You’re viewing a text-only version of this website that uses less data. View the main version of the website including all images and videos.
SGPC ਦੇ 100 ਸਾਲ: ਸੁਖਬੀਰ ਬਾਦਲ ਨੇ ਕਿਹਾ, 'ਕਈ ਲੋਕ ਕਹਿੰਦੇ ਹਨ ਸ਼੍ਰੋਮਣੀ ਕਮੇਟੀ ਅਜ਼ਾਦ ਹੋਣੀ ਚਾਹੀਦੀ ਹੈ, ਸ਼੍ਰੋਮਣੀ ਕਮੇਟੀ ਅਜ਼ਾਦ ਹੀ ਹੈ'
"ਸ਼੍ਰੋਮਣੀ ਕਮੇਟੀ ਆਜ਼ਾਦ ਹੈ ਅਤੇ ਦੇਸ਼ ਦੀ ਪਾਰਲੀਮੈਂਟ ਵੱਲੋਂ ਬਣਾਏ ਗਏ ਐਕਟ ਅਧੀਨ ਚੱਲ ਰਹੀ ਹੈ। ਜਿਸ ਦੇ ਤਹਿਤ ਹਰੇਕ ਪੰਜ ਸਾਲ ਬਾਅਦ ਚੋਣਾਂ ਹੁੰਦੀਆਂ ਹਨ।"
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ ਨੇ ਕਿਹਾ ਕਿ ਕਈ ਲੋਕ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਅਜ਼ਾਦ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੇ ਕਿਹਾ ਇਹ ਆਜ਼ਾਦ ਹੈ, ਲੋਕ ਹਰੇਕ ਵਾਰ ਵੋਟਾਂ ਪਾ ਕੇ ਆਪਣੇ ਨੁਮਾਇੰਦੇ ਚੁਣ ਕੇ ਕੌਮ ਦੀ ਸੇਵਾ ਸੌਂਪਦੇ ਹਨ।
ਇਹ ਵੀ ਪੜ੍ਹੋ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਮੌਕੇ ਅੱਜ ਅਖੰਡ ਸਾਹਿਬ ਦੇ ਭੋਗ ਪਾਏ ਗਏ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 100 ਸਾਲਾ ਸਥਾਪਨਾ ਦਿਵਸ ਮੌਕੇ ਉਲੀਕੇ ਸਮਾਗ਼ਮਾਂ ਦੀ ਸ਼ੁਰੂਆਤ ਕੀਤੀ।
ਸੁਖਬੀਰ ਬਾਦਲ ਨੇ ਆਪਣੇ ਸੰਬੋਧਨ ਵਿੱਚ ਅੱਗੇ ਕਿਹਾ, "ਇਹ ਵੋਟਾਂ ਕੋਈ ਬਾਦਲ ਪਰਿਵਾਰ ਘਰੇ ਬੈਠ ਕੇ ਨਹੀਂ ਪੁਆਉਂਦਾ ਜਾਂ ਕਿਸੇ ਹੋਰ ਦੇ ਘਰੋਂ ਨਹੀਂ ਪੈਂਦੀਆਂ, ਚੋਣ ਕਮਿਸ਼ਨ ਵੱਲੋਂ ਸਾਰੇ ਪ੍ਰਬੰਧ ਕੀਤੇ ਜਾਂਦੇ ਹਨ। ਹਰੇਕ ਵਾਰ ਲੋਕ ਅਕਾਲੀ ਦਲ ਨੂੰ ਚੁਣ ਕੇ ਕੌਮ ਦੀ ਸੇਵਾ ਸੌਂਪਦੇ ਹਨ।"
ਉਨ੍ਹਾਂ ਨੇ ਕਿਹਾ, "ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੋਵੇਂ ਹੀ ਕੌਮ ਦੀ ਨੁਮਾਇੰਦਗੀ ਕਰਦੀਆਂ ਹਨ। "
ਉਨ੍ਹਾਂ ਨੇ ਕਿਹਾ ਕਮੇਟੀ ਨੇ ਬਹੁਤ ਕੰਮ ਵੀ ਕੀਤੇ ਹਨ ਤੇ ਬਹੁਤ ਕਮੀਆਂ ਵੀ ਰਹਿ ਗਈਆਂ ਹੋਣੀਆਂ, ਜਿਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਹੈ।
ਸ਼੍ਰੋਮਣੀ ਕਮੇਟੀ ਲਈ ਵੱਡੀਆਂ ਚੁਣੌਤੀਆਂ
ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਕਮੇਟੀ ਅੱਗੇ ਕਈ ਵੱਡੀਆਂ ਚੁਣੌਤੀਆਂ ਵੀ ਹਨ, ਜਿਨ੍ਹਾਂ ਵਿੱਚ ਖ਼ਾਸ ਕਰਕੇ ਨੌਜਵਾਨ ਬੱਚਿਆਂ ਨੂੰ ਸਾਂਭਣਾ, ਜਿਹੜੀ ਕੌਮ ਆਪਣੀ ਜਵਾਨੀ ਨਹੀਂ ਸਾਂਭ ਸਕਦੀ ਹੈ ਉਹੀ ਅੱਗੇ ਵੱਧ ਸਕਦੀ ਹੈ। ਅੱਜ ਅਜਿਹੀ ਤਕਨੀਕ ਆ ਗਈ ਹੈ ਕਿ ਜਿਸ ਨਾਲ ਪਤਿਤਪੁਣਾ ਵੱਧ ਗਿਆ।
ਨਸ਼ਾ, ਪਤਿਤਪੁਣਾ ਅਤੇ ਧਰਮ ਪਰਿਵਰਤਨ, ਅਜਿਹੀਆਂ ਬਹੁਤ ਵੱਡੀਆਂ ਚੁਣੌਤੀਆਂ ਕਮੇਟੀ ਅੱਗੇ ਹਨ। ਇਸ ਲਈ ਕਮੇਟੀ ਨੂੰ ਪੰਜ ਸਾਲ ਲਈ ਮਿਸ਼ਨ ਬਣਾਉਣਾ ਪਵੇਗਾ ਤੇ ਇਸ 'ਤੇ ਕੰਮ ਕਰਨਾ ਪਵੇਗਾ।
ਇਹ ਲੜਾਈ ਸਾਡੀ ਕੌਮ ਨੂੰ ਇਕੱਠੇ ਹੋ ਕੇ ਲੜਨੀ ਪੈਣੀ ਪੈ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਇੱਕ ਹੋਰ ਵੱਡੀ ਚੁਣੌਤੀ ਜੋ ਦਰਪੇਸ਼ ਹੈ ਉਹ ਘੱਟ ਗਿਣਤੀਆਂ ਦੇ ਮਨਾਂ ਵਿੱਚ ਅਸੁਰੱਖਿਅਤਾ ਦੀ ਭਾਵਨਾ ਦਾ ਵਧਣਾ ਹੈ।
ਅਜਿਹੇ ਵਿੱਚ ਕੇਂਦਰ ਸਰਕਾਰ ਸਣੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਜ਼ਿੰਮੇਵਾਰੀ ਹੈ ਕਿ ਦੇਸ਼ ਵਿੱਚ ਘੱਟ ਗਿਣਤੀਆਂ ਨੂੰ ਅਸੁਰੱਖਿਆ ਮਹਿਸੂਸ ਨਾ ਹੋਵੇ।
ਇਸ ਤੋਂ ਸੁਖਬੀਰ ਬਾਦਲ ਨੇ ਕਿਹਾ ਕਿ ਵਿਰਸੇ ਦਾ ਪ੍ਰਚਾਰ ਕਿਵੇਂ ਘਰ-ਘਰ ਤੱਕ ਪਹੁੰਚਾਉਣਾ ਹੈ, ਇਹ ਵੀ ਇੱਕ ਚੁਣੌਤੀ ਵਾਂਗ ਹੈ ਅਤੇ ਜੋ ਕੌਮ ਆਪਣੇ ਵਿਰਸੇ ਨੂੰ ਸੰਭਾਲਦੀਆਂ ਹਨ ਉਹ ਹੀ ਅੱਗੇ ਵੱਧ ਸਕਦੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪੁੱਤਰ ਹੈ: ਜਥੇਦਾਰ
ਸਮਾਗਮ ਨੂੰ ਸੰਬੋਧਨ ਕਰਦਿਆਂ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਭਾਰਤ ਸਰਕਾਰ ਕਿਉਂ ਤੋੜਨਾ ਚਾਹੁੰਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਸਵਾਲ ਪੈਦਾ ਹੁੰਦਾ ਹੋਣਾ, ਕਿਉਂ ਉਹ ਗੁਰਦੁਆਰਿਆਂ ਦਾ ਪ੍ਰਬੰਧ ਮੰਦਿਰਾਂ ਵਾਂਗ ਟਰੱਸਟ ਤੇ ਬੋਰਡ ਬਣਾ ਕਰਨਾ ਚਾਹੁੰਦੀ ਹੈ।
ਉਨ੍ਹਾਂ ਨੇ ਕਿਹਾ, "ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਨ ਕਮੇਟੀ ਸਟੇਟ ਦੇ ਅੰਦਰ ਇੱਕ ਸਟੇਟ ਹੈ, ਭਾਰਤ ਵਿੱਚ ਇੱਕ ਸਟੇਟ ਹੈ, ਕਮੇਟੀ ਆਜ਼ਾਦ ਸਟੇਟ ਦਾ ਰੁਤਬਾ ਰੱਖਦੀ ਹੈ। ਇਸ ਲਈ ਇਹ ਭਾਰਤੀ ਹੁਕਮਰਾਨਾ ਦੀ ਅੱਖ ਵਿੱਚ ਚੁਭਦੀ ਹੈ।"
ਉਨ੍ਹਾਂ ਨੇ ਕਿਹਾ, "ਅਕਾਲ ਤਖ਼ਤ ਸਿੱਖ ਚੇਤਨਾ ਦਾ ਹਿੱਸਾ ਹੈ ਅਤੇ ਸਿੱਖ ਚੇਤਨਾ ਅੰਦਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ। ਇਹ ਦੁਨਿਆਵੀਂ ਕੋਰਟ ਨਹੀਂ ਹੈ, ਇੱਥੇ ਕਿਸੇ ਨੂੰ ਸਜ਼ਾਵਾਂ ਨਹੀਂ ਮਿਲਦੀਆਂ...ਇੱਥੇ ਮੁਆਫ਼ੀ ਮਿਲਦੀ ਹੈ ਗੁਨਾਹਾਂ ਦੀ ਕਿਉਂਕਿ ਇਹ ਬਖ਼ਸ਼ੰਦ ਗੁਰੂ ਦਾ ਬਖ਼ਸ਼ੰਦ ਤਖ਼ਤ ਹੈ।"
ਉਨ੍ਹਾਂ ਕਿਹਾ ਕਿ ਅੱਜ ਵੀ ਫਿਰ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਨੂੰ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਹਨ।
"ਅੱਜ ਸਾਨੂੰ ਫਿਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪੁੱਤਰ ਹੈ ਤੇ ਸ਼੍ਰੋਮਣੀ ਕਮੇਟੀ ਮਾਂ ਹੈ। ਸ਼੍ਰੋਮਣੀ ਅਕਾਲੀ ਪੰਜਾਬ-ਟੂ-ਪੰਥ ਸਫ਼ਰ ਆਰੰਭ ਕਰ ਦੇਵੇ, ਤਾਂ ਆਉਣ ਵਾਲੇ ਸਮੇਂ ਵਿੱਚ ਕੋਈ ਮਾਂ ਨਾਲੋਂ ਪੁੱਤ ਨੂੰ ਤੇ ਪੁੱਤ ਨਾਲੋਂ ਮਾਂ ਨੂੰ ਕੋਈ ਵੱਖ ਨਹੀਂ ਕਰ ਸਕੇਗਾ।"
ਇਹ ਵੀ ਪੜ੍ਹੋ: