You’re viewing a text-only version of this website that uses less data. View the main version of the website including all images and videos.
ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪੈਰੋਲ ਦੇਣ ਦਾ ਵਿਰੋਧ ਕਰਨ ਵਾਲਿਆਂ ਦੇ ਕੀ-ਕੀ ਹਨ ਤਰਕ
- ਲੇਖਕ, ਪ੍ਰਭੂ ਦਿਆਲ
- ਰੋਲ, ਬੀਬੀਸੀ ਪੰਜਾਬੀ ਲਈ
"ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇਣ ਨਾਲ ਸਾਡੀ ਜਾਨ ਨੂੰ ਖ਼ਤਰਾ ਹੈ।"
ਇਹ ਕਹਿਣਾ ਹੈ ਮਰਹੂਮ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਪੁੱਤਰ ਅੰਸ਼ੁਲ ਛੱਤਰਪਤੀ ਦਾ, ਜੋ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦਿੱਤੇ ਜਾਣ ਦਾ ਵਿਰੋਧ ਕਰ ਰਹੇ ਹਨ।
ਗੁਰਮੀਤ ਰਾਮ ਰਹੀਮ ਸਾਧਵੀਆਂ ਨਾਲ ਬਲਾਤਕਾਰ ਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ।
ਡੇਰਾ ਮੁਖੀ ਗੁਰਮੀਤ ਰਾਮ 'ਤੇ ਦੋ ਕੇਸ ਅਦਾਲਤ ਵਿੱਚ ਟਰਾਇਲ 'ਤੇ ਹਨ। ਇਨ੍ਹਾਂ 'ਚੋਂ ਇਕ ਰਣਜੀਤ ਸਿੰਘ ਕਤਲ ਦਾ ਮਾਮਲਾ ਅਤੇ ਦੂਜਾ ਡੇਰਾ ਪ੍ਰੇਮੀਆਂ ਨੂੰ ਨਪੁੰਸਕ ਬਣਾਉਣ ਦਾ ਮਾਮਲਾ ਹੈ। ਇਹ ਦੋਵੇਂ ਮਾਮਲੇ ਹਾਲੇ ਅਦਾਲਤ ਵਿੱਚ ਵਿਚਾਧੀਨ ਹਨ। ਦੋਵਾਂ ਮਾਮਲਿਆਂ ਵਿੱਚ ਡੇਰਾ ਮੁਖੀ ਨੂੰ ਜ਼ਮਾਨਤ ਮਿਲੀ ਹੋਈ ਹੈ।
ਇਹ ਵੀ ਪੜ੍ਹੋ:
ਗੁਰਮੀਤ ਰਾਮ ਰਹੀਮ ਵੱਲੋਂ ਖੇਤੀ ਦੇ ਕੰਮਾਂ ਲਈ 42 ਦਿਨਾਂ ਦੀ ਪੈਰੋਲ ਲਈ ਅਰਜ਼ੀ ਪਾਈ ਗਈ ਹੈ। ਇਹ ਅਰਜ਼ੀ ਚਰਚਾ ਦਾ ਵਿਸ਼ਾ ਬਣ ਗਈ ਹੈ।
ਡੇਰੇ ਵੱਲੋਂ ਰਾਮ ਰਹੀਮ ਦੀ ਪੈਰੋਲ ਦੀ ਅਰਜ਼ੀ ਦੀ ਵਕਾਲਤ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਪੈਰੋਲ ਲੈਣਾ ਉਸ ਦਾ ਅਧਿਕਾਰ ਹੈ।
'ਮੁੜ ਜੇਲ੍ਹ ਜਾਣ ਨਾਲ ਪ੍ਰੇਮੀ ਭੜਕੇ ਤਾਂ...'
ਅੰਸ਼ੁਲ ਛੱਤਰਪਤੀ ਨੇ ਕਿਹਾ, "ਡੇਰਾ ਮੁਖੀ 'ਤੇ ਹਾਲੇ ਦੋ ਕੇਸ ਅਦਾਲਤ ਵਿੱਚ ਵਿਚਾਰਾਧੀਨ ਹਨ। ਜੇ ਡੇਰਾ ਮੁਖੀ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਉਂਦੇ ਹਨ ਤਾਂ ਇਸ ਕੇਸ ਦੇ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਡੇਰਾ ਮੁਖੀ ਕਾਫੀ ਪ੍ਰਭਾਵਸ਼ਾਲੀ ਹੈ ਤੇ ਉਹ ਇਨ੍ਹਾਂ ਕੇਸਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।"
ਅੰਸ਼ੁਲ ਨੇ ਅੱਗੇ ਕਿਹਾ, "ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਵੇਲੇ ਪੰਚਕੂਲਾ ਵਿੱਚ ਵੱਡੇ ਪੱਧਰ 'ਤੇ ਸਾੜ ਫੂਕ ਹੋਈ ਸੀ। ਜੇ ਮੁੜ ਜੇਲ੍ਹ ਜਾਣ ਵੇਲੇ ਫਿਰ ਡੇਰਾ ਪ੍ਰੇਮੀ ਭੜਕੇ ਤਾਂ ਇਸ ਦੀ ਜਿੰਮੇਵਾਰੀ ਕਿਸ ਦੀ ਹੋਵੇਗੀ।"
ਅੰਸ਼ੁਲ ਛੱਤਰਪਤੀ ਨੇ ਕਿਹਾ ਹੈ ਕਿ ਜੇ ਡੇਰਾ ਮੁਖੀ ਨੂੰ ਪੈਰੋਲ ਮਿਲੀ ਤਾਂ ਉਹ ਇਸ ਦੇ ਵਿਰੁੱਧ ਅਦਾਲਤ ਵਿੱਚ ਜਾਣਗੇ।
ਪ੍ਰਸ਼ਾਸਨਿਕ ਕਾਰਵਾਈ ਜਾਰੀ
ਰੋਹਤਕ ਦੀ ਸੁਨਾਰੀਆ ਜੇਲ ਦੇ ਸੁਪਰਡੈਂਟ ਨੇ ਡੇਰਾ ਮੁਖੀ ਨੂੰ ਪੈਰੋਲ ਬਾਰੇ ਸਿਰਸਾ ਦੇ ਡਿਪਟੀ ਕਮਿਸ਼ਨਰ ਨੂੰ ਬੀਤੇ ਦਿਨੀਂ ਪੱਤਰ ਲਿਖਿਆ ਸੀ।
ਪੱਤਰ ਵਿੱਚ ਜਿੱਥੇ ਡੇਰਾ ਮੁਖੀ 'ਤੇ ਲੱਗੇ ਦੋਸ਼ਾਂ ਦਾ ਜਿਕਰ ਕੀਤਾ ਗਿਆ ਹੈ ਉਥੇ ਹੀ ਜੇਲ੍ਹ ਵਿੱਚ ਡੇਰਾ ਮੁਖੀ ਦਾ ਚਾਲ-ਚਲਣ ਚੰਗਾ ਹੋਣ ਦਾ ਵੀ ਜਿਕਰ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਵੱਲੋਂ ਇਸ ਪੱਤਰ ਬਾਰੇ ਵੱਖ-ਵੱਖ ਵਿਭਾਗਾਂ ਤੋਂ ਰਿਪੋਰਟ ਮੰਗੀ ਗਈ ਹੈ।
ਅੰਸ਼ੁਲ ਛੱਤਰਪਤੀ ਦੇ ਸਿਰਸਾ ਮਾਮਲਿਆਂ ਵਿੱਚ ਵਕੀਲ ਰਹੇ ਲੇਖ ਰਾਜ ਢੋਟ ਐਡਵੋਕੇਟ ਨੇ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇਣ ਨੂੰ ਗਲਤ ਠਹਿਰਾਇਆ ਹੈ।
ਉਨ੍ਹਾਂ ਕਿਹਾ, "ਇਸ ਮਾਮਲੇ ਵਿੱਚ ਵੀ ਸਰਕਾਰ ਨੂੰ ਸਾਰੇ ਪੱਖ ਵਿਚਾਰਨ ਤੋਂ ਬਾਅਦ ਹੀ ਫੈਸਲਾ ਲੈਣਾ ਚਾਹੀਦਾ ਹੈ ਕਿਉਂਕਿ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਵੇਲੇ ਹੋਈਆਂ ਘਟਨਾਵਾਂ ਮਗਰੋਂ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਵਿਗੜੀ ਸੀ। ਹੁਣ ਵੀ ਇਸ ਦੇ ਵਿਗੜਣ ਦਾ ਖਦਸ਼ਾ ਹੈ।"
ਕਾਨੂੰਨ ਦੇ ਹਿਸਾਬ ਨਾਲ ਹੋਵੇਗੀ ਕਾਰਵਾਈ - ਮਨੋਹਰ ਲਾਲ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ, "ਇਹ ਵਿਸ਼ਾ ਡੀਸੀ ਤੇ ਐੱਸਪੀ ਲੈਵਲ 'ਤੇ ਹੈ। ਉਨ੍ਹਾਂ ਦੀ ਰਿਪੋਰਟ 'ਤੇ ਜੇ ਸਰਕਾਰ ਜਾਂ ਕੋਰਟ ਨੂੰ ਕੋਈ ਟਿੱਪਣੀ ਕਰਨੀ ਹੋਵੇਗੀ ਤਾਂ ਕੀਤੀ ਜਾਵੇਗੀ।"
ਭਾਵੇਂ ਕੋਈ ਵੀ ਅਧਿਕਾਰੀ ਇਸ ਸਬੰਧੀ ਕੁਝ ਵੀ ਬੋਲਣ ਤੋਂ ਬਚ ਰਿਹਾ ਹੈ ਪਰ ਸਿਰਸਾ ਦੇ ਡਿਪਟੀ ਕਮਿਸ਼ਨਰ ਅਸ਼ੋਕ ਕੁਮਾਰ ਗਰਗ ਨੇ ਸਪਸ਼ਟ ਕੀਤਾ ਹੈ ਕਿ ਨਿਯਮਾਂ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ।
ਪੈਰੋਲ ਅਰਜ਼ੀ 'ਤੇ ਡੇਰੇ ਦਾ ਪ੍ਰਤੀਕਰਮ?
ਡੇਰਾ ਸੱਚਾ ਸੌਦਾ ਦੀ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਨੇ ਬੀਬੀਸੀ ਪੱਤਰਤਕਾਰ ਆਰਿਸ਼ ਛਾਬੜਾ ਨਾਲ ਗੱਲਬਾਤ ਵਿੱਚ ਪੈਰੋਲ ਮਿਲਣ ਦੀ ਵਕਾਲਤ ਕੀਤੀ।
ਉਨ੍ਹਾਂ ਕਿਹਾ, "ਸਾਨੂੰ ਸ਼ੁਰੂ ਤੋਂ ਹੀ ਉਮੀਦ ਹੈ ਕਿ ਪੈਰੋਲ ਹੋ ਜਾਵੇਗੀ, ਇਹ ਸਾਡਾ ਅਧਿਕਾਰ ਬਣਦਾ ਹੈ ਅਤੇ ਹੋਣੀ ਚਾਹੀਦੀ ਹੈ। ਕੈਦੀ ਕੋਈ ਵੀ ਹੋਵੇ, ਉਸ ਨੂੰ ਪੈਰੋਲ ਮਿਲਦੀ ਹੈ।"
ਪੈਰੋਲ ਮਿਲਣ ਨਾਲ ਮਾਹੌਲ ਖ਼ਰਾਬ ਹੋਣ ਦੇ ਖ਼ਦਸ਼ੇ ਬਾਰੇ ਉਨ੍ਹਾਂ ਕਿਹਾ, "ਬਾਬਾ ਜੀ ਜੇ ਆਏ ਤਾਂ ਵਾਪਿਸ ਵੀ ਜਾਣਗੇ। ਗੜਬੜ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।"
ਡੇਰਾ ਮੁਖੀ ਖ਼ਿਲਾਫ਼ ਕੇਸ ਲੜਨ ਵਾਲਿਆਂ ਵੱਲੋਂ ਸਾਂਝੇ ਕੀਤੇ ਗਏ ਖ਼ਦਸ਼ਿਆਂ ਬਾਰੇ ਰਾਮ ਸਿੰਘ ਨੇ ਕਿਹਾ, "ਉਨ੍ਹਾਂ 'ਤੇ ਕੀ ਅਤੇ ਕਾਹਦਾ ਅਸਰ ਪਵੇਗਾ, ਬਾਬਾ ਜੀ ਨੇ ਆਪਣੇ ਘਰ ਆਉਣਾ, ਡੇਰੇ ਵਿੱਚ ਆਉਣਾ ਹੈ। ਜਦੋਂ ਕੇਸ ਦਾ ਫ਼ੈਸਲਾ ਹੀ ਹੋ ਚੁੱਕਿਆ ਹੈ ਤਾਂ ਹੁਣ ਕਿਹੜਾ ਉਨ੍ਹਾਂ ਦੀ ਗਵਾਹੀ ਹੋਣੀ ਹੈ।''
ਰਾਮ ਸਿੰਘ ਨੇ ਇਹ ਵੀ ਕਿਹਾ ਕਿ ਭਾਵੇਂ ਸ਼ਰਧਾਲੂ ਡੇਰਾ ਮੁਖੀ ਨੂੰ ਵਾਪਿਸ ਜਾਣ ਤੋਂ ਰੋਕਣ ਪਰ ਉਹ ਫ਼ਿਰ ਵੀ ਜੇਲ੍ਹ ਵਾਪਿਸ ਜ਼ਰੂਰ ਜਾਣਗੇ। ਫ਼ਿਲਹਾਲ ਕਿਸੇ ਸਮਾਗਮ ਬਾਰੇ ਨਹੀਂ ਸੋਚਿਆ ਹੈ।
ਇਹ ਵੀਡੀਓ ਵੀ ਜ਼ਰੂਰ ਵੇਖੋ: