ਅਮਰੀਕਾ ਦੇ ਡਿਟੈਨਸ਼ਨ ਸੈਂਟਰ: 'ਓਪਨ ਟਾਇਲਟ ਵਿੱਚ ਉਹ ਖਾਂਦੇ ਹਨ ਤੇ ਸੌਂਦੇ ਹਨ’

ਤਸਵੀਰ ਵਿੱਚ ਦਿਖ ਰਿਹਾ ਹੈ ਕਿ ਦੋ ਲਾਸ਼ਾਂ ਪਾਣੀ ਵਿੱਚ ਹਨ - ਇੱਕ ਪਿਤਾ ਅਤੇ ਇੱਕ ਬੱਚੀ ਦੀ।

ਓਸਕਰ ਰਮੀਰੇਜ਼ ਅਤੇ ਉਸਦੀ ਧੀ ਵਲੇਰੀਆ ਦੀ ਪਰੇਸ਼ਾਨ ਕਰਦੇ ਦ੍ਰਿਸ਼ ਉਸ ਸਮੇਂ ਦੇ ਹਨ ਜਦੋਂ ਉਹ ਰਿਓ ਗ੍ਰਾਂਡੇ ਨੂੰ ਪਾਰ ਕਰਨ ਲੱਗੇ ਡੁੱਬ ਗਏ।

ਇਹ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਗਈਆਂ ਹਨ ਅਤੇ ਅਮਰੀਕਾ-ਮੈਕਸੀਕੋ ਸਰਹੱਦ 'ਤੇ ਡਿਟੈਂਨਸ਼ਨ ਕੈਂਪਾਂ ਵਿੱਚ ਰੱਖੇ ਪਰਵਾਸੀ ਬੱਚਿਆਂ ਨਾਲ ਹੁੰਦੇ ਟਰੰਪ ਪ੍ਰਸ਼ਾਸਨ ਦੇ ਵਤੀਰੇ ਨੂੰ ਦਰਸ਼ਾਉਂਦੀਆਂ ਹਨ।

ਅਸੀਂ ਆਪਣੀ ਕਹਾਣੀ ਵਿੱਚ ਇਨ੍ਹਾਂ ਤਸਵੀਰਾਂ ਨੂੰ ਦਿਖਾਉਣ ਦਾ ਫ਼ੈਸਲਾ ਕੀਤਾ ਹੈ ਪਰ ਪਾਠਕਾਂ ਲਈ ਚਿਤਾਵਨੀ ਹੈ ਕਿ ਤਸਵੀਰਾਂ ਪਰੇਸ਼ਾਨ ਕਰ ਸਕਦੀਆਂ ਹਨ।

ਇਸ ਬਾਰੇ ਮੈਕਸੀਕੋ ਦੀਆਂ ਜਨਤਕ ਬਹਿਸਾਂ ਵਿੱਚ ਵੀ ਅਸਰ ਦੇਖਣ ਨੂੰ ਮਿਲ ਚੁੱਕਿਆ ਹੈ ਜਿੱਥੇ ਰਾਸ਼ਟਰਪਤੀ ਐਂਡਰਸ ਮੈਨੂਅਲ ਨੇ ਇਨ੍ਹਾਂ ਤਸਵੀਰਾਂ ਨੂੰ ''ਬੇਹੱਦ ਮੰਦਭਾਗਾ'' ਦੱਸਿਆ ਹੈ।

ਇਹ ਵੀ ਜ਼ਰੂਰ ਪੜ੍ਹੋ:

ਇਸ ਦੌਰਾਨ ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਦੀ ਪਰਵਾਸੀਆਂ ਖ਼ਾਸ ਤੌਰ 'ਤੇ ਪਰਵਾਸੀ ਬੱਚਿਆਂ ਲਈ ਨੀਤੀਆਂ ਬਾਰੇ ਬਹਿਸ ਖ਼ਾਸੀ ਚਰਚਾ ਵਿੱਚ ਹੈ।

ਡੈਮੋਕ੍ਰੈਟਿਕ ਪਾਰਟੀ ਵੱਲੋਂ ਕਾਂਗਰਸ (ਸੰਸਦ) ਮੈਂਬਰ ਐਲੇਗਜ਼ੈਂਡਰੀਆ ਓਕਾਸੀਓ-ਕੋਰਤੇਜ਼ ਨੇ ਇਨ੍ਹਾਂ ਕੈਂਪਾਂ ਨੂੰ ਹਿਟਲਰ ਦੁਆਰਾ ਜਰਮਨੀ 'ਚ ਸਥਾਪਿਤ ਕੀਤੇ ''ਕੰਨਸਨਟ੍ਰੇਸ਼ਨ ਕੈਂਪਾਂ'' ਵਰਗਾ ਦੱਸਿਆ ਸੀ ਅਤੇ ਉਹ ਆਪਣੇ ਬਿਆਨ 'ਤੇ ਕਾਇਮ ਹਨ।

ਇਸ ਵਿਵਾਦ ਕਾਰਨ ਮੰਗਲਵਾਰ ਨੂੰ ਅਮਰੀਕੀ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਏਜੰਸੀ ਦੇ ਐਕਟਿੰਗ ਹੈੱਡ ਜੋਹਨ ਸੈਂਡਰਜ਼ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

ਇਸ ਭਖਦੀ ਬਹਿਸ ਦਰਮਿਆਨ ਯੂਐੱਸ ਹਾਊਸ ਆਫ਼ ਰਿਪ੍ਰਜੈਂਟੇਟਿਵਜ਼ ਨੇ ਮੈਕਸੀਕੋ ਨਾਲ ਲਗਦੀ ਸਰਹੱਦ 'ਤੇ ਫਸੇ ਪਰਵਾਸੀਆਂ ਦੀ ਬਿਹਤਰੀ ਲਈ 4.5 ਬਿਲੀਅਨ ਡਾਲਰ ਦਾ ਸਹਾਇਤਾ ਪੈਕੇਜ ਪਾਸ ਕੀਤਾ ਹੈ।

ਰਾਸ਼ਟਰਪਤੀ ਟਰੰਪ ਨੇ ਪਹਿਲਾਂ ਹੀ ਬਿੱਲ ਨੂੰ ਵੀਟੋ ਕਰਨ ਦੀ ਧਮਕੀ ਦਿੱਤੀ ਹੈ।

ਬੀਬੀਸੀ ਨੇ ਦੋ ਵਕੀਲਾਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਕਲਿੰਟ, ਟੈਕਸਸ ਵਿੱਚ ਅਸਥਾਈ ਨਜ਼ਰਬੰਦੀ ਕੈਂਪਾਂ ਦੀ ਵਿਵਸਥਾ ਦੇਖਣ ਲਈ ਦੌਰੇ ਕੀਤੇ ਅਤੇ ਉਨ੍ਹਾਂ ਇਸ ਬਾਰੇ ਹਾਲਾਤ ਬਿਆਨ ਕਰਦਿਆਂ ਦੱਸਿਆ ਕਿ ਉੱਥੇ ਰਹਿ ਰਹੇ ਬੱਚਿਆਂ ਦੀ ਹਾਲਾਤ ਭਿਆਨਕ ਹੈ।

''ਬੱਚੇ ਭੁੱਖੇ, ਗੰਦੇ, ਬਿਮਾਰ ਅਤੇ ਡਰ ਵਿੱਚ ਹਨ''

ਕੋਲੰਬੀਆ ਲਾਅ ਸਕੂਲ ਦੇ ਇਮੀਗ੍ਰੇਂਟਸ ਰਾਈਟਸ ਕਲੀਨਿਕ ਦੀ ਡਾਇਰੈਕਟਰ ਏਲੋਰਾ ਮੁਖਰਜੀ ਕਹਿੰਦੇ ਹਨ, ''ਮੈਂ ਫ਼ੈਡਰਲ ਇਮੀਗ੍ਰੇਸ਼ਨ ਦੀ ਹਿਰਾਸਤ ਵਿੱਚ ਮੌਜੂਦ ਬੱਚਿਆਂ ਅਤੇ ਪਰਿਵਾਰਾਂ ਨਾਲ 12 ਸਾਲਾਂ ਤੋਂ ਵੱਧ ਸਮੇਂ ਤੋਂ ਕੰਮ ਕਰ ਰਹੀ ਹਾਂ।”

“ਮੈਂ ਕਦੇ ਵੀ ਅਜਿਹੇ ਹਾਲਾਤ ਨਹੀਂ ਦੇਖੋ ਜੋ ਕਲਿੰਟ ਟੈਕਸਸ ਵਿੱਚ ਦੇਖੇ ਹਨ। ਬੱਚੇ ਭੁੱਖੇ, ਗੰਦੇ, ਬੀਮਾਰ ਅਤੇ ਡਰ ਵਿੱਚ ਹਨ। ਉਨ੍ਹਾਂ ਨੂੰ ਨਹੀਂ ਪਤਾ ਉਨ੍ਹਾਂ ਨੂੰ ਕਦੋਂ ਛੱਡਿਆ ਜਾਵੇਗਾ।”

ਇਹ ਵੀ ਜ਼ਰੂਰ ਪੜ੍ਹੋ:

“ਕਈ ਬੱਚੇ ਜਿਨ੍ਹਾਂ ਨੂੰ ਮੈਂ ਇੰਟਰਵਿਊ ਕੀਤਾ, ਉਨ੍ਹਾਂ ਨੂੰ ਕਈ ਦਿਨਾਂ ਅਤੇ ਹਫ਼ਤਿਆਂ ਤੋਂ ਨਜ਼ਰਬੰਦ ਕਰਕੇ ਰੱਖਿਆ ਗਿਆ ਸੀ ਅਤੇ ਕਈਆਂ ਨੂੰ ਤਾਂ ਮਹੀਨਿਆਂ ਦੇ ਕਰੀਬ।

ਕਾਨੂੰਨ ਲਈ ਇਹ ਜ਼ਰੂਰੀ ਹੈ ਕਿ ਬੱਚਿਆਂ ਨੂੰ ਇਨ੍ਹਾਂ ਬਾਰਡਰ ਡਿਟੈਨਸ਼ਨ ਕੈਂਪਾਂ ਤੋਂ 72 ਘੰਟਿਆਂ ਵਿੱਚ ਟਰਾਂਸਫਰ ਕੀਤਾ ਜਾਵੇ।

ਜਦੋਂ ਤੋਂ ਇਨ੍ਹਾਂ ਬੱਚਿਆਂ ਨੇ ਬਾਰਡਰ ਪਾਰ ਕੀਤਾ ਹੈ, ਉਦੋਂ ਤੋਂ ਇਨ੍ਹਾਂ ਨੂੰ ਨਹਾਉਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ।

ਉਨ੍ਹਾਂ ਨੇ ਉਹੀ ਗੰਦੇ ਕੱਪੜੇ ਪਾਏ ਹਨ ਜੋ ਉਨ੍ਹਾਂ ਬਾਰਡਰ ਪਾਰ ਕਰਨ ਵੇਲੇ ਪਾਏ ਸਨ। ਇਨ੍ਹਾਂ ਦੇ ਕੱਪੜਿਆਂ ਵਿੱਚੋਂ ਗੰਦੀ ਬਦਬੋ ਆ ਰਹੀ ਹੈ।

18 ਜੂਨ ਨੂੰ ਫੈਡਰਲ ਅਦਾਲਤ ਵਿੱਚ ਸਰਕਾਰ ਦੀ ਸਥਿਤੀ ਇਹ ਸੀ ਕਿ ਇਨ੍ਹਾਂ ਬੱਚਿਆਂ ਕੋਲ ਆਪਣੇ ਹੱਥਾਂ ਨੂੰ ਧੋਣ ਲਈ ਸਾਬਣ ਤੱਕ ਨਹੀਂ ਹੈ, ਨਾ ਹੀ ਦੰਦਾ ਨੂੰ ਸਾਫ਼ ਕਰਨ ਲਈ ਟੂਥ ਬਰੱਸ਼ ਹੈ।

ਬੱਚੇ ਦੱਸਦੇ ਹਨ ਕਿ ਬੱਚੇ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਦੀ ਹਿਰਾਸਤ ਵਿਚ ਨਹੀਂ ਹਨ।

ਹਰ ਇੱਕ ਬੱਚੇ ਨਾਲ ਅਸੀਂ ਗੱਲ ਕੀਤੀ ਤਾਂ ਪਤਾ ਲੱਗਿਆ ਕਿ ਇਨ੍ਹਾਂ ਦੇ ਪਰਿਵਾਰਿਕ ਜੀਅ ਅਮਰੀਕਾ ਵਿੱਚ ਹਨ ਅਤੇ ਆਪਣੇ ਪਰਿਵਾਰਾਂ ਤੇ ਬੱਚਿਆਂ ਨੂੰ ਮਿਲਣ ਲਈ ਉਤਾਵਲੇ ਹਨ।

ਇਹ ਬੱਚੇ ਪਿੰਜਰਿਆਂ ਵਿੱਚ ਕੈਦ ਰੱਖੇ ਜਾਣੇ ਦੇ ਹੱਕਦਾਰ ਨਹੀਂ ਹਨ। ਟਰੰਪ ਪ੍ਰਸ਼ਾਸਨ ਕੋਲ ਬੱਚਿਆਂ ਨਾਲ ਹੁੰਦੀ ਬੇਰਹਿਮੀ ਲਈ ਕਾਨੂੰਨ ਹਨ।

ਇਹ ਉਹ ਬੱਚੇ ਹਨ ਜੋ ਭਿਆਨਕ ਮਾਹੌਲ ਤੋਂ ਭੱਜ ਰਹੇ ਹਨ ਅਤੇ ਪ੍ਰਸ਼ਾਸਨ ਨੂੰ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਸੁਰੱਖਿਅਤ ਅਤੇ ਸਾਫ਼-ਸੁੱਥਰੇ ਹਾਲਾਤਾਂ ਵਿੱਚ ਰੱਖਣਾ ਚਾਹੀਦਾ ਹੈ।

ਉਹ ਲੋਕ ਜੋ ਅਮਰੀਕਾ ਦੇ ਡਿਟੈਨਸ਼ਨ ਕੈਂਪਾਂ ਦੇ ਹਾਲਾਤ 'ਤੇ ਵਿਸ਼ਵਾਸ ਨਹੀਂ ਕਰਦੇ, ਉਨ੍ਹਾਂ ਨੂੰ ਕਲਿੰਟ ਵਿੱਚ ਕੈਦ ਬੱਚਿਆਂ ਨਾਲ ਗੱਲ ਕਰਨੀ ਚਾਹੀਦੀ ਹੈ।

ਉਨ੍ਹਾਂ ਨੂੰ ਉਨ੍ਹਾਂ ਦੇ ਨੇੜੇ ਆਉਣਾ ਚਾਹੀਦਾ ਹੈ, ਉਨ੍ਹਾਂ ਨੂੰ ਸੁੰਘਣਾ ਚਾਹੀਦਾ ਹੈ ਅਤੇ ਉਨ੍ਹਾਂ ਵੱਲ ਤੱਕਣਾ ਚਾਹੀਦਾ ਹੈ।”

'ਓਪਨ ਟਾਇਲਟ ਵਿੱਚ ਉਹ ਖਾਂਦੇ ਹਨ ਤੇ ਸੋਂਦੇ ਹਨ'

ਪ੍ਰੋਫ਼ੈਸਰ ਵਾਰੇਨ ਬਿਨਫੋਰਡ, ਵਿਲਾਮੇਟ ਯੂਨੀਵਰਸਿਟੀ, ਓਰੀਗਨ ਦੇ ਕਲੀਨਿਕਲ ਲਾਅ ਪ੍ਰੋਗਰਾਮ ਦੇ ਡਾਇਰੈਕਟਰ ਅਤੇ ਬੱਚਿਆਂ ਦੇ ਹੱਕਾਂ ਦੇ ਸਕੋਲਰ ਹਨ।

ਉਨ੍ਹਾਂ ਬੀਬੀਸੀ ਨੂੰ ਕਿਹਾ, ''ਉਹ ਲੋਕ ਲਗਭਗ 350 ਬੱਚਿਆਂ ਨੂੰ ਰੱਖ ਰਹੇ ਸਨ ਜਦਕਿ ਸਹੂਲਤ ਸਿਰਫ਼ 104 ਲੋਕਾਂ ਲਈ ਹੈ। ਕੁਝ ਬੱਚਿਆਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੂੰ ਤਿੰਨ ਹਫ਼ਤਿਆਂ ਤੋਂ ਇੱਥੇ ਰੱਖਿਆ ਗਿਆ ਹੈ।

100 ਤੋਂ ਵੱਧ ਬੱਚਿਆਂ ਵਿੱਚ ਨੌਜਵਾਨ, ਨਵੇ ਜੰਮੇ ਬੱਚੇ, ਛੋਟੇ ਬੱਚਿਆਂ ਤੋਂ ਇਲਾਵਾ ਸਕੂਲ ਜਾਣ ਵਾਲੇ ਬੱਚੇ ਵੀ ਸ਼ਾਮਿਲ ਸਨ। ਇਸ ਤੋਂ ਇਲਾਵਾ ਕੁਝ ਨਵੇਂ ਜੰਮੇ ਬੱਚਿਆਂ ਨਾਲ ਉਨ੍ਹਾਂ ਦੀਆਂ ਮਾਵਾਂ ਵੀ ਸਨ।

ਉੱਥੇ ਕੋਈ ਨਹੀਂ ਸੀ ਜੋ ਇਨ੍ਹਾਂ ਬੱਚਿਆਂ ਦੀ ਦੇਖਭਾਲ ਕਰੇ। ਇਨ੍ਹਾਂ ਨੂੰ ਨਕਾਰਿਆ ਜਾ ਰਿਹਾ ਸੀ ਅਤੇ ਇਨ੍ਹਾਂ ਬੱਚਿਆਂ ਨੂੰ ਨਿਯਮਿਤ ਤੌਰ 'ਤੇ ਨਵਾਇਆ ਨਹੀਂ ਜਾ ਰਿਹਾ ਸੀ।

ਹਜ਼ਾਰਾਂ ਬੱਚਿਆਂ ਨੂੰ ਵੇਅਰਹਾਊਸ ਵਿੱਚ ਰੱਖਿਆ ਗਿਆ ਸੀ, ਜਿਸ ਨੂੰ ਹਾਲ ਹੀ ਵਿੱਚ ਸਹੂਲਤਾਂ ਦੇ ਆਧਾਰ 'ਤੇ ਉਸਾਰਿਆ ਗਿਆ ਸੀ।

ਮੂਲ ਰੂਪ ਵਿਚ ਇਹ ਬੱਚੇ ਇਨ੍ਹਾਂ ਭਿਆਨਕ ਸੈੱਲਾਂ ਵਿੱਚ ਬੰਦ ਹਨ, ਜਿੱਥੇ ਕਮਰੇ ਦੇ ਵਿਚਾਲੇ ਖੁੱਲ੍ਹੇ ਟਾਇਲਟ ਹੁੰਦੇ ਹਨ ਅਤੇ ਉਹ ਇੱਥੇ ਹੀ ਖਾਂਦੇ ਹਨ ਅਤੇ ਸੌਂ ਜਾਂਦੇ ਹਨ।

ਇਹ ਵੀ ਜ਼ਰੂਰ ਪੜ੍ਹੋ:

ਇਨ੍ਹਾਂ ਸੈੱਲਾਂ ਵਿੱਚ ਬਹੁਤ ਭੀੜ ਹੈ। ਅਸੀਂ ਰੋਸਟਰ ਦੇਖੇ ਅਤੇ ਕਈ ਸੈੱਲਾਂ ਵਿੱਚ 100 ਬੱਚੇ ਸਨ, ਕਈਆਂ ਵਿੱਚ 50 ਅਤੇ ਕਈਆਂ ਵਿੱਚ ਮਹਿਜ਼ 25 ਬੱਚੇ।

ਇੱਥੇ ਵਾਇਰਸ ਦਾ ਫ਼ੈਲਾਅ ਹੈ। ਬੱਚੇ ਇਕੱਲੇਪਨ ਵਿੱਚ ਰਹਿ ਰਹੇ ਹਨ ਅਤੇ ਕਿਸੇ ਬਾਲਗ ਦੀ ਨਿਗਰਾਨੀ ਇਨ੍ਹਾਂ 'ਤੇ ਨਹੀਂ ਹੈ। ਬੱਚੇ ਬੀਮਾਰ ਹਨ ਅਤੇ ਜ਼ਮੀਨ 'ਤੇ ਵਿਛੇ ਮੈਟਾਂ 'ਤੇ ਪਏ ਹਨ।

ਕਈ ਬੱਚਿਆਂ ਨੇ ਦੱਸਿਆ ਕਿ ਉਹ ਅਤੇ ਹੋਰ ਬੱਚੇ ਫ਼ਰਸ਼ 'ਤੇ ਨਵੇ ਜੰਮੇ ਬੱਚਿਆਂ ਅਤੇ ਹੋਰ ਛੋਟੇ ਬੱਚਿਆਂ ਸਣੇ ਪਏ ਰਹਿੰਦੇ ਹਨ।

ਇਹ ਸੁਣਨਾ ਬੜਾ ਪਰੇਸ਼ਾਨ ਕਰਨ ਵਾਲਾ ਹੈ ਕਿ ਬੱਚਿਆਂ ਦੀ ਸਾਂਭ-ਸੰਭਾਲ ਦਾ ਮਿਆਰ ਇਮੀਗ੍ਰੇਸ਼ਨ ਦੇ ਸਵਾਲਾਂ ਅਤੇ ਮੁੱਦਿਆਂ ਵਿਚਾਲੇ ਉਲਝ ਕੇ ਰਹਿ ਗਿਆ ਹੈ। ਇਨ੍ਹਾਂ ਵਿੱਚੋਂ ਕੋਈ ਵੀ ਮੁੱਦਾ ਇਮੀਗ੍ਰੇਸ਼ਨ ਬਾਰੇ ਨਹੀਂ ਹੈ।

ਮਾਪਿਆਂ ਨੂੰ ਪਤਾ ਹੈ ਕਿ ਉਹ ਬੱਚੇ ਲਈ ਜ਼ਿੰਮੇਵਾਰ ਹਨ ਭਾਵੇਂ ਉਹ ਇੱਕ ਰਾਤ ਦੀ ਗੱਲ ਕਿਉਂ ਨਾ ਹੋਵੇ। ਮਾਪਿਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੱਚਿਆਂ ਕੋਲ ਸਾਬਣ, ਟੂਥ ਬਰੱਸ਼ ਅਤੇ ਟੂਥ ਪੇਸਟ ਹੋਵੇ।

ਭੀੜ ਵਾਲੇ ਸੈੱਲਾਂ ਵਿੱਚ ਇਹ ਬੱਚੇ ਪੇਸ਼ਾਬ, ਪਖਾਨਾ, ਖਾਣਾ, ਸੌਣਾ ਅਤੇ ਆਪਣੇ ਦਿਨ ਬਿਤਾਉਣ ਲਈ ਮਜਬੂਰ ਹਨ। ਇਹ ਸਭ ਉਹ ਹੋਰਨਾਂ ਬੱਚਿਆਂ ਵਾਂਗ 24 ਘੰਟੇ ਅਤੇ ਸੱਤੇ ਦਿਨ ਕਰਦੇ ਹਨ। ਫਰਸ਼ 'ਤੇ ਸੌਣਾਂ ਵੀ ਇਸੇ ਵਿੱਚ ਸ਼ਾਮਿਲ ਹੈ। ਇਹ ਬਹੁਤ ਹੀ ਬੁਰਾ ਹੈ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)