ਅਮਰੀਕੀ ਚੋਣਾਂ: ਟ੍ਰਾਂਜ਼ੀਸ਼ਨ ਕੀ ਹੁੰਦੀ ਹੈ ਤੇ ਇਹ ਅਹਿਮ ਕਿਉਂ ਹੈ

- ਲੇਖਕ, ਪ੍ਰਵੀਣ ਸ਼ਰਮਾ
- ਰੋਲ, ਬੀਬੀਸੀ ਲਈ
ਹਫ਼ਤਿਆਂ ਤਕ ਚੱਲੀ ਖਿੱਚ-ਧੂਹ ਤੋਂ ਬਾਅਦ ਅਮਰੀਕਾ ਦੀ ਜਨਰਲ ਸਰਵਿਸ ਐਡਮਿਨੀਸਟ੍ਰੇਸ਼ਨ (GSA) ਸਾਹਮਣੇ ਇਹ ਸਾਫ਼ ਹੋ ਗਿਆ ਹੈ ਕਿ ਰਾਸ਼ਟਰਪਤੀ (ਚੁਣੇ ਗਏ) ਜੋਅ ਬਾਇਡਨ ਨੂੰ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ਮਿਲ ਗਈ ਹੈ।
ਦੂਜੇ ਪਾਸੇ ਮੌਜੂਦਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀ ਨਵੇਂ ਪ੍ਰਸ਼ਾਸਨ ਦੇ ਲਈ ਟ੍ਰਾਂਜ਼ੀਸ਼ਨ ਪ੍ਰਕਿਰਿਆ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਲਿਹਾਜ਼ਾ ਅਮਰੀਕਾ ਵਿੱਚ ਬਾਇਡਨ ਪ੍ਰਸ਼ਾਸਨ ਦੇ ਲਈ ਟ੍ਰਾਂਜ਼ੀਸ਼ਨ ਪ੍ਰੋਸੈਸ ਹੁਣ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ:
ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਉੱਤੇ ਬੈਠਣ ਦੀ ਤਿਆਰੀ ਕਾਫ਼ੀ ਮੁਸ਼ਕਿਲ ਅਤੇ ਬੇਹੱਦ ਅਹਿਮ ਹੈ।
ਪ੍ਰੈਜ਼ੀਡੇਂਸ਼ਿਅਲ ਟ੍ਰਾਂਜ਼ੀਸ਼ਨ ਕੀ ਹੁੰਦਾ ਹੈ?
ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਚੋਣ ਜਿੱਤਣ ਅਤੇ ਸਹੁੰ ਚੁੱਕ ਸਮਾਗਮ ਦੇ ਵਿਚਾਲੜੇ ਸਮੇਂ ਨੂੰ ਟ੍ਰਾਂਜ਼ੀਸ਼ਨ ਕਿਹਾ ਜਾਂਦਾ ਹੈ।
ਇਹ ਟ੍ਰਾਂਜ਼ੀਸ਼ਨ ਚੁਣੇ ਗਏ ਰਾਸ਼ਟਰਪਤੀ ਦੀ ਨੌਨ-ਪ੍ਰੋਫ਼ਿਟ ਟ੍ਰਾਂਜ਼ੀਸ਼ਨ ਟੀਮ ਕਰਦੀ ਹੈ। ਇਹ ਟੀਮ ਕੈਂਪੇਨ ਟੀਮ ਤੋਂ ਵੱਖਰੀ ਹੁੰਦੀ ਹੈ ਅਤੇ ਇਸ ਦਾ ਆਪਣਾ ਸਟਾਫ਼ ਅਤੇ ਬਜਟ ਹੁੰਦਾ ਹੈ।

ਤਸਵੀਰ ਸਰੋਤ, Reuters
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਕੂਲ ਆਫ਼ ਇੰਟਰਨੈਸ਼ਨਲ ਸਟੱਡੀਜ਼ ਵਿੱਚ ਪ੍ਰੋਫ਼ੈਸਰ ਕੇ ਪੀ ਵਿਜੇਲਕਸ਼ਮੀ ਦੱਸਦੇ ਹਨ, ''ਅਮਰਕੀ ਵਿੱਚ ਸਾਰੇ ਸੂਬਿਆਂ ਨੂੰ 24 ਦਸੰਬਰ ਤੱਕ ਆਪਣੇ ਚੋਣ ਨਤੀਜਿਆਂ ਨੂੰ ਸਰਟੀਫ਼ਾਈ ਕਰਨਾ ਲਾਜ਼ਮੀ ਹੈ। 20 ਜਨਵਰੀ ਨੂੰ ਇਨੌਗਰੇਸ਼ਨ ਡੇਅ ਹੈ।''
ਪ੍ਰੋਫ਼ੈਸਰ ਵਿਜੇਲਕਸ਼ਮੀ ਕਹਿੰਦੇ ਹਨ, ''ਅਮਰੀਕਾ ਵਿੱਚ ਜਨਰਲ ਸਰਵਿਸ ਐਡਮਿਨੀਸਟ੍ਰੇਸ਼ਨ (GSA) ਏਜੰਸੀ ਅਧਿਕਾਰਤ ਤੌਰ 'ਤੇ ਟ੍ਰਾਂਜ਼ੀਸ਼ਨ ਪ੍ਰੋਸੈਸ ਨੂੰ ਸ਼ੁਰੂ ਕਰਦੀ ਹੈ ਅਤੇ ਪ੍ਰੈਸੀਡੈਂਟ ਇਲੈਕਟ ਦੀ ਟੀਮ ਨੂੰ ਮਦਦ ਦਿੰਦੀ ਹੈ। ਇਸ ਪ੍ਰੋਸੈਸ ਦੌਰਾਨ ਨਵੇਂ ਆਉਣ ਵਾਲੇ ਰਾਸ਼ਟਰਪਤੀ ਆਪਣੀ ਕੈਬਿਨਟ ਨੂੰ ਤੈਅ ਕਰਦੇ ਹਨ।''
ਸਾਬਕਾ ਰਾਜਨਾਇਕ ਅਤੇ ਗੇਟਵੇ ਹਾਊਸ ਦੇ ਡਾਇਰੈਕਟਰ ਨੀਲਮ ਦੇਵ ਕਹਿੰਦੇ ਹਨ, ''ਅਮਰੀਕਾ ਵਿੱਚ ਭਾਰਤ ਵਾਂਗ ਕੋਈ ਇੱਕ ਚੋਣ ਕਮਿਸ਼ਨ ਨਹੀਂ ਹੈ। ਉੱਥੇ ਹਰ ਸੂਬਾ ਆਪਣੇ ਵੋਟਾਂ ਦੀ ਗਿਣਤੀ ਕਰਦਾ ਹੈ ਅਤੇ ਨਤੀਜੇ ਦੱਸਦਾ ਹੈ।"
"ਮੌਜੂਦਾ ਸਮੇਂ ਵਿੱਚ ਜਿਸ ਤਰ੍ਹਾਂ ਟਰੰਪ ਨੇ ਹਾਰ ਸਵੀਕਾਰ ਨਹੀਂ ਕੀਤੀ, ਅਜਿਹੇ ਵਿੱਚ ਨਵੇਂ ਰਾਸ਼ਟਰਪਤੀ ਦੇ ਆਉਣ ਦੀ ਪ੍ਰਕਿਰਿਆ ਦਾ ਪੁਖ਼ਤਾ ਹੋਣਾ ਜ਼ਰੂਰੀ ਹੈ। ਇਸ ਵਜ੍ਹਾਂ ਨਾਲ ਇਹ ਟ੍ਰਾਂਜ਼ੀਸ਼ਨ ਪ੍ਰੋਸੈਸ ਬੇਹੱਦ ਅਹਿਮ ਹੈ।''
ਉਹ ਕਹਿੰਦੇ ਹਨ, ''20 ਜਵਨਰੀ ਤੱਕ ਟਰੰਪ ਰਾਸ਼ਟਰਪਤੀ ਹਨ ਅਤੇ ਉਹ ਜੋ ਚਾਹੁਣ ਕਰ ਸਕਦੇ ਹਨ। ਰਾਤ 12 ਵਜੇ 21 ਜਨਵਰੀ ਦੇ ਸ਼ੁਰੂ ਹੋਣ ਦੇ ਨਾਲ ਹੀ ਜੋਅ ਬਾਇਡਨ ਰਾਸ਼ਟਰਪਤੀ ਹੋ ਜਾਣਗੇ।"
"ਅਮਰੀਕਾ ਕੋਈ ਛੋਟਾ-ਮੋਟਾ ਦੇਸ਼ ਨਹੀਂ ਹੈ। ਅਫ਼ਗਾਨਿਸਤਾਨ, ਇਰਾਕ ਸਣੇ ਕਈ ਦੇਸ਼ਾਂ ਵਿੱਚ ਉਨ੍ਹਾਂ ਦਾ ਐਕਸ਼ਨ ਚੱਲ ਰਿਹਾ ਹੈ।''
ਬੀਬੀਸੀ ਪੰਜਾਬੀ ਵੈੱਬਸਾਈਟ ਨੂੰ ਆਪਣੇ ਐਂਡਰਾਇਡ ਫ਼ੋਨ ਵਿੱਚ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਬਾਲਾਚੰਦਰਨ ਕਹਿੰਦੇ ਹਨ, ''ਅਜਿਹੇ ਵਿੱਚ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਹੀ ਬਾਇਡਨ ਨੂੰ ਦੁਨੀਆਂ ਭਰ ਵਿੱਚ ਹੋ ਰਹੀਆਂ ਚੀਜ਼ਾਂ ਅਤੇ ਅਮਰੀਕੀ ਕੰਮਕਾਜ ਦੀ ਜਾਣਕਾਰੀ ਪਹਿਲਾਂ ਤੋਂ ਹੋਣੀ ਚਾਹੀਦੀ ਹੈ। ਐਨ ਮੌਕੇ ਉੱਤੇ ਉਨ੍ਹਾਂ ਸਾਹਮਣੇ ਜੇ ਚੀਜ਼ਾਂ ਆਉਣਗੀਆਂ ਤਾਂ ਉਨ੍ਹਾਂ ਲਈ ਫ਼ੈਸਲੇ ਲੈਣਾ ਮੁਸ਼ਕਲ ਹੋਵੇਗਾ।''
ਉਹ ਕਹਿੰਦੇ ਹਨ, ''ਅਜਿਹੇ 'ਚ ਰਾਸ਼ਟਰਪਤੀ ਬਣਨ ਤੋਂ ਬਾਅਦ ਬਾਇਡਨ ਦੇ ਸਾਹਮਣੇ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਅਤੇ ਸੱਤਾ ਦਾ ਟਰਾਂਸਫ਼ਰ ਸੌਖੇ ਹੀ ਹੋ ਸਕੇ ਇਸ ਲਈ ਤਮਾਮ ਜਾਣਕਾਰੀਆਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਟੀਮ ਨੂੰ ਦਿੱਤੀਆਂ ਜਾਣ ਲੱਗੀਆਂ ਹਨ।''
ਡਾਕਟਰ ਬਾਲਾਚੰਦਰਨ ਆਖਦੇ ਹਨ, ''ਸੀਆਈਏ ਅਤੇ ਦੂਜੀਆਂ ਏਜੰਸੀਆਂ ਤੋਂ ਸਾਰੀਆਂ ਖ਼ੁਫ਼ੀਆਂ ਅਤੇ ਹੋਰ ਅਹਿਮ ਜਾਣਕਾਰੀਆਂ ਉਨ੍ਹਾਂ ਨੂੰ ਦਿੱਤੀਆਂ ਜਾਣ ਲੱਗੀਆਂ ਹੋਣਗੀਆਂ।''
ਟ੍ਰਾਂਜ਼ੀਸ਼ਨ ਪ੍ਰੋਸਸ ਕੀਤਾ ਕਿਉਂ ਜਾਂਦਾ ਹੈ?
ਪੋਫ਼ੈਸਰ ਵਿਜੇਲਕਸ਼ਮੀ ਕਹਿੰਦੇ ਹਨ, ''ਟ੍ਰਾਂਜ਼ੀਸ਼ਨ ਪ੍ਰੋਸੈਸ ਇਸ ਲਈ ਕੀਤਾ ਜਾਂਦਾ ਹੈ ਕਿ ਤਾਂ ਜੋ ਤਿੰਨ ਨਵੰਬਰ ਨੂੰ ਚੋਣਾਂ ਹੋਣ ਤੋਂ 20 ਜਨਵਰੀ ਨੂੰ ਰਾਸ਼ਟਪਤੀ ਅਹੁਦੇ ਦੀ ਸਹੁੰ ਚੁੱਕਣ ਦੇ ਨਾਲ ਹੀ ਉਹ ਤੁਰੰਤ ਕੰਮ ਸ਼ੁਰੂ ਕਰ ਸਕਣ। ਨਾਲ ਹੀ ਵਿਚਾਲੜੇ ਸਮੇਂ ਦੌਰਾਨ ਵੀ ਕੰਮ ਰੁਕਣੇ ਨਹੀਂ ਚਾਹੀਦੇ। ਇਸ ਲਈ ਇਹ ਪ੍ਰੋਸੈਸ ਥੋੜ੍ਹਾ ਲੰਬਾ ਹੁੰਦਾ ਹੈ।''

ਤਸਵੀਰ ਸਰੋਤ, Jim Watson
ਪਾਰਟਨਰਸ਼ਿੱਪ ਫ਼ਾਰ ਪਬਲਿਕ ਸਰਵਿਸ ਦਾ ਸੈਂਟਰ ਫ਼ਾਰ ਪ੍ਰੈਜ਼ੀਡੇਂਸ਼ਿਅਲ ਟ੍ਰਾਂਜ਼ੀਸ਼ਨ ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਅਤੇ ਉਨ੍ਹਾਂ ਦੀਆਂ ਟੀਮਾਂ ਨੂੰ ਨਵੇਂ ਪ੍ਰਸ਼ਾਸਨ ਜਾਂ ਰਾਸ਼ਟਰਪਤੀ ਦੇ ਦੂਜੇ ਟਰਮ ਦੀ ਨੀਂਹ ਰੱਖਣ ਵਿੱਚ ਮਦਦ ਦੇਣ ਲਈ ਜਾਣਕਾਰੀਆਂ ਅਤੇ ਸੰਸਾਧਨ ਮੁਹੱਈਆ ਕਰਵਾਉਣ ਦਾ ਇੱਕ ਨਿਰਪੱਖ ਜ਼ਰੀਆ ਹੈ।
ਇਹ ਸੈਂਟਰ ਟ੍ਰਾਂਜ਼ੀਸ਼ਨ ਨੂੰ ਲਾਗੂ ਕਰਨ ਵਿੱਚ ਮਦਦ ਦਿੰਦਾ ਹੈ। ਇਹ ਨਵੇਂ ਰਾਜਨੀਤਿਕ ਅਗਵਾਈ ਨੂੰ ਤਿਆਰੀ ਵਿੱਚ ਮਦਦ ਕਰਦਾ ਹੈ ਅਤੇ ਨਵੀਆਂ ਨਿਯੁਕਤੀਆਂ ਨੂੰ ਸਰਕਾਰੀ ਅਗਵਾਈ ਦੇ ਨਾਲ ਕੰਮ ਕਰਨ ਲਈ ਗਾਇਡੈਂਸ ਦਿੰਦਾ ਹੈ।
ਇਹ ਵੀ ਪੜ੍ਹੋ:
ਇਹ ਸੈਂਟਰ ਨਵੇਂ ਰਾਸ਼ਟਰਪਤੀਆਂ ਨੂੰ ਦੂਜੇ ਟਰਮ ਲਈ ਤਿਆਰੀ ਵਿੱਚ ਵੀ ਮਦਦ ਕਰਦਾ ਹੈ ਅਤੇ ਜੇ ਕੋਈ ਨਵਾਂ ਰਾਸ਼ਟਰਪਤੀ ਚੁਣਿਆ ਜਾਂਦਾ ਹੈ ਤਾਂ ਅਜਿਹੇ 'ਚ ਰਾਸ਼ਟਰਪਤੀ ਨੂੰ ਸੱਤਾ ਦੇ ਸੌਖੇ ਟਰਾਂਸਫ਼ਰ ਲਈ ਜ਼ਰੂਰੀ ਕਦਮਾਂ ਦੇ ਬਾਰੇ ਸਲਾਹ ਵੀ ਦਿੰਦਾ ਹੈ।
ਇਸ ਸੈਂਟਰ ਨੇ 2020 ਦੇ ਲਈ ਪ੍ਰੈਜ਼ੀਡੇਂਸ਼ਿਅਲ ਟ੍ਰਾਂਜ਼ੀਸ਼ਨ ਗਾਇਡ ਜਾਰੀ ਕੀਤੀ ਹੈ। ਇਸ ਵਿੱਚ ਨਵੀਂ ਅਗਵਾਈ ਲਈ ਟ੍ਰਾਂਜ਼ੀਸ਼ਨ ਦੇ ਤਮਾਮ ਪਹਿਲੂਆਂ ਦਾ ਜ਼ਿਕਰ ਕੀਤਾ ਗਿਆ ਹੈ।
ਗਾਇਡ ਵਿੱਚ ਕਿਹਾ ਗਿਆ ਹੈ ਕਿ ਜੇ ਟ੍ਰਾਂਜ਼ੀਸ਼ਨ ਪ੍ਰਕਿਰਿਆ ਠੀਕ ਤਰ੍ਹਾਂ ਕੀਤੀ ਜਾਵੇ ਤਾਂ ਇਹ ਨਵੇਂ ਪ੍ਰਸ਼ਾਸਨ ਦੀ ਸਫ਼ਲਤਾ ਦੀ ਨੀਂਹ ਸਾਬਿਤ ਹੋ ਸਕਦੀ ਹੈ। ਦੂਜੇ ਪਾਸੇ, ਜੇ ਇਸ ਨੂੰ ਠੀਕ ਢੰਗ ਨਾਲ ਨਾ ਕੀਤਾ ਜਾਵੇ ਤਾਂ ਨਵੇਂ ਪ੍ਰਸ਼ਾਸਨ ਲਈ ਰਿਕਵਰ ਕਰਨਾ ਔਖਾ ਹੋ ਜਾਂਦਾ ਹੈ।
ਪਹਿਲੇ ਜਾਂ ਦੂਜੇ ਟਰਮ ਲਈ ਟ੍ਰਾਂਜ਼ੀਸ਼ਨ ਦੀ ਯੋਜਨਾ ਬਣਾਉਣ ਦਾ ਕੰਮ ਚੋਣ ਦੀ ਤਾਰੀਕ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਣਾ ਚਾਹੀਦਾ ਹੈ।
ਇਸ ਲਈ ਇੱਕ ਸੰਗਠਨ ਤਿਆਰ ਕਰਨਾ, ਟੀਚਾ ਤੈਅ ਕਰਨਾ ਅਤੇ ਆਪਣੀਆਂ ਪ੍ਰਾਥਮਿਕਤਾਵਾਂ ਨੂੰ ਹਾਸਿਲ ਕਰਨ ਲਈ ਜ਼ਰੂਰੀ ਕਦਮ ਚੁੱਕਣਾ ਸ਼ਾਮਿਲ ਹੈ।
ਨੀਲਮ ਦੇਵ ਕਹਿੰਦੇ ਹਨ, ''ਨਵੇਂ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਟੀਮ ਨੂੰ ਸਾਰੀਆਂ ਅਹਿਮ ਚੀਜ਼ਾਂ ਬਾਰੇ ਬ੍ਰੀਫ਼ ਕੀਤਾ ਜਾਂਦਾ ਹੈ।''
''ਭਾਵੇਂ ਬਾਇਡਨ ਚੁਣੇ ਗਏ ਹਨ ਅਤੇ ਟ੍ਰਾਂਜ਼ੀਸ਼ਨ ਪ੍ਰੋਸੈਸ ਸ਼ੁਰੂ ਹੋ ਗਿਆ ਹੈ, ਪਰ ਅਜੇ ਵੀ ਰਾਸ਼ਟਰਪਤੀ ਟਰੰਪ ਫ਼ੈਸਲੇ ਲੈ ਸਕਦੇ ਹਨ ਅਤੇ ਉਨ੍ਹਾਂ ਦੇ ਫ਼ੈਸਲਿਆਂ ਵਿੱਚ ਬਾਇਡਨ ਦਖ਼ਲ ਨਹੀਂ ਦੇ ਸਕਦੇ।''
ਨਵੇਂ ਰਾਸ਼ਟਰਪਤੀ ਲਈ ਟ੍ਰਾਂਜ਼ੀਸ਼ਨ ਦਾ ਮੁੱਖ ਟੀਚਾ
ਟ੍ਰਾਂਜ਼ੀਸ਼ਨ ਦੀ ਪ੍ਰਕਿਰਿਆ ਵਿੱਚ ਵ੍ਹਾਈਟ ਹਾਊਸ ਅਤੇ ਰਾਸ਼ਟਰਪਤੀ ਦੇ ਐਗਜ਼ੀਕਿਊਟਿਵ ਆਫ਼ਿਸ ਦੀ ਸਟਾਫਿੰਗ ਦਾ ਇੱਕ ਅਹਿਮ ਕਿਰਦਾਰ ਹੁੰਦਾ ਹੈ।
ਇਸ ਤੋਂ ਇਲਾਵਾ 4 ਹਜ਼ਾਰ ਤੋਂ ਜ਼ਿਆਦਾ ਪ੍ਰੈਜ਼ੀਡੇਂਸ਼ਿਅਲ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ 1200 ਤੋਂ ਜ਼ਿਆਦਾ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਉੱਤੇ ਸੈਨੇਟ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਹੈ।
ਨਾਲ ਹੀ ਇਸ ਪ੍ਰਕਿਰਿਆ ਵਿੱਚ ਨਵੇਂ ਪ੍ਰਸ਼ਾਸਨ ਲਈ ਇੱਕ ਪੌਲਿਸੀ ਪਲੇਟਫਾਰਮ ਤਿਆਰ ਕਰਨਾ ਵੀ ਸ਼ਾਮਿਲ ਹੁੰਦਾ ਹੈ ਜੋ ਕਿ ਕੈਂਪੇਨ ਵਿੱਚ ਕੀਤੇ ਗਏ ਵਾਅਦਿਆਂ ਉੱਤੇ ਆਧਾਰਿਤ ਹੁੰਦਾ ਹੈ।
ਇਸ ਵਿੱਚ ਐਗਜ਼ੀਕਿਊਟਿਵ ਕਦਮਾਂ, ਇੱਕ ਮੈਨੇਜਮੈਂਟ ਏਜੰਡਾ, ਇੱਕ ਬਜਟ ਤਜਵੀਜ਼ ਅਤੇ ਸੰਭਾਵਿਤ ਕਾਨੂੰਨਾਂ ਦੀ ਯੋਜਨਾ ਬਣਾਉਣਾ ਸ਼ਾਮਿਲ ਹੁੰਦਾ ਹੈ।
ਪ੍ਰੋ. ਵਿਜੇਲਕਸ਼ਮੀ ਕਹਿੰਦੇ ਹਨ, ''ਟ੍ਰਾਂਜ਼ੀਸ਼ਨ ਬੇਹੱਦ ਅਹਿਮ ਹੁੰਦਾ ਹੈ ਕਿਉਂਕਿ ਇਸ ਦੌਰਾਨ ਨਵੇਂ ਮੰਤਰੀ ਨਿਯੁਕਤ ਕੀਤੇ ਜਾਂਦੇ ਹਨ। ਹਰ ਵਿਭਾਗ ਵਿੱਚੋਂ ਸਭ ਤੋਂ ਸੀਨੀਅਰ ਬਿਊਰੋਕ੍ਰੇਟਸ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਿ ਉਹ ਨਵੇਂ ਆ ਰਹੇ ਲੋਕਾਂ ਨੂੰ ਬ੍ਰੀਫ਼ ਕਰਨ।''
ਕੈਂਪੇਨ ਦੌਰਾਨ ਪੇਸ਼ ਕੀਤੀਆਂ ਗਈਆਂ ਨੀਤੀਆਂ ਨੂੰ ਲਾਗੂ ਕਰਨ ਲਈ 100 ਤੋਂ 200 ਦਿਨਾਂ ਦੀ ਯੋਜਨਾ ਦੀ ਤਿਆਰੀ ਵੀ ਟ੍ਰਾਂਜ਼ੀਸ਼ਨ ਪ੍ਰੋਸੈਸ ਦਾ ਹਿੱਸਾ ਹੁੰਦੀ ਹੈ।
ਇਹ ਸਾਰੀਆਂ ਤਿਆਰੀਆਂ ਪਹਿਲਾਂ ਹੀ ਕਰਨਾ ਇਸ ਕਰਕੇ ਵੀ ਜ਼ਰੂਰੀ ਹੁੰਦਾ ਹੈ ਤਾਂ ਜੋ ਨਵਾਂ ਪ੍ਰਸ਼ਾਸਨ ਆਉਂਦੇ ਹੀ ਕੰਮ ਤੇਜ਼ੀ ਨਾਲ ਸ਼ੁਰੂ ਕਰ ਸਕੇ।
ਕਦੋਂ ਸ਼ੁਰੂ ਹੁੰਦਾ ਹੈ ਟ੍ਰਾਂਜ਼ੀਸ਼ਨ?
ਆਮ ਤੌਰ ਉੱਤੇ ਟ੍ਰਾਂਜ਼ੀਸ਼ਨ ਦੀ ਅਧਿਕਾਰਿਤ ਤੌਰ 'ਤੇ ਸ਼ੁਰੂਆਤ ਚੋਣ ਨਤੀਜਿਆਂ ਦੇ ਆਉਣ ਤੋਂ ਬਾਅਦ ਹੀ ਹੁੰਦੀ ਹੈ।
1963 ਦੇ ਪ੍ਰੈਜ਼ੀਡੇਂਸ਼ਿਅਲ ਟ੍ਰਾਂਜ਼ੀਸ਼ਨ ਐਕਟ ਤਹਿਤ ਜੀਸੀਏ ਨੂੰ ਚੁਣੇ ਗਏ ਰਾਸ਼ਟਰਪਤੀ ਦੀ ਟੀਮ ਨੂੰ ਦਫ਼ਤਰ ਅਤੇ ਦੂਜੇ ਸੰਸਾਧਨ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਨਾਲ ਹੀ ਸਰਕਾਰ ਸਿਕਉਰਿਟੀ ਚੈੱਕ ਦੇ ਮਕਸਦ ਨਾਲ ਬੈਕ ਗ੍ਰਾਊਂਡ ਚੈੱਕ ਵੀ ਮੁਹੱਈਆ ਕਰਵਾਉਂਦੀ ਹੈ।

ਤਸਵੀਰ ਸਰੋਤ, Getty Images
2010 ਵਿੱਚ ਇਸ ਕਾਨੂੰਨ ਵਿੱਚ ਹੋਏ ਸੋਧ ਦੇ ਤਹਿਤ ਮੁੱਖ ਪਾਰਟੀ ਦੇ ਉਮੀਦਵਾਰਾਂ ਨੂੰ ਟ੍ਰਾਂਜ਼ੀਸ਼ਨ ਦੇ ਲਈ ਸਰਕਾਰੀ ਮਦਦ ਪਹਿਲਾਂ ਹੀ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ।
ਇਸ ਵਿੱਚ ਇਨ੍ਹਾਂ ਨੂੰ ਸਰਕਾਰੀ ਦਫ਼ਤਰਾਂ, ਕੰਪਿਊਟਰਾਂ ਅਤੇ ਸੇਵਾਵਾਂ ਨੂੰ ਨੌਮੀਨੇਟਿੰਗ ਕਨਵੇਂਸ਼ਨ ਤੋਂ ਬਾਅਦ ਹੀ ਇਸਤੇਮਾਲ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ।
ਕੀ ਟ੍ਰਾਂਜ਼ੀਸ਼ਨ ਦੌਰਾਨ ਬਾਇਡਨ ਜਾਂ ਉਨ੍ਹਾਂ ਦੀ ਟੀਮ ਟਰੰਪ ਦੇ ਫ਼ੈਸਲਿਆਂ ਵਿੱਚ ਦਖ਼ਲ ਦੇ ਸਕਦੇ ਹਨ?
ਪ੍ਰੋ. ਵਿਜੇਲਕਸ਼ਮੀ ਕਹਿੰਦੇ ਹਨ ਕਿ ਇਸ ਦੌਰਾਨ ਬਾਇਡਨ ਫ਼ੈਸਲਿਆਂ ਵਿੱਚ ਕੋਈ ਦਖ਼ਲ ਨਹੀਂ ਦੇ ਸਕਦੇ।
ਉਹ ਕਹਿੰਦੇ ਹਨ, ''ਟਰੰਪ ਐਗਜ਼ੀਕਿਊਟਿਵ ਆਰਡਰ ਰਾਹੀਂ ਫ਼ੈਸਲੇ ਲੈ ਸਕਦੇ ਹਨ।''
ਟ੍ਰਾਂਜ਼ੀਸ਼ਨ ਵਿੱਚ ਸਮਾਂ ਕਿਉਂ ਲਗਦਾ ਹੈ?
ਆਮ ਤੌਰ 'ਤੇ ਟ੍ਰਾਂਜ਼ੀਸ਼ਨ ਵਿੱਚ 11 ਹਫ਼ਤਿਆਂ ਦਾ ਸਮਾਂ ਲਗਦਾ ਹੈ। ਇਹ ਨਵੰਬਰ ਦੀ ਸ਼ੁਰੂਆਤ ਵਿੱਚ ਵੋਟਿੰਗ ਦੀ ਤਾਰੀਕ ਤੋਂ ਸਹੁੰ ਚੁੱਕਣ ਦੀ ਤਾਰੀਕ ਦੇ ਵਿਚਾਲੇ ਦਾ ਸਮਾਂ ਹੁੰਦਾ ਹੈ।

ਤਸਵੀਰ ਸਰੋਤ, Getty Images
ਇਨੌਗਰੇਸ਼ਨ ਡੇਅ 20 ਜਨਵਰੀ ਹੁੰਦੀ ਹੈ। ਹਾਲਾਂਕਿ ਜੇ ਚੋਣਾਂ ਦੇ ਨਤੀਜੇ ਜਲਦੀ ਆਉਂਦੇ ਹਨ ਤਾਂ ਟ੍ਰਾਂਜ਼ੀਸ਼ਨ ਦਾ ਸਮਾਂ ਵੀ ਘੱਟ ਕੀਤਾ ਜਾ ਸਕਦਾ ਹੈ।
ਪ੍ਰੋ. ਵਿਜੇਲਕਸ਼ਮੀ ਕਹਿੰਦੇ ਹਨ ਕਿ ਇਸ ਸਾਲ ਕਾਨੂੰਨੀ ਮਸਲਿਆਂ ਅਤੇ ਵੋਟਾਂ ਦੀ ਗਿਣਤੀ ਨੂੰ ਲੈ ਕੇ ਛਿੜੇ ਵਿਵਾਦ ਕਾਰਨ ਜੀਸੀਏ ਇਹ ਪ੍ਰਕਿਰਿਆ ਸ਼ੁਰੂ ਨਹੀਂ ਕਰ ਸਕਿਆ ਸੀ। ਇਸ ਕਾਰਨ ਇਸ ਵਿੱਚ ਥੋੜ੍ਹੀ ਦੇਰੀ ਹੋਈ ਹੈ।
ਟ੍ਰਾਂਜ਼ੀਸ਼ਨ ਦਾ ਪੈਸਾ ਕਿੱਥੋਂ ਆਉਂਦਾ ਹੈ?
ਟ੍ਰਾਂਜ਼ੀਸ਼ਨ ਦੀ ਪ੍ਰਕਿਰਿਆ ਪੂਰੀ ਕਰਨ ਦਾ ਪੈਸਾ ਸਰਕਾਰੀ ਖ਼ਜ਼ਾਨੇ ਅਤੇ ਨਿੱਜੀ ਫੰਡਾਂ ਤੋਂ ਇਕੱਠਾ ਕੀਤਾ ਜਾਂਦਾ ਹੈ।
ਜੀਸੀਏ ਪ੍ਰਸ਼ਾਸਕ ਕੋਲ ਬਾਇਡਨ ਦੀ ਟ੍ਰਾਂਜ਼ੀਸ਼ਨ ਟੀਮ ਲਈ 60 ਲੱਖ ਡਾਲਰ ਰਿਲੀਜ਼ ਕਰਨ ਦਾ ਕਾਨੂੰਨੀ ਅਧਿਕਾਰ ਹੈ।

ਤਸਵੀਰ ਸਰੋਤ, Getty Images
ਮੰਨਿਆ ਜਾ ਰਿਹਾ ਹੈ ਕਿ ਇਸ ਰਕਮ ਤੋਂ ਇਲਾਵਾ ਬਾਇਡਨ ਨੇ ਵੀ ਨਿੱਜੀ ਡੋਨੇਸ਼ਨ ਰਾਹੀਂ ਘੱਟੋ-ਘੱਟ 70 ਲੱਖ ਡਾਲਰ ਆਪਣੇ ਟ੍ਰਾਂਜ਼ੀਸ਼ਨ ਲਈ ਜੁਟਾ ਲਏ ਹਨ।
ਭਾਰਤ ਅਤੇ ਅਮਰੀਕਾ ਦੇ ਸਿਸਟਮ ਵਿੱਚ ਅੰਤਰ
ਸੱਤਾ ਦੇ ਬਦਲਾਅ (ਟਰਾਂਸਫ਼ਰ) ਹੋਣ ਦੇ ਮਾਮਲੇ ਵਿੱਚ ਭਾਰਤ ਦੇ ਮੁਕਾਬਲੇ ਅਮਰੀਕਾ ਦਾ ਸਿਸਟਮ ਵੱਖਰਾ ਕਿਉਂ ਹੈ, ਇਸ ਉੱਤੇ ਥਿੰਕ ਟੈਂਕ ਆਈਡੀਐਸਏ ਵਿੱਚ ਵੈਸਟ ਏਸ਼ੀਆ ਸੈਂਟਰ ਦੀ ਸਾਬਕਾ ਮੁਖੀ ਡਾ. ਮੀਨਾ ਸਿੰਘ ਰਾਏ ਕਹਿੰਦੇ ਹਨ, ''ਅਮਰੀਕਾ ਵਿੱਚ ਫੈਡਰਲ ਸਿਸਟਮ ਹੈ, ਜਦਕਿ ਭਾਰਤ ਵਿੱਚ ਅਜਿਹਾ ਨਹੀਂ ਹੈ। ਸਾਡੇ ਇੱਥੇ ਸੂਬਿਆਂ ਨੂੰ ਅਮਰੀਕਾ ਜਿੰਨੀ ਆਜ਼ਾਦੀ ਨਹੀਂ ਹੈ। ਉੱਥੇ ਚੋਣਾਂ ਨਾਲ ਜੁੜੇ ਜ਼ਿਆਦਾਤਰ ਫ਼ੈਸਲੇ ਸੂਬਿਆਂ ਦੇ ਹੱਥ ਵਿੱਚ ਹੁੰਦੇ ਹਨ।''
ਡਾ. ਰਾਏ ਕਹਿੰਦੇ ਹਨ ਕਿ ਭਾਰਤ ਵਿੱਚ ਸਿਸਟਮ ਸੈਂਟਰਲਾਈਜ਼ਡ ਹੈ ਅਤੇ ਜ਼ਿਆਦਾਤਰ ਚੀਜ਼ਾਂ ਕੇਂਦਰ ਹੀ ਤੈਅ ਕਰਗਾ ਹੈ ਜਦਕਿ ਉੱਥੇ ਅਜਿਹਾ ਨਹੀਂ ਹੈ। ਅਮਰੀਕਾ ਦਾ ਫ਼ੈਡਰਲ ਸਿਸਟਮ ਭਾਰਤ ਤੋਂ ਬਿਲਕੁਲ ਅਲੱਗ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












