You’re viewing a text-only version of this website that uses less data. View the main version of the website including all images and videos.
ਪੈਸੇ ਲਈ ਪਿਤਾ ‘ਦੋਸਤਾਂ ਤੋਂ ਧੀ ਦਾ ਰੇਪ ਕਰਾਵਾਉਂਦਾ ਸੀ’
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
"ਦੋ ਸਾਲਾਂ ਲਈ ਹਰ ਹਫ਼ਤੇ, ਆਦਮੀ ਘਰ ਆਉਂਦੇ ਅਤੇ ਉਸ ਨਾਲ ਬਲਾਤਕਾਰ ਕਰਦੇ।"
12 ਸਾਲਾਂ ਕੁੜੀ ਨੇ ਆਪਣੇ ਕਾਉਂਸਲਰ ਨੂੰ ਦੱਸਿਆ। ਕੁਝ ਉਸ ਦੇ ਪਿਤਾ ਨੂੰ ਜਾਣਦੇ ਸਨ, ਕੁਝ ਨਹੀਂ।
ਚੇਤਾਵਨੀ: ਇਸ ਲੇਖ ਵਿੱਚ ਕੁਝ ਅਜਿਹੇ ਵੇਰਵੇ ਦਿੱਤੇ ਗਏ ਹਨ ਜਿਸ ਨਾਲ ਕੁਝ ਪਾਠਕ ਦੁਖੀ ਹੋ ਸਕਦੇ ਹਨ।
ਇਹ ਵੀ ਪੜ੍ਹੋ:
ਉਸ ਨੇ ਦੱਸਿਆ ਕਿ ਇਹ ਸਭ ਕੁਝ ਉਦੋਂ ਸ਼ੁਰੂ ਹੋਇਆ, ਜਦੋਂ ਉਸ ਦੇ ਪਿਤਾ ਨੇ ਆਪਣੇ ਕੁਝ ਦੋਸਤਾਂ ਨੂੰ ਘਰ ਸ਼ਰਾਬ ਪੀਣ ਲਈ ਬੁਲਾਇਆ।
ਬੇਕਾਬੂ ਆਦਮੀ ਉਸ ਨੂੰ ਉਸ ਦੇ ਮਾਪਿਆਂ ਦੇ ਸਾਹਮਣੇ ਤੰਗ-ਪ੍ਰੇਸ਼ਾਨ ਕਰਦੇ ਸਨ। ਕਈ ਵਾਰੀ, ਉਸ ਨੇ ਦੱਸਿਆ ਕਿ ਕਈ ਵਾਰ ਮਰਦ ਉਸ ਦੀ ਮਾਂ ਦੇ ਨਾਲ ਇਕਲੌਤੇ ਬੈੱਡਰੂਮ ਵਿੱਚ ਚਲੇ ਜਾਂਦੇ ਸਨ।
‘30 ਵਿਅਕਤੀਆਂ ਨੇ ਕੀਤਾ ਬਲਾਤਕਾਰ’
ਕੁੜੀ ਨੇ ਦੱਸਿਆ ਕਿ ਇੱਕ ਦਿਨ ਉਸ ਦੇ ਪਿਤਾ ਨੇ ਉਸ ਨੂੰ ਆਪਣੇ ਇੱਕ ਦੋਸਤ ਨਾਲ ਬੈੱਡਰੂਮ ਵਿੱਚ ਧੱਕ ਦਿੱਤਾ ਅਤੇ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ। ਉਸ ਆਦਮੀ ਨੇ ਉਸ ਨਾਲ ਬਲਾਤਕਾਰ ਕੀਤਾ।
ਬਚਪਨ ਜਲਦੀ ਹੀ ਉਸ ਲਈ ਇੱਕ ਡਰਾਉਣਾ ਸੁਪਨਾ ਬਣ ਗਿਆ। ਉਸ ਦਾ ਪਿਤਾ ਆਦਮੀਆਂ ਨੂੰ ਬੁਲਾਉਂਦਾ, ਆਪਣੀ ਧੀ ਨਾਲ ਸਮਾਂ ਬੁੱਕ ਕਰਦਾ, ਅਤੇ ਉਨ੍ਹਾਂ ਤੋਂ ਪੈਸੇ ਲੈਂਦਾ ਸੀ। ਕਾਊਂਸਲਰ ਮੰਨਦੇ ਹਨ ਕਿ ਉਸ ਸਮੇਂ ਤੱਕ ਘੱਟੋ-ਘੱਟ 30 ਵਿਅਕਤੀਆਂ ਨੇ ਉਸ ਲੜਕੀ ਨਾਲ ਬਲਾਤਕਾਰ ਕੀਤਾ ਸੀ।
20 ਸਤੰਬਰ ਨੂੰ, ਅਧਿਆਪਕਾਂ ਦੀ ਸੂਹ 'ਤੇ ਕਾਰਵਾਈ ਕਰਦਿਆਂ, ਬਾਲ ਭਲਾਈ ਕੇਂਦਰ ਦੇ ਅਧਿਕਾਰੀਆਂ ਨੇ ਲੜਕੀ ਨੂੰ ਉਸ ਦੇ ਸਕੂਲ ਤੋਂ ਬਚਾਇਆ ਅਤੇ ਉਸ ਨੂੰ ਇਕ ਸ਼ੈਲਟਰ ਹੋਮ ਲੈ ਗਏ। ਬਾਲ ਭਲਾਈ ਅਧਿਕਾਰੀਆਂ ਅਨੁਸਾਰ ਡਾਕਟਰੀ ਜਾਂਚ ਵਿੱਚ ਬਲਾਤਕਾਰ ਦੀ ਪੁਸ਼ਟੀ ਹੋਈ ਹੈ।
ਇਸ ਮਾਮਲੇ ਵਿੱਚ ਉਸ ਦੇ ਪਿਤਾ ਸਣੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ 'ਤੇ ਅਸ਼ਲੀਲ ਉਦੇਸ਼ਾਂ ਲਈ ਅਤੇ ਜਿਨਸੀ ਸ਼ੋਸ਼ਣ ਲਈ ਬੱਚੇ ਦੀ ਵਰਤੋਂ ਕਰਨ ਅਤੇ ਬਲਾਤਕਾਰ ਦੇ ਦੋਸ਼ ਲਗਾਏ ਗਏ ਹਨ। ਸਾਰਿਆਂ ਦੀ ਜ਼ਮਾਨਤ ਅਰਜ਼ੀ ਨੂੰ ਖਾਰਿਜ ਕਰ ਦਿੱਤਾ ਗਿਆ ਹੈ।
ਸਕੂਲੀ ਅਧਿਆਪਕਾਂ ਨੇ ਸੂਹ ਦਿੱਤੀ
ਪੁਲਿਸ ਪੰਜ ਹੋਰ ਬੰਦਿਆਂ ਦੀ ਭਾਲ ਕਰ ਰਹੀ ਹੈ, ਜੋ ਉਸਦੇ ਪਿਤਾ ਨੂੰ ਜਾਣਦੇ ਹਨ, ਜਿਨ੍ਹਾਂ ਨੇ ਲੜਕੀ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਸੀ। ਜਾਂਚ ਅਧਿਕਾਰੀਆਂ ਕੋਲ ਪਰਿਵਾਰ ਨੂੰ ਜਾਣਨ ਵਾਲੇ ਕੁਝ 25 ਬੰਦਿਆਂ ਦੇ ਨਾਂ ਅਤੇ ਫੋਟੋਆਂ ਦੀ ਸੂਚੀ ਹੈ ਜਿਸ ਨੂੰ ਉਹ ਲੜਕੀ ਨੂੰ ਦਿਖਾ ਰਹੇ ਹਨ।
"ਮੈਨੂੰ ਕੋਈ ਚਿਹਰਾ ਯਾਦ ਨਹੀਂ। ਮੇਰੀ ਯਾਦ ਧੁੰਦਲੀ ਹੈ," ਉਸ ਨੇ ਉਨ੍ਹਾਂ ਨੂੰ ਦੱਸਿਆ।
ਇਹ ਪਰਿਵਾਰ ਦੱਖਣੀ ਭਾਰਤ ਦੇ ਇੱਕ ਕਾਫ਼ੀ ਖੁਸ਼ਹਾਲ ਕਸਬੇ ਵਿੱਚ ਰਹਿੰਦਾ ਸੀ ਜੋ ਹਰੀਆਂ- ਭਰੀਆਂ ਪਹਾੜੀਆਂ, ਸਾਫ਼ ਹਵਾ ਅਤੇ ਤਾਜ਼ੇ ਪਾਣੀ ਦੀਆਂ ਨਦੀਆਂ ਲਈ ਜਾਣਿਆ ਜਾਂਦਾ ਹੈ।
ਸਤੰਬਰ ਮਹੀਨੇ ਵਿੱਚ ਕੁੜੀ ਦੇ ਸਕੂਲ ਨੂੰ ਕੁਝ ਅਧਿਆਪਕਾਂ ਵੱਲੋਂ ਜਾਣਕਾਰੀ ਮਿਲੀ। ਉਹ ਅਧਿਆਪਕ ਕੁੜੀ ਦੇ ਗੁਆਂਢ ਵਿੱਚ ਹੀ ਰਹਿੰਦੇ ਸਨ।
ਉਨ੍ਹਾਂ ਦੱਸਿਆ, "ਉਸ ਦੇ ਪਰਿਵਾਰ ਵਿੱਚ ਕੁਝ ਗਲਤ ਹੋ ਰਿਹਾ ਹੈ ਅਤੇ ਉਸ ਦੇ ਘਰ ਵਿੱਚ ਕੁਝ ਚੱਲ ਰਿਹਾ ਹੈ। ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ।"
ਸਕੂਲ ਪ੍ਰਬੰਧਨ ਨੇ ਤੁਰੰਤ ਇੱਕ ਔਰਤਾਂ ਦੀ ਮਦਦ ਕਰਨ ਵਾਲੇ ਸੰਗਠਨ ਤੋਂ ਕੌਂਸਲਰਾਂ ਨੂੰ ਸੱਦਿਆ।
ਅਗਲੀ ਸਵੇਰ, ਕਾਉਂਸਲਰ ਆ ਗਏ।
‘ਮਾਂ ਦੇ ਨਾਲ ਜ਼ਬਰਦਸਤੀ ਕੀਤੀ’
ਉਹ ਸਟਾਫ ਰੂਮ ਵਿੱਚ ਆਹਮੋ-ਸਾਹਮਣੇ ਬੈਠੇ ਸਨ। ਉਸ ਵੇਲੇ, ਉਸ ਦੀ ਮਾਂ ਇਸ ਸਭ ਤੋਂ ਅਣਜਾਣ ਸੀ ਤੇ ਆਮ ਤੌਰ 'ਤੇ ਹੁੰਦੀ ਪੇਰੇਂਟਸ-ਟੀਚਰ ਮੀਟਿੰਗ ਵਿੱਚ ਬੈਠੀ ਸੀ।
ਕਾਉਂਸਲਰ ਨੇ ਲੜਕੀ ਨੂੰ ਕਿਹਾ, "ਮੈਨੂੰ ਆਪਣੇ ਪਰਿਵਾਰ ਅਤੇ ਆਪਣੀ ਜ਼ਿੰਦਗੀ ਬਾਰੇ ਦੱਸੋ।"
ਉਹ ਚਾਰ ਘੰਟੇ ਗੱਲ ਕਰਦੇ ਰਹੇ।
ਲੜਕੀ ਨੇ ਦੱਸਿਆ ਕਿ ਉਸ ਨੂੰ ਘਰ ਵਿੱਚ ਮੁਸ਼ਕਲਾਂ ਆ ਰਹੀਆਂ ਸਨ ਕਿਉਂਕਿ ਉਸਦਾ ਪਿਤਾ ਬੇਰੁਜ਼ਗਾਰ ਸੀ। ਉਸ ਨੇ ਕਿਹਾ, "ਕਿਰਾਇਆ ਨਾ ਦੇਣ ਕਾਰਨ ਪਰਿਵਾਰ ਨੂੰ ਕਿਸੇ ਵੀ ਸਮੇਂ ਕੱਢਿਆ ਜਾ ਸਕਦਾ ਸੀ।" ਇਹ ਕਹਿੰਦਿਆਂ ਉਸ ਨੇ ਰੋਣਾ ਸ਼ੁਰੂ ਕਰ ਦਿੱਤਾ।
ਫਿਰ ਉਹ ਚੁੱਪ ਹੋ ਗਈ। ਕੌਂਸਲਰ ਨੇ ਉਸ ਨੂੰ ਆਪਣੇ ਸਕੂਲ ਦੀਆਂ ਜੈਂਡਰ ਕਲਾਸਾਂ ਬਾਰੇ ਦੱਸਿਆ ਅਤੇ ਦੱਸਿਆ ਕਿ ਕਿਵੇਂ ਬੱਚਿਆਂ ਨਾਲ ਦੁਰਵਿਵਹਾਰ ਆਮ ਗੱਲ ਹੈ।
ਕੁੜੀ ਨੇ ਨਾਲ ਹੀ ਕਿਹਾ,"ਮੇਰੇ ਘਰ ਵਿੱਚ ਵੀ ਕੁਝ ਅਜਿਹਾ ਹੋ ਰਿਹਾ ਹੈ। ਮੇਰੇ ਪਿਤਾ ਮੇਰੀ ਮਾਂ ਨੂੰ ਗਾਲਾਂ ਕੱਢਦੇ ਹਨ।"
ਕਾਊਂਸਲਰਾਂ ਨੇ ਪੁੱਛਿਆ ਕਿ, ਕੀ ਉਹ ਕੁਝ ਵੇਰਵੇ ਸਾਂਝੇ ਕਰ ਸਕਦੀ ਹੈ।
ਇਹ ਵੀ ਪੜ੍ਹੋ:
ਉਸ ਨੇ ਕਿਹਾ ਕਿ ਉਸ ਦਾ ਇੱਕ ਵਾਰ ਇੱਕ ਵਿਅਕਤੀ ਨੇ ਸ਼ੋਸ਼ਣ ਕੀਤਾ ਸੀ ਜੋ ਉਸਦੀ ਮਾਂ ਨੂੰ ਮਿਲਣ ਆਇਆ ਸੀ। ਉਸਨੇ ਕਿਹਾ, ਪਰ ਉਸ ਤੋਂ ਬਾਅਦ ਬਹੁਤ ਸਾਰੇ ਆਦਮੀ ਉਸ ਦੀ ਮਾਂ ਨੂੰ ਦੇਖਣ ਲਈ ਆਉਂਦੇ ਸੀ, ਜਦੋਂ ਉਹ ਸਕੂਲ ਵਿੱਚ ਹੁੰਦੀ ਸੀ।
ਉਸ ਨੇ ਦੱਸਿਆ, "ਫਿਰ ਹੋਰ ਮਰਦ ਘਰ ਆਉਣ ਲੱਗੇ ਸਨ। ਦੇਰ ਰਾਤ ਸ਼ਰਾਬ ਪੀਣ ਤੋਂ ਬਾਅਦ ਉਹ ਮਾਂ ਦਾ ਸਰੀਰਕ ਸ਼ੋਸ਼ਣ ਕਰਦੇ ਹੋਣਗੇ।"
‘ਮਰਦ ਮੇਰੀ ਮਾਂ ਨੂੰ ਕਮਰੇ ’ਚ ਲੈ ਜਾਂਦੇ ਸੀ’
ਕਾਉਂਸਲਰ ਨੇ ਉਸ ਨੂੰ ਪੁੱਛਿਆ ਕਿ, ਕੀ ਉਹ ਗਰਭ ਨਿਰੋਧ ਬਾਰੇ ਜਾਣਦੀ ਹੈ ਜਿਸ ਨਾਲ ਗਰਭਵਤੀ ਹੋਣ ਅਤੇ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
"ਨਹੀਂ, ਨਹੀਂ, ਅਸੀਂ ਕੰਡੋਮ ਦੀ ਵਰਤੋਂ ਕਰਦੇ ਹਾਂ," ਲੜਕੀ ਨੇ ਕਿਹਾ।
ਇਹ ਪਹਿਲੀ ਵਾਰ ਸੀ, ਜਦੋਂ ਗੱਲਬਾਤ ਦੌਰਾਨ, ਉਸ ਨੇ ਸੈਕਸ ਕਰਨ ਦੀ ਗੱਲ ਕਬੂਲ ਕੀਤੀ।
ਉਸ ਤੋਂ ਬਾਅਦ ਉਸ ਨੇ ਆਪਣੇ ਗੁਆਚੇ ਬਚਪਨ ਦੀ ਦੁਖਦਾਈ ਕਹਾਣੀ ਸੁਣਾਈ।
ਉਸ ਨੇ ਦੱਸਿਆ, "ਮਰਦ ਆਉਂਦੇ ਸਨ ਅਤੇ ਮੇਰੀ ਮਾਂ ਨੂੰ ਸੌਣ ਵਾਲੇ ਕਮਰੇ ਵਿੱਚ ਲੈ ਜਾਂਦੇ ਸਨ। ਮੈਂ ਸੋਚਿਆ ਕਿ ਇਹ ਆਮ ਗੱਲ ਹੈ ਅਤੇ ਫਿਰ ਮੇਰੇ ਪਿਤਾ ਨੇ ਮੈਨੂੰ ਅਜਨਬੀਆਂ ਨਾਲ ਕਮਰੇ ਵਿਚ ਧੱਕ ਦਿੱਤਾ।"
ਕਈ ਵਾਰ ਉਸ ਦੇ ਪਿਤਾ ਨੇ ਉਸ ਨੂੰ ਆਪਣੀਆਂ ਨਗਨ ਤਸਵੀਰਾਂ ਖਿੱਚਣ ਲਈ ਮਜ਼ਬੂਰ ਕੀਤਾ ਅਤੇ ਉਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਆਦਮੀਆਂ ਕੋਲ ਭੇਜਿਆ ਜੋ ਉਸ ਨੂੰ ਮਿਲਣ ਆਉਂਦੇ ਸਨ।
ਉਸ ਨੇ ਦੱਸਿਆ ਕਿ ਇਸ ਸਾਲ ਦੇ ਸ਼ੁਰੂ ਵਿੱਚ ਉਸ ਦੇ ਮਾਂ-ਪਿਓ ਘਬਰਾ ਗਏ, ਜਦੋਂ ਉਸ ਨੂੰ ਤਿੰਨ ਮਹੀਨਿਆਂ ਲਈ ਮਹਾਵਾਰੀ ਨਹੀਂ ਆਈ। ਉਹ ਉਸ ਨੂੰ ਇੱਕ ਡਾਕਟਰ ਕੋਲ ਲੈ ਗਏ, ਜਿਸ ਨੇ ਅਲਟਰਾਸਾਉਂਡ ਕਰਵਾਉਣ ਲਈ ਕਿਹਾ ਅਤੇ ਕੁਝ ਦਵਾਈਆਂ ਦਿੱਤੀਆਂ।
ਹੁਣ ਤੱਕ, ਕਾਊਂਸਲਰ ਨੂੰ ਯਕੀਨ ਹੋ ਗਿਆ ਸੀ ਕਿ ਲੜਕੀ ਸੀਰੀਅਲ ਰੇਪ ਦੀ ਸ਼ਿਕਾਰ ਸੀ। ਉਸ ਨੇ ਬਾਲ ਭਲਾਈ ਕੇਂਦਰ ਦੇ ਅਫ਼ਸਰਾਂ ਨੂੰ ਬੁਲਾਇਆ, ਅਤੇ ਲੜਕੀ ਨੂੰ ਦੱਸਿਆ ਕਿ ਉਹ ਉਸ ਨੂੰ ਇੱਕ ਸ਼ੈਲਟਰ ਹੋਮ ਲੈ ਜਾ ਰਹੇ ਹਨ। ਉਹ ਬੇਖ਼ਬਰ ਨਜ਼ਰ ਆਈ।
ਉਸ ਦੀ ਮਾਂ, ਅਧਿਆਪਕਾ ਨਾਲ ਮੀਟਿੰਗ ਤੋਂ ਬਾਅਦ ਬਾਹਰ ਆਈ, ਆਪਣੀ ਧੀ ਨੂੰ ਕਾਰ ਵਿੱਚ ਬੈਠ ਕੇ ਜਾਂਦਿਆਂ ਵੇਖਿਆ ਤਾਂ ਚੀਕਣ ਲੱਗੀ।
"ਤੁਸੀਂ ਮੇਰੀ ਬੇਟੀ ਨੂੰ ਕਿਵੇਂ ਲਿਜਾ ਸਕਦੇ ਹੋ?"
ਕਾਉਂਸਲਰਾਂ ਨੇ ਉਸ ਨੂੰ ਦੱਸਿਆ ਕਿ ਉਹ ਉਸ ਨੂੰ ਲੈ ਜਾ ਰਹੇ ਹਨ ਕਿਉਂਕਿ ਉਸ ਨੂੰ "ਕੁਝ ਭਾਵਨਾਤਮਕ ਸਮੱਸਿਆਵਾਂ" ਸਨ ਅਤੇ ਉਸ ਦੀ ਕਾਊਂਸਲਿੰਗ ਦੀ ਜ਼ਰੂਰਤ ਹੈ।
"ਮੇਰੀ ਇਜਾਜ਼ਤ ਤੋਂ ਬਿਨਾਂ ਮੇਰੀ ਧੀ ਨੂੰ ਸਲਾਹ ਦੇਣ ਵਾਲੇ ਤੁਸੀਂ ਕੌਣ ਹੁੰਦੇ ਹੋ?"
ਉਸਦੀ ਧੀ ਸ਼ੈਲਟਰ ਹੌਮ ਲਈ ਉਸ ਵੇਲੇ ਤੱਕ ਨਿਕਲ ਚੁੱਕੀ ਸੀ। ਪਿਛਲੇ ਦੋ ਮਹੀਨਿਆਂ ਤੋਂ, ਉਹ ਉਥੇ ਦੂਜੀਆਂ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਰ ਕੁੜੀਆਂ ਨਾਲ ਰਹਿ ਰਹੀ ਹੈ।
ਬੱਚਿਆਂ ਨਾਲ ਹੋ ਰਹੇ ਜਿਨਸੀ ਸ਼ੋਸ਼ਣ ਵਿੱਚ ਭਾਰਤ ਦਾ ਸ਼ਰਮਨਾਕ ਰਿਕਾਰਡ ਹੈ। ਸਰਕਾਰੀ ਰਿਕਾਰਡਾਂ ਅਨੁਸਾਰ ਜ਼ਿਆਦਾਤਰ ਸੋਸ਼ਣ, ਪੀੜਤ ਲੋਕਾਂ ਨੂੰ ਜਾਣਨ ਵਾਲੇ, ਜਿਵੇਂ ਕਿ ਰਿਸ਼ਤੇਦਾਰ, ਗੁਆਂਢੀ ਆਦਿ ਕਰਦੇ ਹਨ।
ਭਾਰਤ ਵਿੱਚ ਬੱਚਿਆਂ ਖਿਲਾਫ਼ ਅਪਰਾਧ
2017 ਦੇ ਸਭ ਤੋਂ ਤਾਜ਼ਾ ਅੰਕੜਿਆਂ ਅਨੁਸਾਰ, ਉਸ ਸਾਲ ਭਾਰਤ ਵਿੱਚ ਬੱਚਿਆਂ ਨਾਲ ਬਲਾਤਕਾਰ ਦੇ 10,221 ਮਾਮਲੇ ਦਰਜ ਹੋਏ ਸਨ। ਦੇਸ ਵਿੱਚ ਬੱਚਿਆਂ ਦੇ ਖਿਲਾਫ ਹੁੰਦੇ ਅਪਰਾਧ ਪਿਛਲੇ ਸਾਲਾਂ ਵਿੱਚ ਲਗਾਤਾਰ ਵਧ ਰਹੇ ਹਨ।
ਕਾਉਂਸਲਰ ਕਹਿੰਦੇ ਹਨ ਕਿ ਇਸ ਤਰ੍ਹਾਂ ਦੀਆਂ ਭਿਆਨਕ ਕਹਾਣੀਆਂ ਅਸਧਾਰਨ ਨਹੀਂ ਹਨ। ਉਸ ਸ਼ੈਲਟਰ ਹੌਮ ਵਿੱਚ ਜਿੱਥੇ ਲੜਕੀ ਰਹਿ ਰਹੀ ਹੈ, ਉਥੇ ਤਿੰਨ ਲੜਕੀਆਂ ਅਜਿਹੀਆਂ ਹਨ ਜਿਨ੍ਹਾਂ ਦੀ ਉਮਰ 12 ਤੋਂ 16 ਸਾਲ ਦੇ ਵਿਚਕਾਰ ਹੈ ਅਤੇ ਉਨ੍ਹਾਂ ਦੇ ਪਿਤਾ ਨੇ ਹੀ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ।
ਇੱਕ ਕਾਉਂਸਲਰ ਨੇ ਕਿਹਾ ਕਿ ਉਸ ਨੇ ਇੱਕ 15 ਸਾਲਾ ਗਰਭਵਤੀ ਲੜਕੀ ਨੂੰ ਪ੍ਰੀਖਿਆ ਹਾਲ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ ਸੀ। ਉਸ ਦੇ ਪਿਤਾ ਨੇ ਉਸ ਦਾ ਬਲਾਤਕਾਰ ਕੀਤਾ ਸੀ।
ਕਾਊਂਸਲਰ ਨੇ ਕਿਹਾ, "ਜਦੋਂ ਅਸੀਂ ਲੜਕੀ ਨੂੰ ਬੱਚੇ ਦੇ ਜੰਮਣ ਵੇਲੇ ਸਮਰਪਣ ਕਰਨ ਲਈ ਕਿਹਾ, ਤਾਂ ਉਸ ਨੇ ਕਿਹਾ, 'ਮੈਂ ਆਪਣੇ ਬੱਚੇ ਨੂੰ ਕਿਉਂ ਛੱਡ ਦੇਵਾਂ? ਇਹ ਮੇਰੇ ਪਿਤਾ ਦਾ ਬੱਚਾ ਹੈ। ਮੈਂ ਬੱਚੇ ਨੂੰ ਪਾਲ ਲਵਾਂਗੀ।"
ਸ਼ੈਲਟਰ ਹੋਮ ਵਿੱਚ ਪੀੜਤ ਕੁੜੀ ਕੁਝ ਦਿਨਾਂ ਤੱਕ ਦਾ ਖੂਬ ਸੌਂਦੀ ਰਹੀ ਸੀ। ਫਿਰ ਉਸਨੇ ਕੰਧਾਂ ਉੱਤੇ ਲਿੱਖਿਆ ਕਿ ਉਹ ਆਪਣੀ ਅੰਮਾ (ਮਾਂ) ਨੂੰ ਕਿੰਨਾ ਪਿਆਰ ਕਰਦੀ ਹੈ।
ਉਸ ਦੀ ਮਾਂ ਕਹਿੰਦੀ ਹੈ, "ਮੇਰੀ ਧੀ ਨੇ [ਜਿਨਸੀ ਸ਼ੋਸ਼ਣ ਦੀ] ਕਹਾਣੀ ਇਸ ਲਈ ਬਣਾਈ ਹੈ ਕਿਉਂਕਿ ਉਹ ਸਾਡੇ ਨਾਲ ਲੜ ਰਹੀ ਸੀ ਅਤੇ ਸਾਨੂੰ ਸਬਕ ਸਿਖਾਉਣਾ ਚਾਹੁੰਦੀ ਸੀ।"
ਉਸ ਦੀ ਮਾਂ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਚੀਜ਼ਾਂ ਇੰਨੀਆਂ ਮਾੜੀਆਂ ਨਹੀਂ ਹੁੰਦੀਆਂ ਸਨ। ਉਸ ਦਾ ਪਤੀ ਕਈ ਵਾਰੀ ਆਪਣੀ ਨੌਕਰੀ 'ਚ ਇੱਕ ਦਿਨ ਵਿੱਚ 1000 ਰੁਪਏ ਕਮਾ ਲੈਂਦਾ ਸੀ।
‘ਸੌਰੀ ਅੰਮਾ’
ਹੁਣ ਉਹ ਇਕ ਖਾਲੀ ਮਕਾਨ ਵਿੱਚ ਇਕੱਲੀ ਰਹਿ ਰਹੀ ਸੀ - ਉਸ ਦਾ ਪਤੀ ਜੇਲ੍ਹ ਵਿੱਚ ਸੁਣਵਾਈ ਦੀ ਉਡੀਕ ਵਿੱਚ ਹੈ, ਉਸ ਦੀ ਧੀ ਸ਼ੈਲਟਰ ਹੋਮ ਵਿੱਚ ਹੈ।
ਲੜਕੀ ਦੀ ਮਾਂ ਨੇ ਬੀਬੀਸੀ ਨੂੰ ਦੱਸਿਆ, "ਮੈਂ ਇਕ ਦੇਖਭਾਲ ਕਰਨ ਵਾਲੀ ਮਾਂ ਹਾਂ। ਉਸ ਨੂੰ ਮੇਰੀ ਲੋੜ ਹੈ।"
ਪੇਂਟ ਖਰਾਬ ਕੰਧਾਂ ਤੋਂ ਛਿਲ ਰਿਹਾ ਹੈ। ਉਸ ਦੀ ਗ਼ੈਰ-ਹਾਜ਼ਰੀ ਵਿੱਚ, ਕੰਧਾਂ ਹੀ ਹਨ ਜਿੱਥੇ ਉਸ ਦੀ ਧੀ ਦੀਆਂ ਯਾਦਾਂ ਮੌਜੂਦ ਹਨ।
ਮਾਂ ਨੇ ਕਿਹਾ, "ਉਹ ਕੰਧਾਂ 'ਤੇ ਕੁਝ ਨਾ ਕੁਝ ਬਣਾਉਂਦੀ ਜਾਂ ਲਿਖਦੀ ਹੋਵੇਗੀ। ਇਹ ਸਭ ਹੀ ਉਹ ਕਰਦੀ ਸੀ।"
ਕੁੜੀ ਨੇ ਇੱਕ ਕਾਗਜ਼ ਨੂੰ ਦਰਵਾਜ਼ੇ 'ਤੇ ਚਿਪਕਾਇਆ ਹੋਇਆ ਸੀ, ਜਿਸ 'ਤੇ ਲਿਖਿਆ ਸੀ, "ਦੋਸਤੋ। ਜੇ ਮੈਂ ਆਪਣੀਆਂ ਮਨ ਦੀਆਂ ਭਾਵਨਾਵਾਂ ਨੂੰ ਖੁੱਲ੍ਹ ਕੇ ਜ਼ਾਹਰ ਕਰ ਸਕਦੀ ਤਾਂ ਇਹ ਆਪਣੇ ਆਪ ਵਿੱਚ ਇੱਕ ਪ੍ਰਾਪਤੀ ਹੋਵੇਗੀ।"
ਕੁੜੀ ਨੇ ਕਾਗਜ਼ ਉੱਤੇ ਲਿਖਿਆ ਸੀ ਅਤੇ ਦਰਵਾਜ਼ੇ 'ਤੇ ਚਿਪਕਾਇਆ ਸੀ।
ਕੁਝ ਮਹੀਨੇ ਪਹਿਲਾਂ ਮਾਂ ਤੇ ਧੀ ਦੀ ਲੜਾਈ ਹੋਈ ਸੀ।
ਜਦੋਂ ਲੜਕੀ ਸਕੂਲ ਤੋਂ ਵਾਪਸ ਆਈ, ਉਸਨੇ ਕੁਝ ਨੀਲੇ ਰੰਗ ਦਾ ਪੇਸਟਲ ਲਿਆ, ਦਰੱਖਤ, ਮਕਾਨ ਤੇ ਚਿਮਨੀ ਦੀ ਤਸਵੀਰ ਬਣਾਈ। ਇਹ ਉਹੋ ਸੀ ਜੋ ਉਸਦੀ ਉਮਰ ਵਿੱਚ ਬਹੁਤ ਸਾਰੀਆਂ ਕੁੜੀਆਂ ਕਲਪਨਾ 'ਤੋਂ ਆਕਰਸ਼ਤ ਹੋ ਕੇ ਕਰਦੀਆਂ ਹਨ।
ਫੇਰ ਉਹ ਝੱਟ ਦਰਵਾਜ਼ੇ 'ਤੇ ਮੁਆਫੀ ਲਿਖਦੇ ਹੋਏ ਬਾਹਰ ਚਲੀ ਗਈ।
"ਸੌਰੀ ਅੰਮਾ," ਕੁੜੀ ਨੇ ਲਿਖਿਆ।
ਇਹ ਵੀ ਪੜ੍ਹੋ: