾਂ 'ਚੱਟਨੀ' ਵਰਗੇ ਨਸਲੀ ਟਿੱਚਰਾਂ ਵਾਲੇ ਸ਼ਬਦ ਕਹਿ ਕੇ ਛੇੜਦੇ ਸਨ।”
“ਹੁਣ ਕਰੀ ਅਤੇ ਬਿਰੀਆਨੀ ਗੋਰਿਆਂ ਨੂੰ ਬਹੁਤ ਪਸੰਦ ਹੈ। ਹੁਣ ਇਹ ਸਾਡੇ ਵਰਗੇ ਸਿੱਖਾਂ ਅਤੇ ਤਾਲਿਬਾਨ ਵਿਚਾਲੇ ਫ਼ਰਕ ਨੂੰ ਸਮਝਦੇ ਹਨ। ਉਨ੍ਹਾਂ ਨੇ ਸਾਨੂੰ ਅਪਣਾ ਲਿਆ ਹੈ ਅਤੇ ਅਸੀਂ ਵੀ ਇੱਥੋਂ ਦੇ ਹੋ ਕੇ ਰਹਿ ਗਏ ਹਾਂ।"
ਅਮਰਜੀਤ ਸਿੰਘ ਚੀਮਾ ਦੇ ਅਨੁਸਾਰ ਪਹਿਲਾਂ ਨਸਲੀ ਵਿਤਕਰਾ ਸਥਾਨਕ ਲੋਕਾਂ ਦੀ ਨਾਦਾਨੀ ਜਾਂ ਫਿਰ ਜਾਣਕਾਰੀ ਦੀ ਘਾਟ ਕਰਕੇ ਸੀ, ਪਰ ਹੁਣ ਅਜਿਹਾ ਨਹੀਂ ਹੈ।
"ਮੇਰੇ ਪਰਿਵਾਰ ਵਾਲੇ ਮੈਨਚੇਸਟਰ ਦੀਆਂ ਮਿੱਲਾਂ 'ਚ ਕੰਮ ਕਰਨ ਲਈ ਆਏ ਸਨ। ਉਨ੍ਹਾਂ ਨੂੰ ਤਾਂ ਅੰਗ੍ਰੇਜ਼ੀ ਬੋਲਣੀ ਵੀ ਨਹੀਂ ਆਉਂਦੀ ਸੀ। ਸਾਡੇ ਰਹਿਣ-ਸਹਿਣ ਦਾ ਅੰਦਾਜ਼ ਵੀ ਵੱਖਰਾ ਸੀ। ਵਿਤਕਰਾ ਕਰਨ ਵਾਲੇ ਲੋਕ ਵੀ ਮੌਜੂਦ ਹਨ, ਜੋ ਚਾਹੁੰਦੇ ਹਨ ਕਿ ਅਸੀਂ ਆਪਣੇ ਦੇਸ਼ ਵਾਪਤ ਪਰਤ ਜਾਈਏ, ਪਰ ਇੰਨ੍ਹਾਂ ਲੋਕਾਂ ਦੀ ਗਿਣਤੀ ਮੁੱਠੀ ਭਰ ਹੈ।"
ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਸਰਕਾਰ ਨੇ ਨਸਲਵਾਦ ਨੂੰ ਜੜ੍ਹੋਂ ਖ਼ਤਮ ਕਰਨ ਦੀ ਪਹਿਲ ਕੀਤੀ ਹੈ। ਪਰ ਅਜੇ ਤੱਕ ਉਨ੍ਹਾਂ ਨੂੰ ਜ਼ਿਆਦਾ ਸਫਲਤਾ ਨਹੀਂ ਮਿਲੀ ਹੈ।
ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਬ੍ਰਿਟਿਸ਼ ਸਮਾਜ ਨੂੰ ਬਹੁ-ਸੱਭਿਆਚਾਰਕ ਐਲਾਨਿਆ ਸੀ, ਜਿਸ 'ਚ ਉਨ੍ਹਾਂ ਨੂੰ ਸਫਲਤਾ ਤਾਂ ਮਿਲੀ, ਪਰ ਬਹੁਤ ਘੱਟ। ਹੁਣ ਬਰਤਾਨਵੀ ਸਰਕਾਰ ਵਿਭਿੰਨਤਾ 'ਤੇ ਜ਼ੋਰ ਦੇ ਰਹੀ ਹੈ ਅਤੇ ਮਾਹਰਾਂ ਦਾ ਕਹਿਣਾ ਹੈ ਕਿ ਫਿਲਹਾਲ ਇਸ ਮੁੱਦੇ ਨੂੰ ਸੁਲਝਾਉਣ ਦਾ ਇਹ ਸਹੀ ਤਰੀਕਾ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












