Batala Blast : ਪਟਾਕਾ ਫੈਕਟਰੀ ਦੇ ਵੱਡੇ ਧਮਾਕੇ ਬਾਰੇ ਹੁਣ ਤੱਕ ਕੀ-ਕੀ ਪਤਾ ਹੈ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ, ਬੀਬੀਸੀ ਪੱਤਰਕਾਰ ਤੇ
    • ਰੋਲ, ਬੀਬੀਸੀ ਪੰਜਾਬੀ ਲਈ ਗੁਰਪ੍ਰੀਤ ਸਿੰਘ ਚਾਵਲਾ

ਬਟਾਲਾ ਪਟਾਕਾ ਫ਼ੈਕਟਰੀ ਦੇ ਨੇੜਲੇ ਇਲਾਕੇ ਦੇ ਘਰਾਂ ਅਤੇ ਦੁਕਾਨਾਂ ਅੱਗੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਮੁਤਾਬਕ, ਬਾਅਦ ਦੁਪਹਿਰ 3.40 ਮਿੰਟ ਉੱਤੇ ਧਮਾਕਾ ਹੋਇਆ ਅਤੇ ਇਨ੍ਹਾਂ ਇਮਰਾਤਾਂ ਦਾ ਵੀ ਕੁਝ ਹਿੱਸਾ ਡਿੱਗਦਾ ਦਿਖਾਈ ਦਿੱਤਾ।

ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਮੁਤਾਬਕ ਇਸ ਹਾਦਸੇ ਵਿੱਚ 23 ਮੌਤਾਂ ਹੋਈਆਂ ਹਨ ਅਤੇ 17 ਜਣੇ ਜਖ਼ਮੀ ਹੋਏ ਹਨ। ਮਰਨ ਵਾਲਿਆਂ ਵਿਚ 7 ਜਣੇ ਫ਼ੈਕਟਰੀ ਮਾਲਕ ਦੇ ਪਰਿਵਾਰ ਨਾਲ ਸਬੰਧਤ ਸਨ, ਜਦੋਂ ਕਿ ਫੈਕਟਰੀ ਵਿਚ ਕੰਮ ਕਰਨ ਵਾਲੇ 11 ਕਾਮੇ ਅਤੇ 3 ਰਾਹਗੀਰ ਸਨ।

ਕਿਸਦੀ ਹੈ ਫੈਕਟਰੀ

ਧਮਾਕੇ ਦਾ ਸ਼ਿਕਾਰ ਹੋਣ ਵਾਲੀ ਫੈਕਟਰੀ, ਬਟਾਲਾ ਸ਼ਹਿਰ ਦੇ ਰਹਿਣ ਵਾਲੇ ਹਰਭਜਨ ਸਿੰਘ ਨਾਂ ਦੇ ਵਿਅਕਤੀ ਦੀ ਹੈ। ਪਟਾਕੇ ਤੇ ਆਤਿਸ਼ਬਾਜ਼ੀ ਬਣਾਉਣਾ ਇਨ੍ਹਾਂ ਦਾ ਖ਼ਾਨਦਾਨੀ ਕਿੱਤਾ ਹੈ।

ਡੀਸੀ ਗੁਰਦਾਸਪੁਰ ਵਿਪੁਲ ਉੱਜਵਲ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, “ਇਸ ਹਾਦਸੇ ਲਈ ਇੱਕ ਐੱਫਆਈਆਰ ਪਰਿਵਾਰ ਖਿਲਾਫ਼ ਦਰਜ ਹੋਈ ਹੈ। ਇਸ ਦੇ ਨਾਲ ਹੀ ਤਿੰਨ ਐੱਫਆਈਆਰ ਹੋਰ ਦਰਜ ਕੀਤੀਆਂ ਗਈਆਂ ਹਨ ਤੇ 6 ਗੋਦਾਮ ਸੀਲ ਕੀਤੇ ਗਏ ਹਨ।”

ਇਹ ਵੀ ਪੜ੍ਹੋ:

ਪੰਜਾਬ ਸਰਕਾਰ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੁਤਾਬਕ ਜਿਸ ਥਾਂ ਧਮਾਕਾ ਹੋਇਆ, ਉਸ ਦਾ ਫੈਕਟਰੀ ਮਾਲਕ ਕੋਲ ਲਾਇਸੰਸ ਨਹੀਂ ਹੈ।

ਫੈਕਟਰੀ ਦੇ ਮਾਲਿਕ ਨੇ ਖੁਦ ਆਪਣੀ ਰਿਹਾਇਸ਼ ਇਸ ਫੈਕਟਰੀ ਦੇ ਪਿਛਲੇ ਪਾਸੇ ਬਣਾਈ ਸੀ। ਇਸੇ ਕਾਰਨ ਧਮਾਕੇ ਦੌਰਾਨ ਉਸਦੇ ਪਰਿਵਾਰਕ ਜੀਅ ਵੀ ਹਾਦਸੇ ਦੀ ਭੇਟ ਚੜ੍ਹ ਗਏ।

‘ਲਾਈਸੈਂਸ ਰਿਨਿਊ ਨਹੀਂ ਕਰਵਾਇਆ ਸੀ’

ਆਈਜੀ ਐੱਸਪੀਐੱਸ ਪਰਮਾਰ ਨੇ ਬੀਬੀਸੀ ਨੂੰ ਕਿਹਾ, “ਫੈਕਟਰੀ ਵਿੱਚ ਪੋਟਾਸ਼ੀਅਮ ਤੇ ਹੋਰ ਮਸਾਲਾ ਸੀ ਜੋ ਪਟਾਕੇ ਬਣਾਉਣ ਵਿੱਚ ਇਸਤੇਮਾਲ ਹੁੰਦਾ ਹੈ। ਇਹ ਫੈਕਟਰੀ 2016 ਤੱਕ ਲੀਗਲ ਸੀ ਪਰ ਉਸ ਤੋਂ ਬਾਅਦ ਉਨ੍ਹਾਂ ਨੇ ਲਾਈਸੈਂਸ ਨੂੰ ਰਿਨਿਊ ਨਹੀਂ ਕਰਵਾਇਆ ਸੀ।”

ਸੂਤਰਾਂ ਅਨੁਸਾਰ ਗੁਰਪੁਰਬ ਤੇ ਹੋਰ ਖ਼ਾਸ ਮੌਕਿਆਂ ਕਾਰਨ ਫੈਕਟਰੀ ਵਿੱਚ ਵਾਧੂ ਕਾਮੇ ਬੁਲਾਏ ਗਏ ਸਨ।

ਰਾਜਿੰਦਰ ਸਿੰਘ ਜਿਨ੍ਹਾਂ ਦਾ ਕਾਰ ਗੈਰਾਜ ਫੈਕਟਰੀ ਨਾਲ ਲੱਗਦਾ ਹੈ, ਤੇ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ, ਨੇ ਦੱਸਿਆ ਕਿ ਉਨ੍ਹਾਂ ਨੇ ਫੈਕਟਰੀ ਮਾਲਕ ਖ਼ਿਲਾਫ਼ ਕੇਸ ਦਰਜ ਕਰਵਾਇਆ ਹੋਇਆ ਹੈ।

ਸਰਕਾਰ ਨੇ ਕੀ ਕੀਤਾ

ਪੰਜਾਬ ਸਰਕਾਰ ਨੇ ਮਾਮਲੇ ਦੀ ਅਦਾਲਤੀ ਜਾਂਚ ਦੇ ਹੁਕਮ ਦਿੱਤੇ ਹਨ। ਇਹ ਜਾਂਚ ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਨੂੰ ਸੌਂਪੀ ਗਈ ਹੈ।

ਸਰਕਾਰ ਨੇ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ।

ਇਹ ਵੀ ਦੇਖੋ:-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)