ਬਚਪਨ ਵਿੱਚ ਹੋਏ ਬਲਾਤਕਾਰ ਦੇ ਸਦਮੇ ਤੋਂ ਛੁਟਕਾਰੇ ਲਈ ਸਵੈ-ਇੱਛਾ ਮੌਤ ਮਰਨ ਵਾਲੀ ਕੁੜੀ

17 ਸਾਲਾ ਨੋਆ ਪੋਥੋਵੇਨ, ਨੀਦਰਲੈਂਡ ਦੀ ਨਿਵਾਸੀ ਸੀ। ਨੋਆ ਨੇ ਪੋਸਟ ਟਰੋਮੈਟਿਕ ਸਟਰੈਸ ਕਾਰਨ ਸਵੈ-ਇੱਛਾ ਮੌਤ ਦੀ ਬੇਨਤੀ ਕੀਤੀ ਸੀ। ਉਹ ਹੁਣ ਨਹੀਂ ਰਹੀ ।

"ਮੈਂ ਕਿਸ ਤਰ੍ਹਾਂ ਜੀ ਰਹੀ ਹਾਂ, ਕਿਵੇਂ ਕੋਸ਼ਿਸ਼ ਕਰਦੀ ਹਾਂ ਇਹ ਤੁਸੀਂ ਮੇਰੀ ਕਿਤਾਬ ਵਿੱਚ ਪੜ੍ਹੋਗੇ।"

ਨੋਆ ਪੋਥੋਵੇਨ ਨੇ ਆਪਣੀ ਆਤਮਕਥਾ ਵਿੱਚ ਆਪਣੇ ਦੁੱਖਾਂ ਬਾਰੇ ਦੱਸਿਆ ਹੈ। ਆਪਣੀ ਸਵੈ-ਜੀਵਨੀ ਵਿੱਚ ਉਨ੍ਹਾਂ ਨੇ ਉਹ ਸਾਰੇ ਦੁੱਖ ਬਿਆਨ ਕੀਤੇ ਜਿਨ੍ਹਾਂ ਵਿੱਚੋਂ ਉਨ੍ਹਾਂ ਨੂੰ ਬਚਪਨ ਵਿੱਚ ਆਪਣੇ ਜਿਣਸੀ ਸ਼ੋਸ਼ਣ ਅਤੇ ਬਲਾਤਕਾਰ ਹੋਣ ਤੋਂ ਬਾਅਦ ਲੰਘਣਾ ਪਿਆ।

ਇਹ ਵੀ ਪੜ੍ਹੋ:

ਬੀਤੇ ਐਤਵਾਰ, 17 ਸਾਲ ਦੀ ਇਸ ਕੁੜੀ ਦੀ ਨੀਦਰਲੈਂਡ ਦੇ ਅਰਨੇਹਮ ਵਿਚਲੇ ਆਪਣੇ ਘਰ ਵਿੱਚ ਮੌਤ ਹੋ ਗਈ। ਇਸ ਦੀ ਪੁਸ਼ਟੀ ਨੋਆ ਦੀ ਭੈਣ ਨੇ ਇੱਕ ਡੱਚ ਅਖ਼ਬਾਰ ਏ.ਡੀ. ਕੋਲ ਕੀਤੀ ਹੈ।

ਪੋਥੋਵੇਨ ਨੇ ਕਈ ਸਾਲ ਪੋਸਟ-ਟਰੋਮੈਟਿਕ ਤਣਾਅ ਵਿੱਚੋਂ ਲੰਘਣ ਤੋਂ ਬਾਅਦ ਆਪਣੇ ਮਾਪਿਆ ਦੀ ਸਹਿਮਤੀ ਨਾਲ ਆਪਣੀ ਜ਼ਿੰਦਗੀ ਖ਼ਤਮ ਕਰਨ ਦਾ ਫੈਸਲਾ ਲਿਆ।

ਨੀਦਰਲੈਂਡ ਵਿੱਚ ਅਸਹਿ ਮਾਨਸਿਕ ਤਕਲੀਫ਼ ਦੇ ਮਾਮਲਿਆਂ ਵਿੱਚ ਸਵੈ-ਇੱਛਾ ਮੌਤ ਦੀ ਬੇਨਤੀ ਕੀਤੀ ਜਾ ਸਕਦੀ ਹੈ, ਹਲਾਂਕਿ ਇਸ ਮਾਮਲੇ ਵਿੱਚ ਇਸ ਮੁਟਿਆਰ ਬਾਰੇ ਜੋ ਵੇਰਵੇ ਦਿੱਤੇ ਗਏ ਹਨ ਉਹ ਜ਼ਿਆਦਾ ਸਪਸ਼ਟ ਨਹੀਂ ਹਨ।

ਕੁਝ ਮੀਡਿਆ ਅਦਾਰਿਆਂ ਦਾ ਕਹਿਣਾ ਹੈ ਕਿ ਡਾਕਟਰ ਮੌਜੂਦ ਸਨ, ਜਦੋਂ ਕਿ ਬਾਕੀ ਕਹਿ ਰਹੇ ਹਨ ਕਿ ਉਸਦੇ ਮਾਂ-ਬਾਪ ਨੇ ਮਰਨ ਵਿੱਚ ਕੁੜੀ ਦੀ ਮਦਦ ਕੀਤੀ।

ਇਹੀ ਪਤਾ ਹੈ ਕਿ ਨੋਆ ਦੀ ਮੌਤ ਆਪਣੇ ਘਰ ਵਿੱਚ ਹੋਈ ਅਤੇ ਉਸ ਦਾ ਵਿਦਾਇਗੀ ਸੰਦੇਸ਼ ਬਹੁਤ ਸਾਫ਼ ਸੀ - "ਪਿਆਰ ਦਾ ਮਤਲਬ ਜਾਣ ਦੇਣਾ ਹੈ"।

ਬੇਝਿਜਕ

ਨੋਆ ਨੇ ਇਨਸਟਾਗ੍ਰਾਮ 'ਤੇ ਆਪਣੇ ਫਾਲੋਵਰਾਂ ਨੂੰ ਅਲਵਿਦਾ ਕਹੀ ਕੇ ਆਪਣੇ ਮਰਨ ਦੇ ਫੈਸਲੇ ਬਾਰੇ ਜਾਣੂ ਕਰਵਾਇਆ ।

"ਮੈਂ ਸਿੱਧੀ ਗੱਲ ਕਰਾਂਗੀ। ਮੈਂ ਦਸ ਦਿਨਾਂ ਬਾਅਦ ਮਰ ਜਾਵਾਂਗੀ, ਸਾਲਾਂ ਦੀ ਲੜ੍ਹਾਈ ਮਗਰੋਂ, ਮੇਰੀ ਲੜ੍ਹਾਈ ਖ਼ਤਮ ਹੋ ਗਈ ਹੈ। ਆਖ਼ਰਕਾਰ ਮੇਰੀ ਆਪਣੇ ਦੁੱਖਾਂ ਤੋਂ ਰਿਹਾਈ ਹੋਣ ਲੱਗੀ ਹੈ ਕਿਉਂਕਿ ਇਹ ਅਸਹਿਣਯੋਗ ਹੈ।"

"ਮੈਨੂੰ ਇਹ ਕਹਿਣ ਦੀ ਕੋਸ਼ਿਸ਼ ਨਾ ਕਰਨਾ ਕਿ ਇਹ ਸਹੀ ਫੈਸਲਾ ਨਹੀਂ ਹੈ। ਇਹ ਸੋਚਿਆ ਸਮਝਿਆ ਅਤੇ ਨਿਸ਼ਚਿਤ ਫੈਸਲਾ ਹੈ।"

ਨੋਆ ਦੀ ਇਹ ਸ਼ੋਸ਼ਲ ਮੀਡੀਆ ਪੋਸਟ ਹੁਣ ਮੌਜੂਦ ਨਹੀਂ ਹੈ।

"ਅਸਲ ਵਿੱਚ ਮੈਂ ਜ਼ਿਆਦਾ ਦੇਰ ਜੀਵੀ ਨਹੀਂ, ਮੈਂ ਬਚੀ ਰਹੀ...ਸ਼ਾਇਦ ਉਹ ਵੀ ਨਹੀਂ...ਬਸ ਸਾਹ ਲਏ...ਹਾਂ ਹੁਣ ਉਹ ਵੀ ਜਿਆਦਾ ਨਹੀਂ ਪਰ ਹੁਣ ਮੈਂ ਜਿਊਂਦੀ ਨਹੀਂ।"

ਇਸ ਮੁਟਿਆਰ ਨੇ ਦੱਸਿਆ ਕਿ ਉਸ ਨੇ ਪਿਛਲੇ ਕੁਝ ਦਿਨਾਂ ਤੋਂ ਖਾਣਾ-ਪੀਣਾ ਬੰਦ ਕਰ ਦਿੱਤਾ ਸੀ ਅਤੇ ਉਸ ਨੇ ਮਿੱਥ ਲਿਆ ਹੈ ਕਿ ਉਹ ਆਪਣੇ ਮਾਂ-ਬਾਪ, ਦੋਸਤਾਂ ਅਤੇ ਨਜ਼ਦੀਕੀਆਂ ਦੀ ਮੌਜ਼ੂਦਗੀ ਵਿੱਚ ਮਰ ਜਾਵੇਗੀ ।

ਨਾਸਹਿਣਯੋਗ ਮਾਨਸਿਕ ਸਥਿਤੀ

ਨੋਆ ਨੂੰ ਨੀਦਰਲੈਂਡ ਵਿੱਚ ਆਪਣੀ ਆਤਮਕਥਾ ਲਈ ਜਾਣਿਆ ਜਾਂਦਾ ਸੀ ਜਿਸ ਵਿੱਚ ਉਸ ਨੇ ਜਿਣਸੀ ਸ਼ੋਸ਼ਣ ਅਤੇ ਗੁੱਸੇ ਦਾ ਪ੍ਰਗਟਾਵਾ ਕੀਤਾ ਸੀ, ਅਤੇ ਉਸ ਨੇ ਇਸ ਸਦਮੇ ਵਿਰੁੱਧ ਲੜ੍ਹਾਈ ਦੀ ਆਪਣੀ ਕੋਸ਼ਿਸ਼ ਬਾਰੇ ਵੀ ਲਿਖਿਆ ਸੀ।

ਪਿਛਲੇ ਨਵੰਬਰ ਵਿੱਚ ਪ੍ਰਕਾਸ਼ਿਤ ਕੀਤੀ ਗਈ ਇਹ ਰਚਨਾ, ਆਪਣੀ ਦਿਲੇਰੀ ਤੇ ਹੰਝੂਆਂ ਲਈ ਮਸ਼ਹੂਰ ਹੋਈ। ਕਿਤਾਬ ਨੇ ਇਸ ਉੱਤਰ-ਯੂਰਪੀ ਦੇਸ਼ ਵਿੱਚ ਕਈ ਪੁਰਸਕਾਰ ਵੀ ਹਾਲਸ ਕੀਤੇ।

ਕਿਤਾਬ ਦੱਸਦੀ ਹੈ ਕਿ ਕਿਵੇਂ 11 ਸਾਲ ਦੀ ਉਮਰ ਵਿੱਚ ਉਸ ਨਾਲ ਸਕੂਲ ਦੀ ਪਾਰਟੀ ਵਿੱਚ ਦੁਰਵਿਹਾਰ ਕੀਤਾ ਗਿਆ। ਫਿਰ ਤਿੰਨ ਸਾਲ ਬਾਅਦ, ਆਰਨੇਹਮ ਸ਼ਹਿਰ ਵਿੱਚ ਦੋ ਬੰਦਿਆਂ ਨੇ ਉਸ ਨਾਲ ਬਲਾਤਕਾਰ ਕੀਤਾ।

ਡਰ ਅਤੇ ਸ਼ਰਮ ਕਰਕੇ ਉਹ ਚੁੱਪ ਰਹੀ ਅਤੇ ਸਦਮੇ ਨਾਲ ਜੂਝਣ ਲਈ ਉਸ ਨੇ ਇੱਕ ਡਾਇਰੀ ਲਿਖਣੀ ਸ਼ੁਰੂ ਕੀਤੀ।

ਨੋਆ ਮੁਤਾਬਕ, ਉਸ ਦਾ ਇਸ ਨੂੰ ਛਪਵਾਉਣ ਦਾ ਮਕਸਦ ਇਸ ਵਿਸ਼ੇ ਨੂੰ ਘੇਰੀ ਰੱਖਣ ਵਾਲੀਆਂ ਵਰਜਨਾਵਾਂ ਨੂੰ ਤੋੜਨ ਦੀ ਕੋਸ਼ਿਸ਼ ਕਰਨਾ ਅਤੇ ਇਸੇ ਤਰ੍ਹਾਂ ਦੇ ਸੰਕਟ ਵਿੱਚੋਂ ਲੰਘ ਰਹੇ ਨੌਜਵਾਨਾਂ ਨੂੰ ਦਿਲਾਸਾ ਦੇਣਾ ਸੀ।

ਨੀਦਰਲੈਂਡ ਤੋਂ ਬੀਬੀਸੀ ਪੱਤਰਕਾਰ ਅਨਾ ਹੋਲੀਗਨ ਨੇ ਦੱਸਿਆ, "ਜਦੋਂ ਨੋਆ ਦੂਜਿਆਂ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਉਣ ਬਾਰੇ ਗੱਲ ਕਰ ਰਹੀ ਸੀ, ਉਸਦੀ ਆਪਣੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ।"

ਕਿਤਾਬ ਵਿੱਚ, ਕੁੜੀ ਨੇ ਉਨ੍ਹਾਂ ਚਾਈਲਡ ਕੇਅਰ ਸੈਂਟਰਾਂ ਵਿਚਲੇ ਆਪਣੇ ਅਨੁਭਵਾਂ ਬਾਰੇ ਲਿਖਿਆ ਜਿਨ੍ਹਾਂ ਵਿੱਚ ਉਹ ਰਹੀ ਸੀ।

ਜੋ ਕੁਝ ਉਸ ਨੇ ਸਹਿਣ ਕੀਤਾ, ਖੁਦਕੁਸ਼ੀ ਕਰਨ ਦੀਆਂ ਕੋਸ਼ਿਸ਼ਾਂ ਅਤੇ ਵਿਗੜੇ ਖਾਣ-ਪੀਣ ਬਾਰੇ ਦੱਸਿਆ, ਜਿਨ੍ਹਾਂ ਨੇ ਉਸ ਨੂੰ ਇੱਕ ਆਮ ਜ਼ਿੰਦਗੀ ਜਿਉਣ ਤੋਂ ਰੋਕਿਆ।

ਨੋਆ ਦੀ ਮਾਤਾ ਲਿਟੇਟ ਨੇ ਉਸ ਸਮੇਂ ਕਿਹਾ, "ਇਹ ਪੁਸਤਕ ਨਾ ਕੇਵਲ ਸਿਹਤ ਦੇ ਖੇਤਰ ਵਿੱਚ ਕੰਮ ਕਰਨ ਵਾਲਿਆਂ ਨੂੰ, ਸਗੋਂ ਬਾਲ ਅਧਿਕਾਰਾਂ ਦੇ ਵਕਾਲਤੀਆਂ ਅਤੇ ਬੱਚਿਆਂ ਦੀ ਸੰਭਾਲ ਲਈ ਕੰਮ ਕਰਦੀਆਂ ਸੰਸਥਾਵਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਵੀ ਪੜ੍ਹਨੀ ਚਾਹੀਦੀ ਹੈ।"

ਮੌਤ ਲਈ ਮਦਦ ਦੀ ਬੇਨਤੀ

ਆਪਣੀ ਸਵੈ-ਜੀਵਨੀ ਵਿੱਚ, ਨੋਆ ਨੇ ਸਵੈ-ਇੱਛਾ ਮੌਤ ਲਈ ਬੇਨਤੀ ਬਾਰੇ ਲਿਖਿਆ ਹੈ, ਜੋ ਨੀਦਰਲੈਂਡਜ਼ ਵਿੱਚ 2002 ਤੋਂ ਕਾਨੂੰਨੀ ਹੈ ਅਤੇ ਅਸਹਿਣਸ਼ੀਲ ਮਾਨਸਿਕ ਦੁੱਖਾਂ ਦੇ ਮਾਮਲਿਆਂ ਵਿੱਚ ਮੰਗੀ ਜਾ ਸਕਦੀ ਹੈ ।

ਨੋਆ ਨੇ ਲਿਖਿਆ, "ਉਹ ਸੋਚਦੇ ਹਨ ਕਿ ਮੈਂ ਬਹੁਤ ਜਵਾਨ ਹਾਂ, ਮੈਨੂੰ ਮਨੋਵਿਗਿਆਨਕ ਇਲਾਜ ਪੂਰਾ ਕਰਨ ਦੀ ਜ਼ਰੂਰਤ ਹੈ ਅਤੇ ਮੈਨੂੰ ਆਪਣੇ ਦਿਮਾਗ ਦੇ ਪੂਰਨ ਵਿਕਸਤ ਹੋਣ ਦੀ ਉਡੀਕ ਕਰਨੀ ਚਾਹੀਦੀ ਹੈ।"

"ਜਦੋਂ ਤਕ ਮੈਂ 21 ਸਾਲਾਂ ਦੀ ਨਹੀਂ ਹੁੰਦੀ ਅਜਿਹਾ ਨਹੀਂ ਹੋਵੇਗਾ। ਮੈਂ ਤਬਾਹ ਹੋ ਚੁੱਕੀ ਹਾਂ ਕਿਉਂਕਿ ਮੈਂ ਇੰਨੀ ਦੇਰ ਤੱਕ ਉਡੀਕ ਨਹੀਂ ਕਰ ਸਕਦੀ, ਮੈਂ ਹਰ ਦਿਨ ਡਰ ਅਤੇ ਦਰਦ ਨੂੰ ਮਹਿਸੂਸ ਕਰਦੀ ਹਾਂ। ਮੈਨੂੰ ਮਹਿਸੂਸ ਹੁੰਦਾ ਹੈ ਜਿਵੇਂ ਮੇਰਾ ਸਰੀਰ ਅਜੇ ਵੀ ਗੰਦਾ ਹੋਵੇ।"

ਬੀਤੇ ਦਸੰਬਰ ਵਿੱਚ, ਇਸ ਕੁੜੀ ਨੇ ਰਾਜਧਾਨੀ ਦਿ ਹੇਗ ਵਿੱਚ ਸਵੈ-ਇੱਛਾ ਮੌਤ ਵਿੱਚ ਮਾਹਰ ਇੱਕ ਕਲੀਨਿਕ ਕੋਲ ਇਸ ਸੰਬੰਧੀ ਸੰਭਾਵਨਾਵਾਂ ਬਾਰੇ ਜਾਣਨ ਲਈ ਪਹੁੰਚ ਕੀਤੀ।

ਉਹ ਉੱਥੇ ਆਪਣੇ ਮਾਤਾ-ਪਿਤਾ ਨੂੰ ਦੱਸੇ ਬਿਨਾਂ ਹੀ ਗਈ ਸੀ ਹਾਲਾਂਕਿ, ਉਸ ਦੇ ਆਖ਼ਰੀ ਫੈਸਲੇ ਵਿੱਚ ਉਸ ਦੇ ਮਾਪਿਆਂ ਦੀ ਸਹਿਮਤੀ ਸੀ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)