ਖੇਤੀ ਕਾਨੂੰਨ ਖ਼ਿਲਾਫ਼ ਕਿਸਾਨਾਂ ਦੀ ਅਵਾਜ਼ ਯੂਐਨਓ ਤੱਕ ਪਹੁੰਚੀ - ਅਹਿਮ ਖ਼ਬਰਾਂ

ਤਸਵੀਰ ਸਰੋਤ, UNO
ਸੰਯੁਕਤ ਕਿਸਾਨ ਮੋਰਚੇ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੀ ਅਵਾਜ਼ ਨੂੰ ਸੰਯੁਕਤ ਰਾਸ਼ਟਰਜ਼ ਵਿਚ ਉਠਾਇਆ ਹੈ।
ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਕੋਆਰਡੀਨੇਟਰ ਡਾਕਟਰ ਦਰਸ਼ਨਪਾਲ ਨੇ ਹਿਊਮਨ ਰਾਇਟਸ ਕਾਉਂਸਲ ਦੀ 46ਵੀਂ ਔਨਲਾਇਨ ਬੈਠਕ ਵਿਚ ਆਪਣੀ ਗੱਲ ਰੱਖੀ।
ਸੰਯੁਕਤ ਮੋਰਚੇ ਵਲੋਂ ਜਾਰੀ ਵੀਡੀਓ ਵਿਚ ਦਰਸ਼ਨਪਾਲ ਨੇ ਕਿਹਾ ਕਿ ਉਹ ਸੰਸਾਰ ਵਿਚ ਛੋਟੇ ਕਿਸਾਨਾਂ ਦੀ ਰੱਖਿਆ ਲਈ ਯੂਐਨ ਵਲੋਂ ਕਿਸਾਨੀ ਹੱਕਾਂ ਨੂੰ ਮਾਨਤਾ ਦੇਣ ਲਈ ਧੰਨਵਾਦੀ ਹਨ।
ਦਰਸ਼ਨਪਾਲ ਨੇ ਕਿਹਾ, ''ਸਾਡੇ ਦੇਸ਼ ਨੇ ਯੂਐਨਓ ਦੇ ਮਨੁੱਖੀ ਅਧਿਕਾਰਾਂ ਬਾਰੇ ਐਲਾਨ-ਨਾਮੇ ਉੱਤੇ ਦਸਤਖ਼ਤ ਕੀਤੇ ਹਨ । ਕਾਫ਼ੀ ਸਾਲਾਂ ਲਈ ਕਿਸਾਨੀ ਹਿੱਤਾਂ ਦੀ ਰਾਖੀ ਵੀ ਹੁੰਦੀ ਰਹੀ। ਜਿਸ ਨੇ ਕਿਸਾਨਾਂ ਦੀ ਜ਼ਿੰਦਗੀ ਨੂੰ ਕੁਝ ਅਸਾਨ ਬਣਾਇਆ, ਉਸ ਨੂੰ ਘੱਟੋ ਘੱਟ ਸਮਰਥਨ ਮੁੱਲ ਕਹਿੰਦੇ ਹਨ।''
ਇਹ ਵੀ ਪੜ੍ਹੋ;
''ਸਾਡੇ ਕੋਲ ਚੰਗੀ ਮੰਡੀ ਸੀ ਅਤੇ ਇਸ ਤੋਂ ਹੋਣ ਵਾਲੀ ਆਮਦਨੀ ਪੇਂਡੂ ਢਾਂਚੇ ਦੇ ਵਿਕਾਸ ਉੱਤੇ ਖ਼ਰਚ ਹੁੰਦੀ ਸੀ। ਸਾਡੀ ਅਦਾਲਤਾਂ ਤੱਕ ਪਹੁੰਚ ਵੀ ਸੀ।''
ਉਨ੍ਹਾਂ ਕਿਹਾ, ''ਪਰ ਨਵੇਂ ਖੇਤੀ ਕਾਨੂੰਨਾਂ ਤਹਿਤ ਇਹ ਸਭ ਕੁਝ ਵਾਪਸ ਲੈ ਗਿਆ ਹੈ। ਇਨ੍ਹਾਂ ਕਾਨੂੰਨਾਂ ਨਾਲ ਸਾਡੀ ਆਮਦਨ ਦੁੱਗਣੀ ਨਹੀਂ ਹੋਵੇਗੀ।''
''ਜਿਨ੍ਹਾਂ ਸੂਬਿਆਂ ਵਿਚ ਅਜਿਹੀਆਂ ਨੀਤੀਆਂ ਲਾਗੂ ਕੀਤੀਆਂ ਗਈਆਂ ਹਨ, ਉਨ੍ਹਾਂ ਵਿਚ ਕਿਸਾਨਾਂ ਨੂੰ ਹੋਰ ਗਰੀਬੀ ਵਿਚ ਧੱਕ ਦਿੱਤਾ ਗਿਆ ਹੈ। ਉਨ੍ਹਾਂ ਦੀਆਂ ਜ਼ਮੀਨਾਂ ਖੁਸ ਗਈਆਂ ਹਨ ਅਤੇ ਉਹ ਦਿਹਾੜੀਦਾਰ ਮਜ਼ਦੂਰ ਬਣ ਗਏ ਹਨ। ਅਸੀਂ ਸੁਧਾਰ ਚਾਹੁੰਦੇ ਹਾਂ, ਪਰ ਅਜਿਹੇ ਨਹੀਂ।''
ਦਰਸ਼ਨਪਾਲ ਦਾ ਕਹਿਣਾ ਸੀ ਕਿ ਯੂਐਨ ਦਾ ਐਲਾਨ-ਨਾਮਾ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ ਕਿ ਮੁਲਕ ਖੇਤੀ ਕਾਨੂੰਨ ਅਤੇ ਨੀਤੀਆਂ ਘੜਨ ਤੋਂ ਪਹਿਲਾਂ ਕਿਸਾਨਾਂ ਨਾਲ ਸਲਾਹ ਮਸ਼ਵਰਾ ਕਰਨ।
''ਅਸੀਂ ਯੂਐਨਓ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਡੀ ਸਰਕਾਰ ਨੂੰ ਆਪਣੇ ਐਲਾਨ-ਨਾਮੇ ਦੇ ਪਾਬੰਦ ਕਰੇ। ਕਾਨੂੰਨ ਰੱਦ ਕੀਤੇ ਜਾਣ ਅਤੇ ਕਿਸਾਨ ਪੱਖੀ ਏਜੰਡੇ ਦੀ ਕਵਾਇਤ ਸ਼ੁਰੂ ਕੀਤੀ ਜਾਵੇ।ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਚੰਗੇ ਮਾਹੌਲ ਸਿਰਜਿਆ ਜਾਣਾ ਚਾਹੀਦਾ ਹੈ।''

ਤਸਵੀਰ ਸਰੋਤ, Getty Images
'ਕਿਸਾਨਾਂ ਨੂੰ ਬੇਇੱਜ਼ਤ ਕਰਕੇ ਦਿੱਲੀ ਤੋਂ ਭੇਜਣਾ ਠੀਕ ਨਹੀਂ ਹੈ, ਉਹ 300 ਸਾਲ ਤੱਕ ਭੁੱਲਣਗੇ ਨਹੀਂ'
ਅੰਦੋਲਨਕਾਰੀ ਕਿਸਾਨਾਂ ਨੂੰ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਦਾ ਸਮਰਥਨ ਮਿਲਿਆ ਹੈ।
ਸੱਤਿਆਪਾਲ ਮਲਿਕ ਨੇ ਐਤਵਾਰ ਨੂੰ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ਤੋਂ ਖਾਲੀ ਹੱਥ ਨਹੀਂ ਮੁੜਨਾ ਚਾਹੀਦਾ।
ਮਲਿਕ ਨੇ ਇਹ ਵੀ ਕਿਹਾ ਹੈ ਕਿ ਕਿਸਾਨਾਂ 'ਤੇ ਕੋਈ ਅੱਤਿਆਚਾਰ ਨਹੀਂ ਹੋਣਾ ਚਾਹੀਦਾ।
ਸੱਤਿਆਪਾਲ ਮਲਿਕ ਨੇ ਐਤਵਾਰ ਨੂੰ ਕਿਹਾ, "ਪਿਛਲੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਸੀ ਕਿ ਕਿਸਾਨਾਂ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੇ ਬਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ।''
''ਜਿੱਥੋਂ ਤੱਕ ਸੰਭਵ ਹੋਵੇਗਾ ਮੈਂ ਕਿਸਾਨਾਂ ਦੀ ਮਦਦ ਕਰਾਂਗਾ। ਮੈਂ ਕਿਸਾਨਾਂ ਦਾ ਦਰਦ ਸਮਝ ਸਕਦਾਂ ਹਾਂ।"
ਸੱਤਿਆਪਾਲ ਮਲਿਕ ਨੇ ਇਹ ਗੱਲ ਉੱਤਰ ਪ੍ਰਦੇਸ਼ ਦੇ ਬਾਗ਼ਪਤ ਵਿੱਚ ਇੱਕ ਪ੍ਰੋਗਰਾਮ ਵਿੱਚ ਕਹੀ ਹੈ। ਮਲਿਕ ਨੇ ਕਿਹਾ ਕਿ ਕਿਸਾਨਾਂ ਨੂੰ ਖਾਲੀ ਹੱਥ ਭੇਜਣਾ ਕੋਈ ਚੰਗਾ ਕਦਮ ਨਹੀਂ ਹੋਵੇਗਾ।
ਇਹ ਵੀ ਪੜ੍ਹੋ-
ਸੱਤਿਆਪਾਲ ਮਲਿਕ ਨੇ ਕਿਹਾ, "ਮੈਂ ਪ੍ਰਧਾਨ ਮੰਤਰੀ ਦੇ ਇੱਕ ਕਰੀਬੀ ਪੱਤਰਕਾਰ ਨੂੰ ਕਿਹਾ ਕਿ ਮੈਂ ਤਾਂ ਕੋਸ਼ਿਸ਼ ਕਰ ਲਈ ਹੁਣ ਤੁਸੀਂ ਉਨ੍ਹਾਂ ਨੂੰ ਸਮਝਾਓ ਕਿ ਇਹ ਗ਼ਲਤ ਰਸਤਾ ਹੈ। ਕਿਸਾਨਾਂ ਨੂੰ ਬੇਇੱਜ਼ਤ ਕਰਕੇ ਦਿੱਲੀ ਤੋਂ ਭੇਜਣਾ ਠੀਕ ਨਹੀਂ ਹੈ।"
"ਪਹਿਲਾਂ ਤਾਂ ਇਹ ਜਾਣਗੇ ਨਹੀਂ ਅਤੇ ਜੇਕਰ ਚਲੇ ਗਏ ਤਾਂ 300 ਸਾਲ ਤੱਕ ਭੁੱਲਣਗੇ ਨਹੀਂ। ਐੱਮਐੱਸਪੀ ਨੂੰ ਕਾਨੂੰਨੀ ਮਾਨਤਾ ਦੇ ਦਿਓ ਅਤੇ ਅੰਦੋਲਨ ਖ਼ਤਮ ਹੋ ਜਾਵੇਗਾ। ਜੇਕਰ ਇਹ ਜ਼ਿਆਦਾ ਦਿਨ ਤੱਕ ਚੱਲੇਗਾ ਤਾਂ ਠੀਕ ਨਹੀਂ ਹੋਵੇਗਾ। ਮੈਂ ਸਿੱਖਾਂ ਨੂੰ ਜਾਣਦਾ ਹਾਂ। ਇਨ੍ਹਾਂ ਦੇ ਖ਼ਿਲਾਫ਼ ਗ਼ਲਤ ਸ਼ਬਦਾਂ ਦੀ ਵਰਤੋਂ ਨਾ ਕਰੋ।"
"ਸ਼੍ਰੀਮਤੀ ਇੰਦਰਾ ਗਾਂਧੀ ਨੇ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਇੱਕ ਮਹੀਨੇ ਤੱਕ ਮਹਾਮ੍ਰਿਤਯੰਜੈ ਯੱਗ ਦਾ ਪ੍ਰਬੰਧ ਕੀਤਾ ਸੀ।" ਸੱਤਿਆਪਾਲ ਮਲਿਕ ਬਾਗ਼ਵਤ ਤੋਂ ਹਿਸਵਾੜਾ ਗਾਂ ਦੇ ਰਹਿਣ ਵਾਲੇ ਹਨ।
ਸੱਤਿਆਪਾਲ ਮਲਿਕ ਇਸ ਤੋਂ ਜੰਮੂ-ਕਸ਼ਮੀਰ ਦੇ ਰਾਜਪਾਲ ਵੀ ਰਹਿ ਚੁੱਕੇ ਹਨ।
ਪੰਜਾਬ ਖੇਤ ਯੂਨੀਅਨ ਵੱਲੋਂ ਅੱਜ ਬੰਠਿਡਾ ਦੀ ਅਨਾਜ ਮੰਡੀ ਵਿੱਚ ਵਿਸ਼ਾਲ ਮਜ਼ਦੂਰ ਕੰਨਵੈਨਸ਼ਨ
ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਦੀ ਰਿਪੋਰਟ ਮੁਤਾਬਕ ਪੰਜਾਬ ਖੇਤ ਯੂਨੀਅਨ ਵੱਲੋਂ ਅੱਜ ਬੰਠਿਡਾ ਦੀ ਅਨਾਜ ਮੰਡੀ ਵਿੱਚ ਵਿਸ਼ਾਲ ਮਜ਼ਦੂਰ ਕੰਨਵੈਨਸ਼ਨ ਕੀਤੀ ਗਈ। ਇਸ ਵਿੱਚ ਪੂਰੇ ਪੰਜਾਬ ਤੋਂ ਮਜ਼ਦੂਰ ਔਰਤਾਂ ਅਤੇ ਖੇਤੀ ਮਜ਼ਦੂਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।

ਤਸਵੀਰ ਸਰੋਤ, SURINDERMAAN/BBC
ਮਜ਼ਦੂਰ ਯੂਨੀਅਨ ਜਿੱਥੇ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੀ ਹੈ, ਉੱਥੇ ਪੂਰੇ ਦੇਸ਼ ਵਿੱਚ ਦਲਿਤਾਂ ਉੱਥੇ ਹੋ ਰਹੇ ਕਥਿਤ ਅੱਤਿਆਚਾਰਾਂ ਨੂੰ ਲੈ ਕੇ ਸੰਘਰਸ਼ ਵਿੱਢੇ ਜਾ ਰਹੇ ਹਨ।
ਇਸ ਦੌਰਾਨ ਹਜ਼ਾਰਾਂ ਖੇਤ ਮਜ਼ਦੂਰ ਮਰਦ ਅਤੇ ਔਰਤਾਂ ਵੱਲੋਂ ਖੇਤੀ ਅਤੇ ਕਿਰਤ ਕਾਨੂੰਨਾਂ 'ਚ ਸੋਧਾਂ ਅਤੇ ਦਲਿਤਾਂ 'ਤੇ ਜ਼ਬਰ ਖਿਲਾਫ਼ ਰੈਲੀ ਤੋਂ ਬਾਅਦ ਮੁਜ਼ਾਹਰਾ ਵੀ ਕੀਤਾ ਗਿਆ।
ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਨੇ ਇਸ ਦੌਰਾਨ ਕਿਹਾ ਕਿ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਅਸਰ ਕਿਸਾਨਾਂ ਨਾਲ ਵੱਧ ਉਨ੍ਹਾਂ ਉੱਤੇ (ਕਿਰਤੀਆਂ) ਉੱਤੇ ਪੈਣਾ ਹੈ।
ਉਹ ਅੱਗੇ ਕਹਿੰਦੇ ਹਨ, ''ਸਰਕਾਰੀ ਰਿਪੋਰਟ ਮੁਤਾਬਕ ਸਾਨੂੰ 28 ਦਿਨ ਖੇਤਾਂ ਵਿੱਚ ਕੰਮ ਮਿਲਦਾ ਹੈ, ਉਹ ਕੰਮ ਠੇਕਾ ਨੀਤੀ ਅਤੇ ਤਕਨੀਕ (ਮਸ਼ੀਨਾਂ) ਦੇ ਆਉਣ ਨਾਲ ਬੰਦ ਹੋ ਜਾਵੇਗਾ। ਇਸ ਕਰਕੇ ਸਾਨੂੰ ਬੇਰੁਜ਼ਗਾਰੀ ਦਾ ਸੰਤਾਪ ਭੋਗਣਾ ਪਵੇਗਾ।''
ਰੈਲੀ ਵਿੱਚ ਮੌਜੂਦ ਆਗੂਆਂ ਮੁਤਾਬਕ ਮੋਦੀ ਸਰਕਾਰ ਵਲੋਂ ਵਿਕਾਸ ਦੇ ਨਾਂਅ ਹੇਠ ਲਿਆਂਦੇ ਖੇਤੀ ਕਾਨੂੰਨ ਖੇਤ ਮਜ਼ਦੂਰਾਂ ਦੇ ਰੁਜ਼ਗਾਰ ਨੂੰ ਹੋਰ ਖੋਰਾ ਲਾਉਣ, ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਉਣ ਅਤੇ ਖੁਰਾਕੀ ਵਸਤਾਂ ਦੀ ਕਾਲਾਬਾਜ਼ਾਰੀ ਤੇ ਜ਼ਖੀਰੇਬਾਜ਼ੀ ਰਾਹੀਂ ਮਹਿੰਗਾਈ ਵਧਾਉਣ ਦਾ ਸਾਧਨ ਬਣਨਗੇ।

ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਕਹਿੰਦੇ ਹਨ ਕਿ ਮਜ਼ਦੂਰਾਂ ਦੀ ਹਾਲਤ ਕਿਸਾਨਾਂ ਨਾਲੋਂ ਵੀ ਬੇਹੱਦ ਮਾੜੀ ਹੈ।
ਉਹ ਕਹਿੰਦੇ ਹਨ, ''ਮੋਦੀ ਹਕੂਮਤ ਜਦੋਂ ਦੀ ਇਸ ਮੁਲਕ ਦੀ ਗੱਦੀ 'ਤੇ ਬੈਠੀ ਹੈ, ਉਦੋਂ ਤੋਂ ਹਿੰਦੁਸਤਾਨ ਦੇ ਦਲਿਤਾਂ ਉੱਤੇ ਜਾਤੀ ਹੰਕਾਰ ਤਹਿਤ ਹਮਲੇ ਤੇਜ਼ ਹੋਏ ਹਨ ਅਤੇ ਧੀਆਂ-ਭੈਣਾਂ ਨਾਲ ਬਲਾਤਕਾਰ ਦੀਆਂ ਘਟਨਾ ਵੱਧ ਰਹੀਆਂ ਹਨ।''
ਬਠਿੰਡਾ ਦੀ ਦਾਣਾ ਮੰਡੀ ਵਿਖੇ ਹੋਏ ਇਕੱਠ ਨੂੰ ਠੇਕਾ ਮੁਲਾਜ਼ਮ ਮੋਰਚੇ ਦੇ ਆਗੂ ਜਗਰੂਪ ਸਿੰਘ ਤੋਂ ਇਲਾਵਾ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਮੂਣਕ ਤੇ ਗੁਰਪਾਲ ਸਿੰਘ ਨੰਗਲ ਨੇ ਵੀ ਸੰਬੋਧਨ ਕੀਤਾ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












