You’re viewing a text-only version of this website that uses less data. View the main version of the website including all images and videos.
ਪਾਕਿਸਤਾਨ: ਵਕੀਲ ਨੂੰ ਹਥਕੜੀ ਲਗਾਉਣ ਵਾਲੀ ਕਾਂਸਟੇਬਲ ਨੇ ਕਿਉਂ ਦਿੱਤਾ ਅਸਤੀਫ਼ਾ
ਪਾਕਿਸਤਾਨ ਵਿੱਚ ਇੱਕ ਮਹਿਲਾ ਪੁਲਿਸ ਕਾਂਸਟੇਬਲ ਨੇ ਨਿਆਇਕ ਪ੍ਰਬੰਧ ਤੋਂ ਨਾਰਾਜ਼ ਹੋ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਫਿਰੋਜ਼ਵਾਲਾ ਇਲਾਕੇ ਵਿੱਚ ਤਾਇਨਾਤ ਫੈਜ਼ਾ ਨਵਾਜ਼ ਦਾ ਇੱਕ ਵੀਡੀਓ ਕੁਝ ਦਿਨ ਪਹਿਲਾਂ ਵਾਇਰਲ ਹੋਇਆ ਸੀ ਜਿਸ 'ਚ ਉਹ ਇੱਕ ਵਕੀਲ ਨੂੰ ਹਥਕੜੀਆਂ ਲਗਾ ਕੇ ਅਦਾਲਤ ਵੱਲ ਲਿਜਾਉਂਦੀ ਹੋਈ ਦਿਖਾਈ ਦੇ ਰਹੀ ਹੈ।
ਫੈਜ਼ਾ ਨਵਾਜ਼ ਨੇ ਆਪਣੇ ਅਸਤੀਫੇ ਦੇ ਨਾਲ ਇੱਕ ਵੀਡੀਓ ਵੀ ਬਣਾਇਆ ਹੈ ਜਿਸ ਵਿੱਚ ਉਸ ਨੇ ਅਸਤੀਫੇ ਦਾ ਕਾਰਨ ਅਤੇ ਨਿਆਇਕ ਪ੍ਰਕਿਰਿਆ ਵਿੱਚ ਆਉਣ ਵਾਲੀਆਂ ਦਿੱਕਤਾਂ ਦਾ ਜ਼ਿਕਰ ਕੀਤਾ ਹੈ।
ਵੀਡੀਓ ਵਿੱਚ ਫੈਜ਼ਾ ਕਹਿ ਕਹੀ ਹੈ, "ਮੈਂ ਬਹੁਤ ਅਫਸੋਸ ਦੇ ਨਾਲ ਬੋਲ ਰਹੀ ਹਾਂ ਕਿ ਮੈਨੂੰ ਇਨਸਾਫ਼ ਮਿਲਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਮੇਰੇ ਆਪਣੇ ਮਹਿਕਮੇ ਦੇ ਲੋਕਾਂ ਦੇ ਕਾਰਨ ਐਫਆਈਆਰ ਕਮਜ਼ੋਰ ਹੋਈ ਹੈ।"
"ਮੈਂ ਇੱਕ ਪੜ੍ਹੀ ਲਿਖੀ ਕਾਂਸਟੇਬਲ ਹਾਂ। ਸਾਲ 2014 ਵਿੱਚ ਐਂਟੀ ਟੈਰੇਰਿਜ਼ਮ ਵਿਭਾਗ ਅਤੇ ਪੰਜਾਬ ਪੁਲਿਸ ਦੋਵਾਂ ਵਿੱਚ ਮੇਰੀ ਚੋਣ ਹੋਈ। ਪਰ ਮੈਂ ਦੇਸ ਦੀ ਸੇਵਾ ਅਤੇ ਔਰਤਾਂ ਨੂੰ ਇਨਸਾਫ਼ ਦਵਾਉਣ ਲਈ ਪੁਲਿਸ ਨੂੰ ਚੁਣਿਆ।"
ਇਹ ਵੀ ਪੜ੍ਹੋ:
ਫੈਜ਼ਾ ਨੇ ਵੀਡੀਓ ਵਿੱਚ ਕਿਹਾ, "ਤਾਕਤ ਦੇ ਨਸ਼ੇ ਵਿੱਚ ਚੂਰ ਵਕੀਲ ਨੇ ਮੇਰੀ ਬੇਇੱਜ਼ਤੀ ਕੀਤੀ, ਮੈਨੂੰ ਪ੍ਰੇਸ਼ਾਨ ਕੀਤਾ। ਪਹਿਲਾਂ ਤਾਂ ਉਹ ਮੈਨੂੰ ਬੋਲ ਕੇ ਪਰੇਸ਼ਾਨ ਕਰ ਰਹੇ ਸਨ, ਪਰ ਫਿਰ ਉਨ੍ਹਾਂ ਨੇ ਮੇਰੇ ਪੈਰ 'ਤੇ ਮਾਰਿਆ ਅਤੇ ਮੈਨੂੰ ਥੱਪੜ ਵੀ ਮਾਰੇ।"
ਉਸ ਨੇ ਸਿਸਟਮ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕੀਤੀ। "ਮੈਂ ਸਿਸਟਮ ਤੋਂ ਪ੍ਰੇਸ਼ਾਨ ਹੋ ਚੁੱਕੀ ਹਾਂ। ਮਾਨਸਿਕ ਤੌਰ 'ਤੇ ਮੈਂ ਬਹੁਤ ਪ੍ਰੇਸ਼ਾਨ ਹਾਂ। ਮੇਰੇ ਦਿਲ ਵਿੱਚ ਆਤਮ ਹੱਤਿਆ ਦੇ ਖਿਆਲ ਆ ਰਹੇ ਹਨ। ਮੈਨੂੰ ਆਪਣੇ ਭਵਿੱਖ ਦੀ ਚਿੰਤਾ ਹੋ ਰਹੀ ਹੈ।"
ਫੈਜ਼ਾ ਨੇ ਕਿਹਾ ਕਿ ਉਹ ਇਨ੍ਹਾਂ ਤਾਕਤਵਰ ਲੋਕਾਂ ਦਾ ਸਾਹਮਣਾ ਨਹੀਂ ਕਰ ਸਕਦੀ। ਇਸ ਲਈ ਪ੍ਰੇਸ਼ਾਨ ਹੋ ਕੇ ਆਪਣੇ ਆਹੁਦੇ ਤੋਂ ਅਸਤੀਫ਼ਾ ਦੇ ਰਹੀ ਹੈ।
ਫੈਜ਼ਾ ਅਤੇ ਵਕੀਲ ਵਿਚਾਲੇ ਵਿਵਾਦ ਕਿਉਂ ਹੋਇਆ?
ਅਹਿਮਦ ਮੁਖ਼ਤਾਰ ਨਾਮ ਦੇ ਵਕੀਲ ਫਿਰੋਜ਼ਾਵਾਲਾ ਕੋਰਟ ਵਿੱਚ ਆਪਣੀ ਗੱਡੀ ਖੜ੍ਹੀ ਕਰ ਰਹੇ ਸਨ ਕਿ ਉੱਥੇ ਫੈਜ਼ਾ ਪਹੁੰਚ ਗਈ। ਉਸ ਨੇ ਮੁਖ਼ਤਾਰ ਨੂੰ ਕਿਸੇ ਹੋਰ ਥਾਂ 'ਤੇ ਗੱਡੀ ਖੜ੍ਹੀ ਕਰਨ ਲਈ ਕਿਹਾ।
ਪਾਕਿਸਤਾਨ ਦੇ ਜਿਓ ਨਿਊਜ਼ ਦੇ ਮੁਤਾਬਕ ਫੈਜ਼ਾ ਨਵਾਜ਼ ਨੇ ਵਕੀਲ ਮੁਖ਼ਤਾਰ ਨੂੰ ਆਪਣੀ ਕਾਰ ਉੱਥੋ ਹਟਾਉਣ ਦੀ ਗੁਜ਼ਾਰਿਸ਼ ਕੀਤੀ ਅਤੇ ਕਿਹਾ ਕਿ ਉਸ ਥਾਂ ਕਾਰ ਖੜ੍ਹੀ ਕਰਨ ਨਾਲ ਦੂਜੇ ਲੋਕਾਂ ਨੂੰ ਮੁਸ਼ਕਿਲਾਂ ਆ ਸਕਦੀਆਂ ਹਨ।
ਇਸ ਤੋਂ ਬਾਅਦ ਵਕੀਲ ਮੁਖ਼ਤਾਰ ਗੁੱਸੇ ਵਿੱਚ ਆ ਗਏ ਅਤੇ ਉਨ੍ਹਾਂ ਨੇ ਕਾਂਸਟੇਬਲ ਫੈਜ਼ਾ ਨੂੰ ਥੱਪੜ ਮਾਰ ਦਿੱਤਾ। ਘਟਨਾਕ੍ਰਮ ਤੋਂ ਬਾਅਦ ਮੁਖ਼ਤਾਰ 'ਤੇ ਐੱਫ਼ਆਈਆਰ ਦਰਜ ਕੀਤੀ ਗਈ।
ਸ਼ੁੱਕਰਵਾਰ ਨੂੰ ਇੱਕ ਵਡੀਓ ਵਾਇਰਲ ਹੋਇਆ ਜਿਸ ਵਿੱਚ ਕਾਂਸਟੇਬਲ ਫੈਜ਼ਾ ਵਕੀਲ ਮੁਖਤਾਰ ਨੂੰ ਹਥਕੜੀਆਂ ਲਗਾ ਕੇ ਅਦਾਲਤ ਲਿਜਾ ਰਹੀ ਸੀ।
ਹਾਲਾਂਕਿ ਸ਼ਨੀਵਾਰ ਨੂੰ ਅਦਾਲਤ ਨੇ ਵਕੀਲ ਮੁਖ਼ਤਾਰ ਨੂੰ ਇਹ ਕਹਿੰਦੇ ਹੋਏ ਰਿਹਾਅ ਕਰ ਦਿੱਤਾ ਕਿ ਉਨ੍ਹਾਂ ਦੀ ਐੱਫਆਈਆਰ ਵਿੱਚ ਇੱਕ ਛੋਟੀ ਜਿਹੀ ਗ਼ਲਤੀ ਲਿਖੀ ਗਈ ਸੀ।
ਇਸ ਤੋਂ ਬਾਅਦ ਕਾਂਸਟੇਬਲ ਫੈਜ਼ਾ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਅਤੇ ਜਸਟਿਸ ਆਸਿਫ਼ ਸਈਦ ਖੋਸਾ ਨੂੰ ਕਿਹਾ ਕਿ ਉਨ੍ਹਾਂ ਨੂੰ ਨਿਆਂ ਦੁਆਓ।
ਇਹ ਵੀ ਪੜ੍ਹੋ:
ਸੋਸ਼ਲ ਮੀਡੀਆ 'ਤੇ ਚਰਚਾ
ਜਦੋਂ ਦੀ ਇਹ ਘਟਨਾ ਵਾਪਰੀ ਹੈ ਅਤੇ ਹੁਣ ਕਾਂਸਟੇਬਲ ਫੈਜ਼ਾ ਦੇ ਅਸਤੀਫ਼ੇ ਤੋਂ ਬਾਅਦ ਪਾਕਿਸਤਾਨ ਵਿੱਚ ਲਗਾਤਾਰ ਇਸਦੀ ਚਰਚਾ ਹੋ ਰਹੀ ਹੈ। ਲੋਕ ਪਾਕਿਸਤਾਨ ਦੇ ਨਿਆਇਕ ਪ੍ਰਬੰਧ ਅਤੇ ਔਰਤਾਂ ਦੀ ਸਥਿਤੀ 'ਤੇ ਸਵਾਲ ਚੁੱਕ ਰਹੇ ਹਨ।
ਰੱਮਾ ਐੱਸ ਚੀਮਾ ਲਿਖਦੀ ਹੈ, ''ਧੰਨਵਾਦ, ਸਾਡੇ ਖਾਸ ਨਿਆਇਕ ਪ੍ਰਬੰਧ ਨੇ ਸਾਡੇ ਮਹਿਲਾ ਵਿਰੋਧੀ ਸਮਾਜ ਵਿੱਚ ਇੱਕ ਹੋਰ ਔਰਤ ਦਾ ਹੌਸਲਾ ਤੋੜਨ ਦਾ ਕੰਮ ਕੀਤਾ ਹੈ।''
ਸੁਮੈਰਾ ਅਲੀ ਨੇ ਲਿਖਿਆ ਹੈ, ''ਅਸੀਂ ਇੱਕ ਅਜਿਹੇ ਦੇਸ ਵਿੱਚ ਰਹਿੰਦੇ ਹਾਂ ਜਿੱਥੇ ਪੁਲਿਸ ਹੀ ਸੁਰੱਖਿਅਤ ਨਹੀਂ ਹੈ। ਪਾਕਿਸਤਾਨੀਓ ਪਹਿਲਾਂ ਆਪਣੇ ਆਪ ਨੂੰ ਬਦਲੋ।''
ਅੰਨਿਆ ਖ਼ਾਨ ਲਿਖਦੀ ਹੈ ਕਿ ਇਹ ਸਭ ਬੜਾ ਦੁੱਖ ਭਰਿਆ ਹੈ, ਮਹਿਲਾ ਵਿਰੋਧੀ ਸਿਸਟਮ ਦੇ ਚਲਦੇ ਕਾਂਸਟੇਬਲ ਨੂੰ ਅਸਤੀਫ਼ਾ ਦੇਣਾ ਪਿਆ।
ਇਹ ਵੀ ਵੇਖੋ: