ਪੰਜਾਬੀ ਮੁੰਡਿਆਂ ਨੂੰ ਜੰਗੀ ਹਾਲਾਤ ਵਾਲੇ ਮੁਲਕ ਇਰਾਕ ਵਿਚ ਕਿਵੇਂ ਪਹੁੰਚਾ ਦਿੰਦੇ ਨੇ ਠੱਗ ਟਰੈਵਲ ਏਜੰਟ

    • ਲੇਖਕ, ਅਰਵਿੰਦ ਛਾਬੜਾ ਤੇ ਸਰਬਜੀਤ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

"ਮੈ ਕੁਝ ਨਹੀਂ ਕੀਤਾ, ਮੈਂ ਤਾਂ ਇਹਨਾਂ ਪੰਜਾਬੀ ਨੌਜਵਾਨਾਂ ਦੀ ਬੱਸ ਰੋਟੀ ਅਤੇ ਰਹਿਣ ਦਾ ਹੀ ਪ੍ਰਬੰਧ ਕੀਤਾ ਸੀ, ਜੋ ਕਿ ਮੇਰਾ ਫ਼ਰਜ਼ ਵੀ ਸੀ", ਇਹ ਕਹਿਣਾ ਹੈ ਇਰਾਕ ਦੇ ਸ਼ਹਿਰ ਇਰਬਿਲ ਵਿਚ ਰਹਿਣ ਵਾਲੇ ਚਰਨਜੀਤ ਸਿੰਘ ਉਰਫ਼ ਭਲਵਾਨ ਦਾ।

ਚਰਨਜੀਤ ਸਿੰਘ ਭਲਵਾਨ, ਉਹੀ ਨੌਜਵਾਨ ਹੈ ਜਿਸ ਨੇ ਇਰਾਕ ਤੋਂ ਪਿਛਲੇ ਦਿਨੀਂ ਪੰਜਾਬ ਪਰਤੇ ਸੱਤ ਨੌਜਵਾਨਾਂ ਦੀ ਕਰੀਬ ਪੰਜ ਮਹੀਨੇ ਮਦਦ ਕੀਤੀ।

ਚਰਨਜੀਤ ਸਿੰਘ ਭਲਵਾਨ ਦਾ ਸਬੰਧ ਅੰਮ੍ਰਿਤਸਰ ਨਾਲ ਹੈ ਅਤੇ ਉਹ ਪਿਛਲੇ ਦਸ ਸਾਲਾਂ ਤੋਂ ਇਰਬਿਲ ਵਿਚ ਇੱਕ ਸ਼ੀਸ਼ੇ ਦੀ ਕਟਿੰਗ ਕਰਨ ਵਾਲੀ ਕੰਪਨੀ ਵਿਚ ਕੰਮ ਕਰਦਾ ਹੈ।

ਬੀਬੀਸੀ ਪੰਜਾਬੀ ਨਾਲ ਇਰਬਿਲ ਤੋਂ ਫ਼ੋਨ ਉੱਤੇ ਗੱਲਬਾਤ ਕਰਦਿਆਂ 38 ਸਾਲਾ ਚਰਨਜੀਤ ਸਿੰਘ ਨੇ ਦੱਸਿਆ ਕਿ ਜਿਸ ਸਮੇਂ ਇਹਨਾਂ ਮੁੰਡਿਆਂ ਦਾ ਉਸ ਨੂੰ ਫ਼ੋਨ ਆਇਆ ਤਾਂ ਉਹ ਪੰਜਾਬ ਵਿਚ ਸੀ। ਵਾਪਸ ਇਰਾਕ ਪਰਤਣ ਉੱਤੇ ਜਦੋਂ ਇਹਨਾਂ ਮੁੰਡਿਆਂ ਨਾਲ ਮੁਲਾਕਾਤ ਹੋਈ ਤਾਂ ਇਹਨਾਂ ਆਪਣੀ ਹੱਡਬੀਤੀ ਸੁਣਾਈ।

ਚਰਨਜੀਤ ਸਿੰਘ ਮੁਤਾਬਕ ਦਿੱਕਤ ਵਿਚ ਘਿਰੇ ਨੌਜਵਾਨਾਂ ਦੀ ਗੱਲ ਸੁਣ ਕੇ ਉਸ ਤੋਂ ਰਿਹਾ ਨਾ ਗਿਆ ਅਤੇ ਇਹਨਾਂ ਨੂੰ ਹੌਸਲਾ ਦਿੱਤਾ ਕਿ ਜਦੋਂ ਤੱਕ ਇਰਾਕ ਵਿਚ ਹੋ ਮੈਂ ਤੁਹਾਡੀ ਮਦਦ ਕਰਾਂਗਾ।

ਟੂਰਿਸਟ ਵੀਜ਼ੇ 'ਤੇ ਲਿਆਂਦੇ ਸਨ ਇਰਾਕ

ਚਰਨਜੀਤ ਸਿੰਘ ਨੇ ਦੱਸਿਆ ਕਿ ਅਸਲ ਵਿਚ ਏਜੰਟ ਇਹਨਾਂ ਨੂੰ ਟੂਰਿਸਟ ਵੀਜ਼ੇ ਉੱਤੇ ਇਰਾਕ ਲੈ ਤਾਂ ਆਇਆ ਪਰ ਇਹਨਾਂ ਲਈ ਵਰਕ ਪਰਮਿਟ ਦਾ ਪ੍ਰਬੰਧ ਨਾ ਕਰ ਸਕਿਆ। ਜਿਸ ਕਾਰਨ ਇਹਨਾਂ ਨੂੰ ਇੱਥੇ ਕੰਮ ਮਿਲਣ ਦੀ ਥਾਂ ਜੁਰਮਾਨਾ ਪੈਣਾ ਸ਼ੁਰੂ ਹੋ ਗਿਆ।

ਇਹ ਵੀ ਪੜ੍ਹੋ:-

ਚਰਨਜੀਤ ਸਿੰਘ ਨੇ ਦੱਸਿਆ ਕਿ ਇਰਾਕ ਵਿਚ ਕੰਮ ਕਰਨ ਲਈ ਵਰਕ ਪਰਮਿਟ (ਸਥਾਨਕ ਭਾਸ਼ਾ ਵਿਚ ਕਾਮਾ) ਲੈਣਾ ਪੈਦਾ ਹੈ ਅਤੇ ਇਸ ਤੋਂ ਬਿਨਾਂ ਇੱਥੇ ਕੋਈ ਵੀ ਵਿਦੇਸ਼ੀ ਬੰਦਾ ਕੰਮ ਨਹੀਂ ਕਰ ਸਕਦਾ।

ਉਨ੍ਹਾਂ ਦੱਸਿਆ ਕਿ ਇਹ ਸਾਰੇ ਮੁੰਡੇ ਇੱਕ ਕਮਰੇ ਵਿਚ ਰਹੇ ਸਨ ਅਤੇ ਇਹਨਾਂ ਦੇ ਖਾਣ ਪੀਣ ਦਾ ਸਾਰਾ ਪ੍ਰਬੰਧ ਉਸ ਨੇ ਅਤੇ ਉਸ ਦੇ ਕੁਝ ਦੋਸਤਾਂ ਨੇ ਚੁੱਕਿਆ।

ਚਰਨਜੀਤ ਸਿੰਘ ਨੇ ਦੱਸਿਆ ਕਿ ਜਿਸ ਏਜੰਟ ਦੇ ਹਵਾਲੇ ਨਾਲ ਇਹ ਇਰਾਕ ਪਹੁੰਚੇ ਸੀ, ਉਸ ਨਾਲ ਵੀ ਉਨ੍ਹਾਂ ਨੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਆਪਣਾ ਮਕਾਨ ਬਦਲ ਲਿਆ।

ਅੱਠ ਮਹੀਨੇ ਬੀਤ ਜਾਣ ਤੋਂ ਬਾਅਦ ਜਦੋਂ ਗੱਲ ਨਾ ਬਣੀ ਤਾਂ ਇਹਨਾਂ ਨੂੰ ਭਾਰਤੀ ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਵਾਪਸ ਸਵਦੇਸ਼ ਭੇਜਿਆ ਗਿਆ। ਚਰਨਜੀਤ ਸਿੰਘ ਨੇ ਦੱਸਿਆ ਕਿ ਕਦੇ ਕੰਮ ਕਾਜ ਦੇ ਚੱਕਰ ਵਿਚ ਜੇਕਰ ਉਹ ਬਾਹਰ ਵੀ ਹੁੰਦਾ ਤਾਂ ਉਸ ਦੇ ਦੋਸਤ ਇਹਨਾਂ ਨੌਜਵਾਨਾਂ ਦੀ ਮਦਦ ਕਰਦੇ ਸਨ।

ਭਾਰਤੀਆਂ ਦੀ ਇਰਾਕ ਵਿਚ ਜ਼ਿੰਦਗੀ

ਚਰਨਜੀਤ ਸਿੰਘ ਪਿਛਲੇ ਦਸ ਸਾਲਾਂ ਤੋਂ ਇਰਾਕ ਦੇ ਸ਼ਹਿਰ ਇਰਬਿਲ ਵਿਚ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਰਬਿਲ ਤੋਂ ਇਲਾਵਾ ਇਰਾਕ ਦੇ ਹੋਰਨਾਂ ਸ਼ਹਿਰਾਂ ਵਿਚ ਪੰਜਾਬੀ ਨੌਜਵਾਨ ਕੰਮ ਕਰਦੇ ਹਨ।

ਜ਼ਿਆਦਾਤਰ ਪੰਜਾਬੀ ਡਰਾਈਵਰ, ਕੰਨਸਟਕਸ਼ਨ, ਹੋਟਲ ਵਿਚ ਸਾਫ਼ ਸਫ਼ਾਈ ਦਾ ਕੰਮ ਕਰਦੇ ਹਨ।ਉਨ੍ਹਾਂ ਦੱਸਿਆ ਕਿ ਕਈ ਪੰਜਾਬੀਆਂ ਨੇ ਇੱਥੇ ਆਪਣੇ ਕਾਰੋਬਾਰ ਵੀ ਸੈੱਟ ਕਰ ਲਏ ਹਨ।

ਉਨ੍ਹਾਂ ਆਖਿਆ ਕਿ ਏਜੰਟ ਜ਼ਿਆਦਾਤਰ ਨੌਜਵਾਨਾਂ ਨੂੰ ਇਰਾਕ ਬਾਰੇ ਗੁਮਰਾਹ ਕਰ ਰਹੇ ਹਨ। ਇਰਾਕ ਦੇ ਹਾਲਾਤ ਦੀ ਗੱਲ ਕਰਦਿਆਂ ਚਰਨਜੀਤ ਸਿੰਘ ਨੇ ਦੱਸਿਆ ਕਿ ਕੁਝ ਸ਼ਹਿਰਾਂ ਵਿਚ ਖ਼ਤਰਾ ਹੈ ਪਰ ਇਰਬਿਲ ਅਤੇ ਬਗ਼ਦਾਦ ਸੁਰੱਖਿਅਤ ਹਨ।

ਭਲਵਾਨ ਮੁਤਾਬਕ ਨਾ ਸਿਰਫ਼ ਪੰਜਾਬ ਬਲਕਿ ਤਾਮਿਲਨਾਡੂ, ਹਿਮਾਚਲ ਪ੍ਰਦੇਸ਼, ਯੂ ਪੀ ਅਤੇ ਆਂਧਰਾ ਪ੍ਰਦੇਸ਼ ਦੇ ਨੌਜਵਾਨ ਇੱਥੇ ਏਜੰਟਾਂ ਰਾਹੀਂ ਇੱਥੇ ਪਹੁੰਚ ਰਹੇ ਹਨ। ਉਨ੍ਹਾਂ ਆਖਿਆ ਕਿ ਇਰਾਕ ਵਿਚ ਸਭ ਤੋਂ ਜ਼ਿਆਦਾ ਗਿਣਤੀ ਆਂਧਰਾ ਪ੍ਰਦੇਸ਼ ਦੇ ਨਾਗਰਿਕਾਂ ਦੀ ਹੈ।

ਇਰਾਕ ਬਾਰੇ ਆਪਣਾ ਤਜਰਬਾ ਸਾਂਝਾ ਕਰਦਿਆਂ ਚਰਨਜੀਤ ਸਿੰਘ ਨੇ ਦੱਸਿਆ ਕਿ ਇਰਬਿਲ ਸ਼ਹਿਰ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਜਦੋਂ ਆਈਐਸਆਈ ਦਾ ਪੂਰਾ ਜ਼ੋਰ ਉਸ ਸਮੇਂ ਵੀ ਉਹ ਦੇਸ਼ ਨਹੀਂ ਸੀ ਪਰਤਿਆ। ਇਸ ਦਾ ਕਾਰਨ ਉਸ ਨੇ ਦੱਸਿਆ ਕਿ ਇੱਥੋਂ ਦੇ ਮੂਲ ਲੋਕ (ਕੁਰਦਿਸ਼) ਬਹੁਤ ਚੰਗੇ ਹਨ ਅਤੇ ਮਿਲਾਪੜੇ ਸੁਭਾਅ ਦੇ ਹਨ।

ਇਰਾਕ ਵਾਇਆ ਦੁਬਈ ਰੂਟ

ਚਰਨਜੀਤ ਸਿੰਘ ਨੇ ਦੱਸਿਆ ਕਿ ਜ਼ਿਆਦਾਤਰ ਦੁਬਈ ਰਾਹੀਂ ਨੌਜਵਾਨਾਂ ਨੂੰ ਇਰਾਕ ਟੂਰਿਸਟ ਵੀਜ਼ੇ ਉੱਤੇ ਲੈ ਕੇ ਆਉਂਦੇ ਹਨ, ਜੋ ਕਿ ਤੀਹ ਦਿਨ ਦਾ ਹੁੰਦਾ ਹੈ। ਉਹਨਾਂ ਦੱਸਿਆਕਿ ਦੁਬਾਈ ਤੋਂ ਇਰਾਕ ਦਾ ਵੀਜ਼ਾ ਸੌਖਾ ਮਿਲ ਜਾਂਦਾ ਹੈ, ਇਸ ਕਰਕੇ ਏਜੰਟ ਇਸ ਰੂਟ ਦਾ ਇਸਤੇਮਾਲ ਕਰਦੇ ਹਨ।

ਇਹ ਵੀ ਪੜ੍ਹੋ:-

ਉਹਨਾਂ ਦੱਸਿਆ ਕਿ ਇਰਾਕ ਪਹੁੰਚ ਕੇ ਇੱਕ ਲੱਖ ਰੁਪਇਆ ਹੋਰ ਖ਼ਰਚ ਕੇ ਵਰਕ ਪਰਮਿਟ (ਸਥਾਨਕ ਭਾਸ਼ਾ ਵਿਚ ਕਾਮਾ ) ਲੈਣਾ ਪੈਂਦਾ ਹੈ, ਜਿਸ ਦੀ ਮਿਆਦ ਇੱਕ ਸਾਲ ਦੀ ਹੁੰਦੀ ਹੈ। ਇਸ ਸਾਲ ਬਾਅਦ ਵੀਹ ਹਜ਼ਾਰ ਰੁਪਏ ਫਿਰ ਤੋਂ ਖ਼ਰਚ ਕਰ ਕੇ ਇਸ ਨੂੰ ਰੀਨਿਊ ਕਰਵਾਉਣਾ ਪੈਂਦਾ ਹੈ।

ਚਰਨਜੀਤ ਸਿੰਘ ਦਾ ਕਹਿਣਾ ਸੀ ਕਿ ਸੈਲਾਨੀ ਵੀਜ਼ਾ ਤੀਹ ਦਿਨ ਦਾ ਹੁੰਦਾ ਹੈ ਅਤੇ ਇਸ ਤੋ ਬਾਅਦ ਜੇਕਰ ਉਹ ਵਰਕ ਪਰਮਿਟ ਲੈਣ ਵਿਚ ਕਾਮਯਾਬ ਹੋ ਜਾਂਦੇ ਹਨ ਤਾਂ ਉਹ ਇੱਥੇ ਨੌਕਰੀ ਕਰਦੇ ਹਨ ਅਤੇ ਜੇਕਰ ਇਹ ਨਹੀਂ ਹਾਸਲ ਹੁੰਦਾ ਤਾਂ ਉਹ ਗ਼ੈਰਕਾਨੂੰਨੀ ਤੌਰ ਉੱਤੇ ਰਹਿਣ ਲਈ ਮਜ਼ਬੂਰ ਹੋ ਜਾਂਦੇ ਹਨ, ਜਿਸ ਤਰਾਂ ਦੇਸ਼ ਪਰਤੇ ਸੱਤ ਨੌਜਵਾਨਾਂ ਨਾਲ ਹੋਇਆ।

ਚਰਨਜੀਤ ਸਿੰਘ ਮੁਤਾਬਕ ਇਰਾਕ ਆਉਣ ਦਾ ਅਸਲ ਖਰਚਾ ਡੇਢ ਤੋਂ ਦੋ ਲੱਖ ਦੇ ਵਿਚਾਲੇ ਹੈ ਪਰ ਏਜੰਟ ਨੌਜਵਾਨਾਂ ਤੋਂ ਤਿੰਨ ਤਿੰਨ ਲੱਖ ਰੁਪਏ ਵਸੂਲ ਰਹੇ ਹਨ।

ਚਰਨਜੀਤ ਸਿੰਘ ਮੁਤਾਬਕ ਬਹੁਤ ਸਾਰੇ ਏਜੰਟ ਪੰਜਾਬੀ ਏਜੰਟ ਇਰਾਕ ਅਤੇ ਪੰਜਾਬ ਵਿਚ ਸਰਗਰਮ ਹਨ ਜੋ ਕੁਝ ਪੈਸਿਆਂ ਦੇ ਲਾਲਚ ਵਿਚ ਇੱਥੇ ਪੰਜਾਬੀਆਂ ਨੂੰ ਗ਼ਲਤ ਤਰੀਕੇ ਨਾਲ ਇੱਥੇ ਪਹੁੰਚ ਰਹੇ ਹਨ।

ਤਨਖ਼ਾਹ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇੱਥੇ ਮਹੀਨੇ ਵਿਚ ਪੰਜ ਸੋ ਅਮਰੀਕੀ ਡਾਲਰ ਤੱਕ ਦੀ ਇੱਕ ਆਮ ਪੰਜਾਬੀ ਕਮਾ ਲੈਂਦਾ ਹੈ ਅਤੇ ਜੇਕਰ ਉਹ ਓਵਰ ਟਾਈਮ ਲਗਾਉਂਦਾ ਹੈ ਤਾਂ ਇਹ ਵੱਧ ਕੇ ਸੱਤ ਸੋ ਅਮਰੀਕੀ ਡਾਲਰ ਹੋ ਜਾਂਦੀ ਹੈ।

ਘਰ ਪਰਤਣ ਦੀ ਖੁਸ਼ੀ ਪਰ ਭਵਿੱਖ ਦੀ ਚਿੰਤਾ

ਘੱਟ ਖਾ ਲਓ ਪਰ ਪਰ ਏਜੰਟਾਂ ਰਾਹੀਂ ਵਿਦੇਸ਼ ਨਾ ਜਾਓ, ਇਹ ਸ਼ਬਦ 21 ਸਾਲਾ ਸੌਰਭ ਦੇ ਹਨ ਜੋ ਕਿ ਜਲੰਧਰ ਜ਼ਿਲ੍ਹੇ ਦੇ ਪਿੰਡ ਛੋਕਰਾਂ ਦਾ ਰਹਿਣ ਵਾਲਾ ਹੈ। ਕਰੀਬ ਨੌਂ ਮਹੀਨੇ ਪਹਿਲਾਂ ਸੌਰਭ ਇਰਾਕ ਵਿੱਚ ਰੋਟੀ ਰੋਜ਼ੀ ਲਈ ਗਿਆ ਸੀ ਪਰ ਏਜੰਟਾਂ ਦੇ ਵਾਅਦੇ ਵਫ਼ਾ ਨਾ ਹੋਣ ਕਾਰਨ ਉਹ ਖ਼ਾਲੀ ਹੱਥ ਦੇਸ਼ ਪਰਤਿਆ ਹੈ।

ਸੌਰਭ ਸਮੇਤ ਸੱਤ ਨੌਜਵਾਨ ਕੁਝ ਹਫ਼ਤੇ ਪਹਿਲਾਂ ਭਾਰਤ ਸਰਕਾਰ ਦੀ ਮਦਦ ਨਾਲ ਦੇਸ਼ ਪਰਤੇ ਹਨ। ਇਹਨਾਂ ਨੌਜਵਾਨਾਂ ਵਿਚ ਚਾਰ ਛੋਕਰਾਂ ਪਿੰਡ ਦੇ ਹੀ ਹਨ।

ਸੌਰਭ ਨੇ ਦੱਸਿਆ ਕਿ ਉਹ ਸਿਰਫ਼ ਨੌਂ ਜਮਾਤਾਂ ਪਾਸ ਹੈ ਅਤੇ ਇੱਥੇ ਪਲੰਬਰ ਵਜੋਂ ਕੰਮ ਕਰਦਾ ਸੀ। ਕਰੀਬ 9 ਮਹੀਨੇ ਪਹਿਲਾਂ ਸੌਰਭ ਅਤੇ ਉਸ ਦੇ ਸਾਥੀਆਂ ਨੇ ਰੋਜ਼ੀ ਰੋਟੀ ਲਈ ਵਿਦੇਸ਼ ਜਾਣ ਦਾ ਫ਼ੈਸਲਾ ਕੀਤਾ। ਸੌਰਭ ਮੁਤਾਬਕ ਇਸ ਦੇ ਲਈ ਉਨ੍ਹਾਂ ਨੇ ਪਿੰਡ ਦੇ ਇੱਕ ਏਜੰਟ ਨਾਲ ਰਾਬਤਾ ਕਾਇਮ ਕੀਤਾ ਅਤੇ ਉਸ ਨੇ ਇਹਨਾਂ ਨੂੰ ਇਰਾਕ ਭੇਜਣ ਦਾ ਸੌਦਾ ਕਰ ਲਿਆ।

ਸੌਰਭ ਨੇ ਦੱਸਿਆ ਕਿ ਘਰ ਦੀ ਵਿੱਤੀ ਹਾਲਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੇ ਪੈਸੇ ਵਿਆਜ ਉੱਤੇ ਲੈ ਕੇ ਏਜੰਟ ਨੂੰ ਦਿੱਤੇ। ਪਿਛਲੇ ਸਾਲ ਨਵੰਬਰ ਮਹੀਨੇ ਵਿਚ ਛੋਕਰਾਂ ਪਿੰਡ ਦੇ ਚਾਰੇ ਨੌਜਵਾਨ ਘਰ ਤੋਂ ਇਰਾਕ ਜਾਣ ਲਈ ਦਿਲੀ ਦੇ ਹਵਾਈ ਅੱਡੇ ਉੱਤੇ ਪਹੁੰਚ। ਸੌਰਭ ਮੁਤਾਬਕ ਏਜੰਟ ਪਹਿਲਾਂ ਉਨ੍ਹਾਂ ਨੂੰ ਮਸਕਟ ਲੈ ਗਿਆ ਅਤੇ ਫਿਰ ਦੁਬਈ। ਦੁਬਈ ਤੋਂ ਇਹ ਇਰਾਕ ਸੈਲਾਨੀ ਵੀਜ਼ੇ ਉੱਤੇ ਪਹੁੰਚੇ।

ਇਰਾਕ ਪਹੁੰਚਣ ਉੱਤੇ ਪਹਿਲਾਂ ਇੱਕ ਮਹੀਨਾ ਤਾਂ ਠੀਕ ਰਿਹਾ ਪਰ ਇਸ ਤੋਂ ਬਾਅਦ ਇਹਨਾਂ ਨੂੰ ਉੱਥੇ ਕੰਮ ਕਰਨ ਲਈ ਕਾਮਾ (ਵਰਕ ਪਰਮਿਟ) ਏਜੰਟ ਨੇ ਲੈ ਕੇ ਦੇਣਾ ਸੀ। ਇੱਕ ਮਹੀਨਾ ਲੰਘ ਜਾਣ ਤੋਂ ਬਾਅਦ ਵੀ ਜਦੋਂ ਏਜੰਟ ਨੇ ਵਾਅਦੇ ਮੁਤਾਬਕ ਇਹਨਾਂ ਨੂੰ ਕਾਮਾ ਲੈ ਕੇ ਨਹੀਂ ਦਿੱਤਾ ਤਾਂ ਇਹਨਾਂ ਦੀਆਂ ਦਿੱਕਤਾਂ ਸ਼ੁਰੂ ਹੋ ਗਈਆਂ।

ਇਹ ਵੀ ਪੜ੍ਹੋ:-

ਇੱਕ ਛੋਟੇ ਜਿਹੇ ਹੀ ਕਮਰਾ ਇਹਨਾਂ ਨੌਜਵਾਨਾਂ ਦੀ ਜ਼ਿੰਦਗੀ ਬਣ ਕੇ ਰਹਿ ਗਿਆ। ਪੈਸੇ ਦੀ ਕਿੱਲਤ ਕਾਰਨ ਰਾਸ਼ਨ ਪਾਣੀ ਦੀ ਵੀ ਕਿੱਲਤ ਆਉਣ ਲੱਗ ਗਈ। ਸੌਰਭ ਨੇ ਦੱਸਿਆ ਕਿ ਜਦੋਂ ਭੁੱਖ ਅਤੇ ਪੈਸੇ ਦੀ ਕਿੱਲਤ ਦੌਰਾਨ ਇਹਨਾਂ ਦੀ ਕਿਸੇ ਨੇ ਬਾਂਹ ਨਹੀਂ ਫੜੀ ਤਾਂ ਅੰਮ੍ਰਿਤਸਰ ਦੇ ਰਹਿਣ ਵਾਲੇ ਚਰਨਜੀਤ ਸਿੰਘ (ਭਲਵਾਨ)ਨੇ ਇਹਨਾਂ ਦੀ ਮਦਦ ਲਈ ਅੱਗੇ ਆਇਆ।

ਪੰਜਾਬ ਤੋਂ ਨੌਜਵਾਨੀ ਦਾ ਪਰਵਾਸ

ਪੰਜਾਬ ਸਰਕਾਰ ਸੂਬੇ ਤੋਂ ਰੋਜ਼ੀ-ਰੋਟੀ ਲਈ ਵਿਦੇਸ਼ ਜਾ ਰਹੇ ਨੌਜਵਾਨ ਮੁੰਡੇ-ਕੁੜੀਆਂ ਦੇ ਰੁਝਾਨ ਤੋਂ ਭਲੀਭਾਂਤ ਜਾਣੂ ਹੈ ਅਤੇ ਇਸ ਨੂੰ ਰੋਕਣ ਲਈ ਸਾਰਥਕ ਕਦਮ ਚੁੱਕਣ ਦਾ ਦਾਅਵਾ ਵੀ ਕਰ ਰਹੀ ਹੈ।

ਪੰਜਾਬ ਦੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ ਪੰਜਾਬ ਸਰਕਾਰ ਪਰਵਾਸ ਦੇ ਰੁਝਾਨ ਬਾਰੇ ਚਿੰਤਤ ਹੈ।

ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਸੂਬੇ ਵਿਚ ਠੱਗ ਟਰੈਵਲ ਏਜੰਟਾਂ ਨੂੰ ਨੱਥ ਪਾਉਣ ਅਤੇ ਵੱਡੀਆਂ ਕੰਪਨੀਆਂ ਤੋਂ ਨਿਵੇਸ਼ ਕਰਵਾ ਕੇ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਹੀ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਨੌਜਵਾਨ ਪੰਜਾਬ ਵਿਚ ਜੋ ਕੰਮ ਨਹੀਂ ਕਰਦੇ ਉਹੀ ਕੰਮ ਵਿਦੇਸ਼ਾਂ ਵਿਚ ਕਰ ਲੈਂਦੇ ਹਨ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਗੈਰ ਕਾਨੂੰਨੀ ਤਰੀਕਿਆਂ ਨਾਲ ਵਿਦੇਸ਼ਾਂ ਵਿਚ ਦਾ ਕੇ ਫਸਣ ਦੀ ਬਜਾਇ ਭਾਰਤ ਵਿਚ ਰਹਿ ਕੇ ਕੰਮ ਕਰਨ।

ਇਰਾਕ ਸਬੰਧੀ ਭਾਰਤ ਸਰਕਾਰ ਦਾ ਪੱਖ

ਇਰਾਕ ਵਿੱਚ 39 ਭਾਰਤੀਆਂ ਦੇ ਲਾਪਤਾ ਹੋਣ ਤੋਂ ਬਾਅਦ ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਇਰਾਕ ਦੀ ਯਾਤਰਾ ਨਾ ਕਰਨ ਦਾ ਆਦੇਸ਼ ਜਾਰੀ ਕੀਤਾ ਸੀ।

ਇਸੀ ਸਾਲ ਫਰਵਰੀ ਮਹੀਨੇ ਵਿਚ ਇਰਾਕ ਦੀ ਸਥਿਤੀ ਕੁਝ ਠੀਕ ਹੋਣ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਦੇ ਨਵੇਂ ਆਦੇਸ਼ ਤੋਂ ਬਾਅਦ ਯਾਤਰਾ ਤੋਂ ਪਾਬੰਦੀ ਹਟਾ ਲਈ ਹੈ।

ਪਰ ਨਾਲ ਹੀ ਇੱਥੋਂ ਦੇ ਪੰਜ ਸ਼ਹਿਰਾਂ ਦੀ ਯਾਤਰਾ ਅਗਲੇ ਹੁਕਮਾਂ ਤੱਕ ਨਾ ਕਰਨ ਦੀ ਸਲਾਹ ਦਿੱਤੀ ਹੈ ਇਹ ਸ਼ਹਿਰ ਹਨ ਨੀਨਵੇਹ (ਮੋਸੂਲ), ਸਲਾਊਦੀਨ (ਤਿਕਰਿਤ), ਦਿਆਲਾ,ਅਨਬਰ ਅਤੇ ਕਿਰਕੁਕ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)