ਬ੍ਰੈਗਜ਼ਿਟ: ਬ੍ਰਿਟੇਨ ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੀ ਦੂਜੀ ਵੱਡੀ ਹਾਰ

ਬਰਤਾਨਵੀ ਸੰਸਦ ਵਿੱਚ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੂੰ ਬ੍ਰੈਗਜ਼ਿਟ ਦੇ ਮੁੱਦ ਤੇ ਇੱਕ ਵਗਰ ਫਿਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਬ੍ਰੈਗਜ਼ਿਟ ਦੇ ਸੋਧੇ ਹੋਏ ਸਮਝੌਤੇ ਨੂੰ ਹਾਊਸ ਆਫ ਕਾਮਨਜ਼ ਵਿੱਚ ਸਾਂਸਦਾਂ ਨੇ ਖਾਰਿਜ ਕਰ ਦਿੱਤਾ।

ਇਹ ਦੂਜੀ ਵਾਰ ਹੈ ਕਿ ਸੰਸਦ ਨੇ ਯੂਰਪੀ ਯੂਨੀਅਨ ਤੋਂ ਬਾਹਰ ਜਾਣ ਦੇ ਸਮਝੌਤੇ ਨੂੰ ਖਾਰਿਜ ਕੀਤਾ ਹੈ।

ਸਮਝੌਤੇ ਦੇ ਖਿਲਾਫ 391 ਵੋਟਾਂ ਪਈਆਂ ਅਤੇ ਹੱਕ ਵਿੱਚ 242।

ਯੂਰਪੀ ਯੂਨੀਅਨ ਦੇ ਮੁਖੀ ਨੇ ਕਹਿ ਦਿੱਤਾ ਹੈ ਕਿ ਜੇ ਇਸ ਵਾਰ ਸਮਝੌਤਾ ਪਾਸ ਨਹੀਂ ਹੁੰਦਾ ਤਾਂ ਬਰਤਾਨੀਆ ਨੂੰ ਤੀਸਰਾ ਮੌਕਾ ਨਹੀਂ ਦਿੱਤਾ ਜਾਵੇਗਾ।

ਇਹ ਵੀ ਜ਼ਰੂਰ ਪੜ੍ਹੋ:

ਸਮਝੌਤਾ ਖਾਰਿਜ ਹੋਣ ਤੋਂ ਬਾਅਦ ਟੈਰੀਜ਼ਾ ਮੇਅ ਨੇ ਕਿਹਾ ਕਿ ਸੰਸਦ ਵਿੱਚ ਇਸ ਗੱਲ 'ਤੇ ਵੋਟਿੰਗ ਹੋਏਗੀ ਕਿ 29 ਮਾਰਚ ਨੂੰ ਬਿਨਾ ਕਿਸੇ ਸਮਝੌਤੇ ਤੋਂ ਹੀ ਯੂਰਪੀ ਯੂਨੀਅਨ ਤੋਂ ਬਾਹਰ ਹੋਣਾ ਚਾਹੀਦਾ ਹੈ ਜਾਂ ਨਹੀਂ।

ਜੇ ਸੰਸਦ ਬਿਨਾਂ ਸਮਝੌਤੇ ਦੇ ਯੂਰਪੀ ਯੂਨੀਅਨ ਤੋਂ ਬਾਹਰ ਹੋ ਲਈ ਤਿਆਰ ਨਹੀਂ ਹੁੰਦੀ ਤਾਂ ਇਹ ਫੈਸਲਾ ਕੀਤਾ ਜਾਵੇਗਾ ਕਿ ਬ੍ਰੈਗਜ਼ਿਟ ਨੂੰ ਟਾਲਣਾ ਚਾਹੀਦਾ ਹੈ ਜਾਂ ਨਹੀਂ।

ਇਹ ਵੀਡੀਓ ਵੀ ਜ਼ਰੂਰ ਦੇਖੋ:

ਬ੍ਰੈਗਜ਼ਿਟ ਸਮਝੌਤੇ ਨੂੰ ਬਿਹਤਰ ਸਮਝਣ ਲਈ ਹੇਠਾਂ ਅਸੀਂ ਕੁਝ ਸਵਾਲਾਂ ਦੇ ਜਵਾਬ ਦੇ ਰਹੇ ਹਾਂ:

ਬਰਤਾਨੀਆ ਦੀ ਸੰਸਦ ਕਿਸ ਬਾਰੇ ਵੋਟਿੰਗ ਕਰ ਰਹੀ ਹੈ?

ਬਰਤਾਨੀਆ ਦੀ ਸੰਸਦ ਬ੍ਰੈਗਜ਼ਿਟ ਸਮਝੌਤੇ ਨੂੰ ਪਾਸ ਕਰਨ ਲਈ ਵੋਟਿੰਗ ਕਰ ਰਹੀ ਹੈ। ਜਿਸ ਨੂੰ ਪੂਰਾ ਕਰਨ ਲਈ ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੇ ਯੂਰਪੀ ਯੂਨੀਅਨ ਦੇ ਆਗੂਆਂ ਨਾਲ ਦੋ ਸਾਲ ਲਗਾਤਾਰ ਵਿਚਾਰ ਵਟਾਂਦਰਾ ਕੀਤਾ ਹੈ।

ਇਹ ਵੋਟ ਮਹੱਤਵਪੂਰਨ ਕਿਉਂ ਹੈ?

ਜੇ ਸਮਝੌਤਾ ਰੱਦ ਹੋ ਗਿਆ ਤਾਂ ਬਰਤਾਨੀਆ ਸਾਹਮਣੇ ਦੋ ਰਾਹ ਬਚਣਗੇ।

29 ਮਾਰਚ ਨੂੰ ਬਿਨਾਂ ਕਿਸੇ ਸਮਝੌਤੇ ਦੇ ਹੀ ਬਰਤਾਨੀਆ ਦਾ ਯੂਰਪੀ ਯੂਨੀਅਨ ਤੋਂ ਤੋੜ - ਵਿਛੋੜਾ ਹੋ ਜਾਵੇਗਾ ਜਾਂ ਇਸ ਦੀ ਤਰੀਕ ਅੱਗੇ ਵਧਾ ਦਿੱਤੀ ਜਾਵੇਗੀ।

ਜੇ ਸਮਝੌਤਾ ਪਾਸ ਹੁੰਦਾ ਹੈ ਤਾਂ ਬਰਤਾਨੀਆ 29 ਮਾਰਚ ਨੂੰ ਯੂਰਪੀ ਯੂਨੀਅਨ ਤੋਂ ਵੱਖ ਹੋ ਜਾਵੇਗਾ ਪਰ ਦੋਵਾਂ ਦੇ ਸਬੰਧਾਂ ਵਿੱਚ 2020 ਦੇ ਦਸੰਬਰ ਮਹੀਨੇ ਤੱਕ ਯਥਾ ਸਥਿਤੀ ਕਾਇਮ ਰਹੇਗੀ ਜਦੋਂ ਤੱਕ ਕਿ ਕੋਈ ਪੱਕਾ ਸਮਝੌਤਾ ਨਹੀਂ ਹੋ ਜਾਂਦਾ।

ਇਸ ਤੋਂ ਪਹਿਲਾਂ ਸੰਸਦ ਇਸ ਨੂੰ ਨਕਾਰ ਨਹੀਂ ਚੁੱਕੀ?

ਹਾਂ, ਬਿਲਕੁਲ। ਬਹੁਤ ਵੱਡੇ ਫਰਕ ਨਾਲ।

ਉਸ ਤੋਂ ਬਾਅਦ ਕੀ ਫਰਕ ਪਿਆ?

ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਯੂਰਪੀ ਯੂਨੀਅਨ ਤੋਂ ਲੋੜੀਂਦੀਆਂ ਸੋਧਾਂ ਸੋਮਵਾਰ ਨੂੰ ਹੀ ਪਾਸ ਕਰਵਾ ਲਈਆਂ ਹਨ, ਭਾਵ ਵੋਟਿੰਗ ਤੋਂ ਇੱਕ ਦਿਨ ਪਹਿਲਾਂ।

ਇਸ ਵਿੱਚ ਪਹਿਲੀ ਸੋਧ ਬਰਤਾਨੀਆ ਤੇ ਯੂਰਪੀ ਯੂਨੀਅਨ ਦਰਮਿਆਨ ਆਇਰਲੈਂਡ ਦੀ ਸਰਹੱਦ ਨੂੰ ਹਮੇਸ਼ਾ ਲਈ ਖੁੱਲ੍ਹਿਆਂ ਰੱਖਣਾ ਹੈ। ਜੇ ਇਹ ਸਰਹੱਦ ਬੰਦ ਕਰ ਕੇ ਬਰਤਾਨੀਆ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਜਾਂਦਾ ਹੈ ਤਾਂ ਉਹ ਯੂਰਪੀ ਯੂਨੀਅਨ ਖ਼ਿਲਾਫ਼ ਮੁਕੱਦਮਾ ਦਾਇਰ ਕਰ ਸਕੇਗਾ।

ਦੂਸਰੀ ਸੋਧ ਬਰਤਾਨੀਆ ਤੇ ਯੂਰਪੀ ਯੂਨੀਅਨ ਦਾ ਸਾਂਝਾ ਬਿਆਨ ਹੈ। ਇਹ ਬਰਤਾਨੀਆ ਤੇ ਯੂਰਪੀ ਯੂਨੀਅਨ ਦੇ ਭਵਿੱਖ ਦੇ ਰਿਸ਼ਤਿਆਂ ਬਾਰੇ ਹੈ।

ਜੇ ਇਸ ਵਾਰ ਵੀ ਸਮਝੌਤਾ ਰੱਦ ਹੋ ਗਿਆ?

ਜੇ ਇਹ ਸਮਝੌਤਾ ਸੰਸਦ ਨੇ ਪਾਸ ਨਾ ਕੀਤਾ ਤਾਂ ਇੱਕ ਹੋਰ ਵੋਟਿੰਗ ਕਰਵਾਈ ਜਾਵੇਗੀ। ਜਿਸ ਵਿੱਚ ਇਹ ਫੈਸਲਾ ਕੀਤਾ ਜਾਵੇਗਾ ਕਿ ਬਰਤਾਨੀਆ ਬਿਨਾਂ ਕਿਸੇ ਸਮਝੌਤੇ ਦੇ ਹੀ ਯੂਰਪੀ ਯੂਨੀਅਨ ਤੋਂ ਵੱਖ ਹੋ ਜਾਵੇ ਜਾਂ ਨਹੀਂ।

ਇਸ ਸੂਰਤ ਵਿੱਚ ਇੱਕ ਹੋਰ ਵੋਟਿੰਗ ਬੁੱਧਵਾਰ (13 ਮਾਰਚ) ਨੂੰ ਹੋ ਸਕਦੀ ਹੈ।

ਜੇ ਸੰਸਦ ਬਿਨਾਂ ਸਮਝੌਤੇ ਦੇ ਯੂਰਪੀ ਯੂਨੀਅਨ ਛੱਡਣ ਦਾ ਰਾਹ ਚੁਣਦੀ ਹੈ ਤਾਂ ਬਰਤਾਨੀਆ 29 ਮਾਰਚ ਨੂੰ ਬਿਨਾਂ ਸਮਝੌਤੇ ਦੇ ਹੀ ਯੂਰਪੀ ਯੂਨੀਅਨ ਤੋਂ ਵੱਖ ਹੋ ਜਾਵੇਗਾ।

ਦੂਸਰੇ ਪਾਸੇ ਜੇ ਬਿਨਾਂ ਸਮਝੌਤੇ ਦੇ ਯੂਰਪੀ ਯੂਨੀਅਨ ਛੱਡਣ ਦਾ ਮਤਾ ਰੱਦ ਹੁੰਦਾ ਹੈ ਤਾਂ ਵੀਰਵਾਰ ਨੂੰ ਇਸ ਬਾਰੇ ਵੋਟਿੰਗ ਹੋ ਸਕਦੀ ਹੈ ਕਿ ਇਸ ਤੋੜ-ਵਿਛੋੜੇ ਨੂੰ ਅੱਗੇ ਪਾਇਆ ਜਾਵੇ ਜਾਂ ਨਹੀਂ।

ਕੀ ਇਹ ਬ੍ਰੈਗਜ਼ਿਟ ਬਾਰੇ ਫੈਸਲਾਕੁਨ ਵੋਟਿੰਗ ਹੈ?

ਜ਼ਰੂਰੀ ਨਹੀਂ। ਜੇ ਪ੍ਰਧਾਨ ਮੰਤਰੀ ਮੇਅ ਇਸ ਵਿੱਚ ਬਹੁਤ ਥੋੜ੍ਹੇ ਫਰਕ ਨਾਲ ਹਾਰਦੇ ਹਨ ਤਾਂ ਉਹ ਯੂਰਪੀ ਯੂਨੀਅਨ ਨੂੰ ਤੋੜ-ਵਿਛੋੜਾ ਕੁਝ ਦੇਰ ਅੱਗੇ ਪਾਉਣ ਲਈ ਬੇਨਤੀ ਕਰ ਸਕਦੇ ਹਨ। ਇਸ ਨਾਲ ਉਨ੍ਹਾਂ ਨੂੰ ਕੁਝ ਹੋਰ ਸਮਾਂ ਮਿਲ ਜਾਵੇਗਾ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓਜ਼ ਵੀਪਸੰਦਆ ਸਕਦੀਆਂ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)