ਅਮਰੀਕਾ-ਚੀਨ ਵਿਵਾਦ : ਚੀਨੀ ਕੌਸਲੇਟ ਬੰਦ ਕਰਨ ਦੇ ਅਮਰੀਕੀ ਹੁਕਮਾਂ ਤੋਂ ਬਾਅਦ ਅੱਗੇ ਕੀ ਹੋਵੇਗਾ

ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੈਂਗ ਵੈਨਬਿਨ ਨੇ ਕਿਹਾ ਕਿ ਇਹ "ਅਪਮਾਨਜਨਕ ਅਤੇ ਨਾਜਾਇਜ਼" ਹੈ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੈਂਗ ਵੈਨਬਿਨ ਨੇ ਕਿਹਾ ਕਿ ਇਹ "ਅਪਮਾਨਜਨਕ ਅਤੇ ਨਾਜਾਇਜ਼" ਹੈ

ਅਮਰੀਕਾ ਨੇ ਚੀਨ ਨੂੰ ਸ਼ੁੱਕਰਵਾਰ ਤੱਕ ਟੈਕਸਾਸ ਦੇ ਹਿਊਸਟਨ ਵਿੱਚ ਆਪਣਾ ਕੌਂਸਲੇਟ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਕਦਮ ਨੂੰ ਬੀਜਿੰਗ ਨੇ 'ਰਾਜਨੀਤਿਕ ਭੜਕਾਉ' ਕਾਰਵਾਈ ਕਰਾਰ ਦਿੱਤਾ ਹੈ।

ਅਮਰੀਕੀ ਸਟੇਟ ਵਿਭਾਗ ਨੇ ਕਿਹਾ ਕਿ ਇਹ ਫੈਸਲਾ "ਅਮਰੀਕੀ ਇੰਟਲੈਕਚੁਅਲ ਪ੍ਰਾਪਰਟੀ ਦੀ ਰੱਖਿਆ ਲਈ" ਲਿਆ ਗਿਆ ਹੈ।

ਪਰ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੈਂਗ ਵੈਨਬਿਨ ਨੇ ਕਿਹਾ ਕਿ ਇਹ "ਅਪਮਾਨਜਨਕ ਅਤੇ ਨਾਜਾਇਜ਼" ਹੈ।

ਇਹ ਬਿਆਨ ਉਸ ਸਮੇਂ ਸਾਹਮਣੇ ਆਏ ਹਨ ਜਦੋਂ ਅਣਪਛਾਤੇ ਵਿਅਕਤੀਆਂ ਨੂੰ ਬਿਲਡਿੰਗ 'ਚ ਕਾਗਜ਼ ਜਲਾਉਂਦੇ ਵੇਖਿਆ ਗਿਆ ਸੀ।

ਕੁਝ ਸਮੇਂ ਤੋਂ ਅਮਰੀਕਾ ਅਤੇ ਚੀਨ ਦਰਮਿਆਨ ਤਣਾਅ ਵਧਦਾ ਜਾ ਰਿਹਾ ਹੈ।

ਚੀਨ ਉੱਤੇ ਅਮਰੀਕੀ ਇਲਜ਼ਾਮ

ਰਾਸ਼ਟਰਪਤੀ ਡੌਨਲਡ ਟਰੰਪ ਵਲੋਂ ਬੀਜ਼ਿੰਗ ਨਾਲ ਵਪਾਰ, ਕੋਰੋਨਾਵਾਇਰਸ ਮਹਾਂਮਾਰੀ ਅਤੇ ਹਾਂਗ ਕਾਂਗ ਦੇ ਵਿਵਾਦਪੂਰਨ ਨਵੇਂ ਸੁਰੱਖਿਆ ਕਾਨੂੰਨ ਲਾਗੂ ਕਰਨ ਆਦਿ ਦੇ ਮੁੱਦਿਆ 'ਤੇ ਤਿੱਖੀ ਪ੍ਰਤੀਕ੍ਰਿਆ ਸਾਹਮਣੇ ਆਈ ਹੈ।

ਫਿਰ ਮੰਗਲਵਾਰ ਨੂੰ ਯੂਐਸ ਦੇ ਨਿਆਂ ਵਿਭਾਗ ਨੇ ਚੀਨ 'ਤੇ ਹੈਕਰਾਂ ਨੂੰ ਸਪਾਂਸਰ ਕਰਨ ਦਾ ਇਲਾਜ਼ਾਮ ਲਾਇਆ ਜੋ ਕੋਵਿਡ -19 ਟੀਕੇ ਵਿਕਸਤ ਕਰਨ ਵਾਲੀਆਂ ਲੈਬਾਂ ਨੂੰ ਨਿਸ਼ਾਨਾ ਬਣਾ ਰਹੇ ਸਨ।

ਨਾਲ ਹੀ ਇਲਜ਼ਾਮ ਲੱਗਿਆ ਕਿ ਦੋ ਚੀਨੀ ਨਾਗਰਿਕ, ਜਿਨ੍ਹਾਂ ਨੇ ਕਥਿਤ ਤੌਰ 'ਤੇ ਅਮਰੀਕੀ ਖੋਜ ਕੰਪਨੀਆਂ 'ਤੇ ਜਾਸੂਸੀ ਕੀਤੀ, ਨੂੰ ਸਟੇਟ ਏਜੰਟਾਂ ਦੀ ਮਦਦ ਮਿਲੀ ਹੈ।

ਕੁਝ ਸਮੇਂ ਤੋਂ ਅਮਰੀਕਾ ਅਤੇ ਚੀਨ ਦਰਮਿਆਨ ਤਣਾਅ ਵਧਦਾ ਜਾ ਰਿਹਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਸਮੇਂ ਤੋਂ ਅਮਰੀਕਾ ਅਤੇ ਚੀਨ ਦਰਮਿਆਨ ਤਣਾਅ ਵਧਦਾ ਜਾ ਰਿਹਾ ਹੈ।

ਕੌਂਸਲੇਟ ਬੰਦ ਕਰਨ ਦਾ ਫੈਸਲਾ ਅਮਰੀਕਾ ਨੇ ਕਿਉਂ ਲਿਆ?

ਅਮਰੀਕੀ ਵਿਦੇਸ਼ੀ ਵਿਭਾਗ ਦੀ ਤਰਜ਼ਮਾਨ ਮੌਰਗਨ ਅਰਟਾਗਸ ਨੇ ਕੌਂਸਲੇਟ ਬੰਦ ਕਰਨ ਨੂੰ ਲੈ ਕੇ ਕੁਝ ਗੱਲਾਂ ਦੱਸੀਆਂ ਹਨ...

ਉਨ੍ਹਾਂ ਨੇ ਕਿਹਾ, "ਅਮਰੀਕਾ ਕਦੇ ਬਰਦਾਸ਼ਤ ਨਹੀਂ ਕਰੇਗਾ ਕਿ ਚੀਨ ਸਾਡੀ ਪ੍ਰਭੂਸੱਤਾ ਦੀ ਉਲੰਘਣਾ ਕਰੇ ਜਾਂ ਸਾਡੇ ਲੋਕਾਂ ਨੂੰ ਡਰਾਏ-ਧਮਕਾਏ, ਠੀਕ ਉਸ ਤਰ੍ਹਾਂ ਜਿਵੇਂ ਅਸੀਂ ਚੀਨ ਦੇ ਅਣਉਚਿਤ ਵਪਾਰਕ ਅਭਿਆਸਾਂ, ਅਮਰੀਕੀ ਨੌਕਰੀਆਂ ਖੋਹਣ ਦੀਆਂ ਕੋਸ਼ਿਸ਼ਾਂ ਅਤੇ ਹੋਰ ਮਾਮਲਿਆਂ ਵਿਚ ਚੀਨ ਦੇ ਅੰਹਕਾਰੀ ਵਿਵਹਾਰ ਨੂੰ ਬਰਦਾਸ਼ਤ ਨਹੀਂ ਕੀਤਾ ਹੈ। "

ਮੌਰਗਨ ਅਰਟਾਗਸ ਨੇ ਵਿਆਨਾ ਸੰਮੇਲਨ ਵੱਲ ਵੀ ਇਸ਼ਾਰਾ ਕੀਤਾ । ਜਿਸਦੇ ਤਹਿਤ ਮਹਿਮਾਨ ਦੇਸ਼ ਨੂੰ ਮੇਜ਼ਬਾਨ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਾ ਕਰਨ ਦੀ ਮਹੱਤਵਪੂਰਣ ਜ਼ਿੰਮੇਵਾਰੀ ਦਿੱਤੀ ਗਈ ਹੈ।

ਹਿਊਸਟਨ ਸਥਿਤ ਇਹ ਕੌਂਸਲੇਟ ਅਮਰੀਕਾ ਵਿੱਚ ਪੰਜ ਚੀਨੀ ਕੌਂਸਲੇਟਾਂ ਵਿੱਚੋਂ ਇੱਕ ਹੈ। ਇਨ੍ਹਾਂ ਤੋਂ ਇਲਾਵਾ ਵਾਸ਼ਿੰਗਟਨ ਵਿਚ ਚੀਨ ਦਾ ਮੁੱਖ ਦੂਤਘਰ ਹੈ।

ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਟਰੰਪ ਪ੍ਰਸ਼ਾਸਨ ਨੇ ਇਸ ਇਕ ਕੌਂਸਲੇਟ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ।

ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਟਰੰਪ ਪ੍ਰਸ਼ਾਸਨ ਨੇ ਇਸ ਇਕ ਕੌਂਸਲੇਟ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਟਰੰਪ ਪ੍ਰਸ਼ਾਸਨ ਨੇ ਇਸ ਇਕ ਕੌਂਸਲੇਟ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ

ਚੀਨ ਨੇ ਇਸ ਫੈਸਲੇ 'ਤੇ ਕੀ ਦਿੱਤਾ ਪ੍ਰਤੀਕਰਮ?

ਚੀਨੀ ਸਰਕਾਰ ਨੇ ਅਮਰੀਕਾ ਦੇ ਇਸ ਫੈਸਲੇ ਨੂੰ ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਲਈ 'ਬਹੁਤ ਬੁਰਾ' ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ 'ਇਸ ਨਾਲ ਤਣਾਅ ਵਿੱਚ ਬੇਮਿਸਾਲ ਵਾਧਾ ਹੋਵੇਗਾ।

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ, "ਇਹ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਹੈ। ਅਮਰੀਕਾ ਆਪਣੇ ਮੱਥੇ 'ਤੇ ਲੱਗਿਆ ਕਲੰਕ ਸਾਡੇ ਮੱਥੇ 'ਤੇ ਲਗਾਉਣਾ ਚਾਹੁੰਦਾ ਹੈ। ਇਸੇ ਲਈ ਅਜਿਹੇ ਨਾਜਾਇਜ਼ ਹਮਲੇ ਕੀਤੇ ਜਾ ਰਹੇ ਹਨ।"

ਵਾਂਗ ਨੇ ਟਰੰਪ ਪ੍ਰਸ਼ਾਸਨ ਨੂੰ ਇਸ ਬਾਰੇ "ਦੁਬਾਰਾ ਸੋਚਣ" ਦੀ ਅਪੀਲ ਕੀਤੀ ਹੈ ਅਤੇ ਜੇ ਅਮਰੀਕਾ ਅਜਿਹਾ ਨਹੀਂ ਕਰਦਾ ਹੈ ਤਾਂ ਚੀਨ ਨੇ ਚੇਤਾਵਨੀ ਦਿੱਤੀ ਹੈ ਕਿ "ਉਹ ਵੀ ਜਵਾਬੀ ਕਾਰਵਾਈ ਲਈ ਮਜਬੂਰ ਹੋਵੇਗਾ"।

ਵਾਂਗ ਨੇ ਕਿਹਾ, "ਜੇ ਅਸੀਂ ਜ਼ਮੀਨੀ ਹਕੀਕਤ ਬਾਰੇ ਗੱਲ ਕਰੀਏ ਅਤੇ ਵੇਖੀਏ ਕਿ ਚੀਨ ਅਤੇ ਅਮਰੀਕਾ ਦੇ ਕਿੰਨੇ ਕੌਂਸਲੇਟ ਇਕ ਦੂਜੇ ਦੀ ਥਾਵਾਂ ਵਿਚ ਹਨ ਅਤੇ ਕਿੰਨੇ ਡਿਪਲੋਮੈਟ ਅਤੇ ਕਰਮਚਾਰੀ ਇਕ ਦੂਜੇ ਦੀਆਂ ਥਾਵਾਂ ਵਿਚ ਮੌਜੂਦ ਹਨ, ਤਾਂ ਤੁਸੀਂ ਦੇਖੋਗੇ ਕਿ ਚੀਨ ਵਿਚ ਕੰਮ ਕਰਨ ਵਾਲੇ ਅਮਰੀਕੀਆਂ ਦੀ ਗਿਣਤੀ ਹੋਰ ਜ਼ਿਆਦਾ ਹੈ।"

ਇਸੇ ਦੌਰਾਨ ਚੀਨੀ ਸਰਕਾਰੀ ਅਖ਼ਬਾਰ 'ਦਿ ਗਲੋਬਲ ਟਾਈਮਜ਼' ਨੇ ਇੱਕ ਪੋਲ ਸ਼ੁਰੂ ਕੀਤਾ ਹੈ ਜਿਸ ਵਿੱਚ ਪੁੱਛਿਆ ਗਿਆ ਹੈ ਕਿ ਜਵਾਬੀ ਕਾਰਵਾਈ ਵਿੱਚ ਚੀਨ ਨੂੰ ਕਿਹੜਾ ਅਮਰੀਕੀ ਕੌਂਸਲੇਟ ਬੰਦ ਕਰ ਦੇਣਾ ਚਾਹੀਦਾ ਹੈ।

ਚੀਨੀ ਸਰਕਾਰੀ ਅਖ਼ਬਾਰ 'ਦਿ ਗਲੋਬਲ ਟਾਈਮਜ਼' ਨੇ ਇੱਕ ਪੋਲ ਸ਼ੁਰੂ ਕੀਤਾ ਹੈ ਜਿਸ ਵਿੱਚ ਪੁੱਛਿਆ ਗਿਆ ਹੈ ਕਿ ਜਵਾਬੀ ਕਾਰਵਾਈ ਵਿੱਚ ਚੀਨ ਨੂੰ ਕਿਹੜਾ ਅਮਰੀਕੀ ਕੌਂਸਲੇਟ ਬੰਦ ਕਰ ਦੇਣਾ ਚਾਹੀਦਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੀਨੀ ਸਰਕਾਰੀ ਅਖ਼ਬਾਰ 'ਦਿ ਗਲੋਬਲ ਟਾਈਮਜ਼' ਨੇ ਇੱਕ ਪੋਲ ਸ਼ੁਰੂ ਕੀਤਾ ਹੈ ਜਿਸ ਵਿੱਚ ਪੁੱਛਿਆ ਗਿਆ ਹੈ ਕਿ ਜਵਾਬੀ ਕਾਰਵਾਈ ਵਿੱਚ ਚੀਨ ਨੂੰ ਕਿਹੜਾ ਅਮਰੀਕੀ ਕੌਂਸਲੇਟ ਬੰਦ ਕਰ ਦੇਣਾ ਚਾਹੀਦਾ ਹੈ

ਅੱਗੇ ਕੀ ਹੋ ਸਕਦਾ ਹੈ?

ਅਮਰੀਕਾ ਅਤੇ ਚੀਨ ਵਿਚਾਲੇ ਪਿਛਲੇ ਦਿਨਾਂ ਤੋਂ ਤਣਾਅ ਨਿਰੰਤਰ ਜਾਰੀ ਹੈ।

ਟਰੇਡ ਵਾਰ ਤੋਂ ਬਾਅਦ, ਕੋਰੋਨਾਵਾਇਰਸ ਮਹਾਂਮਾਰੀ, ਹਾਂਗ-ਕਾਂਗ ਵਿਚ ਨਵਾਂ ਸੁਰੱਖਿਆ ਕਾਨੂੰਨ, ਦੱਖਣੀ ਚੀਨ ਸਾਗਰ ਵਿਚ ਦਬਦਬਾ, ਭਾਰਤ-ਜਾਪਾਨ-ਆਸਟਰੇਲੀਆ ਅਤੇ ਤਾਈਵਾਨ ਦੇ ਖਿਲਾਫ਼ ਚੀਨ ਦਾ ਹਮਲਾਵਰ ਰਵੱਈਆ, ਅਮਰੀਕੀ ਪੱਤਰਕਾਰਾਂ 'ਤੇ ਪਾਬੰਦੀ, ਵੀਗਰ ਮੁਸਲਮਾਨਾਂ 'ਤੇ ਜ਼ੁਲਮ ਅਤੇ ਤਿੱਬਤ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਚੱਲ ਰਿਹਾ ਹੈ।

ਟਰੰਪ ਪ੍ਰਸ਼ਾਸਨ ਅਤੇ ਚੀਨ ਵਿਚਾਲੇ ਇਨ੍ਹਾਂ ਸਾਰੇ ਮੁੱਦਿਆਂ ਨੂੰ ਲੈ ਕੇ ਟਕਰਾਅ ਹੋਇਆ ਹੈ।

ਤਾਜ਼ਾ ਘਟਨਾਕ੍ਰਮ ਦੇ ਵਿਚਕਾਰ, ਚੀਨੀ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਇੱਕ ਚੇਤਾਵਨੀ ਜਾਰੀ ਕਰਦਿਆਂ, ਅਮਰੀਕਾ ਵਿੱਚ ਮੌਜੂਦ ਆਪਣੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਚੌਕਸ ਰਹਿਣ ਲਈ ਕਿਹਾ ਹੈ।

ਚੀਨੀ ਮੰਤਰਾਲੇ ਨੇ ਸ਼ੰਕਾ ਜ਼ਾਹਰ ਕੀਤੀ ਹੈ ਕਿ 'ਅਮਰੀਕੀ ਏਜੰਸੀਆਂ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਸਕਦੀਆਂ ਹਨ, ਗੈਰ ਜ਼ਰੂਰੀ ਤਲਾਸ਼ੀਆਂ ਲਈਆਂ ਜਾ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ।'

ਬੀਬੀਸੀ ਦੇ ਰੱਖਿਆ ਪੱਤਰਕਾਰ ਜੌਨਥਨ ਮਾਰਕਸ ਨੇ ਇਸ ਸਥਿਤੀ ਦਾ ਵਿਸ਼ਲੇਸ਼ਣ ਕੀਤਾ ਹੈ।

ਉਹ ਕਹਿੰਦੇ ਹਨ, "ਇਹ ਨਿਸ਼ਚਤ ਰੂਪ ਵਿੱਚ ਇੱਕ ਵੱਡੀ ਤਬਦੀਲੀ ਹੈ। ਖ਼ਬਰਾਂ ਦੇ ਬਾਅਦ ਕਿ ਕੁਝ ਲੋਕ ਅਮਰੀਕਾ ਵਿੱਚ ਜਾਸੂਸੀ ਕਰ ਰਹੇ ਹਨ, ਖਾਸ ਕਰਕੇ ਉਨ੍ਹਾਂ ਪ੍ਰਯੋਗਸ਼ਾਲਾਵਾਂ ਦੀ ਜਿਥੇ ਕੋਵਿਡ -19 ਵੈਕਸੀਨ 'ਤੇ ਕੰਮ ਚੱਲ ਰਿਹਾ ਹੈ, ਟਰੰਪ ਪ੍ਰਸ਼ਾਸਨ ਨੇ ਇਹ ਵੱਡਾ ਕਦਮ ਚੁੱਕਿਆ ਹੈ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਨ੍ਹਾਂ ਦੋਵਾਂ ਦਾ ਕੋਈ ਸਬੰਧ ਹੈ ਜਾਂ ਨਹੀਂ।"

ਜੌਨਥਨ ਦੇ ਅਨੁਸਾਰ, "ਇਸ ਫੈਸਲੇ ਨਾਲ ਇਹ ਜ਼ਰੂਰ ਸਪੱਸ਼ਟ ਹੋ ਗਿਆ ਹੈ ਕਿ ਅਮਰੀਕਾ ਚੀਨ ਨੂੰ ਖੁੱਲ੍ਹੇ ਤੌਰ 'ਤੇ ਚੁਣੌਤੀ ਦੇਣ ਲਈ ਤਿਆਰ ਹੈ। ਰਾਸ਼ਟਰਪਤੀ ਚੌਣਾਂ ਦੀਆਂ ਤਿਆਰੀਆਂ ਅਤੇ ਕੋਵਿਡ -19 ਦੇ ਕਾਰਨ ਲੜਖੜਾਉਂਦੀ ਅਮਰੀਕੀ ਆਰਥਿਕਤਾ ਦੇ ਵਿਚਕਾਰ, ਰਾਸ਼ਟਰਪਤੀ ਟਰੰਪ ਨੂੰ ਸਮਝ ਆ ਗਈ ਹੈ ਕਿ ਫਿਲਹਾਲ ਚੀਨੀ ਕਾਰਡ ਖੇਡਣ ਨਾਲ ਉਨ੍ਹਾਂ ਨੂੰ ਰਾਜਸੀ ਲਾਭ ਮਿਲ ਸਕਦਾ ਹੈ।"

ਉਹ ਕਹਿੰਦੇ ਹਨ, "ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਚੀਨ ਇਸ ਤਰ੍ਹਾਂ ਭੜਕਾਏ ਜਾਣ 'ਤੇ ਕੀ ਜਵਾਬ ਦਿੰਦਾ ਹੈ। ਕੀ ਇਹ ਬਰਾਬਰੀ ਦਾ ਮੁਕਾਬਲਾ ਹੋਵੇਗਾ? ਅਤੇ ਜੇ ਅਜਿਹਾ ਹੁੰਦਾ ਹੈ ਤਾਂ ਇਹ ਤਣਾਅ ਨੂੰ ਵਧਾਏਗਾ ਹੀ ਅਤੇ ਹਾਲਾਤ ਹੋਰ ਨਾਜ਼ੁਕ ਹੋਣਗੇ।"

ਕੋਰੋਨਾਵਾਇਰਸ
ਕੋਰੋਨਾਵਾਇਰਸ
ਹੈਲਪਲਾਈਨ ਨੰਬਰ
ਕੋਰੋਨਾਵਾਇਰਸ

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)