You’re viewing a text-only version of this website that uses less data. View the main version of the website including all images and videos.
ਬਟਾਲਾ ਧਮਾਕਾ: ਧਮਾਕੇ ਦਾ ਪਤਾ ਲੱਗਿਆ ਤਾਂ ਘਰ ਆਇਆ, ਦੇਖਿਆ ਮਾਤਾ ਦੀ ਮੌਤ ਹੋ ਗਈ ਸੀ -ਪੀੜਤ
- ਲੇਖਕ, ਗੁਰਪ੍ਰੀਤ ਚਾਵਲਾ
- ਰੋਲ, ਬਟਾਲਾ ਤੋਂ, ਬੀਬੀਸੀ ਪੰਜਾਬੀ ਲਈ
ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿੱਚ ਇੱਕ ਪਟਾਕਿਆਂ ਦੀ ਫੈਕਟਰੀ ਵਿੱਚ ਧਮਾਕਾ ਹੋਇਆ ਜਿਸ ਤੋਂ ਬਾਅਦ ਇਮਾਰਤ ਢਹਿ ਗਈ।
ਇਸ ਹਾਦਸੇ ਵਿੱਚ 23 ਲੋਕਾਂ ਦੀ ਮੌਤ ਹੋਈ ਹੈ ਅਤੇ ਕਈ ਜ਼ਖ਼ਮੀ ਹੋਏ ਹਨ।
ਇਮਾਰਤ ਹੇਠਾਂ ਦੱਬੇ ਹੋਏ ਲੋਕਾਂ ਨੂੰ ਬਾਹਰ ਕੱਢਣ ਲਈ ਐੱਨਡੀਆਰਐੱਫ ਦੀ ਟੀਮ ਅਤੇ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਚਲਾਇਆ ਜਾ ਰਿਹਾ ਹੈ।
ਬਟਾਲਾ ਦੇ ਐੱਸਡੀਐੱਮ ਦੀਪਕ ਭਾਟੀਆ ਨੇ ਦੱਸਿਆ ਕਿ 19 ਲੋਕਾਂ ਦੀ ਮੌਤ ਹੋ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ।
ਅੰਮ੍ਰਿਤਸਰ ਤੋ ਬੀਬੀਸੀ ਪੰਜਾਬੀ ਦੇ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੇ ਦੱਸਿਆ ਕਿ 7 ਜ਼ਖ਼ਮੀ ਗੁਰੂ ਨਾਨਕ ਦੇਵ ਹਸਪਤਾਲ ਲਿਆਂਦੇ ਗਏ।
ਹਸਪਤਾਲ ਦੇ ਸਰਜਰੀ ਯੂਨਿਟ ਦੇ ਇੰਚਾਰਜ ਡਾ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਸੀ।
ਉਨ੍ਹਾਂ ਨੇ ਕਿਹਾ ਕਿ ਦੋ ਲੋਕ ਗੰਭੀਰ ਤਰ੍ਹਾਂ ਨਾਲ ਜ਼ਖ਼ਮੀ ਹਨ ਜਿੰਨਾਂ 'ਚੋਂ ਇੱਕ 70 ਫੀਸਦ ਸੜ ਚੁੱਕਿਆ ਹੈ।
ਇਹ ਵੀ ਪੜ੍ਹੋ-
'ਧਮਾਕੇ ਕਾਰਨ ਮੇਰੀ ਮਾਤਾ ਦੀ ਮੌਤ ਹੋ ਗਈ'
ਫੈਕਟਰੀ ਦੇ ਨੇੜੇ ਰਹਿਣ ਵਾਲੇ ਅਮਨ ਨੇ ਦੱਸਿਆ ਕਿ ਜਦੋਂ ਧਮਾਕਾ ਹੋਇਆ ਉਹ ਆਪਣੀ ਦੁਕਾਨ 'ਤੇ ਸਨ। ਘਰ ਆ ਕੇ ਦੇਖਿਆ ਉਨ੍ਹਾਂ ਦੀ ਮਾਤਾ ਦੀ ਮੌਤ ਹੋ ਗਈ।
ਉਨ੍ਹਾਂ ਨੇ ਦੱਸਿਆ, "ਉਨ੍ਹਾਂ ਨੇ ਦੱਸਿਆ, "ਜਦੋਂ ਮੈਂ ਘਰ ਆ ਕੇ ਦੇਖਿਆ ਤਾਂ ਮੇਰੀ ਮਾਤਾ ਦੀ ਮੌਤ ਹੋਈ ਸੀ। ਫੈਕਟਰੀ ਵਿਚ ਇਸ ਤੋਂ ਪਹਿਲਾਂ ਵੀ ਅਜਿਹਾ ਹਾਦਸਾ ਹੋਇਆ ਸੀ ਤਾਂ ਇਨ੍ਹਾਂ ਖ਼ਿਲਾਫ਼ ਕਾਰਵਾਈ ਹੋਈ ਸੀ। ਫੈਕਟਰੀ ਬਾਰੇ ਪਹਿਲਾਂ ਵੀ ਸ਼ਿਕਾਇਤ ਕੀਤੀ ਗਈ ਹੈ।"
ਅਮਨ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਧਮਾਕੇ ਦੌਰਾਨ ਉਨ੍ਹਾਂ ਦੇ ਘਰ ਦਾ ਲੈਂਟਰ ਡਿੱਗ ਗਿਆ ਤੇ ਉਸ ਦੌਰਾਨ ਹੀ ਉਨ੍ਹਾਂ ਦੀ ਮਾਤਾ ਦੀ ਮੌਤ ਹੋ ਗਈ।
ਚਸ਼ਮਦੀਦ ਮਲਕੀਤ ਕੌਰ ਦਾ ਕਹਿਣਾ ਹੈ ਕਿ ਜਦੋਂ ਇਹ ਹਾਦਸਾ ਹੋਇਆ ਉਹ ਉਸ ਵੇਲੇ ਗੁਰਦਆਰੇ 'ਚ ਸਨ।
ਉਨ੍ਹਾਂ ਨੇ ਦੱਸਿਆ, "ਜਦੋਂ ਅਸੀਂ ਬਾਹਰ ਆਏ ਤਾਂ ਸਾਨੂੰ ਬੜੇ ਜ਼ੋਰ ਦੀ ਇੱਕ ਧਮਾਕਾ ਸੁਣਿਆ, ਦੇਖਦਿਆਂ ਹੀ ਦੇਖਦਿਆਂ ਛੱਤ ਟੁੱਟ-ਟੁੱਟ ਕੇ ਵੱਜਣੀ ਸ਼ੁਰੂ ਹੋ ਗਈ।"
ਬਾਂਹ 'ਤੇ ਲੱਗੀ ਸੱਟ ਦਿਖਾਉਂਦਿਆਂ ਉਨ੍ਹਾਂ ਨੇ ਦੱਸਿਆਂ ਇੱਟ ਦਾ ਇੱਕ ਟੁੱਕੜਾ ਉਨ੍ਹਾਂ ਦੀ ਬਾਂਹ 'ਤੇ ਆ ਵੱਜਾ ਸੀ।
ਉਨ੍ਹਾਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਉਹ ਰੋਣ ਹੀ ਲੱਗ ਗਏ।
ਰਿਹਾਇਸ਼ੀ ਇਲਾਕੇ ਦੇ ਵਿਚਕਾਰ ਸੀ ਫੈਕਟਰੀ
ਇਹ ਪਟਾਕਿਆਂ ਦੀ ਫੈਕਟਰੀ ਰਿਹਾਇਸ਼ੀ ਇਲਾਕੇ ਵਿਚਕਾਰ ਸੀ। ਧਮਾਕੇ ਕਾਰਨ ਆਸ ਪਾਸ ਦੇ ਮਕਾਨਾਂ ਅਤੇ ਹੋਰ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ।
ਬੀਬਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਨੇ ਦੱਸਿਆ ਕਿ ਫੈਕਟਰੀ ਤੋਂ ਕੁਝ ਦੂਰ ਇਕ ਨਾਲਾ ਵਗਦਾ ਹੈ।
ਇਹ ਵੀ ਪੜ੍ਹੋ:-
ਉਨ੍ਹਾਂ ਕਿਹਾ ਕਿ ਧਮਾਕੇ ਇੰਨਾਂ ਜ਼ੋਰਦਾਰ ਸੀ ਕਿ ਕੁਝ ਲਾਸ਼ਾ ਨਾਲੇ ਵਿੱਚ ਜਾ ਕੇ ਡਿੱਗੀਆਂ ਅਤੇ ਉੱਥੋ ਕੱਢਿਆਂ ਗਈਆਂ।
"ਫੈਕਟਰੀ ਦੇ ਆਸ ਪਾਸ ਖੜੀਆਂ ਕੁਝ ਗੱਡੀਆਂ ਵੀ ਨਾਲੇ ਵਿੱਚ ਜਾ ਡਿੱਗੀਆਂ।"
ਸਰਕਾਰ ਨੇ ਦਿੱਤੇ ਜਾਂਚ ਦੇ ਆਦੇਸ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਟਾਲਾ ਧਮਾਕੇ ਵਿੱਚ ਮੈਜਿਸਟਰੇਟ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਏਡੀਸੀ ਬਟਾਲਾ ਨੂੰ ਇਸ ਬਾਰੇ ਜਾਂਚ ਕਰਨ ਲਈ ਕਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਹਾਦਸੇ ਦੇ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ।
ਇਸ ਦੇ ਤਹਿਤ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 2 ਲੱਖ, ਗੰਭੀਰ ਤੌਰ 'ਤੇ ਜਖ਼ਮੀਆਂ ਨੂੰ 50 ਹਜ਼ਾਰ ਤੇ ਮਾਮੂਲੀ ਤੌਰ 'ਤੇ ਜਖ਼ਮੀ ਹੋਣ ਵਾਲਿਆਂ ਨੂੰ 25 ਹਜ਼ਾਰ ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ ਹੈ।
ਕਿਸ ਨੇ ਕੀ ਕਿਹਾ?
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਚਾਅ ਕਾਰਜ ਚੱਲ ਰਿਹਾ ਹੈ।
ਗੁਰਦਾਸਪੁਰ ਤੋਂ ਲੋਕ ਸਭਾ ਸਾਂਸਦ ਸੰਨੀ ਦਿਓਲ ਨੇ ਟਵੀਟ ਕਰਕੇ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪੰਜਾਬ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗਰ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
"ਜਿਹੜੀਆਂ ਗੈਰ-ਕਾਨੂੰਨੀ ਫੈਕਟਰੀਆਂ ਚੱਲ ਰਹੀਆਂ ਹਨ, ਉਨ੍ਹਾਂ ਖਿਲਾਫ ਕਦਮ ਚੁੱਕੇ ਜਾਣਗੇ।"
ਰਾਸ਼ਟਰਪਤੀ ਕੋਵਿੰਦ ਨਾਥ ਨੇ ਹਾਦਸੇ ਬਾਰੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਦਿਆਂ ਲਿਖਿਆ, "ਪੰਜਾਬ ਦੇ ਬਟਾਲਾ ਵਿੱਚ ਇੱਕ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਕਾਰਨ ਜਾਨ-ਮਾਲ ਦੇ ਹੋਏ ਨੁਕਸਾਨ ਕਾਰਨ ਕਾਫੀ ਦੁੱਖ ਪਹੁੰਚਿਆ ਹੈ। ਪੀੜਤ ਪਰਿਵਾਰਾਂ ਨਾਲ ਹਮਦਰਦੀ ਅਤੇ ਜ਼ਖਮੀ ਲੋਕਾਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ।"
ਇਹ ਵੀ ਦੇਖੋ:-