ਬਟਾਲਾ 'ਚ ਹੋਏ ਧਮਾਕੇ 'ਤੇ ਪ੍ਰਤਾਪ ਬਾਜਵਾ ਨੇ ਕਿਹਾ, '24 ਮੌਤਾਂ ਲਈ ਜ਼ਿੰਮੇਵਾਰ ਲੋਕਾਂ 'ਤੇ ਧਾਰਾ 302 ਤਹਿਤ ਚਲਾਇਆ ਜਾਵੇ ਮੁਕੱਦਮਾ'

    • ਲੇਖਕ, ਗੁਰਪ੍ਰੀਤ ਚਾਵਲਾ
    • ਰੋਲ, ਬੀਬੀਸੀ ਪੰਜਾਬੀ ਲਈ

ਬਟਾਲਾ ਵਿੱਚ ਪਟਾਕਾ ਫੈਕਟਰੀ 'ਚ ਧਮਾਕਾ ਹੋਣ ਤੋਂ ਬਾਅਦ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਪੀੜਤਾਂ ਨੂੰ ਮਿਲਣ ਪਹੁੰਚੇ।

ਇਸ ਮੌਕੇ ਉਨ੍ਹਾਂ ਕਿਹਾ ਧਮਾਕੇ ਲਈ ਜ਼ਿੰਮੇਵਾਰ ਲੋਕਾਂ 'ਤੇ ਆਈਪੀਸੀ ਦੀ ਧਾਰਾ 302 (ਜਿਹੜੀ ਕਤਲ ਦੇ ਕੇਸ ਵਿੱਚ ਲਗਦੀ ਹੈ) ਉਹ ਲਗਾਈ ਜਾਵੇ।

ਉਨ੍ਹਾਂ ਕਿਹਾ ਮੈਂ ਇਸਦੇ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਲਿਖ ਰਿਹਾ ਹਾਂ, ਫਿਰ ਚੀਫ ਸਕੱਤਰ ਨੂੰ ਵੀ ਲਿਖਾਂਗਾ ਅਤੇ ਜਿੱਥੇ ਵੀ ਜਾਣ ਦੀ ਲੋੜ ਪਵੇਗੀ ਮੈਂ ਜਾਵਾਂਗਾ। ਮੈਨੂੰ ਪੂਰਾ ਯਕੀਨ ਹੈ ਸਾਡੀ ਸਰਕਾਰ ਮੇਰੀ ਗੱਲ ਨੂੰ ਨਹੀਂ ਟਾਲੇਗੀ।

ਬਾਜਵਾ ਨੇ ਕਿਹਾ ਮੈਂ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਾਂਗਾ ਕਿ ਜਿੰਨੀ ਛੇਤੀ ਤੁਸੀਂ ਸਿਮਰਜੀਤ ਬੈਂਸ 'ਤੇ ਕਾਰਵਾਈ ਕੀਤੀ। ਓਨੀ ਛੇਤੀ 24 ਮੌਤਾਂ ਲਈ ਜ਼ਿੰਮੇਵਾਰ ਲੋਕਾਂ 'ਤੇ ਵੀ ਕੀਤੀ ਜਾਵੇ।

''ਜਿੱਥੇ ਵੀ ਮੌਤਾਂ ਹੋਈਆਂ ਹਨ ਉਨ੍ਹਾਂ ਨੂੰ ਅਸੀਂ 2 ਲੱਖ ਜਾਂ 3 ਲੱਖ ਜੋ ਵੀ ਦਿੰਦੇ ਹਾਂ, ਉਸਦੀ ਬਜਾਇ ਪੰਜਾਬ ਸਰਕਾਰ ਨੂੰ 25-25 ਲੱਖ ਰੁਪਏ ਮੁਆਵਜ਼ਾ ਦੇਣਾ ਚਾਹੀਦਾ ਹੈ। ਜੇ ਪ੍ਰਸ਼ਾਸਨ ਨੇ ਸਮੇਂ ਸਿਰ ਕਦਮ ਚੁੱਕੇ ਹੁੰਦੇ ਤਾਂ ਐਨੀਆਂ ਮੌਤਾਂ ਨਾ ਹੁੰਦੀਆਂ।''

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ ਜੇਕਰ ਪੰਜਾਬ ਸਰਕਾਰ ਬਟਾਲੇ ਦੇ ਲੋਕਾਂ ਨੂੰ ਨਿਆਂ ਦੇਣਾ ਚਾਹੁੰਦੀ ਹੈ ਤਾਂ ਕਿਸੇ ਹਾਈ ਕੋਰਟ ਦੇ ਰਿਟਾਇਰਡ ਜੱਜ ਨੂੰ ਜਾਂਚ ਸੌਂਪੀ ਜਾਵੇ।

ਬਾਜਵਾ ਨੇ ਕਿਹਾ ਸਿਮਰਜੀਤ ਬੈਂਸ ਇੱਕ ਬਹੁਤ ਸੂਝਵਾਨ ਸਿਆਸਤਦਾਨ ਹਨ। ਸਾਨੂੰ ਪ੍ਰਸ਼ਾਸਨ ਨਾਲ ਇਸ ਤਰ੍ਹਾਂ ਦਾ ਸਲੂਕ ਨਹੀਂ ਕਰਨਾ ਚਾਹੀਦਾ। ਇਹ ਗੱਲ ਚੰਗੇ ਸ਼ਬਦਾਂ ਵਿੱਚ ਵੀ ਕਹੀ ਜਾ ਸਕਦੀ ਸੀ।

ਬੈਂਸ ਦੀ ਗ੍ਰਿਫ਼ਤਾਰੀ ਲਈ ਹੜਤਾਲ

ਓਧਰ ਸਿਮਰਜੀਤ ਬੈਂਸ ਵੱਲੋਂ ਗੁਰਦਾਸਪੁਰ ਦੇ ਡੀਸੀ ਵਿਪੁਲ ਉਜਵਲ ਨਾਲ ਕੀਤੇ ਦੁਰਵਿਵਹਾਰ ਦੇ ਵਿਰੋਧ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪੰਚਾਇਤ ਭਵਨ ਗੁਰਦਾਸਪੁਰ 'ਚ ਬੈਠਕ ਕੀਤੀ ਗਈ।

ਇਸ ਮੀਟਿੰਗ 'ਚ ਵਿਧਾਇਕ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ।

ਬਟਾਲਾ ਧਮਾਕੇ ਨਾਲ ਸਬੰਧਿਤ ਖ਼ਬਰਾਂ ਵੀ ਪੜ੍ਹੋ:

ਇਸ ਤੋਂ ਇਲਾਵਾ ਅੱਜ ਡੀਸੀ ਦਫਤਰ ਦੇ ਸਟਾਫ ਅਤੇ ਜ਼ਿਲ੍ਹੇ ਭਰ ਦੇ ਤਹਿਸੀਲ ਦਫਤਰ ਪਟਵਾਰੀ ਅਤੇ ਕਾਨਗੋ ਵਲੋਂ ਕਲਮ ਛੋੜ ਹੜਤਾਲ ਕੀਤੀ ਗਈ।

ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਕਿ ਕੱਲ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਸਰਕਾਰੀ ਅਦਾਰੇ ਅਤੇ ਸਿੱਖਿਅਕ ਅਧਾਰੇ ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈਕੇ ਪ੍ਰਦਰਸ਼ਨ ਕਰਨਗੇ।

ਇਸ ਦੇ ਨਾਲ ਹੀ ਵਧੀਕ ਡਿਪਟੀ ਕਮਿਸ਼ਨਰ (ਜਰਨਲ) ਤਜਿੰਦਰਪਾਲ ਸਿੰਘ ਸੰਧੂ ਨੇ ਆਖਿਆ ਕਿ ਉਹ ਨਿਜੀ ਸਿੱਖਿਅਕ ਅਧਾਰੇ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਵੀ ਉਹਨਾਂ ਦੇ ਇਸ ਸੰਘਰਸ਼ 'ਚ ਸਾਥ ਦੇਣ।

ਤਜਿੰਦਰਪਾਲ ਸਿੰਘ ਸੰਧੂ ਨੇ ਆਖਿਆ ਕਿ ਉਨ੍ਹਾਂ ਦੀ ਮੰਗ ਹੈ ਕਿ ਛੇਤੀ ਤੋਂ ਛੇਤੀ ਬਟਾਲਾ ਪੁਲਿਸ ਬੈਂਸ ਨੂੰ ਗ੍ਰਿਫ਼ਤਾਰ ਕਰ ਕਾਨੂੰਨੀ ਕਾਰਵਾਈ ਸ਼ੁਰੂ ਕਰੇ।

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)