2050 'ਚ ਦੁਨੀਆਂ 'ਤੇ ਰਾਜ ਕਰਨਗੀਆਂ ਇਹ ਮਹਾਂਸ਼ਕਤੀਆਂ, ਭਾਰਤੀ ਅਰਥਵਿਵਸਥਾ ਇਸ ਨੰਬਰ ’ਤੇ ਪਹੁੰਚੇਗੀ

ਤਸਵੀਰ ਸਰੋਤ, Getty Images
- ਲੇਖਕ, ਲਿੰਡਸੇ ਗੈਲੋਵੇਅ
- ਰੋਲ, ਬੀਬੀਸੀ
30 ਸਾਲਾਂ 'ਚ ਦੁਨੀਆਂ ਦੀਆਂ ਵੱਡੀਆਂ ਅਰਥਵਿਵਸਥਾਵਾਂ ਮੌਜੂਦਾ ਮਹਾਂਸ਼ਕਤੀਆਂ ਅਮਰੀਕਾ, ਜਪਾਨ ਅਤੇ ਜਰਮਨੀ ਨੂੰ ਹੈਰਾਨੀਜਨਕ ਤਰੀਕੇ ਨਾਲ ਪਛਾੜਦਿਆਂ ਉਹ ਹੋਣਗੀਆਂ ਜੋ ਅੱਜ ਦੀ ਤਾਰੀਖ਼ 'ਚ ਉੱਭਰ ਰਹੀਆਂ ਹਨ।
ਬ੍ਰੈਗਜ਼ਿਟ, ਕੋਰੋਨਾਵਾਇਰਸ ਅਤੇ ਵਪਾਰਕ ਟਕਰਾਅ ਸ਼ਾਇਦ ਆਰਥਿਕ ਰੁਖ਼ ਬਦਲ ਰਹੇ ਹੋਣ, ਪਰ ਤੱਤਕਾਲ ਚੁਣੌਤੀਆਂ ਦੇ ਬਾਵਜੂਦ ਅਗਲੇ ਕੁਝ ਦਹਾਕਿਆਂ ਵਿੱਚ ਦੁਨੀਆਂ ਦੀ ਅਰਥਵਿਵਸਥਾ ਦਾ ਤੇਜ਼ ਗਤੀ ਨਾਲ ਵੱਧਣ ਦਾ ਅੰਦਾਜ਼ਾ ਹੈ।
ਬਲਕਿ ਸਾਲ 2050 ਤੱਕ ਵਿਸ਼ਵ ਬਾਜ਼ਾਰ ਦੇ ਮੌਜੂਦਾ ਅਕਾਰ ਤੋਂ ਦੁਗਣਾ ਹੋਣਾ ਪ੍ਰਸਤਾਵਿਤ ਕੀਤਾ ਜਾ ਰਿਹਾ ਹੈ, ਇਥੋਂ ਤੱਕ ਕਿ ਯੂਐਨ ਦੇ ਅਨੁਮਾਨ ਅਨੁਸਾਰ ਦੁਨੀਆਂ ਦੀ ਆਬਾਦੀ ਵਿੱਚ ਮਾਮੂਲੀ 26 ਫ਼ੀਸਦ ਵਾਧਾ ਹੋਵੇਗਾ।
ਇਹ ਵੀ ਪੜ੍ਹੋ
ਇਹ ਵਾਧਾ ਆਪਣੇ ਨਾਲ ਬਹੁਤ ਸਾਰੇ ਬਦਲਾਅ ਲੈ ਕੇ ਆਵੇਗਾ। ਚਾਹੇ ਇਹ ਕਹਿਣਾ ਚੁਣੌਤੀਆਂ ਭਰਿਆ ਹੈ ਕਿ ਭਵਿੱਖ ਕਿਹੋ ਜਿਹਾ ਹੋਵੇਗਾ, ਬਹੁਤੇ ਅਰਥਸ਼ਾਸਤਰੀ ਇੱਕ ਗੱਲ 'ਤੇ ਸਹਿਮਤ ਹਨ, ਅੱਜ ਦੇ ਵਿਕਾਸਸ਼ੀਲ ਬਾਜ਼ਾਰ ਕੱਲ ਦੀਆਂ ਅਰਥਿਕ ਮਹਾਂਸ਼ਕਤੀਆਂ ਹੋਣਗੇ।
ਕੌਮਾਂਤਰੀ ਪੇਸ਼ੇਵਰ ਸੇਵਾਵਾਂ ਦੇਣ ਵਾਲੀ ਫ਼ਰਮ 'ਦਾ ਵਰਲਡ ਇੰਨ 2050' ਦੀ ਰਿਪੋਰਟ ਮੁਤਾਬਿਕ, 30 ਸਾਲਾਂ 'ਚ, ਦੁਨੀਆਂ ਦੀਆਂ ਸੱਤ ਵੱਡੀਆਂ ਅਰਥ ਵਿਵਸਥਾਵਾਂ ਵਿੱਚੋਂ ਛੇ ਅੱਜ ਦੀਆਂ ਉੱਭਰ ਰਹੀਆਂ ਅਰਥਵਿਵਸਥਾਵਾਂ ਹੋਣਗੀਆਂ। ਹੈਰਾਨੀ ਦੀ ਗੱਲ ਹੈ ਅਮਰੀਕਾ ਦੂਜੇ ਸਥਾਨ ਤੋਂ ਤੀਸਰੇ 'ਤੇ ਸਰਕੇਗਾ, ਜਪਾਨ ਚੋਥੇ ਤੋਂ ਅੱਠਵੇਂ 'ਤੇ ਅਤੇ ਜਰਮਨੀ ਪੰਜਵੇਂ ਤੋਂ ਨੌਵੇਂ 'ਤੇ ਆ ਜਾਵੇਗਾ।
ਰਿਪੋਰਟ ਮੁਤਾਬਿਕ, ਵੀਅਤਨਾਮ, ਫਿਲਪਾਈਨਜ਼ ਅਤੇ ਨਾਈਜੀਰੀਆ ਵਰਗੀਆਂ ਛੋਟੀਆਂ ਅਰਥਵਿਵਸਥਾਵਾਂ ਵੀ ਅਗਲੇ ਤਿੰਨ ਦਹਾਕਿਆਂ ਦੌਰਾਨ ਆਪਣੀ ਰੈਂਕਿੰਗ ਵਿੱਚ ਵੱਡੀ ਛਾਲ ਲਗਾਉਣਗੀਆਂ।
ਅਸੀਂ ਪੰਜ ਦੇਸਾਂ ਜਿਨਾਂ 'ਚ ਬਹੁਤ ਜ਼ਿਆਦਾ ਵਾਧੇ ਦੀ ਸੰਭਾਵਨਾ ਹੈ, ਵਿੱਚ ਰਹਿਣ ਵਾਲੇ ਲੋਕਾਂ ਨਾਲ ਨਾਲ ਗੱਲ ਕੀਤੀ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਪਹਿਲਾਂ ਤੋਂ ਤੇਜ਼ੀ ਨਾਲ ਹੋ ਰਹੀਆਂ ਤਬਦੀਲੀਆਂ ਨਾਲ ਕਿਵੇਂ ਤਾਲਮੇਲ ਬਣਾ ਰਹੇ ਹਨ।
ਇਹਨਾਂ ਥਾਵਾਂ 'ਤੇ ਰਹਿਣ ਨਾਲ ਕੀ ਫਾਇਦਾ ਹੁੰਦਾ ਹੈ ਅਤੇ ਉਹ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ ਜਦੋਂ ਉਨ੍ਹਾਂ ਦੇ ਦੇਸ ਦਰਜਾਬੰਦੀ ਦੀ ਦੌੜ ਵਿੱਚ ਅੱਗੇ ਵਧਦੇ ਹਨ।

ਤਸਵੀਰ ਸਰੋਤ, Getty Images
ਚੀਨ
ਜਿਵੇਂ ਕਿ ਜੀਡੀਪੀ ਦੁਆਰਾ ਖ਼ਰੀਦ ਸ਼ਕਤੀ ਦੀ ਬਰਾਬਰਤਾ (ਪੀਪੀਪੀ) ਜ਼ਰੀਏ ਮਾਪਿਆ ਜਾਂਦਾ ਹੈ, ਜੋ ਸਾਰੇ ਦੇਸਾਂ ਵਿੱਚ ਕੀਮਤ ਦੇ ਪੱਧਰ ਦੇ ਫ਼ਰਕ ਨੂੰ ਨਿਰਧਾਰਿਕ ਕਰਦਾ ਹੈ, ਚੀਨ ਪਹਿਲਾਂ ਹੀ ਦੁਨੀਆਂ ਦੀ ਇੱਕ ਵੱਡੀ ਅਰਥਵਿਵਸਥਾ ਹੈ।
ਪਿਛਲੇ ਇੱਕ ਦਹਾਕੇ ਵਿੱਚ ਏਸ਼ੀਆਈ ਤਾਕਤਾਂ ਨੇ ਬਹੁਤ ਜ਼ਿਆਦਾ ਆਰਥਿਕ ਫ਼ਾਇਦਾ ਦੇਖਿਆ, ਪਰ ਅਰਥਸ਼ਾਸਤਰੀ ਵਾਅਦਾ ਕਰਦੇ ਹਨ ਕਿ ਭਵਿੱਖ ਵਿੱਚ ਜੋ ਕੁਝ ਹੋਵੇਗਾ ਇਹ, ਉਸ ਦੀ ਮਹਿਜ਼ ਝਲਕ ਹੈ।
ਵੱਡੇ ਆਰਥਿਕ ਬਦਲਾਅ ਨਾਗਰਿਕਾਂ ਦੀਆਂ ਨਜ਼ਰਾਂ ਦੇ ਸਾਹਮਣੇ ਵਾਪਰ ਰਹੇ ਹਨ।
1-ਮਿੰਟ ਚਾਈਨਿਜ਼ ਕਿਤਾਬ ਦੇ ਲੇਖਕ ਰੋਵਨ ਕੋਹਲ ਕਹਿੰਦੇ ਹਨ, " ਪਿਛਲੇ ਕੁਝ ਸਾਲਾਂ ਤੋਂ ਮੇਰਾ ਘਰ, ਸੁਜਹੌ ਦਾ ਇੰਡਸਟਰੀਅਲ ਪਾਰਕ, ਸ਼ੌਪਿੰਗ ਮਾਲਾਂ, ਪਾਰਕਾਂ ਰੈਸਟੋਰੈਂਟਾਂ ਅਤੇ ਟਰੈਫ਼ਿਕ ਦਾ ਅਧੁਨਿਕ ਚਮਕਦਾ ਸਵਰਗ ਹੈ। ਪਰ ਜਦੋਂ ਮੈਂ ਪਹਿਲੀ ਵਾਰ (15 ਸਾਲ ਪਹਿਲਾਂ) ਚੀਨ ਆਇਆ ਸੀ, ਸਾਰਾ ਇਲਾਕਾ ਪਾਣੀ ਦਾ ਭਰਿਆ ਅਤੇ ਖੇਤ ਸਨ। ਚੀਨ ਵਿੱਚ ਇਹ ਆਮ ਕਹਾਣੀ ਹੈ। ਸਾਰਾ ਦੇਸ ਬਦਲ ਰਿਹਾ ਹੈ।"
ਇਸ ਬੇਰੋਕ ਵਾਧੇ ਦੇ ਚਲਦਿਆਂ, ਬਦਲਾਅ ਨਵੇਂ ਉੱਦਮੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ ਅਤੇ ਉਨ੍ਹਾਂ ਨੂੰ ਜੋ ਵਿੱਤੀ ਮੌਕਿਆਂ ਦੀ ਭਾਲ 'ਚ ਹਨ। ਚੀਨ ਦੇ ਸਭ ਤੋਂ ਵੱਡੇ ਸ਼ਹਿਰ ਸ਼ਿੰਘਾਈ ਤੋਂ ਬਹੁਤ ਸਾਰੇ ਨਵੇਂ ਆਉਣ ਵਾਲੇ ਲੋਕਾਂ ਨੇ ਆਪਣੀ ਸ਼ੁਰੂਆਤ ਕੀਤੀ।
ਸ਼ਿੰਘਾਈ ਅਧਾਰਿਤ ਫ਼ਲਕਰਮ ਸਟ੍ਰੈਟੇਜਿਕ ਐਡਵਾਈਜ਼ਰਜ ਦੇ ਸੰਸਥਾਪਕ ਅਮਰੀਕੀ ਮੂਲ ਦੇ ਜੌਨ ਪਾਬਨ ਕਹਿੰਦੇ ਹਨ, "ਸ਼ਿੰਘਾਈ ਇੱਕ ਉੱਦਮੀ ਅਤੇ ਬਹੁਤ ਹੀ ਵਪਾਰਕ ਸੋਚ ਵਾਲਾ ਸ਼ਹਿਰ ਹੈ।"
"ਤੜਕੇ ਬਾਜ਼ਾਰਾਂ ਵਿਚ ਵਪਾਰੀਆਂ ਤੋਂ ਲੈ ਕੇ ਦੇਰ ਰਾਤ ਤੱਕ ਟ੍ਰੈਫਿਕ ਲਾਈਟਾਂ 'ਤੇ ਸ਼ੋਰ ਮਚਾਉਂਦੇ ਮੋਟਰਸਾਈਕਲਾਂ ਤੋਂ ਲੈ ਕੇ ਦੇਰ ਰਾਤ ਤੱਕ ਦਫ਼ਤਰਾਂ 'ਚ ਕੰਮ ਕਰਨ ਵਾਲੇ, ਹਰ ਕੋਈ ਇਥੇ ਅੱਗੇ ਵੱਧਣ ਲਈ ਹੈ।"
ਉਹ ਅੱਗੇ ਕਹਿੰਦੇ ਹਨ, "ਪਰ ਨਿਊਯਾਰਕ ਦੇ ਉੱਲਟ ਜਿੱਥੇ ਪਾਬਨ ਪਹਿਲਾਂ ਰਹਿੰਦੇ ਸਨ ਅਤੇ ਉਨ੍ਹਾਂ ਨੇ ਪਾਇਆ ਸੀ ਕਿ ਲੋਕ ਆਮ ਤੌਰ 'ਤੇ ਆਪਣੇ ਕਾਰਡ ਛਾਤੀ ਦੇ ਨੇੜੇ ਰੱਖਦੇ ਸਨ, ਇਥੇ ਲੋਕ ਹਮੇਸ਼ਾਂ ਸੁਣਨ ਲਈ ਤਿਆਰ ਰਹਿੰਦੇ ਹਨ ਅਤੇ ਚੰਗੀ ਸਲਾਹ ਦਿੰਦੇ ਹਨ।"
ਪਰ ਇਥੇ ਰਹਿਣ ਅਤੇ ਕੰਮ ਕਰਨ ਲਈ ਹਾਲਾਂਕਿ ਮੈਂਡਰੇਨ ਸਿੱਖਣੀ ਲਾਜ਼ਮੀ ਹੈ।
ਪਾਬਨ ਕਹਿੰਦੇ ਹਨ, "ਇਹ ਹੁਣ ਚੀਨ ਵਿੱਚ ਹੁਣ ਵਧੀਆ ਚੀਜ਼ ਨਹੀਂ ਰਹੀ।"
"ਮੈਂਡਰੇਨ ਬਿਨ੍ਹਾਂ ਤੁਹਾਨੂੰ ਕੰਮ ਲਈ ਬਹੁਤ ਘੱਟ ਬਦਲ ਮਿਲਣਗੇ ਅਤੇ ਸ਼ਾਇਦ ਸਮਾਜਿਕ ਅਤੇ ਸੱਭਿਆਚਾਰਕ ਦਾਇਰਿਆਂ 'ਚ ਸ਼ਾਮਿਲ ਹੋਣ ਦੀ ਤੁਹਾਨੂੰ ਬਿਲਕੁਲ ਵੀ ਪ੍ਰਵਾਨਗੀ ਨਾ ਮਿਲੇ।"
ਇਹ ਵੀ ਪੜ੍ਹੋ

ਭਾਰਤ
ਇੱਕ ਰਿਪੋਰਟ ਜੋ ਭਾਰਤ ਨੂੰ ਦੁਨੀਆਂ ਦੀਆਂ ਤੇਜ਼ੀ ਨਾਲ ਵਿਕਾਸ ਕਰ ਰਹੀਆਂ ਅਰਥਵਿਵਸਥਾਵਾਂ ਵਿੱਚ ਸ਼ੁਮਾਰ ਕਰਦੀ ਹੈ ਮੁਤਾਬਿਕ, ਦੁਨੀਆਂ ਦੀ ਸਭ ਤੋਂ ਵੱਧ ਆਬਾਦੀ ਵਾਲੇ ਦੂਜੇ ਨੰਬਰ ਦੇ ਦੇਸ ਭਾਰਤ ਵਿੱਚ ਅਗਲੇ ਤਿੰਨ ਦਹਾਕਿਆਂ 'ਚ ਬਹੁਤ ਜ਼ਿਆਦਾ ਤਰੱਕੀ ਦੀ ਆਸ ਕੀਤੀ ਜਾ ਰਹੀ ਹੈ। ਹਰ ਸਾਲ ਜੀਡੀਪੀ ਵਿੱਚ ਔਸਤਨ 5 ਫ਼ੀਸਦ ਵਾਧਾ ਹੋ ਸਕਦਾ ਹੈ।
ਸਾਲ 2050 ਤੱਕ ਭਾਰਤ ਅਮਰੀਕਾ ਨੂੰ ਪਛਾੜ ਕੇ ਦੁਨੀਆਂ ਦੀ ਦੂਸਰੇ ਨੰਬਰ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੋਣ ਦੀ ਗੱਲ ਕਹੀ ਜਾ ਰਹੀ ਹੈ ਅਤੇ ਵਿਸ਼ਵ ਦੀ ਕੁੱਲ ਜੀਡੀਪੀ ਦਾ 15 ਫ਼ੀਸਦ ਹਿੱਸਾ ਭਾਰਤ ਦਾ ਹੋਵੇਗਾ।
ਇਹ ਤਰੱਕੀ ਨੇ ਦੇਸ ਦੇ ਵਸਨੀਕਾਂ 'ਤੇ ਸਕਾਰਾਤਮਕ ਪ੍ਰਭਾਵ ਪਾਉਣਾ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ।
ਭਾਰਤ ਦੇ ਇੱਕ ਮੂਲ ਵਾਸੀ ਸੌਰਭ ਜਿੰਦਲ ਜੋ ਕਿ ਟਾਲਕ ਟ੍ਰੈਵਲ ਨਾਮ ਦੀ ਇੱਕ ਐਪ ਚਲਾਉਂਦੇ ਹਨ ਨੇ ਕਿਹਾ, " ਵੀਹਵੀਂ ਸਦੀ ਦੇ ਆਖ਼ੀਰ ਅਤੇ 21ਵੀਂ ਸਦੀ ਦੀ ਸ਼ੁਰੂਆਤ ਤੋਂ ਮੈਂ ਸੱਚੀਂ ਭਾਰਤ ਨੂੰ ਆਪਣੀਆਂ ਅੱਖਾਂ ਮੂਹਰੇ ਬਦਲਦਿਆਂ ਦੇਖਿਆ।"
"ਤਰੱਕੀ ਕਰ ਰਹੀ ਅਰਥਵਿਵਸਥਾਂ ਨੇ ਲੋਕਾਂ ਦੇ ਜੀਵਨਢੰਗ 'ਚ ਕਈ ਤਰੀਕਿਆਂ ਨਾਲ ਬਦਲਾਅ ਲਿਆਂਦਾ, ਸ਼ਹਿਰ ਦੀ ਆਬੋ ਹਵਾ ਤੋਂ ਲੈ ਕੇ ਸਮਾਜ ਦੇ ਨਜ਼ਰੀਏ ਅਤੇ ਅੰਤ ਨੂੰ ਦੇਸ ਅਤੇ ਇਥੋਂ ਦੇ ਰਹਿਣ ਵਾਲਿਆਂ ਦੀ ਸਮੁੱਚੀ ਬੋਲ ਚਾਲ 'ਚ।"
ਉਹ ਕਹਿੰਦੇ ਹਨ, ਉਦਾਹਰਣ ਵਜੋਂ ਪਿਛਲੇ 15 ਸਾਲਾਂ ਵਿੱਚ ਟੈਲੀਵਿਜ਼ਨ, ਮੋਬਾਇਲ ਫ਼ੋਨ ਅਤੇ ਕਾਰਾਂ ਦੇ ਬ੍ਰਾਂਡਾਂ ਦੀ ਗੁਣਵੱਤਾ ਵਿੱਚ ਇੱਕ ਵੱਡਾ ਵੱਧਾ ਹੋਇਆ ਹੈ। ਜਦੋਂ ਕਿ ਹਵਾਈ ਯਾਤਰਾ ਹੁਣ ਵਧੇਰੇ ਪਹੁੰਚ ਵਿੱਚ ਹੋ ਗਈ ਹੈ ਅਤੇ ਘਰ ਵਧੇਰੇ ਆਲੀਸ਼ਾਨ ਅਤੇ ਅਮੀਰ ਬਣ ਗਏ ਹਨ।
ਹਾਲਾਂਕਿ ਇਹ ਸੁਧਾਰ ਚੁਣੌਤੀਆਂ ਤੋਂ ਬਿਨ੍ਹਾਂ ਨਹੀਂ ਆਏ। ਬੁਨਿਆਦੀ ਢਾਂਚੇ 'ਤੇ ਖ਼ਰਚਾ ਪਿਛੜ ਗਿਆ ਹੈ। ਸੜਕਾਂ 'ਤੇ ਕਾਰਾਂ ਦੀ ਗਿਣਤੀ ਵੱਧ ਗਈ ਹੈ ਅਤੇ ਇਸ ਸਭ ਨਾਲ ਪ੍ਰਦੂਸ਼ਣ ਦੇ ਪੱਧਰ ਵਿੱਚ ਵੀ ਬਹੁਤ ਵਾਧਾ ਹੋ ਰਿਹਾ ਹੈ, ਖ਼ਾਸਕਰ ਦਿੱਲੀ ਵਰਗੇ ਆਧੁਨਿਕ ਕੇਂਦਰਾਂ ਵਿੱਚ।
ਵਿਕਾਸ ਸਾਰੇ ਨਾਗਰਿਕਾਂ ਕੋਲ ਬਰਾਬਰ ਨਹੀਂ ਪਹੁੰਚਦਾ।
ਜਿੰਦਲ ਕਹਿੰਦੇ ਹਨ, "ਸਮਾਜ ਦੇ ਕਈ ਹਿੱਸੇ ਹਨ ਜੋ ਹਾਲੇ ਵੀ ਬਹੁਤ ਮਾੜੀ ਗੁਣਵੱਤਾ ਵਾਲੀ ਜ਼ਿੰਦਗੀ ਜਿਉਂ ਰਹੇ ਹਨ। ਤੁਸੀਂ ਉੱਚੀਆਂ ਇਮਾਰਤਾਂ ਦੇ ਦੂਜੇ ਪਾਸੇ ਝੁੱਗੀਆਂ ਦੇਖ ਸਕਦੇ ਹੋ।"
ਔਰਤਾਂ ਪ੍ਰਤੀ ਨਜ਼ਰੀਏ ਨੇ ਵੀ ਨਾਗਰਿਕਾਂ ਨੂੰ ਨਿਰਾਸ਼ ਕੀਤਾ ਹੈ, ਕਿਉਂਕਿ ਦੇਸ ਲਗਾਤਾਰ ਹੋ ਰਹੇ ਬਲਾਤਕਾਰਾਂ ਅਤੇ ਸ਼ੋਸ਼ਣ ਦੇ ਮਾਮਲਿਆਂ ਨਾਲ ਜੂਝ ਰਿਹਾ ਹੈ।
ਮੈਸੂਰ ਦੇ ਰਹਿਣ ਵਾਲੇ ਅਤੇ ਰੈਡੀਕਲੀ ਐਵਰ ਆਫ਼ਟਰ ਨਾਮ ਦਾ ਬਲਾਗ ਚਲਾਉਣ ਵਾਲੇ ਨਾਮੀਤਾ ਕੁਲਕਰਨੀ ਕਹਿੰਦੇ ਹਨ, " ਇੱਕ ਦੇਸ ਦੀ ਤਰੱਕੀ ਇਸ ਗੱਲ ਨਾਲ ਮਾਪੀ ਜਾਂਦੀ ਹੈ ਕਿ ਉਹ ਆਪਣੇ ਨਾਗਰਿਕਾਂ ਦੇ ਹੱਕਾਂ ਦੀ ਕਿੰਨੀ ਇੱਜਤ ਕਰਦਾ ਹੈ, ਇਸ ਲਈ ਸਾਡੇ ਲਈ ਹਾਲੇ ਤੈਅ ਕਰਨ ਲਈ ਬਹੁਤ ਲੰਬਾ ਸਫ਼ਰ ਹੈ।"
ਉਹ ਅੱਗੇ ਕਹਿੰਦੇ ਹਨ, "ਜਦੋਂ ਤੱਕ ਔਰਤਾਂ ਜਨਤਕ ਥਾਵਾਂ 'ਤੇ ਸੁਰੱਖਿਅਤ ਨਹੀਂ ਹਨ ਉਸ ਸਮੇਂ ਤੱਕ ਅਰਥਿਕ ਵਿਕਾਸ ਦਾ ਕੋਈ ਅਰਥ ਨਹੀਂ ਹੈ।"
ਕੁਲਕਰਨੀ ਸਲਾਹ ਦਿੰਦੇ ਹਨ ਆਪਣਾ ਦੇਸ ਛੱਡ ਕੇ ਇਥੇ ਆਉਣ ਵਾਲੇ ਆਉਣ ਤੋਂ ਪਹਿਲਾਂ ਪੂਰੀ ਖੋਜ ਕਰਨ, ਖ਼ਾਸ ਕਰਕੇ ਕਿਉਂਜੋ ਦੇਸ ਦੇ ਵੱਖ-ਵੱਖ ਹਿੱਸੇ ਇੱਕ ਦੂਜੇ ਤੋਂ ਬਹੁਤ ਵੱਖਰੇ ਹਨ।
ਉਹ ਕਹਿੰਦੇ ਹਨ, "ਹਰ ਸੂਬੇ ਦੀ ਆਪਣੀ ਵਿਲੱਖਣ ਭਾਸ਼ਾ, ਸੱਭਿਆਚਾਰ, ਖਾਣ ਪੀਣ ਅਤੇ ਰਿਵਾਜ਼ ਹਨ। ਉੱਤਰ ਪੂਰਬੀ ਸੂਬੇ ਮੇਰੀ ਨਿੱਜੀ ਪਸੰਦ ਹਨ।"
ਵਾਸੀ ਸਲਾਹ ਦਿੰਦੇ ਹਨ ਕਿ ਘਰ ਦੀਆਂ ਸੁੱਖ ਸਹੂਲਤਾਂ ਦੀ ਨਕਲ ਕਰਨ ਦੀ ਕੋਸ਼ਿਸ਼ ਨਾ ਕਰੋ, ਬਲਕਿ ਦੇਸ ਕਿਵੇਂ ਕੰਮ ਕਰਦਾ ਹੈ ਉਸ ਨਾਲ ਤਾਲਮੇਲ ਬਣਾਉ।
ਜਿੰਦਲ ਕਹਿੰਦੇ ਹਨ, ਭਾਰਤ ਦੇ ਅਨੁਕੂਲ ਹੋਵੋ, ਭਾਰਤ ਤੁਹਾਡੇ ਮੁਤਬਿਕ ਅਨੁਕੂਲ ਨਹੀਂ ਹੋਵੇਗਾ।"

ਤਸਵੀਰ ਸਰੋਤ, Getty Images
ਬ੍ਰਾਜ਼ੀਲ
ਦੱਖਣ ਅਮਰੀਕੀ ਪਾਵਰਹਾਉਸ ਸਾਲ 2050 ਤੱਕ ਜਪਾਨ, ਜਰਮਨੀ ਅਤੇ ਰੂਸ ਨੂੰ ਪਛਾੜਕੇ ਦੁਨੀਆਂ ਦੀ ਪੰਜਵੀ ਵੱਡੀ ਅਰਥਵਿਵਸਥਾ ਬਣ ਲਈ ਤਿਆਰ ਹੈ।
ਕੁਦਰਤੀ ਸਾਧਨਾਂ ਦੀ ਭਰਮਾਰ ਨਾਲ ਬ੍ਰਾਜ਼ੀਲ ਦੀ ਅਰਥਵਿਵਸਥਾ ਨੇ ਪਿਛਲੇ ਕੁਝ ਦਹਾਕਿਆਂ ਵਿੱਚ ਬਹੁਤ ਤੇਜ਼ੀ ਨਾਲ ਤਰੱਕੀ ਕੀਤੀ ਹੈ, ਪਰ ਇਸ ਨੇ ਕਈ ਚੁਣੌਤੀਆਂ ਦਾ ਵੀ ਸਾਹਮਣਾ ਕੀਤਾ।
ਬ੍ਰਾਜ਼ੀਲ ਦੇਸ ਅੰਦਰ ਸਰਕਾਰੀ ਤੰਤਰ ਵਿੱਚ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਜਿਸਨੇ ਹਾਲ ਹੀ ਦੇ ਸਾਲਾਂ ਵਿੱਚ ਦੇਸ ਨੂੰ ਬਹੁਤ ਨੁਕਸਾਨ ਪਹੁੰਚਾਇਆ, ਨੂੰ ਖ਼ਤਮ ਕਰਨ ਲਈ ਸੰਘਰਸ਼ ਕਰ ਰਿਹਾ ਹੈ।
ਬ੍ਰਾਜ਼ੀਲ ਵਿੱਚ ਜਨਮੇ ਕੋਈਓ ਬਰਸੋਟ ਕਹਿੰਦੇ ਹਨ, " ਮੈਂ 2000 ਦੇ ਅਖੀਰ ਅਤੇ 2010 ਦੀ ਸ਼ੁਰੂਆਤ ਵਿੱਚ ਵਿੱਚ ਆਰਥਿਕਤਾ ਸੰਬੰਧੀ ਭਰੇ ਸਾਰੇ ਉਤਸ਼ਾਹ ਨੂੰ ਵੇਖਿਆ। ਬ੍ਰਾਜ਼ੀਲ ਵਿਚ ਇਕ ਨਵਾਂ ਮੱਧ ਵਰਗ ਉੱਭਰਿਆ, ਅਤੇ ਸਮੁੱਚਾ ਦੇਸ ਇਸ ਨਵੇਂ, ਸਖ਼ਤ ਮਿਹਨਤ ਨਾਲ ਕਮਾਏ ਵੱਕਾਰ 'ਤੇ ਮਾਣ ਮਹਿਸੂਸ ਕਰ ਰਿਹਾ ਸੀ।"
"ਪਰ ਉਸੇ ਸਮੇਂ ਵੱਡੇ ਸ਼ਹਿਰ ਜਿਵੇਂ ਰੀਓ ਡੀ ਜੇਨੇਰੋ ਅਤੇ ਸਾਓ ਪਾਓਲੋ ਪਹੁੰਚ ਤੋਂ ਹੋਰ ਬਾਹਰ ਹੋ ਗਏ। ਇਹ ਇੱਕ ਬਿੰਦੂ 'ਤੇ ਪਹੁੰਚ ਗਿਆ ਅਤੇ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਬ੍ਰਾਜ਼ੀਲ ਜਿੰਨਾਂ ਹੋਣਾ ਚਾਹੀਦਾ ਸੀ ਉਸ ਨਾਲੋਂ ਤੇਜ਼ੀ ਨਾਲ ਵਿਕਸਿਤ ਹੋਇਆ। ਇਸ ਤਰੱਕੀ ਨੂੰ ਸੰਭਾਲਣ ਲਈ ਵਪਾਰ ਦੇ ਸਾਧਨ ਰੇਲ ਲਾਈਨਾਂ, ਸੜਕਾਂ ਅਤੇ ਬੰਦਰਗਾਹਾਂ ਕਾਫ਼ੀ ਨਹੀਂ ਹਨ।"
ਕੁਝ ਚੁਣੌਤੀਆਂ ਨੇ ਬ੍ਰਾਜ਼ੀਲ ਨੂੰ ਤਕਨੀਕ ਨੂੰ ਜਲਦ ਅਪਣਾਉਣ ਦੇ ਯੋਗ ਬਣਾਇਆ।
ਅੰਤਰ ਸੱਭਿਆਚਾਰ ਰਣਨੀਤੀਕਾਰ ਅਨਾਲੀਜ਼ਾ ਨੈਸ਼ ਫ਼ਰਨਾਂਡੇਜ਼ ਜੋ ਕਿ ਪਹਿਲਾਂ ਸਾਓ ਪੌਲੋ ਵਿੱਚ ਰਹਿੰਦੇ ਹਨ ਨੇ ਕਿਹਾ, "ਬਹੁਤ ਸਾਰੇ ਵਿਕਾਸਸ਼ੀਲ ਦੇਸਾਂ ਵਿੱਚ ਵਿਕਾਸ ਵਾਧੇ ਦਾ ਤਰਜ਼ਮਾ ਮਹਿੰਗਾਈ ਵਿੱਚ ਵਾਧੇ ਵਜੋਂ ਕੀਤਾ ਜਾਂਦਾ ਹੈ। ਮੁਦਰਾਸਫ਼ਿਤੀ ਦੌਰਾਨ ਨਕਦੀ ਬਚਾਉਣ ਲਈ ਉੱਚੀ ਕੀਮਤ ਦੇ ਨਤੀਜੇ ਵਜੋਂ, ਬ੍ਰਾਜ਼ੀਲ ਇੱਕ ਫ਼ਿਨਟੈਕ (ਵਿੱਤੀ ਤਕਨੀਕ) ਆਗੂ ਬਣ ਗਿਆ। "
"ਬ੍ਰਾਜ਼ੀਲ ਵਿੱਚ 20 ਸਾਲਾਂ ਤੋਂ ਪੇਅਪਲ ਅਤੇ ਵੈਨਮੋ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਬਰਾਬਰ ਕੰਮ ਕਰਦੇ ਹਨ, ਸਮਾਰਟ ਫ਼ੋਨ ਆਉਣ ਤੋਂ ਵੀ ਪਹਿਲਾਂ ਤੋਂ ਐਟੀਐਮ ਜ਼ਰੀਏ।"
ਰਾਈਟਰਜ਼ ਮੁਤਾਬਿਕ, 2016 ਵਿੱਚ ਆਈ ਮੰਦੀ ਨੇ ਦੇਸ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਪਰ ਅਰਥਵਿਵਸਥਾ ਨੇ ਮੁੜ-ਵਾਧਾ ਦਿਖਾਉਣਾ ਸ਼ੁਰੂ ਕਰ ਦਿੱਤਾ। ਪਿਛਲੇ ਸਾਲ ਇੱਕ ਨਵੇਂ ਪ੍ਰਬੰਧਕੀ ਢਾਂਚੇ ਨਾਲ ਬ੍ਰਾਜ਼ੀਲ ਵਲੋਂ 2020 ਨੂੰ ਕਰੋ ਜਾਂ ਮਰੋ ਦਾ ਸਾਲ ਐਲਾਨਿਆ ਗਿਆ।
ਬ੍ਰਾਜ਼ੀਲ ਦੇ ਵਾਸੀ ਸਿਲਵਾਨਾ ਫ਼ਰਾਪੇਅਰ ਕਹਿੰਦੇ ਹਨ, "ਦੇਸ ਹਾਲੇ ਵੀ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਪਰ ਯਕੀਨਨ ਇਹ ਚੰਗੇ ਭਵਿੱਖ ਵੱਲ ਕੰਮ ਕਰ ਰਿਹਾ ਹੈ।"
ਅਰਥਵਿਵਸਥਾ ਦੇ ਜੋ ਵੀ ਹਾਲਾਤ ਹੋਣ, ਨਵੇਂ ਆਉਣ ਵਾਲਿਆਂ ਦਾ ਇਥੇ ਸਵਾਗਤ ਕੀਤਾ ਜਾਂਦਾ ਹੈ, ਖ਼ਾਸਕਰ ਜੇ ਉਹ ਭਾਸ਼ਾ ਸਿੱਖ ਲੈਣ।
ਫ਼ਰਾਪੇਅਰ ਕਹਿੰਦੇ ਹਨ, "ਬ੍ਰਾਜ਼ੀਲ ਇੱਕ ਬਹੁਤ ਹੀ ਦੋਸਤਾਨਾ ਦੇਸ ਹੈ ਅਤੇ ਇਹ ਵਿਦੇਸ਼ੀਆਂ ਦਾ ਸੁਆਗਤ ਕਰਨਾ ਪਸੰਦ ਕਰਦਾ ਹੈ। ਬ੍ਰਾਜ਼ੀਲ ਵਾਸੀ ਨਿੱਜਤਾਵਾਦੀ ਘੱਟ ਹਨ ਅਤੇ ਸਮਾਜਿਕ ਲੋਕ ਵੱਧ ਹਨ। ਇਹ ਪਸੰਦ ਕਰਦੇ ਹਨ ਜਦੋਂ ਕੋਈ ਵਿਦੇਸ਼ੀ ਉਨ੍ਹਾਂ ਦੇ ਸੱਭਿਆਚਾਰ ਅਤੇ ਭਾਸ਼ਾ ਵਿੱਚ ਰੁਚੀ ਦਿਖਾਉਂਦਾ ਹੈ।"
ਉਹ ਕਹਿੰਦੇ ਹਨ, "ਪੁਰਤਗੀਜ਼ ਸਿੱਖਣਾ ਤੁਹਾਨੂੰ ਬਿਲਕੁਲ ਘਰ ਵਰਗਾ ਮਹਿਸੂਸ ਕਰਵਾਏਗਾ।"

ਮੈਕਸੀਕੋ
ਸਾਲ 2050 ਤੱਕ ਮੈਕਸੀਕੋ ਮੌਜੂਦਾ ਗਿਆਰਵੇਂ ਦਰਜੇ ਤੋਂ ਚਾਰ ਦਰਜੇ ਅੱਗੇ ਪੁਲਾਂਘ ਪੁੱਟ ਕੇ ਦੁਨੀਆਂ ਦੀ ਸੱਤਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਲਈ ਤਿਆਰ ਹੈ।
ਉਤਪਾਦਨ ਅਤੇ ਨਿਰਯਾਤ ਤੇ ਕੇਂਦਰਿਤ ਹੋਣ ਨਾਲ ਹਾਲ ਹੀ ਸਾਲਾਂ ਵਿੱਚ ਇਥੇ ਬਹੁਤ ਤੇਜ਼ੀ ਨਾਲ ਵਿਕਾਸ ਹੋਇਆ, ਹਾਲਾਂਕਿ ਵਰਤਨਾਮ ਆਰਥਿਕ ਸਥਿਤੀਆਂ ਨੇ ਸੰਭਾਵਿਤ ਲਾਭਾਂ ਵਿੱਚ ਅੜਚਨ ਪਾਈ ਹੈ।
ਇੱਕ ਟਰੈਵਲ ਬਲੌਗਰ ਫੈਡਰੀਕੋ ਆਰੀਜ਼ਾਬਲਾਗਾ ਜੋ ਕਿ ਪੌਰਟੋ ਵਾਲਾਰਤਾ ਵਿੱਚ ਰਹਿੰਦੇ ਹਨ ਨੇ ਕਿਹਾ, "ਪਿਛਲੇ 10 ਸਾਲਾਂ ਵਿੱਚ ਮੈਕਸੀਕੋ ਦਾ ਅਰਥਵਿਵਸਥਾ ਪ੍ਰਫ਼ੁਲਿਤ ਹੋਈ ਹੈ, ਪਰ ਉਨੀਂ ਜਿੰਨੀ ਮੈਂ ਸੋਚਦਾ ਸੀ ਅਤੇ ਨਿਸ਼ਚਿਤ ਤੌਰ 'ਤੇ ਉਨੀਂ ਨਹੀਂ ਜਿੰਨੀ ਹੋ ਸਕਦੀ ਸੀ।"
ਉਹ ਦੱਸਦੇ ਹਨ ਕਿ ਮੈਕਸੀਕੋ ਵਿੱਚ ਵੀ ਮਹਿੰਗਾਈ ਵਿੱਚ ਵਾਧਾ ਹੋਇਆ ਪਰ ਨਾਲ ਹੀ ਪੈਸਾ ਕਮਾਉਣ ਦੇ ਮੌਕੇ ਵੀ ਵਧੇ।
ਸਿਹਤ ਅਤੇ ਆਉਣ ਜਾਣ ਦੇ ਸਾਧਨ ਇਥੇ ਅਮਰੀਕਾ, ਕੈਨੇਡਾ ਅਤੇ ਯੂਰਪ ਦੇ ਮੁਕਾਬਲੇ ਬਹੁਤ ਸਸਤੇ ਹਨ।
ਮੈਕਸੀਕੋ ਦਾ ਹਰ ਇੱਕ ਇਲਾਕਾ ਇੱਕ ਦੂਸਰੇ ਤੋਂ ਬਹੁਤ ਵੱਖਰਾ ਹੈ ਇਸ ਕਰਕੇ ਇਥੋਂ ਦੇ ਵਾਸੀ ਨਵੇਂ ਆਉਣ ਵਾਲਿਆਂ ਨੂੰ ਆਉਣ ਤੋਂ ਪਹਿਲਾਂ ਪੂਰੀ ਖੋਜ ਪੜਤਾਲ ਕਰਨ ਅਤੇ ਕਿਤੇ ਵਸਣ ਤੋਂ ਪਹਿਲਾਂ ਵੱਖੋ-ਵੱਖ ਸ਼ਹਿਰਾਂ ਨੂੰ ਜਾ ਕੇ ਦੇਖਣ ਦੀ ਸਲਾਹ ਦਿੰਦੇ ਹਨ।
ਇਸ ਤੋਂ ਪਤਾ ਲੱਗਦਾ ਹੈ ਕਿ ਸਥਾਨਕ ਲੋਕ ਇਥੇ ਅਨੁਕੂਲ ਹੋਣ ਨੂੰ ਸੌਖਾ ਬਣਾਉਂਦੇ ਹਨ ਖ਼ਾਸ ਕਰ ਜਦੋਂ ਇਹ ਸਪੈਨਿਸ਼ ਸਿੱਖਣ ਬਾਰੇ ਹੋਵੇ, ਜੋ ਲਾਜ਼ਮੀ ਹੈ।
ਅਮਰੀਕੀ ਸੁਜ਼ੇਨ ਹਸਕਿਨਜ਼ ਕਹਿੰਦੇ ਹਨ, " ਭਾਸ਼ਾ ਸੰਬੰਧੀ ਦਿੱਕਤਾ ਲਈ ਇਥੋਂ ਦੇ ਲੋਕ ਤੁਹਾਡੀ ਹਰ ਸੰਭਵ ਮਦਦ ਕਰਨਗੇ।"

ਨਾਈਜ਼ੀਰੀਆ
ਇੱਕ ਅਫ਼ਰੀਕਨ ਅਰਥਵਿਵਸਥਾ, ਨਾਈਜੀਰੀਆ ਵੀ 2050 ਤੱਕ ਬਹੁਤ ਤਰੱਕੀ ਕਰਨ ਵਾਲੀ ਹੈ, ਇਸ ਵਿੱਚ ਹਰ ਸਾਲ 4.2 ਦੀ ਔਸਤ ਨਾਲ ਵਾਧਾ ਹੋਣ ਦਾ ਅਨੁਮਾਨ ਹੈ। ਇਹ 22ਵੇਂ ਦਰਜੇ ਤੋਂ ਅੱਠ ਦਰਜੇ ਉੱਪਰ ਚੌਦਾਂ ਤੇ ਪਹੁੰਚੇਗੀ।
ਜਦੋਂ ਸਰਕਾਰ ਭ੍ਰਿਸ਼ਟਾਚਾਰ ਨਾਲ ਨਜਿੱਠ ਰਹੀ ਹੈ, ਵਸਨੀਕਾਂ ਦਾ ਇੱਕ ਉੱਦਮੀ ਨਜ਼ਰੀਆ ਹੈ ਜੋ ਦੇਸ ਨੂੰ ਅੱਗੇ ਵਧਾ ਰਿਹਾ ਹੈ। ਗਲੋਬਲ ਇੰਟਰਪਨਿਊਰਸ਼ਿਪ ਮੋਨੀਟਰ ਡਾਟਾ ਅਨੁਸਾਰ, ਨਾਈਜ਼ੀਰੀਆ ਦੇ 30 ਫ਼ੀਸਦ ਵਸਨੀਕ ਨਵੇਂ ਉੱਦਮੀ ਹਨ ਜਾਂ ਨਵੇਂ ਕਾਰੋਬਾਰਾਂ ਦੇ ਮਾਲਕ-ਮੈਨੇਜਰ ਹਨ। ਇਹ ਦਰ ਦੁਨੀਆਂ ਦੀਆਂ ਉੱਚੀਆਂ ਦਰਾਂ ਵਿੱਚੋਂ ਹੈ।
ਲਾਗੋਸ ਵਿਚ ਰਹਿਣ ਵਾਲੇ ਐਕਸਲਰੇਟ ਟੈਲੀਵਿਜ਼ਨ ਦੇ ਸੀਈਓ ਨਾਈਜੀਰੀਆ ਦੇ ਮੂਲ ਵਾਸੀ ਕੋਲੇਟ ਓਟੂਸ਼ੇਸੋ ਕਹਿੰਦੇ ਹਨ, "ਹਵਾ ਵਿਚ ਇਕ ਜਲਦਬਾਜ਼ੀ ਹਫ਼ੜਾ ਦਫ਼ੜੀ ਵਾਲਾ ਸਭਿਆਚਾਰ ਹੈ।"
ਉਹ ਅੱਗੇ ਕਹਿੰਦੇ ਹਨ, "ਨਾਈਜੀਰੀਆ ਦੇ ਲੋਕ ਸਖ਼ਤ ਮਿਹਨਤ ਕਰਨ ਵਾਲੇ ਹਨ ਅਤੇ ਇਹ ਕੁਦਰਤੀ ਤੌਰ 'ਤੇ ਸਾਡੇ ਵਿੱਚ ਹੈ ਕਿ ਕਈ ਚੀਜ਼ਾਂ ਤੇ ਇੱਕੋ ਸਮੇਂ ਕੰਮ ਕਰੀਏ, ਜਿਸਦਾ ਅਰਥ ਹੈ ਕਿ ਹਮੇਸ਼ਾ ਕੁਝ ਨਾ ਕੁਝ ਚੱਲ ਰਿਹਾ ਹੈ।"
ਦੇਸ ਨੂੰ ਦਰਪੇਸ਼ ਆਵਾਜਾਈ ਦੇ ਜਨਤਕ ਸਾਧਨਾਂ ਦੀ ਘਾਟ ਕਾਰੋਬਾਰ ਦੇ ਮੌਕਿਆ ਵਿੱਚ ਬਦਲ ਗਈਆਂ ਹਨ।
ਓਟੂਸ਼ੇਸੋ ਕਹਿੰਦੇ ਹਨ, "ਸਾਡੇ ਕੋਲ ਹੁਣ ਉਕਾਡਾਜ਼ (ਮੋਟਰਸਾਇਕਲ) ਲਈ ਉਬਰ ਵਰਗੀ ਇੱਕ ਐਪ ਹੈ, ਜੋ ਕਿ ਨਾਈਜ਼ੀਰੀਆ ਵਿੱਚ ਆਉਣ ਜਾਣ ਲਈ ਸਭ ਤੋਂ ਵੱਧ ਇਸਤੇਮਾਲ ਕੀਤੇ ਜਾਣ ਵਾਲਾ ਸਾਧਨ ਹੈ, ਪਰ ਬੀਤੇ ਸਮੇਂ ਵਿੱਚ ਬਹੁਤੇ ਭਰੋਸੇਯੋਗ ਨਹੀਂ ਸੀ।"
ਉਹ ਕਹਿੰਦੇ ਹਨ, "ਹੁਣ ਅਸੀਂ ਉਕਾਡਾ ਡਰਾਇਵਰਾਂ ਅਤੇ ਉਨ੍ਹਾਂ ਦੀਆਂ ਥਾਵਾਂ ਦਾ ਪਤਾ ਲਾਸਕਦੇ ਹਾਂ ਬਿਲਕੁਲ ਜਿਵੇਂ ਤੁਸੀਂ ਟਰਾਂਸਪੋਰਟ ਅਤੇ ਡਿਲਵਰੀਆਂ ਲਈ ਉਬਰ ਨਾਲ ਕਰਦੇ ਹੋ।"
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












