You’re viewing a text-only version of this website that uses less data. View the main version of the website including all images and videos.
ਇਸਲਾਮਿਕ ਸਟੇਟ ਦੀ ਪ੍ਰੋਪੇਗੈਂਡਾ ਸਮੱਗਰੀ ਦੇ ਗੁਪਤ ਆਨਲਾਈਨ ਭੰਡਾਰ ’ਚ ਕੀ-ਕੀ ਮਿਲਿਆ
- ਲੇਖਕ, ਸ਼ਿਰੋਮਾ ਸਿਲਵਾ
- ਰੋਲ, ਬੀਬੀਸੀ ਕਲਿੱਕ
ਖ਼ੁਦ ਨੂੰ 'ਇਸਲਾਮਿਕ ਸਟੇਟ' ਕਹਿਣ ਵਾਲੀ ਕੱਟੜਪੰਥੀ ਜਥੇਬੰਦੀ ਦੇ ਆਨਲਾਈਨ ਸਮੱਗਰੀ ਦੇ ਵੱਡੇ ਭੰਡਾਰ ਦਾ ਪਤਾ ਲੱਗ ਗਿਆ ਹੈ।
ਇੰਸ ਭੰਡਾਰ ਦਾ ਪਤਾ ਇੰਸਟੀਚਿਊਟ ਆਫ਼ ਸਟ੍ਰੈਟੇਜਿਕ ਡਾਇਲਗ (ਆਈਐੱਸਡੀ) ਦੇ ਰਿਸਰਚਰਜ਼ ਨੇ ਲਗਾਇਆ ਹੈ।
ਇਸ ਆਨਲਾਈਨ ਲਾਇਬ੍ਰੇਰੀ ਵਿੱਚ 90 ਹਜ਼ਾਰ ਤੋਂ ਵੱਧ ਆਈਟਮਾਂ ਹਨ ਅਤੇ ਹਰੇਕ ਮਹੀਨੇ ਇਸ ਪਲੈਟਫਾਰਮ 'ਤੇ ਲਗਭਗ 10 ਹਜ਼ਾਰ ਯੂਨੀਕ ਵਿਜ਼ੀਟਰਸ (ਨਵੇਂ ਲੋਕ) ਵੀ ਪਹੁੰਚਦੇ ਹਨ।
ਇਹ ਵੀ ਪੜ੍ਹੋ
ਮਾਹਰਾਂ ਅਨੁਸਾਰ ਇਸ ਰਾਹੀਂ ਅੱਤਵਾਦੀਆਂ ਨੂੰ ਨੈੱਟ 'ਤੇ ਲਗਾਤਾਰ ਸਮੱਗਰੀ ਦਿੱਤੀ ਜਾਂਦੀ ਹੈ।
ਖਾਸ ਗੱਲ ਇਹ ਹੈ ਕਿ ਇਸ ਨੂੰ ਨੈੱਟ ਤੋਂ ਹਟਾਉਣਾ ਸੌਖਾ ਨਹੀਂ ਹੈ ਕਿਉਂਕਿ ਇਹ ਸਾਰਾ ਡਾਟਾ ਇੱਕੋਂ ਥਾਂ 'ਤੇ ਸਟੋਰ ਨਹੀਂ ਹੁੰਦਾ।
ਯੂਕੇ ਅਤੇ ਅਮਰੀਕਾ ਦੇ ਕੱਟੜਪੰਥ ਵਿਰੋਧੀ ਅਧਿਕਾਰੀਆਂ ਦੁਆਰਾ ਚਿਤਾਵਨੀ ਜਾਰੀ ਕੀਤੇ ਜਾਣ ਤੋਂ ਬਾਅਦ ਵੀ ਇਹ ਸਮੱਗਰੀ ਲਗਾਤਾਰ ਵੱਧਦੀ ਜਾ ਰਹੀ ਹੈ।
'ਸਮੱਗਰੀ ਕੱਟੜਪੰਥੀ ਬਣਾ ਸਕਦੀ ਹੈ'
ਇਸ ਆਨਲਾਈਨ ਸਮੱਗਰੀ ਦੇ ਭੰਡਾਰ ਬਾਰੇ ਜਾਣਕਾਰੀ ਅਕਤੂਬਰ 2019 ਵਿੱਚ ਇਸਲਾਮਿਕ ਸਟੇਟ ਦੇ ਮੁਖੀ ਅਬੂ ਬਕਰ ਅਲ ਬਗਦਾਦੀ ਦੀ ਮੌਤ ਤੋਂ ਬਾਅਦ ਮਿਲੀ ਸੀ। ਉਸ ਵੇਲੇ ਸੰਗਠਨ ਦਾ ਸਮਰਥਨ ਕਰਨ ਵਾਲੀਆਂ ਬਹੁਤ ਸਾਰੀਆਂ ਸੋਸ਼ਲ ਮੀਡੀਆ ਪੋਸਟਾਂ ਵਿੱਚ ਇੱਕ ਛੋਟਾ ਲਿੰਕ ਵਰਤਿਆ ਗਿਆ ਸੀ।
ਇਸ ਲਿੰਕ ਦੇ ਜ਼ਰੀਏ ਹੀ ਰਿਸਰਚਰਜ਼ ਦੀ ਟੀਮ ਇਸ ਆਨਲਾਈਨ ਭੰਡਾਰ ਤੱਕ ਪਹੁੰਚ ਸਕੀ ਜਿੱਥੇ ਦਸ ਵੱਖ-ਵੱਖ ਭਾਸ਼ਾਵਾਂ ਵਿੱਚ ਦਸਤਾਵੇਜ਼ ਅਤੇ ਵੀਡਿਓ ਉਪਲਬਧ ਹਨ।
ਇਨ੍ਹਾਂ ਵਿੱਚ 22 ਮਈ, 2017 ਦੇ ਮੈਨਚੇਸਟਰ ਏਰੀਨਾ ਅਤੇ 7 ਜੁਲਾਈ, 2005 ਨੂੰ ਲੰਡਨ ਵਿੱਚ ਹੋਏ ਕੱਟੜਪੰਥੀ ਹਮਲੇ ਨਾਲ ਸਬੰਧਤ ਸਮੱਗਰੀ ਸ਼ਾਮਲ ਹੈ। ਇਸ ਦੇ ਨਾਲ ਹੀ 11 ਸਤੰਬਰ 2001 ਨੂੰ ਅਮਰੀਕਾ ਦੇ ਵਰਲਡ ਟਰੇਡ ਟਾਵਰ ਉੱਤੇ ਹਾਦਸੇ ਨਾਲ ਜੁੜੀ ਸਮੱਗਰੀ ਵੀ ਮੌਜੂਦ ਹੈ।
ਇਸ ਭੰਡਾਰ ਦੀ ਖੋਜ ਕਰਨ ਵਾਲੇ ਅਤੇ ਇੰਸਟਿਚਿਊਟ ਆਫ਼ ਸਟ੍ਰੈਟੇਜਿਕ ਡਾਇਲਗ ਦੇ ਡਿਪਟੀ ਡਾਇਰੈਕਟਰ ਮੁਸਤਫਾ ਅਯਾਦ ਨੇ ਕਿਹਾ, "ਕਿਸੇ ਵੀ ਹਮਲੇ ਦੀ ਯੋਜਨਾ ਬਣਾਉਣ ਅਤੇ ਉਸ ਨੂੰ ਅੰਜਾਮ ਦੇਣ ਤੱਕ ਦੀ ਜਿੰਨੀ ਵੀ ਲੋੜੀਂਦੀ ਜਾਣਕਾਰੀ ਚਾਹੀਦੀ ਹੈ ਉਹ ਇੱਥੇ ਮੌਜੂਦ ਹੈ। ਤੁਹਾਨੂੰ ਇੱਕ ਬਿਹਤਰ ਕੱਟੜਪੰਥੀ ਬਣਾਉਣ ਵਿੱਚ ਤੁਹਾਡੀ ਮਦਦ ਕਰਨ ਵਾਲੀ ਜਾਣਕਾਰੀ ਮੌਜੂਦ ਹੈ।"
‘ਕੱਟੜਪੰਥੀ ਜਾਣਕਾਰੀਆਂ ਦਾ ਗੁਪਤ ਭੰਡਾਰ’
ਆਈਐੱਸਡੀ ਨੇ ਇਸ ਆਨਲਾਈਨ ਲਾਇਬ੍ਰੇਰੀ ਨੂੰ ਕੱਟੜਪੰਥੀ ਜਾਣਕਾਰੀਆਂ ਦਾ ਗੁਪਤ ਭੰਡਾਰ ਕਿਹਾ ਹੈ।
ਕਈ ਮਹੀਨਿਆਂ ਤੱਕ ਸੰਸਥਾ ਦੇ ਰਿਸਰਚਰਜ਼ ਨੇ ਇਸ ਭੰਡਾਰ ਨੂੰ ਬਣਾਉਣ ਦੇ ਤਰੀਕਿਆਂ ਦਾ ਅਧਿਐਨ ਕੀਤਾ ਹੈ। ਇਸ ਦੀ ਨਿਗਰਾਨੀ ਕਿਵੇਂ ਕੀਤੀ ਜਾ ਰਹੀ ਹੈ, ਇਸ 'ਤੇ ਵੀ ਨਜ਼ਰ ਰੱਖੀ ਗਈ।
ਇਸ ਦੇ ਨਾਲ ਹੀ ਇੱਥੇ ਪਹੁੰਚਣ ਵਾਲੇ ਲੋਕਾਂ 'ਤੇ ਵੀ ਅਧਿਐਨ ਕੀਤਾ ਗਿਆ।
ਇਸ ਭੰਡਾਰ ਦਾ ਡਾਟਾ ਇੱਕ ਸਿੰਗਲ ਸਰਵਰ 'ਤੇ ਨਹੀਂ ਹੈ, ਸਗੋਂ ਵਿਕੇਂਦਰੀਕਰਣ ਪ੍ਰਣਾਲੀ (ਡੀਸੈਂਟਰਲਾਈਜ਼ਡ ਸਿਸਟਮ) ਤਹਿਤ ਉਸ ਨੂੰ ਵੱਖ-ਵੱਖ ਰੱਖਿਆ ਗਿਆ ਹੈ।
ਵੱਖ-ਵੱਖ ਥਾਵਾਂ 'ਤੇ ਮੌਜੂਦ ਸਰਵਰਾਂ ਦੀ ਮਦਦ ਨਾਲ ਕੋਈ ਵੀ ਕੰਟੈਂਟ ਸਾਂਝਾ ਕੀਤਾ ਜਾ ਸਕਦਾ ਹੈ। ਇਸੇ ਕਾਰਨ ਇਸਨੂੰ ਆਫ਼ਲਾਈਨ ਨਹੀਂ ਕੀਤਾ ਜਾ ਸਕਦਾ।
ਜਿੰਨਾ ਚਿਰ ਇਹ ਭੰਡਾਰ ਮੌਜੂਦ ਹੈ, ਉਦੋਂ ਤੱਕ ਇਸਲਾਮਿਕ ਸਟੇਟ ਨੂੰ ਆਪਣੀ ਵਿਚਾਰਧਾਰਾ ਅਤੇ ਉਦੇਸ਼ ਨਾਲ ਸਬੰਧਤ ਸਮੱਗਰੀ ਨੂੰ ਫੈਲਾਉਣ ਵਿੱਚ ਮਦਦ ਮਿਲਦੀ ਰਹੇਗੀ।
ਇਹ ਵੀ ਪੜ੍ਹੋ
ਸੈਲਿਬ੍ਰਿਟੀ ਅਕਾਊਂਟ ਦੀ ਵਰਤੋਂ
ਸਮੱਗਰੀ ਨੂੰ ਸੋਸ਼ਲ ਮੀਡੀਆ ਕਮੈਂਟਸ ਪੇਜ ਨਾਲ ਜੋੜਿਆ ਜਾਂਦਾ ਹੈ ਅਤੇ ਉਸ ਨੂੰ ਇੱਕ ਬੋਟ ਅਕਾਊਂਟ ਦੁਆਰਾ ਫੈਲਾਇਆ ਜਾਂਦਾ ਹੈ।
ਇਸ ਤੋਂ ਇਲਾਵਾ ਸੈਲੀਬ੍ਰਿਟੀ ਅਤੇ ਮਸ਼ਹੂਰ ਅਥਲੀਟਾਂ ਨਾਲ ਜੁੜੇ ਟਵਿੱਟਰ ਅਕਾਊਂਟ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਉਦਾਹਰਣ ਵਜੋਂ ਇਸਲਾਮਿਕ ਸਟੇਟ ਨੇ ਪੌਪ ਗਾਇਕ ਜਸਟਿਨ ਬੀਬਰ ਦੇ ਫੈਨ ਪੇਜ ਨੂੰ ਹਾਈਜੈਕ ਕਰਕੇ ਉਸ ਰਾਹੀਂ ਕੱਟੜਪੰਥੀ ਸਮੱਗਰੀ ਦਾ ਪ੍ਰਸਾਰ ਕੀਤਾ।
ਇੱਕ ਹੋਰ ਮਾਮਲੇ ਵਿੱਚ ਇਸਲਾਮਿਕ ਸਟੇਟ ਨੇ ਇੰਗਲੈਂਡ ਦੀ ਰਗਬੀ ਟੀਮ ਦੇ ਅਕਾਊਂਟ ਨੂੰ ਵਰਤਿਆ। ਇਨ੍ਹਾਂ ਲੋਕਾਂ ਨੇ ਖੁਦ ਨੂੰ ਟੀਮ ਦਾ ਸਮਰਥਕ ਦੱਸਿਆ।
ਅਯਾਦ ਕਹਿੰਦੇ ਹਨ, "ਉਹ ਨਾ ਸਿਰਫ਼ ਆਨਲਾਈਨ ਪਲੇਟਫਾਰਮ ਨੂੰ ਸਮਝ ਰਹੇ ਹਨ ਬਲਕਿ ਉਹ ਆਪਣੀ ਸਮੱਗਰੀ ਦੀ ਤਾਕਤ ਨੂੰ ਵੀ ਸਮਝ ਰਹੇ ਹਨ।"
ਸਿਰਫ਼ ਹਿੰਸਕ ਸਮੱਗਰੀ ਹੀ ਨਹੀਂ
ਇਸ ਆਨਲਾਈਨ ਭੰਡਾਰ ਵਿੱਚ ਮੌਜੂਦ ਸਾਰੀ ਸਮੱਗਰੀ ਹਿੰਸਕ ਨਹੀਂ ਹੈ।
ਵਿਜ਼ੀਟਰਜ਼ ਨੂੰ ਇਸਲਾਮਿਕ ਸਟੇਟ ਨਾਲ ਸਬੰਧਤ ਫਿਲਾਸਫੀ, ਧਾਰਮਿਕ ਸਮੱਗਰੀ ਅਤੇ ਇਸਲਾਮਿਕ ਸਟੇਟ ਨਾਲ ਜੁੜੇ ਪ੍ਰੋਪੇਗੈਂਡਾ ਵੀ ਮਿਲਦੇ ਹਨ।
ਰਿਸਰਚਰਜ਼ ਅਨੁਸਾਰ ਇਸ ਵਿੱਚ ਵਿਆਹ ਤੋਂ ਇਨਕਾਰ ਕਰਨ ਵਾਲੀ ਸ਼ਮੀਮਾ ਬੇਗਮ ਨਾਲ ਸਬੰਧਤ ਸਮੱਗਰੀ ਵੀ ਹੈ।
ਇਸ ਭੰਡਾਰ 'ਤੇ ਆਉਣ ਵਾਲੇ ਜ਼ਿਆਦਾਤਰ ਲੋਕ ਅਰਬ ਦੇਸਾਂ ਦੇ 18 ਤੋਂ 24 ਸਾਲ ਦੇ ਨੌਜਵਾਨ ਹਨ।
ਇਸ ਵਿੱਚ 40 ਫੀਸਦ ਟਰੈਫਿਕ ਸੋਸ਼ਲ ਮੀਡੀਆ, ਖ਼ਾਸਕਰ ਯੂਟਿਊਬ ਤੋਂ ਆਉਂਦਾ ਹੈ।
ਇਹ ਵੀ ਪੜ੍ਹੋ
ਕੱਟੜਪੰਥੀ ਜਥੇਬੰਦੀਆਂ ਨੇ ਅਪਣਾਇਆ ਤਰੀਕਾ
ਆਈਐੱਸਡੀ ਅਨੁਸਾਰ ਇਹ ਖੁਦ ਵਿੱਚ ਇਕਲੌਤਾ ਮਾਮਲਾ ਨਹੀਂ ਹੈ ਸਗੋਂ ਹੋਰ ਕੱਟੜਪੰਥੀ ਜਥੇਬੰਦੀਆਂ ਨੇ ਵੀ ਵਿਕੇਂਦਰੀਕਰਣ ਪਲੇਟਫਾਰਮਾਂ ਰਾਹੀਂ ਆਪਣੀ ਸਮੱਗਰੀ ਦਾ ਆਨਲਾਈਨ ਭੰਡਾਰ ਬਣਾਇਆ ਹੈ।
ਬੀਬੀਸੀ ਦੀ ਮਾਨੀਟਰਿੰਗ ਦੇ ਸੀਨੀਅਰ ਜੇਹਾਦੀ ਮਾਹਰ ਮੀਨਾ ਅਲ ਲਾਮੀ ਨੇ ਇਸ ਰੁਝਾਨ 'ਤੇ ਕਿਹਾ, "ਜੇਹਾਦੀਆਂ ਲਈ ਖਿੱਚ ਦਾ ਕਾਰਨ ਇਹ ਹੈ ਕਿ ਵਿਕੇਂਦਰੀਕਰਣ ਪਲੇਟਫਾਰਮਾਂ ਦੇ ਡੈਵਲਪਰਾਂ ਨੂੰ ਯੂਜ਼ਰ ਵੱਲੋਂ ਚਲਾਏ ਜਾ ਰਹੇ ਸਰਵਰਾਂ 'ਤੇ ਆਉਣ ਵਾਲੇ ਕੰਟੈਂਟ ਜਾਂ ਨੈੱਟਵਰਕ ਯੂਜ਼ਰਸ ਦੁਆਰਾ ਸਾਂਝਾ ਕੀਤੀ ਗਈ ਸਮੱਗਰੀ ਤੱਕ ਕਾਰਵਾਈ ਕਰਨ ਦਾ ਕੋਈ ਨਿਯੰਤਰਣ ਨਹੀਂ ਹੈ। ਇਹ ਨਿੱਜਤਾ, ਆਜ਼ਾਦੀ ਅਤੇ ਗੁਪਤਤਾ ਦਾ ਮਾਮਲਾ ਹੈ।"
ਲੰਡਨ ਦੀ ਮੈਟਰੋਪੋਲੀਟਿਨ ਪੁਲਿਸ ਤੋਂ ਇਲਾਵਾ, ਈਸਟ ਡਿਸਟ੍ਰਿਕਟ ਆਫ਼ ਨਿਊਯਾਰਕ ਦੇ ਅਟਾਰਨੀ ਦਫ਼ਤਰ ਨੂੰ ਵੀ ਸੂਚਿਤ ਕੀਤਾ ਹੈ। ਹਾਲਾਂਕਿ ਹਾਲੇ ਨਿਊਯਾਰਕ ਦੇ ਅਧਿਕਾਰੀਆਂ ਨੇ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਹਾਲਾਂਕਿ ਲੰਡਨ ਦੇ ਮੈਟਰੋਪੋਲੀਟਨ ਨੇ ਇਹ ਜਾਣਕਾਰੀ ਨੂੰ ਮਾਹਰ ਅਫ਼ਸਰਾਂ ਨੂੰ ਭੇਜਿਆ ਹੈ।