ਰੂਸੀ ਸੰਸਦ ਦਾ ਫ਼ੈਸਲਾ: ਪੁਤਿਨ ਤੇ ਰਹਿੰਦੀ ਉਮਰ ਤੱਕ ਨਹੀਂ ਹੋ ਸਕੇਗਾ ਕੋਈ ਮੁਕੱਦਮਾ

ਰੂਸੀ ਸੰਸਦ ਦੇ ਹੇਠਲੇ ਸਦਨ ਡੂਮਾ ਨੇ ਇੱਕ ਅਜਿਹੇ ਬਿੱਲ ਨੂੰ ਆਪਣੀ ਹਮਾਇਤ ਦੇ ਦਿੱਤੀ ਹੈ ਜਿਸ ਮੁਤਾਬਕ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉਨ੍ਹਾਂ ਦੇ ਪਰਿਵਾਰ ਉੱਪਰ ਉਨ੍ਹਾਂ ਦੇ ਰਾਸ਼ਟਰਪਤੀ ਨਾ ਰਹਿਣ ਤੋਂ ਬਾਅਦ ਵੀ ਕਿਸੇ ਤਰ੍ਹਾਂ ਦਾ ਅਪਰਾਧਿਕ ਮੁਕੱਦਮਾ ਨਹੀਂ ਚਲਾਇਆ ਜਾ ਸਕੇਗਾ।

ਇਹ ਬਿੱਲ ਉਨ੍ਹਾਂ ਸੰਵਿਧਾਨਕ ਸੋਧਾਂ ਦਾ ਹਿੱਸਾ ਹੈ ਜਿਨ੍ਹਾਂ ਨੂੰ ਜੁਲਾਈ ਵਿੱਚ ਰਾਇਸ਼ੁਮਾਰੀ ਰਾਹੀਂ ਪ੍ਰਵਾਨਗੀ ਦਿੱਤੀ ਗਈ ਸੀ।

ਪੁਤਿਨ ਦੇ ਹਮਾਇਤੀ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿੱਚ ਬਹੁਮਤ ਰਖਦੇ ਹਨ।

ਇਹ ਵੀ ਪੜ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਰਾਸ਼ਟਰਪਤੀ ਵਜੋਂ ਪੁਤਿਨ ਦਾ ਕਾਰਜਾਕਾਲ 2024 ਵਿੱਚ ਪੂਰਾ ਹੋ ਜਾਵੇਗਾ ਪਰ ਨਵੀਆਂ ਸੋਧਾਂ ਮੁਤਾਬਕ ਉਹ ਇਸ ਤੋਂ ਬਾਅਦ ਵੀ ਦੋ ਕਾਰਜਕਾਲ ਹੰਢਾਉਣਗੇ ਅਤੇ ਰੂਸ ਦੇ ਰਾਸ਼ਟਰਪਤੀ ਬਣੇ ਰਹਿਣਗੇ।

ਇਸ ਬਿੱਲ ਦੇ ਆਉਂਦਿਆਂ ਹੀ ਪੁਤਿਨ ਦੇ ਸਿਆਸੀ ਭਵਿੱਖ ਬਾਰੇ ਮੁੜ ਤੋਂ ਸਰਗੋਸ਼ੀਆਂ ਛਿੜ ਗਈਆਂ ਹਨ। ਸਾਲ 2000 ਤੋਂ ਪੁਤਿਨ ਰੂਸੀ ਸੱਤਾ ਦੇ ਸਿਖਰ ਉੱਪਰ ਕਾਇਮ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਜੀਅ ਭਰ ਕੇ ਤਾਕਤ ਦੀ ਵਰਤੋਂ ਕੀਤੀ ਹੈ।

ਨਵਾਲਨੀ ਨੇ ਚੁੱਕੇ ਸਵਾਲ

ਪੁਤਿਨ ਦੇ ਆਲੋਚਕ ਅਲੈਕਸੀ ਨਵਾਲਨੀ ਨੇ ਇਸ ਕਾਨੂੰਨ ਦੇ ਆਉਣ ਤੋਂ ਬਾਅਦ ਟਵੀਟ ਕੀਤਾ, "ਪੁਤਿਨ ਨੂੰ ਹਾਲੇ ਰੱਖਿਆ ਬਿੱਲ ਦੀ ਕੀ ਲੋੜ ਹੈ?"

ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਹੋਰ ਟਵੀਟ ਰਾਹੀਂ ਸਵਾਲ ਚੁੱਕਿਆ- "ਕੀ ਤਾਨਾਸ਼ਾਹ ਜਦੋਂ ਜੀਅ ਚਾਹੇ ਅਹੁਦਾ ਛੱਡ ਸਕਦੇ ਹਨ?"

ਇਸ ਬਿੱਲ ਨੂੰ ਡੂਮਾ ਵਿੱਚ ਤਿੰਨ ਦਫ਼ਾ ਲਿਆਂਦਾ ਜਾਣਾ ਹੈ, ਮੰਗਲਵਾਰ ਨੂੰ ਪਹਿਲੀ ਵਾਰ ਇਸ ਨੂੰ ਪਾਸ ਕੀਤਾ ਗਿਆ ਹੈ।

ਸੰਸਦ ਵਿੱਚ ਪੁਤਿਨ ਦੀ ਹਮਾਇਤੀ ਪਾਰਟੀ ਯੂਨਾਈਟਡ ਰਸ਼ੀਆ ਪਾਰਟੀ ਦਾ ਬਹੁਮਤ ਹੈ।

ਹਾਲਾਂਕਿ ਵਾਮਪੰਥੀ ਸੰਸਦ ਮੈਂਬਰਾਂ ਦੇ 37 ਵੋਟ ਇਸ ਬਿੱਲ ਦੇ ਉਲਟ ਭੁਗਤੇ ਹਨ।

ਇਸ ਤੋਂ ਇਲਾਵਾ ਡੂਮਾ ਵਿੱਚ ਇਸ ਬਿੱਲ ਨੂੰ ਦੋ ਵਾਰ ਹੋਰ ਪੜ੍ਹਿਆ ਜਾਵੇਗਾ, ਜਿਸ ਤੋਂ ਬਾਅਦ ਇਹ ਬਿੱਲ ਫੈਡਰੇਸ਼ਨ ਕਾਊਂਸਲ ਜਾਣੀ ਉੱਪਰਲੇ ਸਦਨ ਵਿੱਚ ਜਾਵੇਗਾ। ਇਸ ਬਿੱਲ ਉੱਪਰ ਆਖ਼ਰੀ ਮੋਹਰ ਰਾਸ਼ਟਰਪਤੀ ਪੁਤਿਨ ਹੀ ਲਾਉਣਗੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)