ਅਮਰੀਕਾ ਦੇ ਵਰਜੀਨੀਆ 'ਚ ਗੋਲੀਬਾਰੀ: 'ਲੋਕਾਂ ਦੀਆਂ ਰੋਣ-ਕੁਰਲਾਉਣ ਦੀਆਂ ਆਵਾਜ਼ਾਂ ਸੁਣੀਆਂ'

ਅਮਰੀਕਾ ਦੇ ਵਰਜੀਨੀਆ ਸੂਬੇ ਵਿੱਚ ਅੰਨ੍ਹੇਵਾਹ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ।

ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਘੱਟੋ-ਘੱਟ 12 ਲੋਕਾਂ ਦੀ ਮੌਤ ਹੋਈ ਹੈ ਅਤੇ 6 ਲੋਕ ਜ਼ਖਮੀ ਹੋਏ ਹਨ।

ਪੁਲਿਸ ਦਾ ਕਹਿਣਾ ਹੈ ਕਿ ਗੋਲੀਬਾਰੀ ਦੀ ਇਹ ਘਟਨਾ ਵਰਜੀਨੀਆ ਦੀ ਇੱਕ ਸਰਕਾਰੀ ਇਮਾਰਤ ਵਿੱਚ ਹੋਈ ਹੈ।

ਸਥਾਨਕ ਪੁਲਿਸ ਅਨੁਸਾਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ੱਕੀ ਵਰਜੀਨੀਆ ਵਿੱਚ ਮਿਊਨਸੀਪਲ ਸੈਂਟਰ ਦਾ ਮੁਲਾਜ਼ਮ ਹੈ। ਉਸ ਨੇ ਆਪਣੇ ਕੰਮ ਕਰਨ ਵਾਲੀ ਥਾਂ ਵਿੱਚ ਹੀ ਅੰਨ੍ਹੇਵਾਹ ਗੋਲੀਬਾਰੀ ਕੀਤੀ।

ਹੁਣ ਤੱਕ ਹਮਲਾਵਰ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਦੀ ਮੌਤ ਹੋ ਗਈ ਹੈ। ਇਸ ਘਟਨਾ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਇਆ ਹੈ।

ਕਿਵੇਂ ਵਾਪਰੀ ਘਟਨਾ

ਪੁਲਿਸ ਅਨੁਸਾਰ ਗੋਲੀਬਾਰੀ ਦੀ ਇਹ ਘਟਨਾ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ ਚਾਰ ਵਜੇ ਹੋਈ ਹੈ।

ਇਮਾਰਤ ਵਿੱਚ ਪ੍ਰਸ਼ਾਸਨਿਕ ਸਹਾਇਕ ਅਧਿਕਾਰੀ ਮੇਗਨ ਬੈਂਟਨ ਨੇ ਸਥਾਨਕ ਟੀਵੀ ਨਿਊਜ਼ ਸਟੇਸ਼ਨ ਵੈਵੀ ਨੂੰ ਦੱਸਿਆ, "ਅਸੀਂ ਲੋਕਾਂ ਦੀਆਂ ਰੋਣ-ਕੁਰਲਾਉਣ ਦੀਆਂ ਆਵਾਜ਼ਾਂ ਸੁਣੀਆਂ, ਉਹ ਇੱਕ-ਦੂਜੇ ਨੂੰ ਜ਼ਮੀਨ 'ਤੇ ਲੇਟਣ ਲਈ ਕਹਿ ਰਹੇ ਸੀ।

ਪੁਲਿਸ ਮੁਖੀ ਜੇਮਸ ਕਰਵੇਰਾ ਨੇ ਦੱਸਿਆ ਕਿ ਇੱਕ ਨੂੰ ਬਾਹਰ ਕਾਰ 'ਚ ਗੋਲੀ ਮਾਰੀ ਗਈ ਅਤੇ ਬਾਕੀ ਤਿੰਨ ਮੰਜ਼ਿਲਾਂ ’ਤੇ ਲੋਕ ਹਮਲਾਵਰ ਦਾ ਨਿਸ਼ਾਨਾ ਬਣੇ।

ਜੇਮਸ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਚਾਰ ਅਧਿਕਾਰੀ ਇਮਾਰਤ ਅੰਦਰ ਗਏ ਅਤੇ ਬੰਦੂਕਧਾਰੀ ਨੂੰ ਲੱਭਿਆ ਕੇ ਉਸ ਦਾ ਧਿਆਨ ਵਟਾਇਆ। ਇਸ ਤੋਂ ਬਾਅਦ ਹਮਲਾਵਰ ਦੀ ਪੁਲਿਸ ਨਾਲ ਮੁਠਭੇੜ ਦੌਰਾਨ ਮੌਤ ਹੋ ਗਈ।

ਪੁਲਿਸ ਮੁਖੀ ਦਾ ਕਹਿਣਾ ਹੈ ਮੰਜ਼ਰ ਕਾਫੀ ‘ਡਰਾਉਣ ਵਾਲਾ’ ਸੀ ਅਤੇ ਇਸ ਨੂੰ ‘ਜੰਗੀ ਖੇਤਰ ਵਾਂਗ’ ਦਰਸਾਇਆ ਜਾ ਸਕਦਾ ਹੈ।

ਜੇਮਸ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ, "ਪੁਲਿਸ ਅਧਿਕਾਰੀਆਂ ਨੇ ਬੰਦੂਕਧਾਰੀ ਨੂੰ ਇਮਾਰਤ 'ਚ ਹੋਰ ਕਤਲੇਆਮ ਕਰਨ ਤੋਂ ਰੋਕਣ 'ਚ ਸਫ਼ਲ ਰਹੀ।"

ਪੁਲਿਸ ਨੇ ਹਮਲਾਵਰ ਕੋਲੋਂ ਰਾਈਫਲ ਤੇ ਹੈਂਡਗਨ ਵੀ ਬਰਾਮਦ ਕੀਤਾ।

ਐਫਬੀਆਈ ਕਰ ਰਹੀ ਹੈ ਜਾਂਚ

ਵਰਜੀਨੀਆ ਦੇ ਗਵਰਨਰ ਰਾਲਫ ਨਾਰਥਮ ਨੇ ਕਿਹਾ, "ਇਹ ਵਰਜੀਨੀਆ ਤੇ ਪੂਰੇ ਕਾਮਨਵੈਲਥ ਲਈ ਇੱਕ ਤ੍ਰਾਸਦੀ ਵਾਲਾ ਦਿਨ ਹੈ। ਇਸ ਗੋਲੀਬਾਰੀ ਦੇ ਸ਼ਿਕਾਰ ਹੋਏ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਹਮਦਰਦੀ ਹੈ।"

ਵਰਜੀਨੀਆ ਬੀਚ ਦੇ ਮੇਅਰ ਡਾਇਰ ਨੇ ਇਸ ਹਾਦਸੇ ਨੂੰ ਸ਼ਹਿਰ ਦੇ ਇਤਿਹਾਸ ਦਾ 'ਸਭ ਤੋਂ ਤ੍ਰਾਸਦਿਕ ਦਿਨ' ਦੱਸਿਆ ਹੈ।

ਅਮਰੀਕੀ ਮੀਡੀਆ ਮੁਤਾਬਕ ਐਫਬੀਆਈ ਹਾਦਸੇ ਵਾਲੀ ਥਾਂ 'ਤੇ ਮੌਜੂਦ ਹੈ ਅਤੇ ਜਾਂਚ 'ਚ ਸਥਾਨਕ ਪ੍ਰਸ਼ਾਸਨ ਦੀ ਮਦਦ ਕਰ ਰਹੀ ਹੈ।

ਅਜਿਹੀ ਗੋਲੀਬਾਰੀ ਦੀਆਂ ਘਟਨਾਵਾਂ ਦਾ ਲੇਖਾ-ਜੋਖਾ ਰੱਖਣ ਵਾਲੀ ਅਮਰੀਕੀ ਵੈਬਸਾਈਟ 'ਗਨ ਵਾਇਲੈਂਸ ਆਰਕਾਈਵ' ਮੁਤਾਬਕ ਅਮਰੀਕਾ 'ਚ ਇਸ ਸਾਲ ਮਾਸ ਸ਼ੂਟਿੰਗ ਦੀ ਇਹ 150ਵੀਂ ਘਟਨਾ ਹੈ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)