ਨਿਊਜ਼ੀਲੈਂਡ ’ਚ ਮਾਰੇ ਗਏ ਭਾਰਤੀਆਂ ਦੇ ਸੁਪਨੇ ਕੀ ਸਨ?

ਕਈਆਂ ਨੇ ਨਿਊਜ਼ੀਲੈਂਡ 'ਚ ਵੱਸਣ ਦਾ ਫ਼ੈਸਲਾ ਲੈਂਦਿਆਂ ਸੋਚਿਆ ਸੀ ਕਿ ਇਹ ਤਾਂ ਧਰਤੀ ਦੇ ਇੱਕ ਕੋਨੇ ਵਿੱਚ ਇੱਕ ਸ਼ਾਂਤ ਮੁਲਕ ਹੈ ਜਿੱਥੇ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਸੌਖਾ ਰਹੇਗਾ।

ਮਾਰਚ 15, ਵੀਰਵਾਰ, ਦੁਪਹਿਰੇ 1.40 ਵਜੇ ਗੋਲੀਆਂ ਚੱਲੀਆਂ ਤਾਂ ਇਹ ਕੁਝ ਬਦਲ ਗਿਆ।

ਦੋ ਮਸਜਿਦਾਂ ਵਿੱਚ ਹੋਏ ਨਸਲਵਾਦੀ ਹਮਲੇ 'ਚ ਭਾਰਤੀ ਮੂਲ ਦੇ ਮਜ਼ਹਰੁੱਦੀਨ ਸਈਅਦ ਅਹਿਮਦ ਬਚ ਗਏ। ਇਸ ਮਗਰੋਂ ਉਨ੍ਹਾਂ ਕਿਹਾ, "ਇਸ ਹਮਲੇ ਨੇ ਮੇਰੇ ਮਨ ਨੂੰ ਵੱਡੀ ਸੱਟ ਲਾਈ ਹੈ। ਮੈਂ ਬਹੁਤ ਖੁਸ਼ ਸੀ ਕਿ ਮੇਰੇ ਬੱਚੇਪਾਲਣ ਲਈ ਇਹ ਇੰਨਾ ਸੋਹਣਾ ਦੇਸ ਹੈ।"

ਇਨ੍ਹਾਂ ਹਮਲਿਆਂ ਵਿੱਚ 50 ਮੌਤਾਂ ਤੋਂ ਬਾਅਦ ਕਰਾਈਸਟਚਰਚ ਸ਼ਹਿਰ ਨੇ ਏਕਤਾ ਦੀ ਮਿਸਾਲ ਪੇਸ਼ ਕੀਤੀ ਹੈ। ਇਸ ਏਕਤਾ ਨੇ ਕਈਆਂ ਨੂੰ ਮਜਬੂਰ ਕੀਤਾ ਹੈ ਕਿ ਉਹ ਆਪਣੇ ਆਲੇ-ਦੁਆਲੇ ਬਦਲ ਰਹੀ, ਵਿਭਿੰਨਤਾ ਨਾਲ ਭਰੀ ਦੁਨੀਆਂ ਵੱਲ ਵੀ ਵੇਖਣ, ਉਸ ਬਾਰੇ ਜਾਣਨ।

ਮਰਨ ਵਾਲਿਆਂ ਵਿੱਚ ਘੱਟੋ-ਘੱਟ ਸੱਤ ਭਾਰਤੀ ਮੂਲ ਦੇ ਵਿਅਕਤੀ ਸਨ। ਅਸੀਂ ਸਾਂਝੀਆਂ ਕਰ ਰਹੇ ਹਾਂ ਉਨ੍ਹਾਂ ਕੁਝ ਲੋਕਾਂ ਦੀਆਂ ਕਹਾਣੀਆਂ ਜੋ ਹਮਲੇ ਵੇਲੇ ਮਸਜਿਦ ਦੇ ਅੰਦਰ ਸਨ।

ਸੁਪਨੇ ਦਾ ਹਿੰਸਕ ਅੰਤ

24 ਸਾਲ ਦੇ ਅਨਸੀ ਅਲੀਬਾਵਾ ਦਾ ਜਨਮ ਕੇਰਲ ਵਿੱਚ ਹੋਇਆ ਸੀ। ਘਰ ਦੀ ਮਾਲੀ ਹਾਲਤ ਠੀਕ ਨਹੀਂ ਸੀ। ਉਨ੍ਹਾਂ ਦੇ ਪਿਤਾ ਦੀ ਸਾਊਦੀ ਅਰਬ ਵਿੱਚ ਕੰਮ ਕਰਦਿਆਂ ਮੌਤ ਹੋ ਗਈ ਤਾਂ ਪਰਿਵਾਰ ਦਾ ਸਾਰਾ ਭਾਰ 18 ਸਾਲਾਂ ਦੀ ਉਮਰ 'ਚ ਅਨਸੀ ਉੱਪਰ ਆ ਗਿਆ।

ਉਨ੍ਹਾਂ ਦੇ ਪਤੀ ਅਬਦੁਲ ਨਜ਼ੀਰ ਨੇ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ਮਿਲੇ ਤਾਂ ਉਹ ਇਹ ਵੇਖ ਕੇ ਹੈਰਾਨ ਹੋ ਗਏ "ਅਨਸੀ ਕਿੰਨੀ ਜਿੰਮੇਵਾਰੀ ਨਿਭਾ ਰਹੀ ਸੀ"।

ਪਤੀ-ਪਤਨੀ ਇੱਕ ਸਾਲ ਪਹਿਲਾਂ ਹੀ ਭਾਰਤ ਤੋਂ ਨਿਊਜ਼ੀਲੈਂਡ ਆਏ ਸਨ ਤਾਂ ਜੋ ਪੜ੍ਹ ਸਕਣ ਅਤੇ ਸੈਰ-ਸਪਾਟੇ ਦਾ ਸੁਪਨਾ ਪੂਰਾ ਕਰ ਸਕਣ।

ਨਿਊਜ਼ੀਲੈਂਡ ਆਉਣਾ ਉਦੋਂ ਹੀ ਸੰਭਵ ਹੋਇਆ ਜਦੋਂ ਅਬਦੁਲ ਦੇ ਪਿਤਾ ਨੇ ਆਪਣਾ ਘਰ ਗਿਰਵੀ ਰੱਖ ਕੇ ਪੈਸੇ ਦਿੱਤੇ। ਦੋਵਾਂ ਲਈ ਇਹ ਪਹਿਲਾ ਮੌਕਾ ਸੀ ਜਦੋਂ ਉਹ ਕੇਰਲ ਤੋਂ ਬਾਹਰ ਆਏ ਸਨ। ਦੋਵੇਂ ਨੌਕਰੀਆਂ ਕਰ ਕੇ ਘਰਦਿਆਂ ਨੂੰ ਪੈਸੇ ਭੇਜ ਰਹੇ ਸਨ।

ਅਬਦੁਲ ਮਸਾਂ ਕੁਝ ਸ਼ਬਦ ਬੋਲ ਕੇ ਆਪਣੇ ਹਾਲਾਤ ਬਿਆਨ ਕਰਦੇ ਹਨ। "ਅਨਸੀ ਨੂੰ ਪੜ੍ਹਨ ਦਾ ਸ਼ੌਕ ਸੀ। ਉਹ ਲਿੰਕਨ ਯੂਨੀਵਰਸਿਟੀ ਵਿੱਚ ਖੇਤੀਬਾੜੀ ਇੰਜੀਨੀਅਰਿੰਗ ਦੀ ਮਾਸਟਰ ਡਿਗਰੀ ਲਈ ਪੜ੍ਹਾਈ ਕਰ ਰਹੀ ਸੀ।"

ਇਹ ਵੀ ਪੜ੍ਹੋ

ਜਦੋਂ ਉਸ ਦਿਨ ਉਹ ਅਲ-ਨੂਰ ਮਸਜਿਦ ਗਏ ਤਾਂ ਹਮੇਸ਼ਾ ਦੀ ਤਰ੍ਹਾਂ ਮਰਦਾਨਾ ਅਤੇ ਜਨਾਨਾ ਵਾਲੇ ਪਾਸੇ ਚਲੇ ਗਏ।

ਗੋਲੀਬਾਰੀ ਸ਼ੁਰੂ ਹੋਈ ਤਾਂ ਨਜ਼ੀਰ ਉੱਥੋਂ ਭੱਜ ਕੇ ਨਾਲ ਦੀ ਇੱਕ ਇਮਾਰਤ ਵਿੱਚ ਵੜ ਗਏ। ਉੱਥੇ ਘਰ ਦੇ ਮਾਲਿਕ ਨੇ ਪਹਿਲਾਂ ਤਾਂ ਉਨ੍ਹਾਂ ਨੂੰ "ਸ਼ਾਇਦ ਅੱਤਵਾਦੀ ਸਮਝ ਲਿਆ" ਅਤੇ ਅੰਦਰ ਨਹੀਂ ਵੜਨ ਦਿੱਤਾ।

ਜਦੋਂ ਉਹ ਆਪਣੀ ਪਤਨੀ ਨੂੰ ਲੱਭਣ ਵਾਪਸ ਗਏ ਤਾਂ ਦੇਖਿਆ ਕਿ ਅਨਸੀ ਗਲੀ ਦੇ ਇੱਕ ਮੋੜ ਤੇ ਡਿੱਗੀ ਪਈ ਸੀ। ਯਾਦੋਂ ਉਹ ਆਵਾਜ਼ਾਂ ਮਾਰਦੇ ਉਸ ਵੱਲ ਭੱਜੇ ਤਾਂ ਲੋਕਾਂ ਨੇ ਦੱਸਿਆ ਕਿ ਉਹ ਤਾਂ ਮਰ ਚੁੱਕੀ ਹੈ।

ਪੁਲਿਸ ਨੇ ਜਲਦੀ ਹੀ ਸਭ ਨੂੰ ਉੱਥੋਂ ਹਟਾ ਦਿੱਤਾ। ਨਜ਼ੀਰ ਨੇ ਯਾਦ ਕਰਦਿਆਂ ਹੋਰ ਇੰਨਾ ਹੀ ਕਿਹਾ, "ਉਹ ਬਹੁਤ ਪਿਆਰੀ ਇਨਸਾਨ ਸੀ, ਬਹੁਤ ਪਿਆਰੀ।"

ਹੁਣ ਨਜ਼ੀਰ ਨੂੰ ਨਹੀਂ ਪਤਾ ਕਿ ਉਹ ਨਿਊਜ਼ੀਲੈਂਡ ਰਹਿਣਾ ਚਾਹੁੰਦੇ ਹਨ ਜਾਂ ਨਹੀਂ। ਇੰਨਾ ਜ਼ਰੂਰ ਹੈ ਕਿ ਹੁਣ ਉਹ ਅਨਸੀ ਦੇ ਪਰਿਵਾਰ ਦੀ ਜਿੰਮੇਵਾਰੀ ਵੀ ਨਿਭਾਉਣਗੇ।

'ਇੰਨਾ ਪਿਆਰ ਮਿਲੇਗਾ, ਪਤਾ ਨਹੀਂ ਸੀ'

ਮਰਨ ਵਾਲਿਆਂ ਵਿੱਚ ਇਲਾਕੇ ਦੇ ਭਾਰਤੀ ਰੈਸਟੋਰੈਂਟ 'ਇੰਡੀਅਨ ਗ੍ਰਿਲ' ਦੇ ਮਾਲਕ ਮੁਹੰਮਦ ਇਮਰਾਨ ਖ਼ਾਨ ਵੀ ਸਨ।

ਉਨ੍ਹਾਂ ਦੇ ਘਰ ਦੇ ਬਾਹਰ ਫੁੱਲਾਂ ਦਾ ਢੇਰ ਹੈ, ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ।

ਯਾਰਾਂ ਲਈ 'ਇਮਰਾਨ ਭਾਈ', ਭਾਰਤੀ ਮੂਲ ਦੇ ਖ਼ਾਨ, ਸ਼ਹਿਰ ਦੀ ਇੱਕ ਮਸ਼ਹੂਰ ਹਸਤੀ ਸਨ।

ਉਨ੍ਹਾਂ ਦੀ ਪਤਨੀ, ਟਰੇਸੀ, ਨੇ ਦੱਸਿਆ, "ਮੈਨੂੰ ਪਤਾ ਸੀ ਕਿ ਉਹ ਮਸ਼ਹੂਰ ਹਨ ਪਰ ਇੰਨਾ ਪਿਆਰ ਮਿਲੇਗਾ ਇਹ ਨਹੀਂ ਪਤਾ ਸੀ। ਮੈਨੂੰ ਲਗਾਤਾਰ ਸੰਦੇਸ਼ ਆ ਰਹੇ ਹਨ, ਕਈ ਤਾਂ ਅਜਿਹੇ ਲੋਕਾਂ ਤੋਂ ਜਿਨ੍ਹਾਂ ਨੂੰ ਮੈਂ ਕਦੀਂ ਨਹੀਂ ਮਿਲੀ।"

ਟਰੇਸੀ ਦਾ ਧਿਆਨ ਹੁਣ ਆਪਣੇ ਬੇਟੇ ਅਤੇ ਆਪਣੇ ਪਤੀ ਦੇ ਪਰਿਵਾਰ ਦੀ ਖੁਸ਼ੀ ਵੱਲ ਹੈ।

"ਉਨ੍ਹਾਂ ਦੇ ਪਰਿਵਾਰ ਲਈ ਬਹੁਤ ਮੁਸ਼ਕਲ ਹੋਵੇਗਾ ਕਿ ਇੰਨੀ ਦੂਰ ਦੁਨੀਆਂ ਦੇ ਦੂਜੇ ਪਾਸੇ ਹੁੰਦਿਆਂ ਅਜਿਹੀ ਮਾੜੀ ਖ਼ਬਰ ਮਿਲੇ।"

ਇਹ ਵੀ ਪੜ੍ਹੋ

'ਇਹ ਮੁਲਕ ਤਾਂ ਸੁਰੱਖਿਅਤ ਹੈ'

ਭਾਰਤ ਅਤੇ ਸਾਊਦੀ ਅਰਬ ਵਿੱਚ ਰਹਿ ਚੁੱਕੇ ਮਜ਼ਹਰੁੱਦੀਨ ਨੂੰ ਤਾਂ ਵਿਸ਼ਵਾਸ ਨਹੀਂ ਹੋ ਰਿਹਾ ਕਿ ਨਿਊਜ਼ੀਲੈਂਡ ਵਿੱਚ ਅਜਿਹਾ ਹਮਲਾ ਹੋ ਸਕਦਾ ਹੈ।

"ਮੈਂ ਆਪਣੇ ਦੋਸਤਾਂ ਨੂੰ ਦੱਸਦਾ ਸੀ ਕਿ ਅਜਿਹੀ ਚੰਗੀ ਥਾਂ ਤਾਂ ਕਿਤੇ ਹੋਰ ਹੋ ਹੀ ਨਹੀਂ ਸਕਦੀ।"

ਉਹ ਹਮਲੇ ਵਾਲੀ ਦੂਜੀ ਥਾਂ, ਲਿਨਵੁੱਡ ਮਸਜਿਦ ਵਿੱਚ ਸਨ ਜਦੋਂ ਗੋਲੀ ਚੱਲੀ। ਉਸ ਮਸਜਿਦ ਵਿੱਚ ਆਉਣ ਵਾਲੇ ਲੋਕਾਂ ਦਾ ਆਪਸ ਵਿੱਚ ਬਹੁਤ ਭਾਈਚਾਰਾ ਸੀ।

ਮਜ਼ਹਰੁੱਦੀਨ ਕਹਿੰਦੇ ਹਨ, "ਅਸੀਂ ਤਾਂ ਇਬਾਦਤ ਕਰ ਰਹੇ ਸੀ, ਇਬਾਦਤ! ਲੋਕਾਂ ਨੂੰ ਸ਼ਾਇਦ ਪਤਾ ਨਹੀਂ ਲੱਗਿਆ ਪਰ ਮੈਨੂੰ ਪਤਾ ਸੀ ਕਿ ਕੁਝ ਮਾੜਾ ਵਾਪਰ ਰਿਹਾ ਹੈ। ਫਿਰ ਇੱਕ ਆਦਮੀ ਨੇ ਸ਼ੋਰ ਮਚਾਇਆ, "ਭੱਜੋ, ਭੱਜੋ, ਭੱਜੋ — ਲੁੱਕ ਜਾਓ, ਆਪਣੇ ਆਪ ਨੂੰ ਬਚਾਓ।"

ਮਜ਼ਹਰੁੱਦੀਨ ਨੂੰ ਯਾਦ ਨਹੀਂ ਕਿ ਕਿਉਂ ਪਰ ਉਹ ਸਿੱਧਾ ਦਰਵਾਜ਼ੇ ਵੱਲ ਭੱਜੇ ਜਿੱਧਰੋਂ ਹਮਲਾਵਰ ਵੜਿਆ। "ਮੈਨੂੰ ਮੇਰੇ ਇੱਕ ਮਿੱਤਰ ਨੇ ਬਚਾ ਲਿਆ ਕਿਉਂਕਿ ਉਸ ਨੇ ਹਮਲਾਵਰ ਉੱਪਰ ਇੱਕ ਕਰੈਡਿਟ ਕਾਰਡ ਮਸ਼ੀਨ ਸੁੱਟੀ ਤੇ ਉਸ ਦਾ ਧਿਆਨ ਵਟਾ ਦਿੱਤਾ।"

"ਮੇਰੇ ਇੱਕ ਦੂਸਰੇ ਮਿੱਤਰ ਨੂੰ ਗੋਲੀ ਵੱਜ ਗਈ, ਦੀਵਾਰ ਉੱਪਰ ਉਸ ਦੇ ਖੂਨ ਦਾ ਰੰਗ ਚੜ੍ਹ ਗਿਆ। ਉਹ ਮੇਰੇ ਸਾਹਮਣੇ ਹੀ ਮਰ ਗਿਆ।"

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)