ਕਰਤਾਰਪੁਰ ਲਾਂਘਾ: ਭਾਰਤ ਤੇ ਪਾਕਿਸਤਾਨ ਦੁੱਧ 'ਚ ਮੀਂਗਣਾਂ ਤਾਂ ਨਹੀਂ ਪਾ ਰਹੇ - ਬਲਾਗ

    • ਲੇਖਕ, ਵੁਸਅਤੁੱਲਾਹ ਖ਼ਾਨ
    • ਰੋਲ, ਸੀਨੀਅਰ ਪੱਤਰਕਾਰ, ਪਾਕਿਸਤਾਨ ਤੋਂ ਬੀਬੀਸੀ ਲਈ

ਜਦੋਂ ਚਾਰ ਦਿਨ ਪਹਿਲਾਂ ਭਾਰਤ ਤੇ ਪਾਕਿਸਤਾਨ ਨੇ ਅਟਾਰੀ ਸਰਹੱਦ 'ਤੇ ਕਰਤਾਰਪੁਰ ਲਾਂਘਾ ਬਣਾਉਣ ਬਾਰੇ ਖੁੱਲ੍ਹੀ ਗੱਲਬਾਤ ਕੀਤੀ ਤੇ ਉਸ ਮਗਰੋਂ ਗਰਮਜੋਸ਼ੀ ਵਾਲੇ ਮਾਹੌਲ ਵਿੱਚ ਸਾਂਝਾ ਐਲਾਨਨਾਮਾ ਪੜ੍ਹਿਆ।

ਇਸ ਤੋਂ ਮੈਨੂੰ ਖ਼ੁਸ਼ੀ ਹੋਈ ਕਿ ਆਪਸੀ ਤਲਖ਼ੀ ਆਪਣੀ ਥਾਂ ਪਰ ਚਲੋ ਚਾਰ ਸਾਲਾਂ ਵਿੱਚ ਪਹਿਲੀ ਵਾਰ, ਕਿਸੇ ਵੀ ਵਿਸ਼ੇ ਤੇ ਕਿਸੇ ਵੀ ਬਹਾਨੇ ਦੋਵੇਂ ਮਿਲ ਕੇ ਤਾਂ ਬੈਠੇ ਅਤੇ ਜਲਦੀ ਫਿਰ ਮਿਲ ਬੈਠਣਗੇ।

ਉਸ ਤੋਂ ਅਗਲੇ ਹੀ ਦਿਨ 'ਦਿ ਹਿੰਦੂ' ਵਿੱਚ ਇਹ ਪੜ੍ਹ ਕੇ ਮਨ ਕਿਰਕਿਰਾ ਹੋ ਗਿਆ ਕਿ ਗੱਲਬਾਤ ਵਿੱਚ ਸ਼ਾਮਲ ਇੱਕ ਭਾਰਤੀ ਅਫ਼ਸਰ ਦਾ ਕਹਿਣਾ ਹੈ ਕਿ ਉਹ ਪਾਕਿਸਤਾਨੀ ਰਵਈਏ ਤੋਂ ਖ਼ੁਸ਼ ਨਹੀਂ ਹਨ।

ਪਹਿਲਾਂ ਪਾਕਿਸਤਾਨ ਵੀਜ਼ਾ ਫਰੀ ਲਾਂਘੇ ਦੀ ਗੱਲ ਕਰ ਰਿਹਾ ਸੀ ਹੁਣ ਉਹ ਯਾਤਰੀਆਂ ਲਈ ਕੁਝ ਫੀਸ ਦੇ ਨਾਲ ਇੱਕ ਸਪੈਸ਼ਲ ਪਰਮਿਟ ਦੀ ਸ਼ਰਤ ਰੱਖ ਰਿਹਾ ਹੈ।

ਇਹ ਵੀ ਪੜ੍ਹੋ:

ਭਾਰਤ ਦਾ ਕਹਿਣਾ ਹੈ ਕਿ ਰੋਜ਼ਾਨਾ ਪੰਜ ਹਜ਼ਾਰ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਦਰਸ਼ਨਾਂ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਤੇ ਪਾਕਿਸਤਾਨ ਕਹਿੰਦਾ ਹੈ ਕਿ ਰੋਜ਼ਾਨਾ ਸੌ ਯਾਤਰੀ ਹੀ ਠੀਕ ਹਨ।

ਭਾਰਤ ਕਹਿੰਦਾ ਹੈ ਕਿ ਯਾਤਰੀਆਂ ਨੂੰ ਪੈਦਲ ਆਉਣ-ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਤੇ ਪਾਕਿਸਤਾਨ ਦਾ ਕਹਿਣ ਹੈ ਕਿ ਨਹੀਂ 15-15 ਯਾਤਰੀਆਂ ਨੂੰ ਗੱਡੀ ਵਿੱਚ ਬਿਠਾ ਕੇ ਲਿਆਂਦਾ ਤੇ ਛੱਡਿਆ ਜਾਵੇਗਾ।

ਇਸ ਤੋਂ ਇਲਾਵਾ ਪਾਕਿਸਤਾਨ ਨੇ ਗੁਰਦੁਆਰੇ ਦੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਦਿੱਤੀ ਸੌ ਏਕੜ ਜ਼ਮੀਨ ਲਾਂਘਾ ਬਣਾਉਣ ਲਈ ਕਬਜ਼ੇ ਵਿੱਚ ਲੈ ਲਈ ਹੈ।

ਇਸ ਤੋਂ ਇਲਵਾ ਉੱਤਰੀ ਅਮਰੀਕਾ ਦੀ ਸਿੱਖਸ ਫਾਰ ਜਸਟਿਸ ਨਾਂ ਦੇ ਸੰਗਠਨ ਨੇ ਅਗਲੇ ਸਾਲ ਕਰਤਾਰਪੁਰ ਵਿੱਚ 'ਖ਼ਾਲਿਸਤਾਨ ਰਫਰੈਂਡਮ' ਦੇ ਨਾਂ ਹੇਠ ਇੱਕ ਸਮਾਗਰਮ ਕਰਨ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਲੋਕਾਂ ਨੂੰ ਪਾਕਿਸਤਾਨੀ ਹਮਾਇਤ ਹਾਸਲ ਹੈ।

ਇਹ ਵੀ ਪੜ੍ਹੋ:

ਹੋ ਸਕਦਾ ਹੈ ਕਿ ਦੋਵਾਂ ਦੇਸਾਂ ਦੀ ਮੁਲਾਕਾਤ ਦੇ ਅੰਦਰ ਦੀਆਂ ਇਹ ਸਾਰੀਆਂ ਗੱਲਾਂ ਦਰੁਸਤ ਹੋਣ ਪਰ ਪਾਕਿਸਤਾਨ ਨੇ ਅੰਦਰ ਦੀ ਕੋਈ ਵੀ ਗੱਲ ਮੀਡੀਆ ਨੂੰ ਹਾਲੇ ਵੀ ਨਹੀਂ ਦੱਸੀ। ਸਿਰਫ ਐਨਾ ਦੱਸਿਆ ਹੈ ਕਿ ਅਗਲੀ ਮੁਲਾਕਾਤ ਦੋ ਅਪ੍ਰੈਲ ਨੂੰ ਹੋਵੇਗੀ।

ਜਦੋਂ ਮੁਲਾਕਾਤ ਹੁੰਦੀ ਹੈ ਤਾਂ ਦੋਹਾਂ ਪਾਸਿਓਂ ਦਸ ਗੱਲਾਂ ਇੱਕ ਦੂਜੇ ਨੂੰ ਕਹੀਆਂ ਜਾਂਦੀਆਂ ਹਨ। ਕੀ ਇਹ ਸਹੀ ਹੈ ਕਿ ਕਿਸੇ ਸਮਝੌਤੇ ਤੋਂ ਪਹਿਲਾਂ ਹੀ ਸਾਰੀਆਂ ਅੰਦਰ ਦੀਆਂ ਗੱਲਾਂ ਮੀਡੀਆ ਨੂੰ ਪਤਾ ਲੱਗ ਜਾਣ।

ਉਂਝ ਵੀ ਇਨ੍ਹਾਂ ਵਿੱਚੋਂ ਕਿਹੜੀ ਗੱਲ ਹੈ ਜੋ ਮਿਲ ਬੈਠ ਕੇ ਹੱਲ ਨਾ ਕੀਤੀ ਜਾ ਸਕੇ ਅਤੇ ਉਸ ਬਾਰੇ ਚੌਂਕ ਵਿੱਚ ਬੈਠ ਕੇ ਤੈਅ ਕਰਨਾ ਜ਼ਰੂਰੀ ਹੈ?

ਮੈਨੂੰ ਇੰਝ ਪ੍ਰਤੀਤ ਹੁੰਦਾ ਹੈ ਕਿ ਕਰਤਾਰਪੁਰ ਲਾਂਘੇ ਬਾਰੇ ਦੋਵੇਂ ਦੇਸ ਇੱਕ ਦੂਸਰੇ ਨੂੰ ਦੁੱਧ ਦੇ ਤਾਂ ਰਹੇ ਹਨ ਪਰ ਮੀਂਗਣਾਂ ਪਾ ਕੇ। ਇਸ ਵਿੱਚ ਨੁਕਸਾਨ ਸਿਰਫ਼ ਸਿੱਖ ਭਾਈਚਾਰੇ ਦਾ ਹੋ ਰਿਹਾ ਹੈ।

ਆਪਣੇ ਬਚਪਨ ਵਿੱਚ ਲੂੰਬੜੀ ਤੇ ਸਾਰਸ ਦੀ ਕਹਾਣੀ ਤਾਂ ਜ਼ਰੂਰ ਸੁਣੀ ਹੋਵੇਗੀ, ਜਿਨ੍ਹਾਂ ਦੀ ਆਪਸ 'ਚ ਬਿਲਕੁਲ ਨਹੀਂ ਸੀ ਬਣਦੀ। ਇੱਕ ਦਿਨ ਸ਼ੇਰ ਨੇ ਕਿਹਾ ਕਿ ਬਸ ਬਹੁਤ ਹੋਇਆ ਹੁਣ ਦੋਸਤੀ ਕਰ ਲਓ।

ਸ਼ੇਰ ਦੇ ਕਹਿਣ ਤੇ ਦੋਵਾਂ ਨੇ ਮਜਬੂਰੀ ਵੱਸ ਹੱਥ ਮਿਲਾਇਆ ਤੇ ਇੱਕ ਦੂਸਰੇ ਨੂੰ ਖਾਣੇ ਦੀ ਦਾਅਵਤ ਦਿੱਤੀ।

ਸਾਰਸ ਬਣ-ਠਣ ਕੇ ਆਇਆ ਤਾਂ ਲੂੰਬੜੀ ਨੇ ਪਤਲੇ ਸ਼ੋਰਬੇ ਨਾਲ ਭਰੀ ਪਲੇਟ ਸਾਰਸ ਦੇ ਸਾਹਮਣੇ ਰੱਖ ਦਿੱਤੀ।

ਹੁਣ ਸਾਰਸ ਦੀ ਚੁੰਝ ਐਨੀ ਲੰਬੀ ਸੀ ਕਿ ਪਲੇਟ 'ਚੋਂ ਸ਼ੋਰਬਾ ਪੀਣਾ ਬਹੁਤ ਮੁਸ਼ਕਿਲ ਸੀ। ਲੂੰਬੜੀ ਨੇ ਕਿਹਾ, "ਭਾਈ ਸਾਹਬ ਤੁਸੀਂ ਤਾਂ ਉਚੇਚ ਕਰ ਰਹੇ ਹੋ, ਦੇਖੋ ਇੰਝ ਪੀਤਾ ਜਾਂਦਾ ਹੈ।"

ਫਿਰ ਲੂੰਬੜੀ ਨੇ ਜੀਭ ਕੱਢੀ ਤੇ ਲਪ-ਲਪ ਕਰਕੇ ਸਾਰਾ ਸ਼ੋਰਬਾ ਖਿੱਚ ਗਈ।

ਅਗਲੇ ਦਿਨ ਸਾਰਸ ਨੇ ਵੀ ਲੂੰਬੜੀ ਨੂੰ ਖਾਣੇ ਤੇ ਸੱਦਿਆ ਤੇ ਉਸਦੇ ਸਾਹਮਣੇ ਇੱਕ ਸੁਰਾਹੀ ਰੱਖ ਦਿੱਤੀ ਜਿਸ ਦੇ ਅੰਦਰ ਬੋਟੀਆਂ ਪਈਆਂ ਸਨ। ਹੁਣ ਭਲਾ ਲੂੰਬੜੀ ਦੀ ਬੂਥੀ ਕਿਵੇਂ ਸੁਰਾਹੀ ਵਿੱਚ ਵੜੇ, ਗੁੱਸਾ ਤਾਂ ਬਹੁਤ ਆਇਆ ਪਰ ਪੀ ਗਈ।

ਸਾਰਸ ਨੇ ਕਿਹਾ, "ਲੂੰਬੜੀਏ, ਤੂੰ ਤਾਂ ਉਚੇਚ ਕਰ ਰਹੀ ਹੈਂ। ਆਹ ਦੇਖ, ਸੁਰਾਹੀ 'ਚੋਂ ਬੋਟੀਆਂ ਕਿਵੇਂ ਖਾਂਦੇ ਨੇ।" ਇੰਨਾ ਕਹਿ ਕੇ ਸਾਰਸ ਨੇ ਸੁਰਾਹੀ ਵਿੱਚ ਆਪਣੀ ਪਤਲੀ ਚੁੰਝ ਪਾਈ ਤੇ ਸਾਰੀਆਂ ਬੋਟੀਆਂ ਖਾ ਗਿਆ।

ਮੈਂ ਸੋਚ ਰਿਹਾ ਹਾਂ ਕਿ ਅਟਾਰੀ ਵਿੱਚ ਭਾਰਤ ਨੂੰ ਗੁੱਸਾ ਆਇਆ ਤਾਂ ਹੁਣ 2 ਅਪ੍ਰੈਲ ਨੂੰ ਪਾਕਿਸਤਾਨ ਵਾਘਾ ਵਿੱਚ ਭਾਰਤੀ ਵਫ਼ਦ ਨੂੰ ਕਰਤਾਰਪੁਰ ਦੀ ਥਾਲੀ ਵਿੱਚ ਸ਼ੋਰਬਾ ਪਿਲਾਵੇਗਾ ਜਾਂ ਸੁਰਾਹੀ ਵਿੱਚ ਬੋਟੀਆਂ ਪਰੋਸੇਗਾ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)