You’re viewing a text-only version of this website that uses less data. View the main version of the website including all images and videos.
ਈਰਾਨ ਦੇ ਇਰਾਕ 'ਤੇ ਹਮਲੇ ਦੌਰਾਨ '34 ਅਮਰੀਕੀ ਫੌਜੀਆਂ ਨੂੰ ਲੱਗੀਆਂ ਸਨ ਗੰਭੀਰ ਦਿਮਾਗੀ ਸੱਟਾਂ'
ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੈਂਟਾਗਨ ਨੇ ਦੱਸਿਆ ਹੈ ਕਿ ਉਸ ਦੇ ਇਰਾਕ ਵਿਚਲੇ ਫੌਜੀ ਟਿਕਾਣੇ 'ਤੇ ਹੋਏ ਈਰਾਨ ਦੇ ਮਿਜ਼ਾਈਲ ਹਮਲੇ ਵਿੱਚ 34 ਜਵਾਨਾਂ ਨੂੰ ਗੰਭੀਰ ਦਿਮਾਗ਼ੀ ਸੱਟਾਂ ਲੱਗਣ ਦੀ ਪੁਸ਼ਟੀ ਹੋਈ ਹੈ।
ਪੈਂਟਾਗਨ ਦੇ ਬੁਲਾਰੇ ਨੇ ਦੱਸਿਆ ਕਿ 17 ਜਵਾਨ ਹਾਲੇ ਡਾਕਟਰੀ ਨਿਗਰਾਨੀ ਹੇਠ ਰੱਖੇ ਗਏ ਹਨ।
ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਸੀ ਕਿ 8 ਜਨਵਰੀ ਨੂੰ ਈਰਾਨ ਵੱਲੋਂ ਕੀਤੇ ਇਸ ਹਮਲੇ ਵਿੱਚ ਅਮਰੀਕੀ ਫ਼ੌਜੀਆਂ ਨੂੰ ਮਾਮੂਲੀ ਸੱਟਾਂ ਆਈਆਂ ਸਨ।
ਈਰਾਨ ਨੇ ਇਹ ਹਮਲਾ ਆਪਣੇ ਜਨਰਲ ਸੁਲੇਮਾਨੀ ਦੇ ਬਗ਼ਦਾਦ ਹਵਾਈ ਅੱਡੇ ਦੇ ਨੇੜੇ ਅਮਰੀਕੀ ਦੁਆਰਾ ਕੀਤੇ ਹਮਲੇ ਵਿੱਚ ਮੌਤ ਮਗਰੋਂ ਕੀਤਾ ਸੀ।
ਇਹ ਵੀ ਪੜ੍ਹੋ:
ਟਰੰਪ ਨੇ ਮਾਮੂਲੀ ਸੱਟਾਂ ਦੱਸਿਆ ਸੀ
ਇਸੇ ਹਫ਼ਤੇ ਜਦੋਂ ਡਾਵੋਸ ਵਿੱਚ ਰਾਸ਼ਟਰਪਤੀ ਟਰੰਪ ਨੂੰ ਪੈਂਟਾਗਨ ਤੇ ਉਨ੍ਹਾਂ ਦੇ ਬਿਆਨਾਂ ਵਿਚਲੇ ਇਸ ਵਕਫ਼ੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ, "ਮੈਂ ਸੁਣਿਆ ਸੀ ਕਿ ਉਨ੍ਹਾਂ ਦੇ ਸਿਰ ਦੁੱਖ ਰਹੇ ਸਨ ਤੇ ਕੁਝ ਹੋਰ ਚੀਜ਼ਾਂ ਸਨ ਪਰ ਮੈਂ ਕਹਿ ਸਕਦਾ ਹਾਂ ਕਿ ਇਹ ਕੋਈ ਗੰਭੀਰ ਨਹੀਂ ਹੈ।"
"ਮੈਂ ਜਿਹੜੀਆਂ ਹੋਰ ਸੱਟਾਂ ਦੇਖੀਆਂ ਹਨ ਉਨ੍ਹਾਂ ਦੇ ਮੁਕਾਬਲੇ ਮੈਂ ਇਨ੍ਹਾਂ ਸੱਟਾਂ ਨੂੰ ਗੰਭੀਰ ਨਹੀਂ ਗਿਣਦਾ।"
ਪੈਂਟਾਗਨ ਨੇ ਦੱਸਿਆ ਸੀ ਕਿ ਹਮਲੇ ਵਿੱਚ ਕਿਸੇ ਫੌਜੀ ਦੀ ਜਾਨ ਨਹੀਂ ਗਈ ਕਿਉਂਕਿ ਜਦੋਂ ਮਿਜ਼ਾਈਲਾਂ ਵਰੀਆਂ ਤਾਂ ਜ਼ਿਆਦਾਤਰ ਫੌਜੀ ਬੰਕਰਾਂ ਵਿੱਚ ਪਨਾਹਗੀਰ ਸਨ।
ਸ਼ੁੱਕਰਵਾਰ ਨੂੰ ਅਮਰੀਕੀ ਰੱਖਿਆ ਵਿਭਾਗ ਦੇ ਬੁਲਾਰੇ ਜੌਨਅਥਨ ਹੌਫ਼ਮੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ 8 ਫੌਜੀਆਂ ਨੂੰ ਇਲਾਜ ਲਈ ਵਾਪਸ ਅਮਰੀਕਾ ਭੇਜ ਦਿੱਤਾ ਗਿਆ ਸੀ।
ਜਦਕਿ 9 ਦਾ ਜਰਮਨੀ ਵਿੱਚ ਇਲਾਜ ਚੱਲ ਰਿਹਾ ਸੀ।
ਇਸ ਤੋਂ ਇਲਾਵਾ 16 ਫੌਜੀਆਂ ਨੂੰ ਡਿਊਟੀ 'ਤੇ ਵਾਪਸ ਭੇਜਣ ਤੋਂ ਪਹਿਲਾਂ ਇਰਾਕ ਵਿੱਚ ਅਤੇ 1 ਜਣੇ ਦਾ ਕੁਵੈਤ ਵਿੱਚ ਇਲਾਜ ਕੀਤਾ ਗਿਆ ਸੀ।
ਬੁਲਾਰੇ ਨੇ ਇਹ ਵੀ ਦੱਸਿਆ ਸੀ ਕਿ ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਨੂੰ ਹਮਲੇ ਤੋਂ ਫੌਰੀ ਮਗਰੋਂ ਸੱਟਾਂ ਬਾਰੇ ਨਹੀਂ ਦੱਸਿਆ ਗਿਆ ਸੀ।
ਇਰਾਕ ਵਿੱਚ ਅਮਰੀਕੀ ਫ਼ੌਜ ਦਾ ਵਿਰੋਧ
ਸ਼ੁੱਕਰਵਾਰ ਨੂੰ ਇਰਾਕ ਵਿੱਚ ਅਮਰੀਕੀ ਫੌਜੀਆਂ ਨੂੰ ਬਾਹਰ ਕੱਢਣ ਦੀ ਮੰਗ ਨੂੰ ਲੈ ਕੇ ਰਾਜਧਾਨੀ ਬਗ਼ਦਾਦ ਵਿੱਚ ਜਲੂਸ ਕੱਢਿਆ ਗਿਆ।
ਅਮਰੀਕੀ ਸਫ਼ਾਰਤਖਾਨੇ ਦੇ ਨੇੜੇ ਕੱਢੇ ਗਏ ਇਸ ਕਾਫ਼ਲੇ ਵਿੱਚ ਵੱਡੀ ਸੰਖਿਆ ਵਿੱਚ ਲੋਕ ਸ਼ਾਮਲ ਹੋਏ।
ਇਰਾਕ ਦੇ ਪ੍ਰਭਾਵਸ਼ਾਲੀ ਸ਼ਿਆ ਧਰਮ ਗੁਰੂ ਨੇ ਮੁਕਤਦਾ ਅਲ-ਸਦਰ ਨੇ ਵੀ ਲੋਕਾਂ ਨੂੰ ਇਸ ਜਲੂਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ।
ਇਹ ਵੀ ਪੜ੍ਹੋ:
ਹਾਲਾਂਕਿ ਉਹ ਆਪ ਇਸ ਮੁਜ਼ਾਹਰੇ ਵਿੱਚ ਸ਼ਾਮਲ ਨਹੀਂ ਸਨ ਪਰ ਉਨ੍ਹਾਂ ਦਾ ਬਿਆਨ ਪੜ੍ਹਿਆ ਗਿਆ।
ਕੁਝ ਘੰਟਿਆਂ ਵਿੱਚ ਹੀ ਸ਼ਹਿਰ ਦੀਆਂ ਸੜਕਾਂ ਹਜੂਮ ਨਾਲ ਭਰ ਗਈਆਂ। ਲੋਕਾਂ ਨੇ ਅਮਰੀਕੀ ਫੌਜ ਨੂੰ ਕੱਢਣ ਦੀ ਮੰਗ ਵਾਲੇ ਬੈਨਰ-ਤਖ਼ਤੀਆਂ ਫੜੀਆਂ ਹੋਈਆਂ ਸਨ।
ਕੁਝ ਲੋਕ ਅਮਰੀਕਾ ਨੂੰ ਮੌਤ ਦੇ ਨਾਅਰੇ ਮਾਰ ਰਹੇ ਸਨ ਤੇ ਕੁਝ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੀਆਂ ਤਸਵੀਰਾਂ ਚੁੱਕੀਆਂ ਹੋਈਆਂ ਸਨ।
ਇਸ ਮਹੀਨੇ ਦੀ ਸ਼ੁਰੂਆਤ ਵਿੱਚ ਇਰਾਕ ਦੀ ਸੰਸਦ ਨੇ ਮਤਾ ਪਾਸ ਕਰਕੇ ਅਮਰੀਕਾ ਨੂੰ ਆਪਣੀਆਂ ਫੌਜਾਂ ਕੱਢ ਲੈਣ ਲਈ ਕਿਹਾ ਸੀ।
ਇਰਾਕ ਵਿੱਚ ਕੱਟੜਪੰਥੀ ਸੰਗਠਨ ਇਸਲਾਮਿਕ ਸਟੇਟ ਖ਼ਿਲਾਫ਼ ਲੜਾਈ ਲਈ ਕੌਮਾਂਤਰੀ ਗਠਜੋੜ ਤਹਿਤ 5 ਹਜ਼ਾਰ ਅਮਰੀਕੀ ਫੌਜੀ ਤੈਨਾਅਤ ਹਨ।
ਵੀਡੀਓ: ਅਮਰੀਕਾ-ਈਰਾਨ ਤਣਾਅ ਦੇ 8 ਕਾਰਨ
ਕਿੱਥੋਂ ਵਧਿਆ ਸੀ ਹਾਲੀਆ ਤਣਾਅ
ਜਨਵਰੀ ਦੇ ਪਹਿਲੇ ਹਫ਼ਤੇ ਈਰਾਨ ਦੀਆਂ ਕੁਦਸ ਫੋਰਸ ਦੇ ਮੁਖੀ ਜਨਰਲ ਕਾਸਿਮ ਸੁਲੇਮਾਨੀ ਦੀ ਅਮਰੀਕਾ ਦੇ ਇਰਾਕ 'ਤੇ ਕੀਤੇ ਹਵਾਈ ਹਮਲਿਆਂ ਵਿੱਚ ਮੌਤ ਹੋ ਗਈ ਸੀ।
ਪੈਂਟਾਗਨ ਮੁਤਾਬਕ ਉਨ੍ਹਾਂ ਨੂੰ "ਰਾਸ਼ਟਰਪਤੀ ਦੀਆਂ ਹਦਾਇਤਾਂ 'ਤੇ" ਮਾਰਿਆ ਗਿਆ।
ਮਰਹੂਮ ਜਨਰਲ ਈਰਾਨੀ ਸੱਤਾ ਦਾ ਇੱਕ ਵੱਡਾ ਚਿਹਰਾ ਸਨ। ਉਨ੍ਹਾਂ ਦੀ ਕੁਦਸ ਫੋਰਸ ਸਿੱਧੀ ਦੇਸ਼ ਪ੍ਰਮੁੱਖ ਅਇਤੋਉੱਲ੍ਹਾ ਅਲੀ ਖ਼ੁਮੇਨੀ ਨੂੰ ਰਿਪੋਰਟ ਕਰਦੀ ਸੀ।
ਜਨਰਲ ਸੁਲੇਮਾਨੀ ਦੀ ਮੌਤ ਤੋਂ ਬਾਅਦ ਅਮਰੀਕਾ-ਈਰਾਨ-ਇਰਾਕ ਤਿੰਨਾਂ ਦੇਸ਼ਾਂ ਵਿੱਚ ਤਣਾਅ ਬਣਿਆ ਹੋਇਆ ਹੈ।
ਈਰਾਨ ਨੇ ਜਨਰਲ ਦੇ ਕਤਲ ਦਾ ਬਦਲਾ ਲੈਣ ਦੀ ਸਹੁੰ ਖਾਧੀ ਸੀ ਅਤੇ 8 ਜਨਵਰੀ ਨੂੰ ਬਗ਼ਦਾਦ ਵਿੱਚ ਅਮਰੀਕੀ ਟਿਕਾਣਿਆਂ ਤੇ ਮਿਜ਼ਾਈਲਾਂ ਵਰਾਈਆਂ ਸਨ।
ਉਸੇ ਸਵੇਰੇ ਤਹਿਰਾਨ ਤੋਂ ਕੀਵ ਜਾ ਰਿਹਾ ਇੱਕ ਯਾਤਰੀ ਜਹਾਜ਼ ਈਰਾਨੀ ਮਿਜ਼ਾਈਲ ਦਾ ਸ਼ਿਕਾਰ ਹੋ ਗਿਆ ਸੀ। ਜਹਾਜ਼ ਵਿੱਚ ਸਵਾਰ ਸਾਰੇ 178 ਜਣੇ ਮਾਰੇ ਗਏ ਸਨ। ਈਰਾਨ ਨੇ ਇਸ ਨੂੰ ਮਨੁੱਖੀ ਭੁੱਲ ਦਿੱਸਿਆ ਸੀ।
ਇਹ ਵੀ ਪੜ੍ਹੋ:
ਵੀਡੀਓ: ਈਰਾਨ ਦੀ ਕ੍ਰਾਂਤੀ ਜਿਸ ਨੇ ਪੱਛਮੀ ਏਸ਼ੀਆ ਨੂੰ ਬਦਲ ਕੇ ਰੱਖ ਦਿੱਤਾ
ਵੀਡੀਓ: ਹਥੌੜੇ ਨਾਲ ਰੋਟੀ ਕਿਸ ਗੱਲੋਂ ਤੋੜਦੇ ਸਨ ਇਹ ਪ੍ਰਵਾਸੀ ਮੁੰਡੇ
ਵੀਡੀਓ: ਮਸੀਤ ਵਿੱਚ ਹੋਇਆ ਹਿੰਦੂ ਰਸਮਾਂ ਨਾਲ ਵਿਆਹ