ਨਾਗਰਿਕਤਾ ਸੋਧ ਬਿੱਲ : ਭਾਜਪਾ ਦੇ ਉਲਟ ਸਟੈਂਡ ਦੇ ਬਾਵਜੂਦ ਅਕਾਲੀ ਦਲ ਹੱਕ 'ਚ ਭੁਗਤਿਆ - 10 ਅਹਿਮ ਗੱਲਾਂ

ਸੋਮਵਾਰ ਨੂੰ 14 ਘੰਟਿਆਂ ਦੀ ਬਹਿਸ ਤੋਂ ਬਾਅਦ ਅਖੀਰ ਨਾਗਰਿਕਤਾ ਸੋਧ ਬਿੱਲ ਲੋਕ ਸਭਾ ਵਿਚ ਪਾਸ ਹੋ ਗਿਆ ਹੈ। ਬਿੱਲ ਦੇ ਪੱਖ ਵਿੱਚ 311, ਜਦੋਂਕਿ ਵਿਰੋਧ ਵਿੱਚ 80 ਵੋਟਾਂ ਪਈਆਂ। ਅਕਾਲੀ ਦਲ ਅਤੇ ਸ਼ਿਵ ਸੈਨਾ ਨੇ ਬਿੱਲ ਦੇ ਹੱਕ ਵਿੱਚ ਵੋਟਿੰਗ ਕੀਤੀ ਹੈ।

ਬਿੱਲ ਨਾਲ ਜੁੜੀਆਂ 10 ਅਹਿਮ ਗੱਲਾਂ

  • ਲੋਕ ਸਭਾ ਵਿਚ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਵਧਾਈ ਦਿੱਤੀ। ਉਨ੍ਹਾਂ ਨੇ ਖ਼ਾਸ ਤੌਰ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ।
  • ਬਿਲ 'ਤੇ ਚਰਚਾ ਕਰਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਾ ਤਾਂ ਮੁਸਲਮਾਨਾਂ ਅਤੇ ਨਾ ਹੀ ਉੱਤਰ-ਪੂਰਬ ਵਿਚ ਰਹਿੰਦੇ ਲੋਕਾਂ ਨੂੰ ਇਸ ਬਿੱਲ ਬਾਰੇ ਚਿੰਤਾ ਕਰਨ ਦੀ ਲੋੜ ਹੈ।
  • ਅਮਿਤ ਸ਼ਾਹ ਨੇ ਚਰਚਾ ਦੌਰਾਨ ਉਨ੍ਹਾਂ ਗੱਲਾਂ ਨੂੰ ਵੀ ਖਾਰਿਜ ਕਰ ਦਿੱਤਾ ਜਿਨ੍ਹਾਂ ਦੇ ਤਹਿਤ ਇਸ ਬਿੱਲ ਨੂੰ ਮੁਸਲਮਾਨ ਵਿਰੋਧੀ ਕਿਹਾ ਜਾ ਰਿਹਾ ਸੀ।
  • ਅਮਿਤ ਸ਼ਾਹ ਨੇ ਉਨ੍ਹਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ ਜਿਸ ਵਿੱਚ ਭਾਰਤ ਨੂੰ ਹਿੰਦੂ ਪਾਕਿਸਤਾਨ ਕਹਿਣ ਦੀ ਗੱਲ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਅਜਿਹੀਆਂ ਗੱਲਾਂ ਪੂਰੀ ਤਰ੍ਹਾਂ ਗਲਤ ਹਨ।

ਇਹ ਵੀ ਪੜ੍ਹੋ:

5. ਅਮਿਤ ਸ਼ਾਹ ਨੇ ਸੰਸਦ ਵਿਚ ਚਰਚਾ ਦੌਰਾਨ ਕਿਹਾ ਕਿ ਇਸ ਬਿਲ 'ਤੇ ਉੱਤਰ-ਪੂਰਬ ਦੇ ਕਈ ਸੂਬਿਆਂ ਅਤੇ ਇਲਾਕਿਆਂ ਨੂੰ ਵੱਖ ਰੱਖਿਆ ਗਿਆ ਹੈ। ਇਨ੍ਹਾਂ ਸੂਬਿਆਂ ਅਤੇ ਇਲਾਕਿਆਂ ਵਿਚ ਇਹ ਬਿਲ ਲਾਗੂ ਨਹੀਂ ਹੋਵੇਗਾ।

6. ਭਾਵੇਂ ਕਿ ਸ਼ਿਵ ਸੈਨਾ ਨੇ ਮਹਾਰਾਸ਼ਟਰ ਵਿਚ ਭਾਜਪਾ ਨਾਲ ਆਪਣਾ ਗਠਜੋੜ ਤੋੜ ਲਿਆ ਹੋਵੇ ਪਰ ਉਸ ਨੇ ਇਸ ਬਿੱਲ ਨੂੰ ਪੇਸ਼ ਕਰਨ ਨੂੰ ਲੈ ਕੇ ਭਾਜਪਾ ਦੇ ਹੱਕ ਵਿਚ ਵੋਟ ਭੁਗਤਾਈ।ਇਸੇ ਤਰ੍ਹਾਂ ਅਕਾਲੀ ਦਲ ਨੇ ਮੁਸਲਮਾਨਾਂ ਨੂੰ ਇਸ ਬਿੱਲ ਵਿਚ ਸ਼ਾਮਲ ਕਰਨ ਦੀ ਮੰਗ ਤਾਂ ਕੀਤੀ ਪਰ ਬਿੱਲ ਦਾ ਸਮਰਥਨ ਕੀਤਾ। ਅਕਾਲੀ ਦਲ ਵਲੋਂ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਮਸੁਲਮਾਨਾਂ ਨੂੰ ਇਸ ਬਿੱਲ ਤੋਂ ਬਾਹਰ ਨਹੀਂ ਰੱਖਿਆ ਜਾਣਾ ਚਾਹੀਦਾ, ਪਰ ਅਫ਼ਗਾਨ ਤੋਂ ਆਕੇ ਭਾਰਤ ਰਹਿ ਰਹੇ ਸਿੱਖਾਂ ਦੇ ਹਵਾਲੇ ਨਾਲ ਅਕਾਲੀ ਦਲ ਨੇ ਬਿੱਲ ਦੇ ਹੱਕ ਵਿਚ ਵੋਟ ਪਾਈ।

7. ਕਾਂਗਰਸ ਨੇ ਇਸ ਬਿੱਲ ਦਾ ਸਖ਼ਤ ਵਿਰੋਧ ਕੀਤਾ ਹੈ। ਕਾਂਗਰਸ ਦਾ ਮੰਨਣਾ ਹੈ ਕਿ ਇਹ ਬਿੱਲ ਸੰਵਿਧਾਨ ਦੀ ਪੂਰੀ ਤਰ੍ਹਾਂ ਉਲੰਘਣਾ ਕਰਦਾ ਹੈ।

8. ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਇਸ ਬਿੱਲ ਨੂੰ ਲੈ ਕੇ ਭਾਜਪਾ ਦੀ ਸੋਚ ਜਿਨਹਾ ਨਾਲ ਮਿਲਦੀ ਹੈ।

9. ਬਿਲ ਦਾ ਵਿਰੋਧ ਕਰਦਿਆਂ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਸਦਨ ਵਿੱਚ ਚਰਚਾ ਦੌਰਾਨ ਇਸ ਨੂੰ ਪਾੜ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬਿੱਲ ਮੁਸਲਮਾਨਾਂ ਨਾਲ ਵਿਤਕਰਾ ਕਰਨ ਵਾਲਾ ਹੈ।

10. ਸਰਕਾਰ ਲੋਕ ਸਭਾ ਵਿੱਚ ਇਸ ਬਿੱਲ ਨੂੰ ਪਾਸ ਕਰਾਉਣ ਤੋਂ ਬਾਅਦ ਇਸ ਨੂੰ ਰਾਜ ਸਭਾ ਵਿੱਚ ਪਾਸ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਜ ਸਭਾ ਵਿੱਚ ਭਾਜਪਾ ਨੂੰ ਬੀਜੇਡੀ ਦਾ ਸਮਰਥਨ ਮਿਲ ਸਕਦਾ ਹੈ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)