ਹੁਣ ਹਵਾ ’ਚੋਂ ਹੀਰੇ ਇੰਝ ਬਣਨਗੇ, ਨਹੀਂ ਪੁੱਟਣੀ ਪਵੇਗੀ ਧਰਤੀ

ਵਾਤਾਵਰਣ ਪ੍ਰੇਮੀ ਡੇਲ ਵਿਨੇਸ, ਗਰੀਮ ਐਨਰਜੀ ਫਰਮ ਦੇ ਮੋਢੀ ਅਤੇ ਫੌਰਸਟ ਗਰੀਨ ਰੋਵਰਜ਼ ਫੁੱਟਬਾਲ ਕਲੱਬ ਦੇ ਚੇਅਰਮੈਨ ਹਨ। ਉਨ੍ਹਾਂ ਦੀ ਕੰਪਨੀ ਨੇ ਹਵਾ ਵਿੱਚੋਂ ਹੀਰੇ ਬਣਾਉਣ ਦੀ ਤਕਨੀਕ ਕੱਢੀ ਹੈ।

ਹਵਾ ’ਚੋਂ ਬਣੇ ਇਨ੍ਹਾਂ ਹੀਰਿਆਂ ਨੂੰ ਸਕਾਈ ਡਾਇਮੰਡ ਕਿਹਾ ਜਾਂਦਾ ਹੈ ਅਤੇ ਇਹ ਬ੍ਰਿਟੇਨ ਦੇ ਇੱਕ ਸ਼ਹਿਰ ਗਲੌਸਟਸ਼ਾਇਰ ਵਿੱਚ ਬਣਾਏ ਗਏ ਸਨ।

ਇਸ ਵਿੱਚ ਪ੍ਰਕਿਰਿਆ ਦੌਰਾਨ ਹਵਾ ਅਤੇ ਸੂਰਜ ਦੀ ਊਰਜਾ ਵਰਤਦੇ ਹੋਏ ਹਵਾ ਵਿਚਲੀ ਕਾਰਬਨ ਨੂੰ ਖਿੱਚਿਆ ਜਾਂਦਾ ਹੈ ਅਤੇ ਇਕੱਠੇ ਕੀਤੇ ਮੀਂਹ ਦੇ ਪਾਣੀ ਨੂੰ ਵੀ ਉਪਯੋਗ ਵਿੱਚ ਲਿਆਂਦਾ ਜਾਂਦਾ ਹੈ।

ਇਹ ਵੀ ਪੜ੍ਹੋ:

ਕੰਪਨੀ ਦਾ ਕਹਿਣਾ ਹੈ ਕਿ ਇਸ ਪ੍ਰਕਿਰਿਆ ਰਾਹੀਂ ਉਹ ਧਰਤੀ ਵਿੱਚ ਖਣਨ ਰਾਹੀਂ ਹੀਰੇ ਕੱਢਣ ਦੇ ਰਵਾਇਤੀ ਤਰੀਕੇ ਨੂੰ ਚੁਣੌਤੀ ਦੇਣਾ ਚਾਹੁੰਦੇ ਹਨ। ਖਣਨ ਰਾਹੀਂ ਹੀਰੇ ਕੱਢਣ ਨਾਲ ਧਰਤੀ ਨੂੰ ਵੀ ਬਹੁਤ ਨੁਕਸਾਨ ਪਹੁੰਚਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਨਵੀਂ ਤਕਨੀਕ ਨਾਲ ਇਸ ਨੁਕਸਾਨ ਨੂੰ ਠੱਲ੍ਹ ਪਾਈ ਜਾ ਸਕੇਗੀ।

ਇਨ੍ਹਾਂ ਹੀਰਿਆਂ ਨੂੰ ਨਗ-ਵਿਗਿਆਨ ਦੀ ਕੌਮਾਂਤਰੀ ਸੰਸਥਾ (International Gemological Institute) ਵੱਲੋਂ ਪ੍ਰਮਾਣਿਤ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਦੇ ਬਣਨ ਵਿੱਚ ਕੁਝ ਹਫ਼ਤਿਆਂ ਦਾ ਸਮਾਂ ਲਗਦਾ ਹੈ।

ਡੇਲ ਵਿਨੇਸ ਦਸਦੇ ਹਨ, "ਇਸ ਦੀ ਸਾਰੀ ਸਮਗੱਰੀ ਹਵਾ ਵਿੱਚੋਂ ਆਉਂਦੀ ਹੈ ਅਤੇ ਇਹ ਸਿਰਫ਼ ਲੋਅ ਜਾਂ ਸਿਫ਼ਰ ਕਾਰਬਨ ਹੀ ਨਹੀਂ ਹੈ ਅਸਲ ਵਿੱਚ ਇਹ ਰਿਣਾਤਮਿਕ ਕਾਰਬਨ ਹੈ। ਇਸ ਦੀ ਵਜ੍ਹਾ ਹੈ ਕਿ ਅਸੀਂ ਹਵਾ ਵਿਚਲੀ ਕਾਰਬਨ ਨੂੰ ਪੱਕੇ ਤੌਰ ’ਤੇ ਬੰਦ ਕਰ ਰਹੇ ਹਾਂ।"

ਉਹ ਅੱਗੇ ਦਸਦੇ ਹਨ,"ਹੁਣ ਸਾਨੂੰ ਧਰਤੀ ਵਿੱਚ ਉਹ ਵੱਡੇ ਸੁਰਾਖ਼ ਪੁੱਟਣ ਦੀ ਲੋੜ ਨਹੀਂ ਹੈ - ਜਿਨ੍ਹਾਂ ਵਿੱਚੋਂ ਕੁਝ ਪੁਲਾੜ ਵਿੱਚੋਂ ਵੀ ਨਜ਼ਰ ਆਉਂਦੇ ਹਨ। ਉਹ ਸਾਰਾ ਕੁਝ ਸਾਨੂੰ ਹੁਣ ਹੀਰੇ ਹਾਸਲ ਕਰਨ ਲਈ ਕਰਨ ਦੀ ਜ਼ਰੂਰਤ ਨਹੀਂ ਹੈ। ਹੁਣ ਅਸੀਂ ਹੀਰੇ ਹਵਾ ਵਿੱਚੋਂ ਹੀ ਬਣਾ ਸਕਦੇ ਹਾਂ।"

"ਇਸ ਨੂੰ ਅਸੀਂ 21ਵੀਂ ਸਦੀ ਦੀ ਤਕਨੀਕ ਵਜੋਂ ਦੇਖਦੇ ਹਾਂ ਬਿਲਕੁਲ ਅਜਿਹਾ ਹੀ ਸਾਨੂੰ ਬਦਲਦੇ ਵਾਤਾਵਰਣ ਅਤੇ ਸਸਟੈਨੇਬਿਲਿਟੀ ਨਾਲ ਜੁੜੇ ਹੋਰ ਸੰਕਟਾਂ ਬਾਰੇ ਵੀ ਕਰਨਾ ਪਵੇਗਾ ਅਤੇ ਇਸ ਨਾਲ ਅਸੀਂ ਉਹ ਜ਼ਿੰਦਗੀ ਵੀ ਜਿਉਂਦੇ ਰਹਿ ਸਕਾਂਗੇ ਜਿਸ ਦੇ ਅਸੀਂ ਆਦੀ ਹਾਂ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)