ਆਕਸਫੋਰਡ-ਐਸਟਰਾਜ਼ੇਨੇਕਾ ਵੈਕਸੀਨ: ਕੀ ਇਸ ਨਾਲ ਖੂਨ ਜੰਮਣ ਦੀ ਸਮੱਸਿਆ ਵੀ ਹੋ ਸਕਦੀ ਹੈ?

    • ਲੇਖਕ, ਜੇਮਸ ਗੈਲੇਘਰ
    • ਰੋਲ, ਬੀਬੀਸੀ ਪੱਤਰਕਾਰ

ਆਕਸਫੋਰਡ-ਐਸਟਰਾਜ਼ੇਨੇਕਾ ਟੀਕਾ ਲਗਵਾਉਣ ਤੋਂ ਬਾਅਦ ਮੁੱਠੀ ਭਰ ਲੋਕਾਂ ਦੇ ਦਿਮਾਗ ਵਿਚ ਖੂਨ ਜੰਮਣ (ਬਲੱਡ ਕਲੋਟਿੰਗ) ਦੀ ਸ਼ਿਕਾਇਤ ਸਾਹਮਣੇ ਆਈ ਹੈ।

"ਸੇਰੇਬ੍ਰਲ ਵੇਨਸ ਸਾਈਨਸ ਥ੍ਰੋਮਬੋਸਿਸ" ਜਾਂ ਸੀਵੀਐਸਟੀ ਕਾਰਨ ਜਰਮਨੀ, ਫਰਾਂਸ ਅਤੇ ਕੈਨੇਡਾ ਸਮੇਤ ਕਈ ਦੇਸ਼ਾਂ ਨੇ ਇਸ ਦੀ ਖ਼ੁਰਾਕ ਲੈਣ 'ਤੇ ਪਾਬੰਦੀ ਲਗਾ ਦਿੱਤੀ ਹੈ।

ਵਿਸ਼ਵ ਸਿਹਤ ਸੰਗਠਨ ਅਤੇ ਯੂਰਪੀਅਨ ਮੈਡੀਸਨ ਏਜੰਸੀ ਦਾ ਕਹਿਣਾ ਹੈ ਕਿ ਇਸ ਵੈਕਸੀਨ ਦੇ ਲਾਭ ਕਿਸੇ ਵੀ ਜੋਖਮ ਤੋਂ ਕਿਤੇ ਵੱਧ ਹਨ।

ਦੁਨੀਆਂ ਭਰ ਦੇ ਵਿਗਿਆਨੀ ਅਤੇ ਦਵਾਈਆਂ ਦੀ ਸੁਰੱਖਿਆ ਦੇ ਨਿਯਮਕ (ਰੈਗੂਲੇਟਰ) ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜੇ ਟੀਕਾ ਅਸਲ ਵਿੱਚ ਇਹ ਸਟ੍ਰੋਕ ਪੈਦਾ ਕਰ ਰਿਹਾ ਹੈ, ਤਾਂ ਇਸ ਨਾਲ ਖ਼ਤਰਾ ਕਿੰਨਾ ਵੱਡਾ ਹੋ ਸਕਦਾ ਹੈ ਅਤੇ ਟੀਕਾਕਰਨ ਪ੍ਰੋਗਰਾਮਾਂ ਲਈ ਇਸ ਦਾ ਕੀ ਅਰਥ ਹੋ ਸਕਦਾ ਹੈ।

ਇਹ ਵੀ ਪੜ੍ਹੋ:

ਕੀ ਵੈਕਸੀਨ ਨਾਲ ਖੂਨ ਜੰਮ ਸਕਦਾ (ਬਲੱਡ ਕਲੋਟਿੰਗ) ਹੈ?

ਫਿਲਹਾਲ, ਸਾਨੂੰ ਨਹੀਂ ਪਤਾ।

ਯੂਰਪੀਅਨ ਮੈਡੀਸਨ ਏਜੰਸੀ (ਈਐਮਏ), ਜੋ ਸੁਰੱਖਿਆ ਦੇ ਅੰਕੜਿਆਂ ਦੀ ਸਮੀਖਿਆ ਕਰ ਰਹੀ ਹੈ, ਕਹਿੰਦੀ ਹੈ ਕਿ ਇਹ "ਇਹ ਸਾਬਤ ਨਹੀਂ ਹੋਇਆ, ਪਰ ਸੰਭਵ ਹੈ"।

ਸੰਗਠਨ ਇਹ ਪਤਾ ਲਗਾ ਰਿਹਾ ਹੈ ਕਿ ਕੀ ਰਿਪੋਰਟ ਕੀਤੇ ਅਜਿਹੇ ਮਾਮਲੇ ਵੈਕਸੀਨ ਦਾ ਇੱਕ ਮਾੜਾ ਪ੍ਰਭਾਵ ਹੈ ਜਾਂ ਇੱਕ ਇਤਫਾਕ ਹਨ ਜੋ ਕੁਦਰਤੀ ਤੌਰ 'ਤੇ ਵਾਪਰੇ ਹਨ। ਦੁਰਲੱਭ ਘਟਨਾਵਾਂ ਨਾਲ ਨਜਿੱਠਣ ਵੇਲੇ ਇਹ ਬਹੁਤ ਹੀ ਮੁਸ਼ਕਲ ਹੁੰਦਾ ਹੈ।

ਜੇ, ਦੂਜੇ ਪਾਸੇ, ਹਰ 10,000 ਲੋਕਾਂ ਵਿਚੋਂ ਇਕ ਵਿਚ ਗੰਭੀਰ ਬਲਡ ਕਲੋਟਿੰਗ ਹੋ ਰਹੀ ਹੈ ਤਾਂ ਜਵਾਬ ਸਪੱਸ਼ਟ ਹੋਵੇਗਾ।

ਮੈਂ ਕਈ ਵਿਗਿਆਨੀਆਂ ਨਾਲ ਗੱਲ ਕੀਤੀ ਹੈ ਜਿਨ੍ਹਾਂ ਵਿਚੋਂ ਇਸ ਨੂੰ ਲੈਕੇ ਕੁਝ ਸ਼ੱਕੀ ਹਨ ਅਤੇ ਹੋਰਾਂ ਨੂੰ ਇਸ ਬਾਰੇ ਪੂਰਾ ਵਿਸ਼ਵਾਸ ਹੈ।

ਖੂਨ ਦਾ ਜੰਮਣਾ ਅਸਾਧਾਰਣ ਸੁਭਾਅ ਵੱਲ ਇਸ਼ਾਰਾ ਕਰਦਾ ਹੈ ਜਿਵੇਂ ਕਿ ਕੋਈ ਸੰਕੇਤ ਦੇ ਰਹੇ ਹੋਣ ਕਿ ਕੁਝ ਵੀ ਹੋ ਸਕਦਾ ਹੈ।

ਉਹ ਅਕਸਰ ਖੂਨ ਦੇ ਪਲੇਟਲੈਟਸ ਦੇ ਹੇਠਲੇ ਪੱਧਰ 'ਤੇ ਜਾਣ ਵੇਲੇ ਇੱਕੋ ਸਮੇਂ ਦਿਖਾਈ ਦਿੰਦੇ ਹਨ, ਜੋ ਕਿ ਖੂਨ ਜੰਮਣ ਦਾ ਇੱਕ ਮੁੱਖ ਕਾਰਨ ਹੋ ਸਕਦਾ ਹੈ।

ਬਾਕੀਆਂ ਦਾ ਕਹਿਣਾ ਹੈ ਕਿ ਇਸ ਗੱਲ ਦਾ ਪੂਰਾ ਸਬੂਤ ਨਹੀਂ ਹੈ ਅਤੇ ਰਿਪੋਰਟ ਕੀਤੇ ਕੇਸ ਕੋਵਿਡ ਕਰਕੇ ਹੋ ਸਕਦੇ ਹਨ।

ਖਤਰਾ ਕਿੰਨਾ ਵੱਡਾ ਹੋ ਸਕਦਾ ਹੈ?

ਇਹ ਪੂਰਨ ਤੌਰ 'ਤੇ ਸੰਭਵ ਹੈ ਕਿ ਕੋਈ ਜੋਖਮ ਹੋਵੇ ਹੀ ਨਾ, ਕਿਉਂਕਿ ਅਜੇ ਤੱਕ ਇਹ ਸਾਬਤ ਨਹੀਂ ਹੋਇਆ ਹੈ ਕਿ ਵੈਕਸੀਨ ਦੇ ਨਾਲ ਦਿਮਾਗ 'ਚ ਖੂਨ ਜੰਮ ਰਿਹਾ ਹੈ।

ਜਰਮਨੀ ਦੇ ਪੌਲ ਏਹਰਲਿਚ ਇੰਸਟੀਚਿਊਟ ਨੇ 31 ਸੇਰੇਬ੍ਰਲ ਵੇਨਸ ਸਾਈਨਸ ਥ੍ਰੋਮਬੋਸਿਸ ਦੇ ਕੇਸ ਰਿਪੋਰਟ ਕੀਤੇ ਹਨ ਅਤੇ ਉਥੇ ਟੀਕੇ ਲਗਾਉਣ ਵਾਲੇ 2.7 ਮਿਲੀਅਨ ਲੋਕਾਂ ਵਿੱਚੋਂ 9 ਮੌਤਾਂ ਦੀ ਖ਼ਬਰ ਹੈ।

ਯੂਕੇ ਦੇ ਸਭ ਤੋਂ ਤਾਜ਼ੇ ਅੰਕੜਿਆਂ ਵਿੱਚ ਦੱਸਿਆ ਗਿਆ ਹੈ ਕਿ 18 ਮਿਲੀਅਨ (1 ਕਰੋੜ 80 ਲੱਖ) ਲੋਕਾਂ ਨੂੰ ਟੀਕੇ ਲਗਾਏ ਗਏ। ਇੰਨ੍ਹਾਂ ਲੋਕਾਂ 'ਚੋਂ 30 ਲੋਕਾਂ ਵਿੱਚ ਖੂਨ ਜੰਮਣ ਦੀ ਸ਼ਿਕਾਇਤ ਆਈ ਹੈ ਅਤੇ 7 ਲੋਕਾਂ ਦੀ ਮੌਤ ਹੋਈ ਹੈ।

ਯੂਰਪੀਅਨ ਮੈਡੀਸਨਜ਼ ਏਜੰਸੀ, ਜਿਸ ਨੇ ਦੁਨੀਆਂ ਭਰ ਦੇ ਅੰਕੜਿਆਂ ਦਾ ਮੁਲਾਂਕਣ ਕੀਤਾ ਹੈ, ਦਾ ਅਨੁਮਾਨ ਹੈ ਕਿ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ, ਜਿਨ੍ਹਾਂ ਨੂੰ ਐਸਟਰਾਜ਼ੇਨੇਕਾ ਵੈਕਸੀਨ ਦਿੱਤੀ ਗਈ ਹੈ, ਸੀਵੀਐਸਟੀ ਦੇ ਲਗਭਗ 1,00,000 ਵਿੱਚੋਂ ਇੱਕ ਬੰਦੇ ਨੂੰ ਜੋਖਮ ਹੈ।

ਸੰਗਠਨ ਦੇ ਸੁਰੱਖਿਆ ਨਿਗਰਾਨੀ ਦੇ ਮੁਖੀ, ਡਾ. ਪੀਟਰ ਅਰਲੇਟ ਨੇ ਕਿਹਾ ਕਿ ਇਹ "ਜਿੰਨਾ ਅਸੀਂ ਦੇਖਣਾ ਚਾਹੁੰਦੇ ਹਾਂ ਉਸ ਤੋਂ ਵੱਧ ਹੈ"।

ਹਾਲਾਂਕਿ, ਇਹ ਅਸਪਸ਼ਟ ਹੈ ਕਿ ਦਿਮਾਗ ਵਿੱਚ ਖੂਨ ਦੇ ਥੱਕੇ ਬਣਨ ਦਾ ਅਨੁਮਾਨ ਹਰ ਸਾਲ ਹਰ ਮਿਲੀਅਨ ਪਿੱਛੇ ਦੋ ਮਾਮਲਿਆਂ ਤੋਂ ਕੋਰੋਨਾ ਦੇ ਸਮੇਂ 'ਚ ਕਰੀਬ 16 ਹੋ ਗਿਆ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਯੂਕੇ ਅਤੇ ਜਰਮਨੀ ਵਿਚ ਅੰਤਰ ਕਿਉਂ ਹੈ?

ਤੁਸੀਂ ਵੱਖੋ ਵੱਖਰੇ ਦੇਸ਼ਾਂ ਵਿੱਚ ਇੱਕੋ ਹੀ ਗਿਣਤੀ ਦੇ ਸੀਵੀਐਸਟੀ ਵੇਖਣ ਦੀ ਉਮੀਦ ਕਰ ਸਕਦੇ ਹੋ ਜੇ ਉਹ ਅਸਲ ਵਿੱਚ ਵੈਕਸੀਨ ਦੇ ਕਾਰਨ ਹੀ ਹੋ ਰਹੇ ਸਨ। ਫਿਰ ਵੀ ਯੂਕੇ ਨੇ ਜਰਮਨੀ ਤੋਂ ਲਗਭਗ ਸੱਤ ਗੁਣਾ ਜ਼ਿਆਦਾ ਲੋਕਾਂ ਨੂੰ ਵੈਕਸਨੀ ਦਿੱਤੀ ਹੈ, ਇਸ ਦੇ ਬਾਵਜੂਦ ਇੱਕੋ ਗਿਣਤੀ ਦੇ ਕੇਸਾਂ ਦੀ ਰਿਪੋਰਟ ਕੀਤੀ ਗਈ।

ਇਕ ਦਲੀਲ ਇਹ ਹੈ ਕਿ ਟੀਕਾਕਰਣ ਕੀਤੇ ਜਾਣ ਵਾਲੇ ਲੋਕਾਂ ਦੀ ਕਿਸਮ ਵੱਖਰੀ ਹੈ।

ਯੂਕੇ, ਵੱਡੇ ਪੱਧਰ 'ਤੇ, ਸਭ ਤੋਂ ਵੱਧ ਉਮਰ ਦੇ ਲੋਕਾਂ ਨੂੰ ਪਹਿਲਾਂ ਵੈਕਸੀਨ ਦੇ ਰਿਹਾ ਹੈ ਅਤੇ ਬਾਕੀਆਂ ਨੂੰ ਬਾਅਦ ਵਿੱਚ। ਜਦਕਿ ਜਰਮਨੀ ਉਨ੍ਹਾਂ ਦੇਸ਼ਾਂ ਵਿਚੋਂ ਇਕ ਸੀ ਜਿਸ ਨੇ ਸ਼ੁਰੂਆਤੀ ਦੌਰ 'ਚ 65 ਤੋਂ ਵੱਧ ਦੀ ਉਮਰ ਦੇ ਲੋਕਾਂ 'ਤੇ ਟੀਕੇ ਦੀ ਵਰਤੋਂ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਵੈਕਸੀਨ ਦਾ ਟ੍ਰਾਇਲ ਹੋਣਾ ਅਜੇ ਬਾਕੀ ਸੀ।

ਜਰਮਨ ਵਿੱਚ 90% ਐਸਟਰਾਜ਼ੇਨੇਕਾ ਵੈਕਸੀਨ ਉਨ੍ਹਾਂ ਲੋਕਾਂ ਨੂੰ ਦਿੱਤੀ ਗਈ ਹੈ ਜਿਨ੍ਹਾਂ ਦੀ ਉਮਰ 60 ਤੋਂ ਘੱਟ ਹੈ।

ਆਮ ਤੌਰ 'ਤੇ ਮਾੜੇ ਪ੍ਰਭਾਵ ਘੱਟ ਉਮਰ ਦੇ ਲੋਕਾਂ ਵਿੱਚ ਵਧੇਰੇ ਸਖ਼ਤ ਹੁੰਦੇ ਹਨ ਕਿਉਂਕਿ ਉਹਨਾਂ ਦੀ ਪ੍ਰਤੀਰੋਧ ਸ਼ਕਤੀ ਵਧੇਰੇ ਪ੍ਰਭਾਵਸ਼ਾਲੀ ਹੁੰਦੀ ਹੈ। ਸ਼ਾਇਦ ਇਸ ਕਰਕੇ ਯੂਕੇ ਵਿੱਚ ਇਸ ਦੇ ਬਹੁਤ ਘੱਟ ਕੇਸ ਹੋਏ ਹਨ।

ਹਾਲਾਂਕਿ, ਸੀਵੀਐੱਸਟੀ ਕੁਦਰਤੀ ਤੌਰ 'ਤੇ ਉਨ੍ਹਾਂ ਨੌਜਵਾਨ ਔਰਤਾਂ ਵਿੱਚ ਵਧੇਰੇ ਆਮ ਹੁੰਦੀ ਹੈ ਅਤੇ ਗੋਲੀ ਲੈਣ ਨਾਲ ਜੋਖ਼ਮ ਹੋਰ ਵੱਧ ਜਾਂਦਾ ਹੈ।

ਇਹ ਵੀ ਪੜ੍ਹੋ

ਕੀ ਐਸਟਰਾਜ਼ੇਨੇਕਾ ਟੀਕਾ ਸੁਰੱਖਿਅਤ ਹੈ?

ਮੈਡੀਸਨ 'ਚ ਕੁਝ ਵੀ ਪੂਰਾ ਤਰ੍ਹਾਂ ਸੁਰੱਖਿਤ ਨਹੀਂ ਹੁੰਦਾ। ਸਹੀ ਵਕਤ 'ਤੇ ਕਈ ਵਾਰ ਜ਼ਹਿਰਲੀਆਂ ਥੈਰਪੀਆਂ (ਟੌਕਸਿਕ) ਵੀ ਕੀਤੀਆਂ ਜਾਂਦੀਆਂ ਹਨ।

ਕੀਮੋਥੈਰੇਪੀ ਦੀਆਂ ਦਵਾਈਆਂ ਦੇ ਬਹੁਤ ਮਾੜੇ ਪ੍ਰਭਾਵ ਹੁੰਦੇ ਹਨ, ਪਰ ਇਹ ਬਹੁਤ ਕੀਮਤੀ ਹੁੰਦੇ ਹਨ। ਇੰਨਾਂ ਹੀ ਨਹੀਂ, ਪੈਰਾਸੀਟਾਮੋਲ ਅਤੇ ਆਈਬਿਉਪ੍ਰੋਫਿਨ ਵਰਗੀ ਦਰਦ ਨਿਵਾਰਕ ਦਵਾਈਆਂ ਦੇ ਵੀ ਗੰਭੀਰ ਸਾਈਡ-ਇਫੈਕਟਸ ਹੁੰਦੇ ਹਨ, ਹਾਲਾਂਕਿ ਇਹ ਬਹੁਤ ਘੱਟ ਹਾਲਾਤ 'ਚ ਹੁੰਦੇ ਹਨ।

ਟੀਕੇ ਦੀ ਸੁਰੱਖਿਆ ਬਾਰੇ ਤੁਹਾਨੂੰ ਕੀ ਜਾਣਨ ਦੀ ਜ਼ਰੂਰਤ ਹੈ?

ਅਸਲ ਮੁੱਦਾ ਹਮੇਸ਼ਾ ਇਹ ਹੁੰਦਾ ਹੈ ਕਿ ਲਾਭ ਜੋਖਮਾਂ ਨਾਲੋਂ ਕਿਤੇ ਵੱਧ ਹੁੰਦੇ ਹਨ।

ਇਹ ਮਹਾਂਮਾਰੀ ਵਿੱਚ ਖ਼ਾਸਕਰ ਚੁਣੌਤੀ ਭਰਪੂਰ ਹੈ। ਆਮ ਤੌਰ 'ਤੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਨਵੀਂ ਦਵਾਈ ਦੇਣ ਤੋਂ ਪਹਿਲਾਂ ਲੋੜੀਂਦੀ ਸੁਰੱਖਿਆ ਸਾਬਤ ਕਰਨ ਲਈ "ਸਾਵਧਾਨੀ ਦੇ ਸਿਧਾਂਤ" ਵਰਤੇ ਜਾਂਦੇ ਹਨ।

ਪਰ ਇੱਕ ਮਹਾਂਮਾਰੀ ਵਿੱਚ, ਲੋਕਾਂ ਨੂੰ ਟੀਕਾਕਰਣ ਵਿੱਚ ਦੇਰੀ ਨਾਲ ਜਾਨਾਂ ਵੀ ਜਾ ਸਕਦੀਆਂ ਹਨ।

ਇਕੱਲੇ ਜਰਮਨੀ ਦੇ ਅੰਕੜਿਆਂ ਦੇ ਅਧਾਰ 'ਤੇ, ਜੇ ਤੁਸੀਂ ਇਕ ਮਿਲੀਅਨ ਲੋਕਾਂ ਨੂੰ ਟੀਕਾ ਲਗਾਉਂਦੇ ਹੋ ਤਾਂ 12 ਲੋਕਾਂ ਵਿੱਚ ਖੂਨ ਜੰਮਣ ਦੀ ਸਮੱਸਿਆ ਹੋ ਸਕਦੀ ਹੈ ਅਤੇ ਉਨ੍ਹਾਂ ਵਿੱਚੋਂ ਚਾਰ ਦੀ ਮੌਤ ਹੋਣ ਦੀ ਉਮੀਦ ਵੀ ਹੈ।

ਪਰ ਜੇ 60-ਸਾਲ ਦੇ ਉਮਰ ਦੇ 10 ਲੱਖ ਲੋਕਾਂ ਨੂੰ ਕੋਰੋਨਾਵਾਇਰਸ ਦੀ ਲਾਗ ਲੱਗਦੀ ਹੈ ਤਾਂ 20,000 ਦੇ ਲਗਭਗ ਲੋਕਾਂ ਦੀ ਮੌਤ ਹੋ ਸਕਦੀ ਹੈ।

ਜੇ 40-ਸਾਲ ਦੇ ਉਮਰ ਦੇ 10 ਲੱਖ ਲੋਕਾਂ ਨੂੰ ਕੋਰੋਨਾਵਾਇਰਸ ਦੀ ਲਾਗ ਲੱਗਦੀ ਹੈ ਤਾਂ 1,000 ਦੇ ਲਗਭਗ ਲੋਕਾਂ ਦੀ ਮੌਤ ਹੋ ਸਕਦੀ ਹੈ।

ਜੇ 30-ਸਾਲ ਦੇ ਉਮਰ ਦੇ 10 ਲੱਖ ਲੋਕਾਂ ਨੂੰ ਕੋਰੋਨਾਵਾਇਰਸ ਦੀ ਲਾਗ ਲੱਗਦੀ ਹੈ ਤਾਂ ਕੁਝ ਸੈਂਕੜੇ ਲੋਕਾਂ ਦੀ ਮੌਤ ਹੋ ਸਕਦੀ ਹੈ।

ਟੀਕਾਕਰਨ ਦੇ ਲਾਭ ਸਪੱਸ਼ਟ ਤੌਰ 'ਤੇ ਉਮਰ ਦੇ ਨਾਲ ਵਧਦੇ ਹਨ। ਜਰਮਨੀ ਅਤੇ ਕੈਨੇਡਾ ਵਰਗੇ ਦੇਸ਼ਾਂ ਨੇ ਐਸਟ੍ਰਾਜ਼ੇਨੇਕਾ ਟੀਕਾ ਨੂੰ ਵੱਡੀ ਉਮਰ ਵਰਗ ਵਿੱਚ ਵਰਤਣ ਦੀ ਆਗਿਆ ਦਿੱਤੀ ਹੈ।

ਵਿਸ਼ਵ ਡਾਟਾ ਦੀ ਤੀਬਰਤਾ ਨਾਲ ਪੜਤਾਲ ਕਰ ਰਿਹਾ ਹੈ, ਪਰ ਸਪਸ਼ਟਤਾ ਮਿਲਣ 'ਤੇ ਅਜੇ ਵੀ ਸਮਾਂ ਲੱਗੇਗਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)