Jeremy Corbyn: ਸਰਕਾਰੀ ਸਕੂਲ 'ਚ ਮੁੰਡੇ ਨੂੰ ਪੜ੍ਹਾਉਣ ਪਿੱਛੇ ਪਤਨੀ ਤੋਂ ਵੱਖ ਹੋਣ ਵਾਲਾ ਆਗੂ

ਬ੍ਰਿਟੇਨ ਵਿੱਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੇ ਯੂਕੇ ਦੀਆਂ ਚੋਣਾਂ ਵਿਚ ਸਪੱਸ਼ਟ ਬਹੁਮਤ ਹਾਸਲ ਕਰ ਲਿਆ ਹੈ। ਪਾਰਟੀ ਨੇ 365 ਸੀਟਾਂ ਜਿੱਤੀਆਂ ਹਨ ਜਦਕਿ ਮੁੱਖ ਵਿਰੋਧੀ ਪਾਰਟੀ ਲੇਬਰ ਨੂੰ 203 ਸੀਟਾਂ ਉੱਤੇ ਹੀ ਸਬਰ ਕਰਨਾ ਪਿਆ ਹੈ। ਲੇਬਰ ਪਾਟਰੀ ਨੂੰ ਪਿਛਲੀਆਂ ਚੋਣਾਂ ਦੇ ਮੁਕਾਬਲੇ 70 ਸੀਟਾਂ ਦਾ ਨੁਕਸਾਨ ਝੱਲਣਾ ਪਿਆ ਹੈ।

ਤੀਜੇ ਨੰਬਰ ਦੀ ਪਾਰਟੀ ਸਟਾਕਿਸ਼ ਨੈਸ਼ਨਲ ਪਾਰਟੀ ਨੂੰ 48, ਲਿਬਰਲ ਡੈਮੋਕ੍ਰਟੇਸ ਨੂੰ 11, ਡੀਯੂਪੀ ਨੂੰ 8 ਸੀਟਾਂ ਮਿਲੀਆਂ ਹਨ, ਬਾਕੀ ਬਚਦੀਆਂ 15 ਸੀਟਾਂ ਹੋਰਾਂ ਹਿੱਸੇ ਆਈਆਂ ਹਨ।

ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਵੱਡਾ ਲੋਕ ਫ਼ਤਵਾ ਬ੍ਰਿਟੇਨ ਨੂੰ ਯੂਰਪੀ ਯੂਨੀਅਨ ਤੋਂ ਬਾਹਰ ਕੱਢਣ ਲਈ ਮਿਲਿਆ ਹੈ।

ਕੰਜ਼ਰਵੇਟਿਵ ਪਾਰਟੀ ਨੇ ਵਿਰੋਧੀ ਲੇਬਰ ਪਾਰਟੀ ਦੇ ਰਵਾਇਤੀ ਗੜ੍ਹਾਂ ਵਿੱਚ ਵੀ ਸੰਨ੍ਹ ਲਾਈ ਹੈ। ਜਿਨ੍ਹਾਂ ਹਲਕਿਆਂ 'ਤੇ ਲੇਬਰ ਪਾਰਟੀ ਦਾ ਦਹਾਕਿਆਂ ਤੋਂ ਕਬਜ਼ਾ ਚੱਲਿਆ ਆ ਰਿਹਾ ਸੀ ਉਹ ਸੀਟਾਂ ਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਪਾਰਟੀ ਦੀ ਝੋਲੀ ਵਿੱਚ ਪਈਆਂ ਹਨ।

ਲੇਬਰ ਪਾਰਟੀ ਨੇ ਇਹ ਚੋਣਾਂ ਜੇਰੇਮੀ ਕੌਰਬਿਨ ਦੀ ਅਗਵਾਈ ਵਿਚ ਲੜੀਆਂ ਸਨ , ਆਓ ਜਾਣਦੇ ਹਾਂ ਕਿ ਜੇਰੇਮੀ ਕੌਰਬਿਨ ਕੌਣ ਹਨ ਤੇ ਕਿਸ ਤਰ੍ਹਾਂ ਦੀ ਸ਼ਖ਼ਸੀਅਤ ਦੇ ਮਾਲਕ ਹਨ।

ਇਹ ਵੀ ਪੜ੍ਹੋ-

ਦਾੜੀ ਵਾਲਾ ਮਜ਼ਾਹੀਆ ਖੱਬੇਪੱਖੀ

ਕੋਰਬਿਨ ਲੇਬਰ ਪਾਰਟੀ ਚੋਣਾਂ ਜਿੱਤਣ ਤੋਂ ਜ਼ਿਆਦਾ ਵਿਚਾਰਕ ਸ਼ੁੱਧਤਾ 'ਤੇ ਜ਼ੋਰ ਦੇ ਰਹੇ ਸਨ ਤਾਂ ਆਲੋਚਕਾਂ ਲਈ ਉਹ ਮੂਲ ਰੂਪ ਵਿੱਚ 'ਦਾੜੀ ਵਾਲਾ ਖੱਬੇ ਪੱਖੀ' ਮਜ਼ਾਹੀਆ ਪਾਤਰ ਸਨ।

ਪਰ ਉਸਦੇ ਸਮਰਥਕਾਂ ਲਈ ਸਿਆਸਤ ਵਿੱਚ ਸਿਰਫ਼ ਉਹ ਹੀ ਇਮਾਨਦਾਰ ਸ਼ਖ਼ਸ ਬਚਿਆ ਹੈ, ਜਿਹਡ਼ਾ ਨਵੀਂ ਪੀੜੀ ਨੂੰ ਪ੍ਰੇਰਿਤ ਕਰਕੇ ਅਤੇ ਸਮਾਜ ਨੂੰ ਬਦਲ ਸਕਦਾ ਹੈ।

ਕੋਰਬਿਨ ਨੇ ਜਨਤਕ ਸੇਵਾਵਾਂ ਅਤੇ ਜਨਤਕ ਖੇਤਰ ਦੇ ਵਰਕਰਾਂ ਵਿੱਚ ਨਿਵੇਸ਼ ਕਰਨ, ਉੱਚ ਆਮਦਨ ਵਾਲਿਆਂ 'ਤੇ ਕਰ ਵਧਾਉਣ ਅਤੇ ਅਰਬ ਪਤੀਆਂ ਨੂੰ ਅਰਥਵਿਵਸਥਾ ਵਿੱਚ ਆਪਣੇ 'ਉਚਿੱਤ ਹਿੱਸੇ' ਦਾ ਭੁਗਤਾਨ ਕਰਨ ਦੀ ਮੁਹਿੰਮ ਚਲਾਈ ਹੈ।

ਇਹ 70 ਸਾਲਾ ਲੇਬਰ ਆਗੂ 40 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਖੱਬੇ ਪੱਖੀ ਕਾਰਕੁਨ ਹੈ। ਜੋ ਤਕਰੀਬਨ ਹਰ ਧਰਨੇ- ਮੁਜ਼ਾਹਰੇ ਤੇ ਮਾਰਚਾਂ ਵਿੱਚ ਮੌਜੂਦ ਰਹਿੰਦਾ ਹੈ। ਉਹ ਵਿਵਾਦਤ ਕਾਰਜਾਂ ਨੂੰ ਸਿਰੇ ਚਾੜ੍ਹਨ ਵਾਲੇ ਅਤੇ ਅਣਥੱਕ ਲੇਖਕ ਵਜੋਂ ਵੀ ਜਾਣੇ ਜਾਂਦੇ ਹਨ।

ਪਰ ਟੋਨੀ ਬਲੇਅਰ ਦੀ 'ਨਵੀਂ ਲੇਬਰ ਪਾਰਟੀ' ਦੇ ਸਮੇਂ ਪਾਰਟੀ ਉੱਚ ਸਿੱਖਿਆ ਲਈ ਫੀਸ ਸ਼ੁਰੂ ਕਰਨ, ਰਾਸ਼ਟਰੀ ਸਿਹਤ ਸੇਵਾ (ਐੱਨਐੱਚਐੱਸ) ਵਿੱਚ ਨਿੱਜੀ ਕੰਪਨੀਆਂ ਦਾ ਸਵਾਗਤ ਕਰਨ ਅਤੇ ਸਭ ਤੋਂ ਜ਼ਿਆਦਾ ਵਿਵਾਦਮਈ ਰੂਪ ਨਾਲ 2003 ਵਿੱਚ ਇਰਾਕ 'ਤੇ ਹਮਲਾ ਕਰਨ ਲਈ ਅਮਰੀਕਾ ਨਾਲ ਸਹਿਮਤੀ ਵਰਗੇ ਫੈਸਲਿਆਂ ਕਾਰਨ ਸੱਤਾ ਤੋਂ ਦੂਰ ਹੋ ਗਈ।

ਕੌਰਬਿਨ ਵਰਗੀਆਂ ਹਸਤੀਆਂ ਬੇਵਸੀ ਨਾਲ ਗੁੰਮਨਾਮੀ ਵਿੱਚ ਡੁੱਬ ਗਈਆਂ ਸਨ, ਪਰ ਦੋ ਦਹਾਕਿਆਂ ਬਾਅਦ ਬਹੁਤ ਸਾਰੇ ਵੋਟਰਾਂ ਦਾ ਨਵੀਂ ਲੇਬਰ ਪਾਰਟੀ ਤੋਂ ਵਿਸ਼ਵਾਸ ਉੱਠ ਗਿਆ ਅਤੇ ਉਹ ਵੈਸਟਮਿੰਸਟਰ ਦੀਆਂ ਸਿਆਸੀ ਜਮਾਤਾਂ ਦੀਆਂ ਹੇਰਾਫੇਰੀਆਂ ਤੋਂ ਹਤਾਸ਼ ਹੋ ਗਏ ਸਨ।

2015 ਵਿੱਚ ਕੌਰਬਿਨ ਦੀ ਲੇਬਰ ਪਾਰਟੀ ਦੇ ਲੀਡਰ ਵਜੋਂ ਚੋਣ ਨੇ ਪਾਰਟੀ ਅੰਦਰ ਭਾਰੀ ਖਲਬਲੀ ਮਚਾ ਦਿੱਤੀ ਸੀ। ਅਸਲ ਵਿੱਚ ਉਹ ਕੁਝ ਲੋਕਾਂ ਨਾਲੋਂ ਬਿਹਤਰ ਢੰਗ ਨਾਲ ਨਵੇਂ ਸਿਆਸੀ ਰੁਝਾਨ ਨੂੰ ਸਮਝਣ ਦੀ ਸਥਿਤੀ ਵਿੱਚ ਸਨ ਕਿਉਂਕਿ ਉਹ ਰਵਾਇਤੀ ਸਿਆਸਦਾਨਾਂ ਤੋਂ ਬਹੁਤ ਵੱਖਰੇ ਸਨ- ਇੱਕ ਸਾਧਾਰਨ ਅਤੇ ਨੀਵਾਂ ਰਹਿ ਕੇ ਵਿਚਰਨ ਵਾਲੇ ਐੱਮਪੀ ਸਨ।

ਕੌਰਬਿਨ ਦਾ ਉਤਸ਼ਾਹ

ਕੌਰਬਿਨ ਆਪਣੇ ਸੰਜਮ ਲਈ ਪ੍ਰਸਿੱਧ ਹੈ। ਲੇਬਰ ਪਾਰਟੀ ਦੇ ਇਸ ਆਗੂ ਦੇ ਖਰਚੇ ਕਿਸੇ ਵੀ ਸੰਸਦ ਮੈਂਬਰ ਤੋਂ ਘੱਟ ਹਨ।

ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ 'ਗਾਰਡੀਅਨ' ਨੂੰ ਕਿਹਾ ਸੀ, "ਮੈਂ ਬਹੁਤ ਪੈਸਾ ਖਰਚ ਨਹੀਂ ਕਰਦਾ, ਮੈਂ ਬਹੁਤ ਸਾਧਾਰਨ ਜੀਵਨ ਜਿਉਂਦਾ ਹਾਂ, ਮੈਂ ਸਾਈਕਲ ਚਲਾਉਂਦਾ ਹਾਂ ਅਤੇ ਮੇਰੇ ਕੋਲ ਕਾਰ ਵੀ ਨਹੀਂ ਹੈ।"

ਕੌਰਬਿਨ ਸ਼ਾਕਾਹਾਰੀ ਵੀ ਹੈ ਅਤੇ ਕਦੇ ਹੀ ਸ਼ਰਾਬ ਪੀਂਦੇ ਹਨ ਅਤੇ ਮਿੱਠੀਆਂ ਚੀਜ਼ਾਂ ਤੋਂ ਦੂਰ ਰਹਿੰਦੇ ਹਨ। ਮਮਜ਼ਨੈੱਟ ਦੇ ਪ੍ਰਸ਼ਨ-ਉੱਤਰ ਸੈਸ਼ਨ ਦੌਰਾਨ ਉਨ੍ਹਾਂ ਤੋਂ ਉਨ੍ਹਾਂ ਦੇ ਪਸੰਦੀਦਾ ਬਿਸਕੁਟਾਂ ਬਾਰੇ ਪੁੱਛਿਆ ਗਿਆ।

ਇਸਦੇ ਜਵਾਬ ਵਿੱਚ ਉਨ੍ਹਾਂ ਕਿਹਾ, "ਮੈਂ ਸਿਹਤ ਪੱਖੋਂ ਪੂਰੀ ਤਰ੍ਹਾਂ ਮਿੱਠੇ ਦਾ ਵਿਰੋਧੀ ਹਾਂ, ਇਸ ਲਈ ਬਹੁਤ ਘੱਟ ਬਿਸਕੁਟ ਖਾਂਦਾ ਹਾਂ, ਪਰ ਜੇਕਰ ਕਿਸੇ ਵੱਲੋਂ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਹਮੇਸ਼ਾਂ 'ਸ਼ਾਰਟਬ੍ਰੈੱਡ' ਬਿਸਕੁਟ ਲੈਣੇ ਪਸੰਦ ਕਰਦਾ ਹਾਂ।''

ਫਾਇਨੈਂਸ਼ੀਅਲ ਟਾਈਮਜ਼ ਅਨੁਸਾਰ ਉਹ ਆਪਣੇ ਘਰ ਵਿਚ ਹੀ ਉਗਾਏ ਫ਼ਲਾਂ ਨਾਲ ਜੈਮ ਬਣਾਉਣਾ ਪਸੰਦ ਕਰਦੇ ਹਨ ।

ਉਨ੍ਹਾਂ ਇੱਕ ਵਾਰ ਮੰਨਿਆ ਸੀ ਕਿ ਉਨ੍ਹਾਂ ਨੇ ਕਦੇ ਵੀ ਭੰਗ ਨਹੀਂ ਪੀਤੀ, ਸ਼ਾਇਦ ਖੱਬੇ ਪੱਖੀ ਮਾਹੌਲ ਵਿੱਚ ਪਾਲਣ ਪੋਸ਼ਣ ਕਾਰਨ। ਉਨ੍ਹਾਂ ਨੂੰ ਇੱਕ ਅਜਿਹੇ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ ,ਜਿਨ੍ਹਾਂ ਦਾ ਜੀਵਨ ਫਲਸਫ਼ਾ ਬੇਹੱਦ ਕਠੋਰ ਅਤੇ ਤਪੱਸਵੀ ਹੈ।

ਮੱਧਵਰਗੀ ਪਾਲਣ-ਪੋਸ਼ਣ

ਜੇਰੇਮੀ ਬਰਨਾਰਡ ਕੌਰਬਿਨ ਦਾ ਪਾਲਣ- ਪੋਸ਼ਣ ਚੰਗੇ ਮੱਧਵਰਗੀ ਪਰਿਵਾਰ ਵਿੱਚ ਹੋਇਆ।

ਉਨ੍ਹਾਂ ਨੇ ਜੀਵਨ ਦੇ ਸ਼ੁਰੂਆਤੀ ਸਾਲ ਦਿਹਾਤੀ ਇੰਗਲੈਂਡ ਵਿੱਚ ਬਿਤਾਏ ਅਤੇ ਆਪਣੀ ਸਿੱਖਿਆ ਦੀ ਸ਼ੁਰੂਆਤ ਵੇਲਜ਼ ਦੇ ਇੱਕ ਨਿੱਜੀ ਸਕੂਲ ਤੋਂ ਕੀਤੀ।

ਜਦੋਂ 1964 ਵਿੱਚ ਨਿਊਪੋਰਟ ਦੇ ਐਡਮਜ਼ ਗ੍ਰਾਮਰ ਸਕੂਲ ਵਿੱਚ ਉਨ੍ਹਾਂ ਦੀ ਕਲਾਸ ਵਿੱਚ 'ਮੌਕ ਚੋਣਾਂ' ਹੋਈਆਂ ਤਾਂ ਉਹ ਲੇਬਰ ਪਾਰਟੀ ਦਾ ਸਮਰਥਨ ਕਰਨ ਵਾਲੇ ਸਿਰਫ਼ ਦੋ ਮੁੰਡਿਆਂ ਵਿੱਚੋਂ ਇੱਕ ਸਨ ਅਤੇ ਇਸ ਲਈ ਉਨ੍ਹਾਂ ਦੀ ਮਜ਼ਾਕ ਵੀ ਉਡਾਇਆ ਗਿਆ ਸੀ।

ਜਦੋਂ ਉਨ੍ਹਾਂ ਨੇ ਸਕੂਲ ਛੱਡਿਆ ਉਦੋਂ ਤੱਕ ਉਨ੍ਹਾਂ ਨੂੰ ਕੁਲੀਨਵਾਦੀ ਸਿੱਖਿਆ ਪ੍ਰਤੀ ਨਫ਼ਰਤ ਮਹਿਸੂਸ ਹੋਣ ਲੱਗੀ ਸੀ।

ਕੌਰਬਿਨ ਨੇ ਤਿੰਨ ਵਾਰ ਵਿਆਹ ਕਰਾਇਆ। ਉਹ ਆਪਣੀ ਦੂਜੀ ਪਤਨੀ ਕਲੌਡੀਆ ਨਾਲੋਂ ਕਥਿਤ ਰੂਪ ਨਾਲ ਉਦੋਂ ਅਲੱਗ ਹੋ ਗਏ ਸਨ, ਜਦੋਂ ਉਸਨੇ ਆਪਣੇ ਬੇਟੇ ਬੇਨ, ਜੋ ਹੁਣ ਫੁੱਟਬਾਲ ਕੋਚ ਹੈ, ਨੂੰ ਸਥਾਨਕ ਸਰਕਾਰੀ ਸਕੂਲ ਵਿੱਚ ਭੇਜਣ ਦੀ ਬਜਾਇ ਨਿੱਜੀ ਸਕੂਲ ਵਿੱਚ ਭੇਜਣ 'ਤੇ ਜ਼ੋਰ ਦਿੱਤਾ ਸੀ।

'ਦਾੜ੍ਹੀ ਵਾਲਾ ਮਨੁੱਖ'

ਇੱਕ ਨੌਜਵਾਨ ਵਜੋਂ ਕੌਰਬਿਨ ਨੇ ਦੋ ਸਾਲ ਜਮਾਇਕਾ ਵਿੱਚ ਚੈਰਿਟੀ ਕਾਰਜ ਲਈ ਸਵੈਇੱਛਾ ਨਾਲ ਬਿਤਾਏ।

ਉਸਨੂੰ 'ਦਾੜ੍ਹੀ ਵਾਲੇ ਮਨੁੱਖ' ਵਜੋਂ ਜਾਣਿਆ ਜਾਣ ਲੱਗਾ ਸੀ ਕਿਉਂਕਿ 19 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਮੂੰਹ 'ਤੇ ਵਾਲ ਆ ਗਏ ਸਨ।

ਇਹ ਵੀ ਪੜ੍ਹੋ-

ਬ੍ਰਿਟੇਨ ਵਾਪਸ ਆ ਕੇ ਉਨ੍ਹਾਂ ਖੁਦ ਨੂੰ ਟਰੇਡ ਯੂਨੀਅਨ ਦੀਆਂ ਸਰਗਰਮੀਆਂ ਵਿੱਚ ਸ਼ਾਮਿਲ ਕਰ ਲਿਆ, ਪਰ ਉਨ੍ਹਾਂ ਦਾ ਅਸਲੀ ਜਨੂੰਨ ਪਾਰਟੀ ਦੀ ਸਿਆਸਤ ਪ੍ਰਤੀ ਸੀ।

1974 ਵਿੱਚ ਉਨ੍ਹਾਂ ਨੂੰ ਉੱਤਰੀ ਲੰਡਨ ਵਿੱਚ ਹਰਿੰਗੀ ਜ਼ਿਲ੍ਹਾ ਕੌਂਸਲ ਲਈ ਚੁਣੇ ਗਏ। ਉਸੇ ਸਾਲ ਉਨ੍ਹਾਂ ਨੇ ਯੂਨੀਵਰਸਿਟੀ ਲੈਕਚਰਰ ਜੇਨ ਚੈਪਮੈਨ ਨਾਲ ਵਿਆਹ ਕਰਾਇਆ।

ਚੈਪਮੈਨ ਦਾ ਕਹਿਣਾ ਹੈ ਕਿ ਉਸਨੇ ਕੌਰਬਿਨ ਦੀ 'ਇਮਾਨਦਾਰੀ' ਅਤੇ 'ਸਿਧਾਂਤਾਂ' ਕਾਰਨ ਉਸ ਨਾਲ ਵਿਆਹ ਕਰਾਇਆ ਸੀ, ਪਰ ਉਹ ਜਲਦੀ ਹੀ ਉਸਦੀ ਰਾਜਨੀਤੀ ਵਿੱਚ ਦਿਲਚਸਪੀ ਤੋਂ ਅੱਕ ਗਈ। 1970 ਵਿੱਚ ਉਹ ਅਲੱਗ ਹੋ ਗਏ।

1987 ਵਿੱਚ ਕੌਰਬਿਨ ਨੇ ਕਲੌਡੀਆ ਬ੍ਰੈਚਿਟ, ਚਿੱਲੀ ਦੀ ਜਲਾਵਤਨ ਨਾਲ ਵਿਆਹ ਕਰਵਾ ਲਿਆ, ਜਿਸ ਦੇ ਪਹਿਲਾਂ ਚਾਰ ਪੁੱਤਰ ਸਨ। 1999 ਵਿੱਚ ਇਹ ਜੋੜਾ ਵੱਖ ਹੋ ਗਿਆ, ਪਰ ਉਨ੍ਹਾਂ ਦਰਮਿਆਨ ਆਪਸੀ ਸਬੰਧ ਚੰਗੇ ਹਨ।

ਕੌਰਬਿਨ ਨੇ 2012 ਵਿੱਚ ਮੈਕਸਿਕੋ ਦੀ ਕੌਫ਼ੀ ਦਰਾਮਤ-ਕਰਤਾ 46 ਸਾਲਾ ਲੌਰਾ ਅਲਵਾਰੇਜ਼ ਨਾਲ ਤੀਜਾ ਵਿਆਹ ਕਰਵਾ ਲਿਆ।

ਕਾਰਜ ਨੂੰ ਸਮਰਪਿਤ ਵਿਅਕਤੀ

ਇਸ ਲੇਬਰ ਲੀਡਰ ਨੂੰ ਅਕਸਰ ਬ੍ਰਿਟਿਸ਼ ਰਾਜਨੀਤੀ ਦੇ ਖੱਬੇ ਪੱਖੀਆਂ ਨਾਲ ਸਬੰਧਿਤ ਦੱਸਿਆ ਜਾਂਦਾ ਹੈ।

ਪਿਛਲੇ 50 ਸਾਲਾਂ ਵਿੱਚ ਉਨ੍ਹਾਂ ਨੇ ਦੱਖਣੀ ਅਫ਼ਰੀਕੀ ਰੰਗਭੇਦ ਖਿਲਾਫ਼, ਇਰਾਕ ਯੁੱਧ ਖਿਲਾਫ਼, ਪਰਮਾਣੂ ਨਿਸਸ਼ਤਰੀਕਰਨ ਦੇ ਪੱਖ ਵਿੱਚ ਅਤੇ ਫਿਲਸਤੀਨੀਆਂ ਨਾਲ ਏਕਤਾ ਸਮੇਤ ਵਿਭਿੰਨ ਕਾਜਾਂ ਦਾ ਸਮਰਥਨ ਕੀਤਾ ਹੈ।

ਉਨ੍ਹਾਂ ਦਾ ਰਾਜਨੀਤਕ ਝੁਕਾਅ ਉਨ੍ਹਾਂ ਦੇ ਸੱਭਿਆਚਾਰਕ ਸੁਹਜ ਸੁਆਦ ਵਿੱਚੋਂ ਵੀ ਝਲਕਦਾ ਹੈ। ਮਿਸਾਲ ਵਜੋਂ ਆਇਰਿਸ਼ ਰਾਸ਼ਟਰਵਾਦੀ ਕਵੀ ਡਬਲਯੂਬੀ ਯੀਟਸ।

ਮਰਹੂਮ ਨਾਇਜੀਰੀਅਨ ਲੇਖਕ ਚਿਨੁਆ ਅਚੇਬੇ ਨੂੰ ਉਨ੍ਹਾਂ ਦਾ ਪਸੰਦੀਦਾ ਨਾਵਲਕਾਰ ਦੱਸਿਆ ਜਾਂਦਾ ਹੈ ਜਿਨ੍ਹਾਂ ਦੀ ਪ੍ਰਸਿੱਧ ਰਚਨਾ 'ਥਿੰਗਜ਼ ਫਾਰ ਅਪਾਰਟ' ਬਸਤੀਵਾਦ ਅਤੇ ਰਵਾਇਤੀ ਸਮਾਜਾਂ ਵਿਚਕਾਰ ਤਣਾਅ ਬਾਰੇ ਹੈ।

ਉਹ ਵਧੀਆ ਸਪੈਨਿਸ਼ ਵਕਤਾ ਹਨ ਅਤੇ ਲਤੀਨੀ ਅਮਰੀਕੀ ਸਾਹਿਤ ਦਾ ਆਨੰਦ ਲੈਂਦੇ ਹਨ। ਉਨ੍ਹਾਂ ਦੀਆਂ ਪਸੰਦੀਦਾ ਫ਼ਿਲਮਾਂ 'ਦਿ ਗ੍ਰੇਟ ਗੈਟਸਬੀ' ਅਤੇ 'ਕਸਾਬਲਾਂਕਾ' ਹਨ।

ਕੱਟੜਪੰਥੀ ਅਤੇ ਯਹੂਦੀ ਵਿਰੋਧੀ

ਲੇਬਰ ਸਰਕਾਰ ਵੱਡੀਆਂ ਤਬਦੀਲੀਆਂ ਕਰਨ ਦਾ ਵਾਅਦਾ ਕਰਦੀ ਹੈ। ਇਸਦਾ ਮੈਨੀਫੈਸਟੋ ਨਵੰਬਰ ਵਿੱਚ ਆਇਆ, ਦਹਾਕਿਆਂ ਤੋਂ ਇਹ ਸਭ ਤੋਂ ਵੱਧ ਕੱਟੜਪੰਥੀ ਹੈ ਜਿਸ ਰਾਹੀਂ ਸਸਤੇ ਘਰਾਂ ਵਿੱਚ ਨਿਵੇਸ਼ ਕਰਨ, ਲੋਕਾਂ ਦੀ ਯੋਗਤਾ ਨੂੰ ਉਤਸ਼ਾਹਿਤ ਕਰਨ ਅਤੇ ਆਰਥਿਕਤਾ ਨੂੰ ਜ਼ੀਰੋ ਕਾਰਬਨ 'ਤੇ ਲਿਆਉਣ ਲਈ ਉੱਚ ਆਮਦਨ ਵਾਲਿਆਂ ਅਤੇ ਪਥਰਾਟ ਈਂਧਣ ਕੰਪਨੀਆਂ 'ਤੇ ਟੈਕਸ ਵਧਾਉਣ ਦੀ ਵਕਾਲਤ ਕਰਦਾ ਹੈ।

ਕੌਰਬਿਨ ਨੇ ਫਿਲਸਤੀਨ ਲਈ ਲਗਾਤਾਰ ਸਮਰਥਨ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਇਜ਼ਰਾਇਲ ਨੂੰ ਇੱਕ 'ਸਾਮਰਾਜਵਾਦੀ' ਰਾਜ ਕਿਹਾ ਸੀ, ਪਰ ਉਨ੍ਹਾਂ ਦੀ ਅਗਵਾਈ ਵਿੱਚ ਲੇਬਰ ਪਾਰਟੀ 'ਤੇ ਲੰਬੇ ਸਮੇਂ ਤੋਂ ਯਹੂਦੀ ਵਿਰੋਧੀ ਹੋਣ ਦਾ ਦੋਸ਼ ਲਗਾਇਆ ਜਾ ਰਿਹਾ ਹੈ।

ਲੇਬਰ ਲੀਡਰ ਖਿਲਾਫ਼ ਸਿਰਫ਼ ਇਹ ਹੀ ਦੋਸ਼ ਨਹੀਂ ਕਿ ਉਹ ਯਹੂਦੀ ਵਿਰੋਧੀ ਹਨ, ਬਲਕਿ ਇਹ ਵੀ ਹੈ ਕਿ ਉਹ ਇਸ ਨੂੰ ਰੋਕਣ ਲਈ ਕੋਈ ਕਾਰਵਾਈ ਕਰਨ ਵਿੱਚ ਬਹੁਤ ਹੌਲੀ ਹਨ।

ਉਨ੍ਹਾਂ ਨੇ ਸਮੇਂ-ਸਮੇਂ 'ਤੇ ਜ਼ੋਰ ਦੇ ਕੇ ਕਿਹਾ, "ਲੇਬਰ ਪਾਰਟੀ ਵਿੱਚ ਯਹੂਦੀ ਵਿਰੋਧੀ ਵਿਚਾਰਾਂ ਲਈ ਕੋਈ ਜਗ੍ਹਾ ਨਹੀਂ ਹੈ ਅਤੇ ਕਿਹਾ ਕਿ 'ਜੋ ਕੁਝ ਵੀ ਵਾਪਰਿਆ ਹੈ, ਉਸ ਲਈ ਉਹ ਬਹੁਤ ਦੁਖੀ ਹੈ।"

ਜਿਊਇਸ਼ ਲੇਬਰ ਮੂਵਮੈਂਟ (ਜੇਐੱਲਐੱਮ) ਜੋ ਪਾਰਟੀ ਨਾਲ ਜੁਡ਼ੀ ਹੋਈ ਹੈ, ਦੀ ਰਿਪੋਰਟ ਨੇ ਇਸ ਨੂੰ 'ਯਹੂਦੀ' ਵਿਰੋਧ ਲਈ ਸ਼ਰਨਾਰਥੀਆਂ ਦਾ ਸਵਾਗ਼ਤ' ਵਜੋਂ ਦਰਸਾਇਆ ਹੈ। ਲੇਬਰ ਪਾਰਟੀ ਦੇ ਕਈ ਸੰਸਦ ਮੈਂਬਰਾਂ ਨੇ 'ਯਹੂਦੀ ਵਿਰੋਧ' ਦਾ ਹਵਾਲੇ ਦਿੰਦੇ ਹੋਏ ਪਾਰਟੀ ਛੱਡ ਦਿੱਤੀ ਸੀ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)