UK Election: ਐਗਜ਼ਿਟ ਪੋਲ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਪੂਰਨ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ

ਬਰਤਾਨੀਆ ਦੀਆਂ ਆਮ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਇੱਕ ਵਾਰ ਮੁੜ ਤੋਂ ਸੱਤਾ ਵਿੱਚ ਆਉਂਦੀ ਨਜ਼ਰ ਆ ਰਹੀ ਹੈ।

ਯੂਕੇ ਵਿੱਚ ਆਮ ਚੋਣਾਂ ਲਈ ਵੋਟਿੰਗ ਵੀਰਵਾਰ ਸਵੇਰੇ 7 ਵਜੇ (ਯੂਕੇ ਸਮੇਂ ਅਨੁਸਾਰ) ਤੋਂ ਸ਼ੁਰੂ ਹੋ ਗਈ ਸੀ ਜੋ ਰਾਤ 10 ਵਜੇ ਤੱਕ ਚੱਲੀ।

ਇਸ ਐਗਜ਼ਿਟ ਪੋਲ ਵਿੱਚ ਬੌਰਿਸ ਜੌਨਸਨ ਦੀ ਕੰਜ਼ਰਵੇਟਿਵ ਪਾਰਟੀ ਨੂੰ ਪੂਰਨ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ।

ਐਗਜ਼ਿਟ ਪੋਲ ਅਨੁਸਾਰ 650 ਸੀਟਾਂ ਵਾਲੀ ਸੰਸਦ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ 368, ਲੇਬਰ ਪਾਰਟੀ ਨੂੰ 191, ਲਿਬਰਲ ਡੇਮੋਕਰੇਟਸ ਨੂੰ 13, ਐੱਸਐੱਨਪੀ ਨੂੰ 55 ਜਦਕਿ ਬ੍ਰੈਗਜ਼ਿਟ ਪਾਰਟੀ ਨੂੰ ਸੀਟ ਮਿਲਦੀ ਨਜ਼ਰ ਨਹੀਂ ਆ ਰਹੀ ਹੈ।

650 ਹਲਕਿਆਂ ਤੋਂ 3,322 ਸੰਸਦ ਮੈਂਬਰ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਮੈਂਬਰਾਂ ਨੂੰ ਲੰਡਨ ਵਿਚਲੀ ਸੰਸਦ ਦੇ ਦੋ ਚੈਂਬਰਾਂ ਵਿੱਚੋਂ ਇੱਕ ਹਾਊਸ ਆਫ਼ ਕਾਮਨ ਲਈ ਚੁਣਿਆ ਜਾਂਦਾ ਹੈ ਅਤੇ ਦੇਸ ਨੂੰ ਚਲਾਉਣ ਲਈ ਸਰਕਾਰ ਕਾਨੂੰਨ ਪਾਸ ਕਰਦੀ ਹੈ।

1923 ਤੋਂ ਲੈ ਕੇ ਇਹ ਪਹਿਲੀ ਵਾਰੀ ਹੈ ਕਿ ਚੋਣਾਂ ਦਸੰਬਰ ਵਿੱਚ ਹੋ ਰਹੀਆਂ ਹਨ। ਯੂਕੇ ਵਿੱਚ ਚੋਣਾਂ ਅਕਸਰ ਮਈ ਜਾਂ ਜੂਨ ਵਿੱਚ ਹੁੰਦੀਆਂ ਹਨ। ਬੀਤੇ 100 ਸਾਲਾਂ ਵਿੱਚ ਇਹ ਪਹਿਲੀਆਂ ਆਮ ਚੋਣਾਂ ਹਨ ਜੋ ਕਿ ਦਸੰਬਰ ਮਹੀਨੇ ਵਿੱਚ ਹੋ ਰਹੀਆਂ ਹਨ।

ਇਹ ਵੀ ਪੜ੍ਹੋ:-

ਸਵੇਰੇ ਵੋਟਿੰਗ ਸ਼ੁਰੂ ਹੁੰਦਿਆਂ ਹੀ ਕੁਝ ਲੋਕਾਂ ਨੇ ਪੋਲਿੰਗ ਸਟੇਸ਼ਨ 'ਤੇ ਮੌਜੂਦ ਕੁੱਤਿਆਂ ਦੀਆਂ ਤਸਵੀਰਾਂ ਪੋਸਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਯੂਕੇ ਵਿੱਚ ਟਵਿੱਟਰ 'ਤੇ #dogsatpollingstations ਟਰੈਂਡ ਕਰ ਰਿਹਾ ਸੀ।

ਚੋਣਾਂ ਕਿਵੇਂ ਹੁੰਦੀਆਂ?

ਉਂਝ ਯੂਕੇ ਵਿੱਚ ਹਰੇਕ ਚਾਰ ਜਾਂ ਪੰਜ ਸਾਲਾਂ ਬਾਅਦ ਚੋਣਾਂ ਹੁੰਦੀਆਂ ਹਨ ਪਰ ਅਕਤੂਬਰ ਵਿੱਚ ਸੰਸਦ ਮੈਂਬਰਾਂ ਨੇ 12 ਦਸੰਬਰ ਵਿੱਚ ਆਮ ਚੋਣਾਂ ਕਰਵਾਏ ਜਾਣ ਦੇ ਪੱਖ ਵਿੱਚ ਰਸਮੀ ਵੋਟ ਰਾਹੀਂ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਮਤੇ ਦਾ ਸਮਰਥਨ ਕੀਤਾ ਸੀ।

ਆਮ ਚੋਣਾਂ ਵਿੱਚ ਯੂਕੇ ਦੇ 4.6 ਕਰੋੜ ਲੋਕ ਆਪਣੇ ਹਲਕਿਆਂ ਦੇ ਸੰਸਦ ਮੈਂਬਰਾਂ ਦੀ ਚੋਣ ਕਰਦੇ ਹਨ। ਯੂਕੇ ਵਿੱਚ ਕੁੱਲ 650 ਹਲਕੇ ਹਨ।

ਕੋਈ ਵੀ ਵਿਅਕਤੀ, ਜਿਸ ਦੀ ਉਮਰ 18 ਸਾਲ ਜਾਂ ਵੱਧ ਹੋਵੇ ਅਤੇ ਉਹ ਬਰਤਾਨੀਆ ਜਾਂ ਕਾਮਨਵੈਲਥ ਜਾਂ ਰਿਪਬਲਿਕ ਆਫ ਆਇਰਲੈਂਡ ਦਾ ਨਾਗਰਿਕ ਹੋਵੇ, ਚੋਣਾਂ ਵਿੱਚ ਹਿੱਸਾ ਲੈ ਸਕਦਾ ਹੈ ਤੇ ਵੋਟ ਪਾ ਸਕਦਾ ਹੈ।

ਸਾਲ 2017 ਦੀਆਂ ਆਮ ਚੋਣਾਂ ਵਿੱਚ 20 ਤੋਂ 24 ਦੀ ਉਮਰ ਦੇ ਲੋਕਾਂ ਨੇ 59 ਫੀਸਦ ਵੋਟ ਪਾਈ ਸੀ ਜਦ ਕਿ 60 ਤੋਂ 69 ਸਾਲ ਦੀ ਉਮਰ ਵਾਲੇ ਲੋਕਾਂ ਦੀ ਵੋਟਿੰਗ 77 ਫੀਸਦ ਰਹੀ ਸੀ।

ਇਹ ਵੀ ਪੜ੍ਹੋ :

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)