You’re viewing a text-only version of this website that uses less data. View the main version of the website including all images and videos.
ਬੋਰਿਸ ਜੌਨਸਨ: ਪੱਤਰਕਾਰ ਤੋਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਦਾ ਸਫ਼ਰ
ਬੋਰਿਸ ਜੌਨਸਨ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਚੁਣੇ ਗਏ ਹਨ। ਬ੍ਰਿਟੇਨ ਦੀ ਸੱਤਾਧਾਰੀ ਪਾਰਟੀ ਦੇ ਨੇਤਾ ਲਈ ਹੋਈਆਂ ਚੋਣਾਂ ਵਿੱਚ ਬੋਰਿਸ ਨੇ ਜੇਰਮੀ ਹੰਟ ਨੂੰ ਮਾਤ ਦਿੱਤੀ ਹੈ।
ਬੋਰਿਸ ਜੌਨਸਨ ਨੂੰ 92,153 ਵੋਟਾਂ ਮਿਲੀਆਂ ਜਦਿਕ ਉਨ੍ਹਾਂ ਦੇ ਵਿਰੋਧੀ ਜੇਰੇਮੀ ਹੰਟ ਨੂੰ 46,656 ਵੋਟਾਂ ਹਾਸਿਲ ਹੋਈਆਂ।
ਜੇਰੇਮੀ ਹੰਟ ਇਸ ਵੇਲੇ ਬ੍ਰਿਟੇਨ ਦੇ ਵਿਦੇਸ਼ ਮੰਤਰੀ ਹਨ। ਨਵੇਂ ਪੀਐੱਮ ਵੱਜੋਂ ਬੋਰਿਸ ਜੌਨਸਨ ਬੁੱਧਵਾਰ ਨੂੰ ਅਹੁਦਾ ਸੰਭਾਲਣਗੇ।
ਟੈਰੀਜ਼ਾ ਮੇਅ ਨੇ ਬਰੈਗਜ਼ਿਟ ਨੂੰ ਲੈ ਕੇ ਯੂਰਪੀਅਨ ਯੂਨੀਅਨ ਸੰਘ ਦੇ ਨਾਲ ਸਮਝੌਤੇ ਨੂੰ ਸੰਸਦ ਤੋਂ ਪਾਸ ਨਾ ਕਰਵਾ ਸਕਣ ਕਾਰਨ ਅਸਤੀਫਾ ਦੇ ਦਿੱਤਾ ਸੀ।
ਬ੍ਰਿਟੇਨ ਦੀ ਸਾਬਕਾ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੇ ਜੌਨਸਨ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵਿੱਟਰ 'ਤੇ ਕਿਹਾ ਹੈ ਕਿ ਅਸੀਂ ਮਿਲ ਕੇ ਹੁਣ ਬ੍ਰੈਗਜ਼ਿਟ ਲਈ ਕੰਮ ਕਰਾਂਗੇ। ਮੇਰੇ ਵੱਲੋਂ ਤੁਹਾਨੂੰ ਪੂਰਾ ਸਹਿਯੋਗ ਮਿਲੇਗਾ।
ਨਵੇਂ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਟੈਰੀਜ਼ਾ ਮੇਅ ਅਤੇ ਜੇਰੇਮੀ ਹੰਟ ਦਾ ਧੰਨਵਾਦ ਕੀਤਾ ਹੈ।
ਬੋਰਿਸ ਜੌਨਸਨ ਨੇ ਕਿਹਾ, ''ਮੈਂ ਸ਼ੱਕ ਕਰਨ ਵਾਲੇ ਉਨ੍ਹਾਂ ਸਾਰੇ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਅਸੀਂ ਇਸ ਦੇਸ ਨੂੰ ਊਰਜਾ ਭਰਪੂਰ ਰੱਖਾਂਗੇ। ਅਸੀਂ ਬ੍ਰੈਗਜ਼ਿਟ ਨੂੰ ਸੰਭਵ ਕਰਕੇ ਦਿਖਾਵਾਂਗੇ।''
ਅਮਰੀਕੀ ਰਾਸ਼ਟਰਪੀਤ ਡੌਨਲਡ ਟਰੰਪ ਨੇ ਵੀ ਬੋਰਿਸ ਜੌਨਸਨ ਨੂੰ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਉਹ ਇੱਕ ਮਹਾਨ ਨੇਤਾ ਸਾਬਿਤ ਹੋਣਗੇ।
ਬੋਰਿਸ ਜੌਨਸਨ ਬਾਰੇ ਖ਼ਾਸ ਗੱਲਾਂ
- ਬੋਰਿਸ ਜੌਨਸਨ ਇੱਕ ਸੰਸਦ ਮੈਂਬਰ, ਲੰਡਨ ਦੇ ਮੇਅਰ ਅਤੇ ਵਿਦੇਸ਼ ਮੰਤਰੀ ਵੀ ਰਹੇ ਹਨ। ਪੱਤਰਕਾਰ ਰਹੇ ਜੌਨਸਨ 2001 ਵਿੱਚ ਕੰਜ਼ਰਵੇਟਿਵ ਪਾਰਟੀ ਤੋਂ ਹੇਨਲੇ-ਆਨ-ਥੇਮਸ ਤੋਂ ਸੰਸਦ ਮੈਂਬਰ ਬਣੇ।
- ਇਸ ਮਗਰੋਂ 2004 ਵਿੱਚ ਉਹ ਮੁੜ ਤੋਂ ਵਿਵਾਦ 'ਚ ਘਿਰੇ ਜਦੋਂ ਤਤਕਾਲੀ ਕੰਜ਼ਰਵੇਟਿਵ ਨੇਤਾ ਮਾਈਕਲ ਹੋਵਰਡ ਨੇ ਉਨ੍ਹਾਂ ਨੂੰ ਲੀਵਰਪੂਲ ਆ ਕੇ ਆਪਣੇ ਲਿਖੇ ਇੱਕ ਲੇਖ ਕਾਰਨ ਮੁਆਫ਼ੀ ਮੰਗਣ ਨੂੰ ਕਿਹਾ। ਫਿਰ ਉਹ ਆਪਣੀ ਨਿੱਜੀ ਜ਼ਿੰਦਗੀ ਕਾਰਨ ਸੁਰਖੀਆਂ ਵਿੱਚ ਰਹੇ।
- ਪਪੂਆ ਨਿਊ ਗਿਨੀ ਨੂੰ ਆਦਮਖੋਰੀ ਨਾਲ ਜੋੜ ਕੇ ਟੈਲੀਗਰਾਫ਼ ਅਖ਼ਬਾਰ ਵਿੱਚ ਇੱਕ ਲੇਖ ਲਿਖਣ ਕਰਕੇ ਵੀ ਜੌਨਸਨ ਨੂੰ ਮੁਆਫ਼ੀ ਮੰਗਣੀ ਪਈ।
- 2008 ਵਿੱਚ ਲੰਡਨ ਦੇ ਮੇਅਰ ਬਣੇ ਅਤੇ 2016 ਤੱਕ ਇਸ ਅਹੁਦੇ 'ਤੇ ਬਣੇ ਰਹੇ। ਅਪਰਾਧ, ਆਵਾਜਾਈ ਤੇ ਰਿਹਾਇਸ਼ ਸੁਵਿਧਾਵਾਂ ਲਈ ਜੌਨਸਨ ਨੂੰ ਸਰਾਹਿਆ ਜਾਂਦਾ ਹੈ। ਹਾਲਾਂਕਿ ਸ਼ੁਰੂਆਤ ਦੇ ਸਾਲਾਂ 'ਚ ਕੁਝ ਅਪਰਾਧ ਥੋੜ੍ਹਾ ਵਧਿਆ ਪਰ ਬਾਅਦ ਵਿੱਚ ਜੌਨਸਨ ਦੇ ਮੇਅਰ ਰਹਿੰਦਿਆਂ ਇਹ ਘੱਟ ਵੀ ਗਿਆ।
- ਵਿਦੇਸ਼ ਮੰਤਰੀ ਹੋਣ ਕਰਕੇ ਜੌਨਸਨ ਨੇ ਰੂਸ ਦੇ ਖਿਲਾਫ਼ ਸਖ਼ਤ ਟੱਕਰ ਦਾ ਸਮਰਥਨ ਕੀਤਾ। ਉਨ੍ਹਾਂ ਨੇ ਸਾਬਕਾ ਰੂਸੀ ਜਾਸੂਸ ਸਰਗੇਈ ਸਕ੍ਰਿਪਾਲ ਅਤੇ ਉਨ੍ਹਾਂ ਦੀ ਧੀ ਯੂਲਿਆ ਸਕ੍ਰਿਪਾਲ ਨੂੰ ਯੂਕੇ ਵਿੱਚ ਜ਼ਹਿਰ ਦਿੱਤੇ ਜਾਣ ਤੋਂ ਬਾਅਦ ਬ੍ਰਿਟੇਨ 'ਚੋਂ ਰੂਸੀ ਡਿਪਲੋਮੈਟਾਂ ਨੂੰ ਬਾਹਰ ਕੱਢਿਆ। ਇਸ ਮਗਰੋਂ ਅਮਰੀਕਾ, ਕਨੇਡਾ, ਆਸਟਰੇਲੀਆ ਅਤੇ ਯੂਰਪੀਅਨ ਸੰਘ ਦੇ ਸੂਬਿਆਂ ਸਮੇਤ 23 ਮੁਲਕਾਂ ਨੇ ਯੂਕੇ ਦਾ ਸਾਥ ਦਿੱਤਾ।
ਇਹ ਵੀ ਪੜ੍ਹੋ
ਇਹ ਵੀ ਦੇਖੋ: