ਚੀਨ ਦੇ ਇਸ ਰੈਸਟੋਰੈਂਟ ਨੇ ਗਾਹਕਾਂ ਨੂੰ ਆਰਡਰ ਦੇਣ ਤੋਂ ਪਹਿਲਾਂ ਭਾਰ ਤੋਲਣ ਲਈ ਕਿਉਂ ਕਿਹਾ

ਤਸਵੀਰ ਸਰੋਤ, Getty Images
ਕੇਂਦਰੀ ਚੀਨ ਦੇ ਇੱਕ ਰੈਸਟੋਰੈਂਟ ਨੇ ਖਾਣਾ ਆਰਡਰ ਕਰਨ ਤੋਂ ਪਹਿਲਾਂ ਭਾਰ ਤੋਲਣ ਲਈ ਕਹੇ ਜਾਣ ਬਾਰੇ ਮਾਫ਼ੀ ਮੰਗੀ ਹੈ।
ਦੇਸ਼ ਵਿੱਚ ਖਾਣੇ ਦੀ ਬਰਬਾਦੀ ਨੂੰ ਠੱਲ੍ਹ ਪਾਉਣ ਦੇ ਕੌਮੀ ਨੀਤੀ ਤੋਂ ਬਾਅਦ ਰੈਸਟੋਰੇਂਟ ਨੇ ਆਪਣੇ ਗਾਹਕਾਂ ਨੂੰ ਕਿਹਾ ਸੀ ਕਿ ਉਹ ਖਾਣਾ ਮੰਗਾਉਣ ਤੋਂ ਪਹਿਲਾਂ ਆਪਣਾ ਭਾਰ ਜੋਖਣ ਅਤੇ ਫਿਰ ਉਸੇ ਹਿਸਾਬ ਨਾਲ ਖਾਣਾ ਮੰਗਾਉਣ।
ਚੀਨ ਦੇ ਚੰਗਸ਼ਾ ਸ਼ਹਿਰ ਵਿੱਚ ਸਥਿਤ ਇਸ ਬੀਫ਼ ਰੈਸਟੋਰੈਂਟ ਨੇ ਇਸੇ ਹਫ਼ਤੇ ਆਪਣੇ ਦਰਵਾਜ਼ੇ ਉੱਪਰ ਦੇ ਵੱਡੇ ਕੰਡੇ ਰੱਖੇ ਦਿੱਤੇ ਸਨ।
ਭਾਰ ਜੋਖਣ ਤੋਂ ਬਾਅਦ ਗਾਹਕਾਂ ਨੂੰ ਆਪਣਾ ਭਾਰ ਇੱਕ ਐਪਲੀਕੇਸ਼ਨ ਵਿੱਚ ਦਰਜ ਕਰਨ ਲਈ ਕਿਹਾ ਜਾਂਦਾ ਸੀ ਜੋ ਕਿ ਭਾਰ ਦੇ ਹਿਸਾਬ ਨਾਲ ਮੈਨੂ ਵਿੱਚੋਂ ਪਕਵਾਨਾਂ ਦੀ ਸਿਫ਼ਾਰਿਸ਼ ਕਰਦੀ ਸੀ।
ਰੈਸਟੋਰੈਂਟ ਵਿੱਚ "ਅਪਰੇਸ਼ਨ ਖਾਲੀ ਪਲੇਟਾਂ" ਅਤੇ "ਕਿਫਾਇਤੀ ਅਤੇ ਉਦਮੀ ਬਣੋ, ਖਾਲੀ ਪਲੇਟਾਂ ਨੂੰ ਉਤਸ਼ਾਹਿਤ ਕਰੋ" ਦੀ ਤਖ਼ਤੀ ਵੀ ਲਗਾਈ ਗਈ ਸੀ।
ਰੈਸਟੋਰੈਂਟ ਦੇ ਇਸ ਕਦਮ ਨਾਲ ਚੀਨ ਦੇ ਸੋਸ਼ਲ-ਮੀਡੀਆ ਉੱਪਰ ਤਰਥੱਲੀ ਮੱਚ ਗਈ ਅਤੇ ਵਿਵਾਦ ਖੜ੍ਹਾ ਹੋ ਗਿਆ। ਚੀਨੀ ਸੋਸ਼ਲ ਮੀਡੀਆ ਵੀਬੋ ਉੱਪਰ ਇਸ ਨਾਲ ਜੁੜੇ ਹੈਸ਼ਟੈਗ ਨੂੰ 300 ਮਿਲੀਅਨ ਬਾਰ ਦੇਖਿਆ ਗਿਆ।
ਇਸ ਤੋਂ ਬਾਅਦ ਰੈਸਟੋਰੈਂਟ ਨੇ ਮਾਫ਼ੀ ਮੰਗੀ ਕਿ ਉਨ੍ਹਾਂ ਨੂੰ "ਕੌਮੀ ਸਾਫ਼ ਪਲੇਟ ਕੈਂਪੇਨ ਗਲਤ ਸਮਝੇ ਜਾਣ ਦਾ ਅਫ਼ਸੋਸ ਹੈ।"
“ਸਾਡੀ ਅਸਲੀ ਨੀਅਤ ਤਾਂ ਬਰਬਾਦੀ ਨੂੰ ਰੋਕਣਾ ਅਤੇ ਇੱਕ ਸਿਹਤਮੰਦ ਤਰੀਕੇ ਨਾਲ ਖਾਣਾ ਮੰਗਾਉਣ ਦੀ ਵਕਾਲਤ ਕਰਨਾ ਸੀ। ਅਸੀਂ ਗਾਹਕਾਂ ਨੂੰ ਭਾਰ ਜੋਖਣ ਲਈ ਕਦੇ ਦਬਾਅ ਨਹੀਂ ਪਾਇਆ।"
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਮਹਾਮਾਰੀ : ਮੋਟਾਪਾ ਕੋਵਿਡ-19 ਦਾ ਖ਼ਤਰਾ ਕਿਵੇਂ ਵਧਾਉਂਦਾ
- ਜਪਾਨੀਆਂ ਦੇ ਖਾਣੇ 'ਚ ਅਜਿਹਾ ਕੀ ਹੈ ਜੋ ਉਹ ਲੰਬੀ ਉਮਰ ਜਿਉਂਦੇ ਹਨ
- ਕੋਰੋਨਾਵਾਇਰਸ ਲੌਕਡਾਊਨ ਢਿੱਲ : ਖਾਣੇ ਦੀ ਹੋਮ ਡਲਿਵਰੀ ਕਿੰਨੀ ਸੁਰੱਖਿਅਤ ਤੇ ਕਿਵੇਂ ਕਰੀਏ ਖ਼ਰੀਦਦਾਰੀ
- ਤੁਹਾਡੇ ਦੋਸਤ ਮੋਟੇ ਹਨ ਤਾਂ ਤੁਸੀਂ ਵੀ ਮੋਟਾਪੇ ਦੇ ਸ਼ਿਕਾਰ ਹੋ ਸਕਦੇ ਹੋ, ਪਰ ਕਿਵੇਂ?
- ਸਿਗਰਟਨੋਸ਼ੀ ਨਾਲੋਂ ਮੋਟਾਪੇ ਕਾਰਨ ਕੈਂਸਰ ਦਾ ਵੱਧ ਖ਼ਤਰਾ

ਤਸਵੀਰ ਸਰੋਤ, Getty Images
ਰਾਸ਼ਟਰਪਤੀ ਸ਼ੀ ਦਾ ਸੁਨੇਹਾ
ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਨੇ ਇਹ ਕੈਂਪੇਨ ਇਸੇ ਹਫ਼ਤੇ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ, "ਖਾਣੇ ਦੀ ਬਰਬਾਦੀ ਦੇ ਕੌਮੀ ਪੱਧਰ ਸਦਮਾ ਦੇਣ ਵਾਲੇ ਅਤੇ ਤਣਾਅ ਪੂਰਨ ਹਨ।"
ਰਾਸ਼ਟਰਪਤੀ ਦੇ ਸੁਨੇਹੇ ਤੇ ਅਮਲ ਕਰਦਿਆਂ ਵੂਹਾਨ ਦੀ ਕੇਟਰਿੰਗ ਸਨਅਤ ਦੀ ਐਸੋਸੀਏਸ਼ਨ ਨੇ ਰੈਸਟੋਰੈਂਟਾਂ ਨੂੰ ਸ਼ਹਿਰ ਵਿੱਚ ਖਾਣੇ ਦੀ ਬਰਬਾਦੀ ਰੋਕਣ ਲਈ ਰਾਤ ਦੇ ਖਾਣੇ ਵਿੱਚ ਪਰੋਸੇ ਜਾਣ ਵਾਲੇ ਪਕਵਾਨਾਂ ਦੀ ਗਿਣਤੀ ਘਟਾਉਣ ਨੂੰ ਕਿਹਾ। ਜਿਸ ਮੁਤਾਬਕ ਗਾਹਕਾਂ ਨੇ ਖਾਣ ਵਾਲਿਆਂ ਨਾਲੋਂ ਇੱਕ ਪਕਵਾਨ ਘੱਟ ਮੰਗਾਉਣਾ ਸੀ।
ਸਰਕਾਰੀ ਟੀਵੀ ਉੱਪਰ ਬਹੁਤ ਜ਼ਿਆਦਾ ਖਾਣਾ ਖਾਂਦੇ ਹੋਏ ਆਪਣੀਆਂ ਲਾਈਵ ਵੀਡੀਓ ਪਾਉਣ ਵਾਲਿਆਂ ਦੀ ਆਲੋਚਨਾ ਕੀਤੀ ਗਈ। ਇਹ ਲੋਕ ਬਚਿਆ ਖਾਣਾ ਸੁੱਟ ਦਿੰਦੇ ਹਨ।
ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਚੀਨ ਵਿੱਚ ਖਾਣੇ ਦੀ ਬਰਾਬਦੀ ਰੋਕਣ ਲਈ ਯਤਨ ਕੀਤੇ ਗਏ ਹੋਣ।
ਸਾਲ 2013 ਵਿੱਚ ਅਜਿਹੀ ਕੋਸ਼ਿਸ਼ ਵੱਡੀਆਂ ਦਾਅਵਾਤਾਂ, ਸਰਕਾਰੀ ਅਧਿਕਾਰੀਆਂ ਵੱਲੋਂ ਦਿੱਤੀਆਂ ਜਾਂਦੀਆਂ ਦਾਅਵਾਤਾਂ ਵਿੱਚ ਹੁੰਦੀ ਭੋਜਨ ਦੀ ਬਰਬਾਦੀ ਨੂੰ ਧਿਆਨ ਵਿੱਚ ਰੱਖ ਕੇ ਸ਼ੁਰੂ ਕੀਤੀ ਗਈ ਸੀ। ਜਦਕਿ ਆਮ ਲੋਕਾਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਸੀ।
ਚੀਨ ਵਿੱਚ ਮੋਟਾਪੇ ਦੀ ਸਮੱਸਿਆ ਵੀ ਲਗਾਤਾਰ ਵਧਦੀ ਜਾ ਰਹੀ ਹੈ। ਸਾਲ 2016 ਵਿੱਚ ਚੀਨ ਮੋਟੇ ਲੋਕਾਂ ਦੀ ਸੰਖਿਆ ਦੇ ਮਾਮਲੇ ਵਿੱਚ ਅਮਰੀਕਾ ਨੂੰ ਪਿੱਛੇ ਛੱਡ ਕੇ ਇਸ ਮਾਮਲੇ ਵਿੱਚ ਦੁਨੀਆਂ ਵਿੱਚ ਪਹਿਲੇ ਨੰਬਰ ਦਾ ਦੇਸ਼ ਬਣ ਗਿਆ ਸੀ। ਉੱਥੇ ਲੰਬੀ ਪੜ੍ਹਾਈ ਅਤੇ ਕੰਮ ਦੇ ਜ਼ਿਆਦਾ ਘੰਟੇ ਅਤੇ ਖਾਣ-ਪੀਣ ਦੀਆਂ ਭੈੜੀਆਂ ਆਦਤਾਂ ਵੀ ਲੋਕਾਂ ਦਾ ਭਾਰ ਵਧਾਉਣ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ।












