ਕੋਰੋਨਾਵਾਇਰਸ: ਬੱਚਿਆਂ ਵਿੱਚ ਵੇਖੇ ਜਾ ਰਹੇ ਹਨ ਇਹ ਲੱਛਣ

ਤਸਵੀਰ ਸਰੋਤ, Getty Images
- ਲੇਖਕ, ਮਿਸ਼ੇਲ ਰੌਬਰਟਸ
- ਰੋਲ, ਸਿਹਤ ਸੰਪਾਦਕ, ਬੀਬੀਸੀ ਨਿਊਜ਼ ਆਨਲਾਈਨ
ਐਨਐਚਐਸ ਡਾਕਟਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਬੱਚਿਆਂ ਵਿੱਚ ਹੋ ਰਹੀ ਇੱਕ ਦੁਰਲੱਭ ਪਰ ਖ਼ਤਰਨਾਕ ਪ੍ਰਤੀਕ੍ਰਿਆ ਨੂੰ ਜਾਂਚਣ, ਜੋ ਕਿ ਕੋਰੋਨਾਵਾਇਰਸ ਦੀ ਲਾਗ ਨਾਲ ਜੁੜੀ ਹੋ ਸਕਦੀ ਹੈ।
ਜਨਰਲ ਪ੍ਰੈਕਟਿਸ਼ਨਰਾਂ (ਜੀਪੀ) ਨੂੰ ਭੇਜੀ ਗਈ ਇੱਕ ਜ਼ਰੂਰੀ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਲੰਡਨ ਅਤੇ ਯੂਕੇ ਦੇ ਹੋਰ ਹਿੱਸਿਆਂ ਵਿੱਚ ਇੰਟੈਂਸਿਵ ਕੇਅਰ ਵਿਭਾਗ ਵਿੱਚ ਗੰਭੀਰ ਬਿਮਾਰੀਆਂ ਵਾਲੇ ਬੱਚਿਆਂ 'ਚ ਅਜੀਬ ਲੱਛਣ ਵੇਖੇ ਜਾ ਰਹੇ ਹਨ ।
ਇਸ ਵਿੱਚ ਫਲੂ ਵਰਗੇ ਲੱਛਣਾਂ ਵਾਲੀ "ਮਲਟੀ-ਸਿਸਟਮ ਇਨਫ਼ਲਾਮੇਸ਼ਨ (ਸੋਜਸ਼)" ਸ਼ਾਮਲ ਹੈ।
ਇਨ੍ਹਾਂ ਵਿਚੋਂ ਕੁਝ ਬੱਚੇ ਕੋਰੋਨਾਵਾਇਰਸ ਪੌਜ਼ਿਟਿਵ ਵੀ ਪਾਏ ਗਏ ਹਨ।
ਇਹ ਅਸਪਸ਼ਟ ਹੈ ਕਿ ਕਿੰਨੇ ਬੱਚਿਆਂ ਨੇ ਅਜਿਹਾ ਅਨੁਭਵ ਕੀਤਾ ਹੈ, ਹਾਲਾਂਕਿ ਇਹ ਗਿਣਤੀ ਘੱਟ ਹੋਵੇਗੀ।
ਕੀ ਕਹਿ ਰਹੇ ਹਨ ਮਾਹਰ
ਐਨਐਚਐਸ ਇੰਗਲੈਂਡ ਦੇ ਮੈਡੀਕਲ ਡਾਇਰੈਕਟਰ ਸਟੀਫ਼ਨ ਪੋਵਿਸ ਨੇ ਕਿਹਾ ਕਿ ਬੱਚਿਆਂ ਵਿੱਚ ਇੱਕ ਦੁਰਲੱਭ, ਗੰਭੀਰ ਬਿਮਾਰੀ ਦੀਆਂ ਰਿਪੋਰਟਾਂ ਆ ਰਹੀਆਂ ਹਨ।
ਉਨ੍ਹਾਂ ਕਿਹਾ, "ਸਿਰਫ਼ ਪਿਛਲੇ ਦਿਨਾਂ ਵਿੱਚ ਹੀ ਅਸੀਂ ਅਜਿਹੀਆਂ ਰਿਪੋਰਟਾਂ ਦੇਖੀਆਂ ਹਨ। ਅਸੀਂ ਆਪਣੇ ਮਾਹਰਾਂ ਨੂੰ ਇਸ ਉੱਤੇ ਤਸਦੀਕ ਨਾਲ ਕੰਮ ਕਰਨ ਲਈ ਕਿਹਾ ਹੈ।"

ਤਸਵੀਰ ਸਰੋਤ, reuters
ਐਨਐਚਐਸ ਇੰਗਲੈਂਡ ਦੁਆਰਾ ਜਾਰੀ ਕੀਤੀ ਗਈ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਇੱਕ "ਚਿੰਤਾ ਵਾਲੀ ਗੱਲ" ਹੈ ਕਿ ਯੂਕੇ ਵਿੱਚ ਬੱਚਿਆਂ ਵਿੱਚ ਇੱਕ ਕੋਰੋਨਾਵਾਇਰਸ ਨਾਲ ਸਬੰਧਤ ਸਿੰਡਰੋਮ ਉਭਰ ਰਿਹਾ ਹੈ। ਇਹ ਵੀ ਹੋ ਸਕਦਾ ਹੈ ਕਿ ਇਨ੍ਹਾਂ ਮਾਮਲਿਆਂ ਨਾਲ ਜੁੜਿਆ ਇਹ ਕੋਈ ਹੋਰ ਅਣਜਾਣ ਇਨਫੈਕਸ਼ਨ ਹੋਵੇ।
ਵੱਖੋ ਵੱਖਰੇ ਉਮਰ ਦੇ ਇਹ ਮਰੀਜ਼ ਬੱਚੇ ਕਾਫ਼ੀ ਬਿਮਾਰ ਸਨ। ਉਨ੍ਹਾਂ ਵਿਚ ਜ਼ਹਿਰੀਲੇ ਸਿੰਡਰੋਮ ਵਰਗੇ ਲੱਛਣ ਸਨ, ਜਿਸ ਵਿੱਚ ਤੇਜ਼ ਬੁਖਾਰ, ਘੱਟ ਬਲੱਡ ਪ੍ਰੈਸ਼ਰ, ਧੱਫੜ ਅਤੇ ਸਾਹ ਲੈਣ ਵਿੱਚ ਮੁਸ਼ਕਲ ਸ਼ਾਮਲ ਹੈ।
ਕਈਆਂ ਦੇ ਵਿੱਚ ਗੈਸਟਰੋਇੰਟੇਸਟਾਈਨਲ ਲੱਛਣ ਵੀ ਸਨ, ਜਿਵੇਂ ਕਿ ਪੇਟ ਦਰਦ, ਉਲਟੀਆਂ ਜਾਂ ਦਸਤ, ਦਿਲ ਦੀ ਸੋਜਸ਼ ਅਤੇ ਨਾਲ ਹੀ ਖੂਨ ਵਿੱਚ ਅਸਧਾਰਨ ਨਮੂਨੇ ਸਾਹਮਣੇ ਆਉਣਾ।


ਮਾਹਰ ਕਹਿੰਦੇ ਹਨ ਕਿ ਇਹ ਉਹ ਚਿੰਨ੍ਹ ਹਨ ਜੋ ਤੁਸੀਂ ਉਦੋਂ ਵੇਖ ਸਕਦੇ ਹੋ ਜਦੋਂ ਸਰੀਰ ਕਿਸੇ ਲਾਗ ਨਾਲ ਲੜਨ ਦੀ ਕੋਸ਼ਿਸ਼ ਕਰਦਾ ਹੈ।
ਇਨ੍ਹਾਂ ਮਾਮਲਿਆਂ ਨੂੰ ਤੁਰੰਤ ਇਲਾਜ ਦੀ ਜ਼ਰੂਰਤ ਹੈ।
ਪਰ ਮਾਹਰ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਬਹੁਤ ਘੱਟ ਬੱਚੇ ਕੋਰੋਨਾਵਾਇਰਸ ਨਾਲ ਬੁਰੀ ਤਰ੍ਹਾਂ ਬਿਮਾਰ ਹੋ ਜਾਂਦੇ ਹਨ। ਦੁਨੀਆਂ ਭਰ ਦੀਆਂ ਰਿਸਰਚਾਂ ਤੋਂ ਪਤਾ ਲੱਗਦਾ ਹੈ ਕਿ ਬੱਚੇ ਇਸ ਬਿਮਾਰੀ ਤੋਂ ਸਭ ਤੋਂ ਘੱਟ ਪ੍ਰਭਾਵਿਤ ਹਨ।
ਕੋਰੋਨਾਵਾਇਰਸ ਨਾਲ ਜੁੜੇ ਮਾਮਲਿਆਂ ਨੂੰ ਪੂਰੀ ਦੁਨੀਆਂ ਦੇ ਨਕਸ਼ੇ ’ਤੇ ਵੇਖੋ
ਡਾਕਟਰਾਂ ਦੀ ਤੁਰੰਤ ਲਵੋਂ ਸਲਾਹ
ਕੈਮਬ੍ਰਿਜ ਵਿੱਚ ਪੀਡੀਆਟ੍ਰਿਕ ਇੰਟੈਂਸਿਵ ਕੇਅਰ ਦੀ ਸਲਾਹਕਾਰ ਡਾ. ਨਾਜ਼ੀਮਾ ਪਠਾਨ ਨੇ ਕਿਹਾ ਕਿ ਸਪੇਨ ਅਤੇ ਇਟਲੀ ਵਿੱਚ ਡਾਕਟਰ ਇੱਕੋ ਜਿਹੇ ਮਾਮਲੇ ਦੱਸ ਰਹੇ ਹਨ।
“ਕੁਝ ਬੱਚਿਆਂ ਵਿੱਚ ਸੈਪਟਿਕ ਸ਼ੌਕ (ਸਦਮਾ) ਵਰਗੀ ਬਿਮਾਰੀ ਦੇਖੀ ਜਾ ਰਹੀ ਹੈ ਅਤੇ ਕਈਆਂ ਦੇ ਸਰੀਰ ਵਿੱਚ ਧੱਫੜ ਵੇਖਣ ਨੂੰ ਮਿਲੇ ਹਨ। ਜਿਸ ਤਰ੍ਹਾਂ ਦੇ ਲੱਛਣ ਜ਼ਹਿਰੀਲੇ ਸਦਮੇ ਦੇ ਸਿੰਡਰੋਮ ਅਤੇ ਕਾਵਾਸਾਕੀ ਬਿਮਾਰੀ ਵਿੱਚ (ਜੋ ਖੂਨ ਦੀਆਂ ਨਾੜੀਆਂ ਅਤੇ ਦਿਲ ਨੂੰ ਪ੍ਰਭਾਵਤ ਕਰਦਾ ਹੈ) ਦੇਖਣ ਨੂੰ ਮਿਲਦੇ ਹਨ।
ਉਨ੍ਹਾਂ ਕਿਹਾ, "ਕੁਲ ਮਿਲਾ ਕੇ, ਕੋਰੋਨਾਵਾਇਰਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਬੱਚਿਆਂ ਵਿੱਚ ਫੇਫੜਿਆਂ ਦੇ ਗੰਭੀਰ ਲਾਗ ਹੋ ਸਕਦੇ ਜਾਪਦੇ ਹਨ। ਹਾਲਾਂਕਿ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਦਾਖ਼ਲ ਹੋਏ ਬੱਚਿਆਂ ਦੀ ਸੰਖਿਆ ਅਜੇ ਕਾਫੀ ਘੱਟ ਹੈ।"
ਐਨਐਚਐਸ ਇੰਗਲੈਂਡ ਨੇ ਕਿਹਾ ਕਿ ਉਨ੍ਹਾਂ ਨੇ ਦੇਸ ਵਿੱਚ ਅਜਿਹੇ 20 ਤੋਂ ਵੀ ਘੱਟ ਮਾਮਲੇ ਦੇਖੇ ਹਨ ਜੋ ਨੇਟਿਸ ਵਿੱਚ ਆਏ ਹਨ। ਇੱਕ ਬੁਲਾਰੇ ਨੇ ਕਿਹਾ ਕਿ ਇਸ ਉੱਤੇ ਜਾਂਚ ਜਾਰੀ ਰਹੇਗੀ, ਪਰ ਅਜੇ ਤੱਕ ਇਸਦਾ ਕੋਈ ਸਬੰਧ ਕੋਰੋਨਾਵਾਇਰਸ ਨਾਲ ਸਥਾਪਤ ਨਹੀਂ ਹੋਇਆ ਹੈ।
ਰੋਇਲ ਕਾਲਜ ਆਫ਼ ਪੈਡੀਆਟ੍ਰਿਕਸ ਐਂਡ ਚਾਈਲਡ ਹੈਲਥ (RCPCH) ਨੇ ਕਿਹਾ ਕਿ ਮਾਪੇ ਜੇਕਰ ਕਿਸੇ ਕਾਰਨ ਕਰਕੇ ਆਪਣੇ ਬੱਚਿਆਂ ਦੀ ਸਿਹਤ ਬਾਰੇ ਚਿੰਤਤ ਹਨ, ਕੋਈ ਅਜਿਹੇ ਲੱਛਣ ਦੇਖਦੇ ਹਨ ਤਾਂ ਉਨ੍ਹਾਂ ਨੂੰ ਸਿਹਤ ਪੇਸ਼ੇਵਰ ਤੋਂ ਮਦਦ ਲੈਣੀ ਚਾਹੀਦੀ ਹੈ।
ਬੱਚਿਆਂ ਅਤੇ ਨੌਜਵਾਨਾਂ ਲਈ ਐਨਐਚਐਸ ਦੇ ਰਾਸ਼ਟਰੀ ਕਲੀਨਿਕਲ ਡਾਇਰੈਕਟਰ, ਪ੍ਰੋ. ਸਾਈਮਨ ਕੈਨੀ ਨੇ ਕਿਹਾ, "ਜੇ ਤੁਸੀਂ ਕਿਸੇ ਕਾਰਨ ਕਰਕੇ ਆਪਣੇ ਬੱਚੇ ਦੀ ਸਿਹਤ ਬਾਰੇ ਚਿੰਤਤ ਹੋ ਤਾਂ ਜ਼ਰੂਰੀ ਸਲਾਹ ਲਈ ਐੱਨ.ਐੱਚ.ਐੱਸ. ਨੂੰ 111 ਉੱਤੇ ਸੰਪਰਕ ਕਰੋ। ਜਾਂ ਆਪਣੇ ਪਰਿਵਾਰਕ ਡਾਕਟਰ ਨਾਲ ਰਾਬਤਾ ਕਾਇਮ ਕਰੋ।"
"ਇਸ ਤੋਂ ਇਲਾਵਾ ਐਮਰਜੈਂਸੀ ਲਈ 999 ਡਾਇਲ ਕਰੋ ਅਤੇ ਜੇ ਕੋਈ ਡਾਕਟਰ ਤੁਹਾਨੂੰ ਹਸਪਤਾਲ ਜਾਣ ਲਈ ਕਹਿੰਦਾ ਹੈ ਤਾਂ ਕਿਰਪਾ ਕਰਕੇ ਹਸਪਤਾਲ ਜਾਓ।"
ਜਾਣੋ ਕਿਸ ਦੇਸ ਵਿੱਚ ਹਨ ਕੋਰੋਨਾਵਾਇਰਸ ਦੇ ਕਿੰਨੇ ਕੇਸ

ਤਸਵੀਰ ਸਰੋਤ, getty images
ਮਦਦ ਦੀ ਕਦੋਂ ਜ਼ਰੂਰਤ ਹੈ
ਹੁਣ ਤੱਕ ਦੀ ਰਿਸਰਚ ਮੁਤਾਬਕ, ਕੋਰੋਨਾਵਾਇਰਸ ਬੱਚਿਆਂ ਲਈ ਘੱਟ ਗੰਭੀਰ ਹੁੰਦਾ ਹੈ। ਜੇ ਤੁਹਾਡਾ ਬੱਚਾ ਬਿਮਾਰ ਹੈ ਤਾਂ ਕੋਰੋਨਾਵਾਇਰਸ ਦੀ ਬਜਾਏ, ਕੋਈ ਹੋਰ ਬਿਮਾਰੀ ਹੋਣ ਦੀ ਸੰਭਾਵਨਾ ਜ਼ਿਆਦਾ ਹੈ।
RCPCH ਮਾਪਿਆਂ ਨੂੰ ਤੁਰੰਤ ਮਦਦ ਦੀ ਸਲਾਹ ਦਿੰਦਾ ਹੈ (999 ਉੱਤੇ ਕਾਲ ਕਰੋ) ਜੇ ਤੁਹਾਡੇ ਬੱਚੇ ਵਿੱਚ ਹੇਠਾਂ ਲਿਖੇ ਲੱਛਣ ਹਨ:
- ਰੰਗ ਪੀਲਾ ਪੈਣਾ, ਸਰੀਰ ਉੱਤੇ ਧੱਬੇ ਪੈਣਾ ਜਾਂ ਅਸਧਾਰਨ ਤੌਰ 'ਤੇ ਠੰਢ ਮਹਿਸੂਸ ਕਰਨਾ।
- ਸਾਹ ਲੈਣ ਵਿਚ ਮੁਸ਼ਕਲ ਹੋਣਾ ਜਾਂ ਸਾਹ ਦਾ ਰੁਕਣਾ ਜਾਂ ਹਫ਼ਣਾ।
- ਬੁੱਲ੍ਹਾਂ ਦੇ ਨੇੜੇ ਨੀਲੇ ਨਿਸ਼ਾਨ ਪੈਣਾ।
- ਦੌਰਾ ਪੈਣਾ।
- ਬਹੁਤ ਉਦਾਸ ਹੋ ਜਾਣਾ (ਬਾਰ-ਬਾਰ ਰੋਈ ਜਾਣਾ), ਉਲਝਣ ਵਿੱਚ ਰਹਿਣਾ, ਬਹੁਤ ਸੁਸਤ ਹੋਣਾ ਜਾਂ ਪ੍ਰਤੀਕਿਰਿਆਸ਼ੀਲ ਨਾ ਹੋਣਾ।
- ਸਰੀਰ ਉੱਤੇ ਧੱਫੜ ਪੈ ਜਾਣਾ।
- ਟੈਸਟਿਕੂਲਰ ਦਰਦ ਦਾ ਹੋਣਾ, ਖ਼ਾਸਕਰ ਕਿਸ਼ੋਰ ਲੜਕਿਆਂ ਵਿੱਚ।


ਤਸਵੀਰ ਸਰੋਤ, MoHFW_INDIA

ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












