ਕੀ ਪਾਕਿਸਤਾਨ 'ਚ ਇੰਝ ਰੁਕੇਗਾ ਜਬਰਨ ਧਰਮ ਪਰਿਵਰਤਨ

ਤਸਵੀਰ ਸਰੋਤ, Getty Images
- ਲੇਖਕ, ਫਰਾਨ ਰਫ਼ੀ
- ਰੋਲ, ਪੱਤਰਕਾਰ, ਬੀਬੀਸੀ
ਪਾਕਿਸਤਾਨ ਵਿੱਚ ਰੀਨਾ ਅਤੇ ਰਵੀਨਾ ਨਾਮ ਦੀਆਂ ਦੋ ਹਿੰਦੂ ਕੁੜੀਆਂ ਦਾ ਕਥਿਤ ਤੌਰ 'ਤੇ ਜ਼ਬਰਨ ਧਰਮ ਬਦਲਵਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ ਦੇ ਇੱਕ ਮੰਤਰੀ ਨੇ ਦੋ ਬਿਲ ਪੇਸ਼ ਕਰਨ ਦਾ ਫੈਸਲਾ ਕੀਤਾ ਹੈ।
ਇਮਰਾਨ ਖ਼ਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਆਗੂ ਡਾ. ਰਮੇਸ਼ ਕੁਮਾਰ ਵੰਕਵਾਨੀ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕੌਮੀ ਅਸੈਂਬਲੀ ਵਿੱਚ ਦੋ ਬਿਲ ਪੇਸ਼ ਕੀਤੇ ਹਨ।
ਡਾ. ਰਮੇਸ਼ ਦਾ ਕਹਿਣਾ ਹੈ, "ਪਹਿਲਾ ਬਿਲ ਕੁੜੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ ਵਧਾ ਕੇ 18 ਸਾਲ ਕਰਨ ਬਾਰੇ ਹੈ। ਦੂਜਾ ਬਿਲ ਜ਼ਬਰਨ ਧਰਮ ਬਦਲਵਾਉਣ ਨੂੰ ਰੋਕਣ ਲਈ ਹੈ।"
ਮੌਜੂਦਾ ਕਾਨੂੰਨ ਮੁਤਾਬਕ ਪਾਕਿਸਤਾਨ ਵਿੱਚ 16 ਸਾਲ ਦੀਆਂ ਕੁੜੀਆਂ ਵਿਆਹ ਕਰਵਾ ਸਕਦੀਆਂ ਹਨ। ਇਹ ਕਾਨੂੰਨ ਸਿੰਧ ਦੇ ਦੱਖਣੀ ਸੂਬੇ ਵਿੱਚ ਵੱਖਰਾ ਹੈ। ਉੱਥੇ ਕੁੜੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ 18 ਸਾਲ ਹੈ।
ਇਸ ਤੋਂ ਪਹਿਲਾਂ ਕੁੜੀਆਂ ਦੇ ਵਿਆਹ ਦੀ ਉਮਰ ਕਾਨੂੰਨੀ ਤੌਰ 'ਤੇ ਵਧਾਉਣ ਦੀਆਂ ਪਿਛਲੀਆਂ ਕੋਸ਼ਿਸ਼ਾਂ ਨੂੰ ਸਿਆਸਤਦਾਨਾਂ ਅਤੇ ਪਾਕਿਸਤਾਨ ਦੀ 'ਕਾਉਂਸਿਲ ਆਫ਼ ਇਸਲਾਮਿਕ ਆਇਡੀਆਲਾਜੀ' ਨੇ ਨਾਕਾਮ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਕਾਨੂੰਨ "ਗੈਰ-ਇਸਲਾਮੀ" ਹੋਵੇਗਾ।
ਇਹ ਵੀ ਪੜ੍ਹੋ:

ਜ਼ਬਰਨ ਧਰਮ ਬਦਲਵਾਉਣ ਖਿਲਾਫ਼ ਬਿਲ
ਰੀਨਾ ਅਤੇ ਰਵੀਨਾ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ ਦੀ 'ਕਾਉਂਸਿਲ ਆਫ਼ ਇਸਲਾਮਿਕ ਆਈਡੀਆਲਾਜੀ' ਦੇ ਚੇਅਰਮੈਨ ਡਾ. ਕਿਬਲਾ ਅਯਾਜ਼ ਨੇ ਬਾਲ ਵਿਆਹ ਨੂੰ ਰੋਕਣ ਦੀ ਲੋੜ 'ਤੇ ਜ਼ੋਰ ਦਿੱਤਾ।
ਦੂਜੇ ਬਿਲ ਬਾਰੇ ਗੱਲਬਾਤ ਕਰਦਿਆਂ ਡਾ. ਰਮੇਸ਼ ਕੁਮਾਰ ਨੇ ਕਿਹਾ, "ਜ਼ਬਰਨ ਧਰਮ ਬਦਲਵਾਉਣ ਲਈ ਦੋ-ਤਿੰਨ ਮਦਰਸੇ ਜਾਣੇ ਜਾਂਦੇ ਹਨ। ਇਸ ਵਿੱਚ ਬਾਰਛੂੰਡੀ ਸ਼ਰੀਫ਼ ਦਾ ਮਿਆਂ ਮਿੱਠੂ ਵੀ ਸ਼ਾਮਿਲ ਹੈ ਜੋ ਕਿ ਛੋਟੇ ਮਦਰਸਿਆਂ ਨੂੰ ਵੀ ਸਮਰਥਨ ਦਿੰਦੇ ਹਨ।

"ਉਹ ਬਜ਼ੁਰਗ ਔਰਤਾਂ ਜਾਂ ਮਰਦਾਂ ਦਾ ਧਰਮ ਨਹੀਂ ਬਦਲਵਾਉਂਦੇ ਸਗੋਂ ਜਵਾਨ ਔਰਤਾਂ ਦਾ ਬਦਲਵਾਉਂਦੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਸਾਲ ਵਿੱਚ ਹਜ਼ਾਰਾਂ ਕੁੜੀਆਂ ਦਾ ਧਰਮ ਬਦਲਵਾਇਆ। ਜਦਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ 200 ਕੁੜੀਆਂ ਦਾ ਧਰਮ ਬਦਲਵਾਇਆ। ਇਹ ਇੱਕ ਆਮ ਪ੍ਰਕਿਰਿਆ ਬਣ ਗਿਆ ਹੈ।"
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕੁੜੀਆਂ ਦਾ ਵਿਆਹ ਜ਼ਿਆਦਾਤਰ ਵਿਆਹੇ ਮਰਦਾਂ ਨਾਲ ਹੀ ਹੁੰਦਾ ਹੈ। ਫਿਰ ਉਹ ਮਰਦ ਇਨ੍ਹਾਂ ਕੁੜੀਆਂ ਨੂੰ ਦੇਹ ਵਪਾਰ ਦੇ ਧੰਦੇ ਵਿੱਚ ਧੱਕ ਦਿੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਬਿਲ ਅਜਿਹੇ ਮਦਰਸਿਆਂ ਦੇ ਖਿਲਾਫ਼ ਹੋਏਗਾ। ਉਨ੍ਹਾਂ ਮਦਰਸਿਆਂ ਉੱਤੇ ਪਾਬੰਦੀ ਲਾ ਦਿੱਤੀ ਜਾਵੇਗੀ ਅਤੇ ਸਜ਼ਾ ਵੀ ਦਿੱਤੀ ਜਾਵੇਗੀ।
ਕੁਝ ਦਿਨ ਪਹਿਲਾਂ ਬੀਬੀਸੀ ਨਾਲ ਪੀਰ ਅਬਦੁਲ ਹੱਕ (ਮਿਆਂ ਮਿੱਠੂ ਵਜੋਂ ਜਾਣੇ ਜਾਂਦੇ ਹਨ) ਦੇ ਪੁੱਤਰ ਮਿਆਂ ਮੁਹੰਮਦ ਅਸਲਮ ਕਾਦਰੀ ਨੇ ਕਿਹਾ ਸੀ, "ਇਸ ਤੋਂ ਪਹਿਲਾਂ ਵੀ ਕਈ ਔਰਤਾਂ ਨੇ ਸੁਪਰੀਮ ਕੋਰਟ ਵਿੱਚ ਆ ਕੇ ਕਿਹਾ ਸੀ ਕਿ ਉਨ੍ਹਾਂ ਨੇ ਖੁਦ ਇਸਲਾਮ ਕਬੂਲ ਕੀਤਾ ਹੈ। ਕਿਸੇ ਨੇ ਵੀ ਉਨ੍ਹਾਂ ਨੂੰ ਅਗਵਾ ਨਹੀਂ ਕੀਤਾ। ਇਹ ਸਿਰਫ਼ ਸਿਆਸਤ ਹੋ ਰਹੀ ਹੈ। ਸਿਆਸਤਦਾਨ ਸਿਰਫ਼ ਹਿੰਦੂ ਵੋਟਬੈਂਕ ਲਈ ਮੇਰੇ ਪਿਤਾ ਨੂੰ ਬਦਨਾਮ ਕਰ ਰਹੇ ਹਨ।"
ਰੀਨਾ ਅਤੇ ਰਵੀਨਾ ਦੇ ਮਾਮਲੇ ਵਿੱਚ ਵੀ ਦੋਹਾਂ ਕੁੜੀਆਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ ਹੈ। ਹਾਲਾਂਕਿ ਦਸਤਾਵੇਜ਼ਾ ਦੀ ਘਾਟ ਕਾਰਨ ਉਨ੍ਹਾਂ ਦੀ ਉਮਰ ਦਾ ਮਾਮਲਾ ਹਾਲੇ ਵੀ ਅਦਾਲਤ ਵਿੱਚ ਚੱਲ ਰਿਹਾ ਹੈ।
ਕੁੜੀਆਂ ਦੇ ਵਕੀਲ ਰਾਓ ਅਬਦੁਲ ਰਹੀਮ ਨੇ ਬੀਬੀਸੀ ਨੂੰ ਦੱਸਿਆ ਕਿ ਕੁੜੀਆਂ ਨੇ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ ਸੀ।
ਉਨ੍ਹਾਂ ਮਿਆਂ ਮਿੱਠੂ ਦੇ ਮਦਰਸੇ ਵਿੱਚ ਹੀ ਇਸਲਾਮ ਅਪਣਾਇਆ ਪਰ ਉਨ੍ਹਾਂ ਦੀ ਜ਼ਿੰਦਗੀ ਨੂੰ ਖ਼ਤਰਾ ਹੋਣ ਕਾਰਨ ਕਾਨੂੰਨੀ ਸੁਰੱਖਿਆ ਦੀ ਲੋੜ ਸੀ।
ਉਹ ਘਰ ਵਾਪਸ ਨਹੀਂ ਜਾ ਸਕਦੀਆਂ ਸਨ। ਵਕੀਲਾਂ ਮੁਤਾਬਕ ਇਸ ਕਰਕੇ ਕੁੜੀਆਂ ਦੋਹਾਂ ਮਰਦਾਂ ਕੋਲ ਪਹੁੰਚੀਆਂ ਜੋ ਕਿ ਉਨ੍ਹਾਂ ਦੇ ਪਰਿਵਾਰਕ ਦੋਸਤ ਹੀ ਸਨ ਅਤੇ ਉਨ੍ਹਾਂ ਨਾਲ ਵਿਆਹ ਕਰਵਾ ਲਿਆ।
ਇਹ ਵੀ ਪੜ੍ਹੋ
ਧਰਮ ਬਦਲਵਾਉਣ ਦੇ ਨਿਯਮ ਤੈਅ
ਆਪਣੀ ਮਰਜ਼ੀ ਹੋਣ ਬਾਰੇ ਡਾ. ਰਮੇਸ਼ ਨੇ ਕਿਹਾ, "ਇਸ ਬਿਲ ਮੁਤਾਬਕ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਵਿਅਕਤੀ ਧਰਮ ਨਹੀਂ ਬਦਲ ਸਕਦਾ। ਜੋ ਕੋਈ ਵੀ ਆਪਣਾ ਧਰਮ ਬਦਲਵਾਉਣਾ ਚਾਹੇਗਾ ਤਾਂ ਉਸ ਨੂੰ ਅਦਾਲਤ ਵਿੱਚ ਜਾ ਕੇ ਇੱਕ ਅਰਜ਼ੀ ਪਾਉਣੀ ਪਏਗੀ। ਉਨ੍ਹਾਂ ਨੂੰ ਦੱਸਣਾ ਪਏਗਾ ਕਿ ਉਹ ਕਿਸੇ ਧਰਮ ਤੋਂ ਕਿਉਂ ਪ੍ਰਭਾਵਿਤ ਹਨ ਅਤੇ ਇਸ ਲਈ ਉਨ੍ਹਾਂ ਨੂੰ ਕੀ-ਕੀ ਜਾਣਕਾਰੀ ਹੈ। ਇਸ ਤੋਂ ਇਲਾਵਾ ਆਪਣੀ ਮਰਜ਼ੀ ਹੋਣ ਦਾ ਬਿਆਨ ਵੀ ਦੇਣਾ ਪਏਗਾ।"

"ਇਹ ਮਨ-ਮਰਜ਼ੀ ਨਹੀਂ ਹੈ ਕਿ ਤੁਸੀਂ ਕਿਸੇ ਕੁੜੀ ਜਾਂ ਮੁੰਡੇ ਨੂੰ ਅਗਵਾ ਕਰਕੇ ਕਿਸੇ ਮਦਰਸੇ ਵਿੱਚ ਲੈ ਜਾਓ। ਫਿਰ ਉਨ੍ਹਾਂ ਨੂੰ ਕਲਮਾ ਪੜ੍ਹਾਓ ਅਤੇ ਉਸੇ ਵੇਲੇ ਵਿਆਹ ਵੀ ਕਰ ਦਿਉ ਤੇ ਫਿਰ ਕਹੋ ਕਿ ਉਨ੍ਹਾਂ ਨੇ ਧਰਮ ਬਦਲਵਾ ਲਿਆ ਹੈ।"
ਤੁਹਾਨੂੰ ਦੱਸ ਦੇਈਏ ਕਿ 2016 ਦੇ ਅਖੀਰ ਵਿੱਚ ਸਿੰਧ ਦੀ ਸੂਬਾਈ ਸਰਕਾਰ ਨੇ ਵੀ ਗ਼ੈਰ-ਮੁਸਲਮਾਨਾਂ ਨੂੰ ਜਬਰੀ ਧਰਮ ਬਦਲਵਾਉਣ ਤੋਂ ਬਚਾਉਣ ਲਈ ਇੱਕ ਅਜਿਹਾ ਹੀ ਬਿਲ ਪਾਸ ਕੀਤਾ ਸੀ।
ਹਾਲਾਂਕਿ ਇਹ ਬਿਲ ਬਾਅਦ ਵਿੱਚ ਰੱਦ ਹੋ ਗਿਆ ਸੀ ਕਿਉਂਕਿ ਕਈ ਸਿਆਸੀ ਪਾਰਟੀਆਂ ਨੇ ਬਿਲ ਦੇ ਕੁਝ ਹਿੱਸਿਆਂ ਦਾ ਵਿਰੋਧ ਕੀਤਾ ਅਤੇ ਰਾਜਪਾਲ ਨੇ ਬਿਲ 'ਤੇ ਮੋਹਰ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ:
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













