ਮੱਛਰਾਂ ਨੂੰ ਨਾ ਭੁੱਖ ਲੱਗੇ ਤੇ ਨਾ ਵੱਢਣ, ਵਿਗਿਆਨੀਆਂ ਨੇ ਕੀਤਾ ਨਵਾਂ ਪ੍ਰਯੋਗ

ਵਿਗਿਆਨੀਆਂ ਦਾ ਦਾਅਵਾ ਹੈ ਕਿ ਖੂਨ ਦੇ ਪਿਆਸੇ ਮੱਛਰਾਂ ਨਾਲ ਨਜਿੱਠਣ ਦਾ ਇੱਕ ਨਵਾਂ ਤਰੀਕਾ ਸਾਹਮਣੇ ਆ ਹੀ ਗਿਆ ਹੈ।

ਅਮਰੀਕਾ ਦੇ ਵਿਗਿਆਨੀਆਂ ਨੇ ਮੱਛਰਾਂ ਨੂੰ ਇਨਸਾਨਾਂ ਦੁਆਰਾ ਡਾਈਟਿੰਗ ਲਈ ਵਰਤੀਆਂ ਜਾਂਦੀਆਂ ਕੁਝ ਦਵਾਈਆਂ ਦਿੱਤੀਆਂ ਹਨ ਜਿਨ੍ਹਾਂ ਨਾਲ ਉਨ੍ਹਾਂ ਦੀ ਭੁੱਖ ਹੀ ਘੱਟ ਜਾਂਦੀ ਹੈ। ਉਨ੍ਹਾਂ 'ਡਾਈਟ ਡਰੱਗਜ਼' ਦੀ ਵਰਤੋਂ ਇਨਸਾਨ ਭੁੱਖ ਘਟਾਉਣ ਲਈ ਕਰਦੇ ਹਨ।

ਜੇ ਇਹ ਤਕਨੀਕ ਸਾਰੇ ਪ੍ਰਯੋਗਾਂ ਤੋਂ ਬਾਅਦ ਕਾਮਯਾਬ ਰਹੀ ਤਾਂ ਜ਼ੀਕਾ, ਮਲੇਰੀਆ ਅਤੇ ਹੋਰ ਕਈ ਬਿਮਾਰੀਆਂ ਤੋਂ ਜਾਨ ਛੁੱਟ ਸਕਦੀ ਹੈ ਕਿਉਂਕਿ ਉਨ੍ਹਾਂ ਬਿਮਾਰੀਆਂ ਦੇ ਵਾਇਰਸ ਨੂੰ ਮੱਛਰ ਹੀ ਫੈਲਾਉਂਦੇ ਹਨ।

ਇਹ ਵੀ ਜ਼ਰੂਰ ਪੜ੍ਹੋ

ਵਿਗਿਆਨਕ ਸ਼ੋਧ ਬਾਰੇ ਰਸਾਲੇ 'ਸੈੱਲ' ਵਿੱਚ ਛਪੇ ਲੇਖ ਵਿੱਚ ਕਿਹਾ ਗਿਆ ਹੈ ਕਿ ਇਹ ਸ਼ੋਧ ਅਜੇ ਸ਼ੁਰੂਆਤੀ ਦੌਰ 'ਚ ਹੈ।

ਨਿਊ ਯਾਰਕ ਦੀ ਰੌਕਫੈਲਰ ਯੂਨੀਵਰਸਿਟੀ ਦੇ ਸ਼ੋਧਕਰਤਾ ਕਹਿੰਦੇ ਹਨ ਕਿ ਉਨ੍ਹਾਂ ਨੇ ਇਹ ਪ੍ਰਯੋਗ ਮੱਛਰ ਦੀ ਏਡੀਜ਼ ਐਜਿਪਟੀ ਪ੍ਰਜਾਤੀ ਉੱਪਰ ਕੀਤਾ ਹੈ।

ਇਸ ਪ੍ਰਜਾਤੀ ਦੇ ਮਾਦਾ ਮੱਛਰ ਇਨਸਾਨ ਦਾ ਖੂਨ ਪੀਂਦੇ ਹਨ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਆਂਡੇ ਦੇਣ ਲਈ ਪ੍ਰੋਟੀਨ ਮਿਲਦਾ ਹੈ। ਇਨ੍ਹਾਂ ਨੂੰ ਇਹ ਭੁੱਖ ਕਈ ਦਿਨਾਂ 'ਚ ਇੱਕ ਵਾਰ ਹੀ ਲਗਦੀ ਹੈ।

ਇਹ ਵੀ ਜ਼ਰੂਰ ਪੜ੍ਹੋ

ਵਿਗਿਆਨੀਆਂ ਨੇ ਇਨ੍ਹਾਂ ਮੱਛਰਾਂ ਨੂੰ ਇੱਕ ਨਮਕੀਨ ਪਾਣੀ ਦੇ ਮਿਸ਼ਰਣ ਵਿੱਚ ਡਾਈਟ ਡਰੱਗਜ਼ ਪਾ ਕੇ ਦਿੱਤੀਆਂ। ਇਸ ਨਾਲ ਇਨ੍ਹਾਂ ਦੀ ਭੁੱਖ ਇੰਸਨਾਨ ਵਾਂਗ ਹੀ ਘੱਟ ਗਈ। ਇਹ ਵੇਖਣ ਲਈ ਕਿ ਮੱਛਰ ਨੂੰ ਭੁੱਖ ਵਾਕਈ ਲੱਗੀ ਕਿ ਨਹੀਂ, ਵਿਗਿਆਨੀਆਂ ਵਿੱਚੋਂ ਇੱਕ ਨੇ ਆਪਣੇ ਪਸੀਨੇ ਵਾਲਾ ਕੱਪੜਾ ਉਸ ਦੇ ਸਾਹਮਣੇ ਕੀਤਾ।

ਇਸ ਦੀ ਕਾਮਯਾਬੀ ਤੋਂ ਬਾਅਦ ਵਿਗਿਆਨੀਆਂ ਨੇ ਇਹ ਵੀ ਵੇਖਿਆ ਕਿ ਅਖੀਰ ਮੱਛਰ ਦੇ ਸਰੀਰ ਦਾ ਕਿਹੜਾ ਹਿੱਸਾ ਉਸ ਦੀ ਭੁੱਖ ਜਗਾਉਂਦਾ ਜਾਂ ਮਾਰਦਾ ਹੈ, ਤਾਂ ਜੋ ਉਸੇ ਨੂੰ ਨਿਸ਼ਾਨਾ ਬਣਾ ਕੇ ਪ੍ਰਯੋਗ ਕੀਤੇ ਜਾ ਸਕਣ।

ਇਨਸਾਨੀ ਦਵਾਈ ਨੂੰ ਮੱਛਰਾਂ ਉੱਪਰ ਵਰਤਣ ਵਿੱਚ ਮੁਸ਼ਕਲਾਂ ਹੋ ਸਕਦੀਆਂ ਹਨ। ਇਸ ਲਈ ਵਿਗਿਆਨੀਆਂ ਨੇ ਇੱਕ ਉਸ ਰਸਾਇਣਕ ਮਿਸ਼ਰਣ ਦੀ ਪਛਾਣ ਕਰ ਲਈ ਹੈ ਜਿਸ ਨਾਲ ਇਹ ਭੁੱਖ ਉੱਪਰ ਕਾਬੂ ਪਾਉਣ ਦਾ ਤਜਰਬਾ ਅੱਗੇ ਕਰ ਸਕਣ।

ਰਿਸਰਚ ਟੀਮ ਮੁਤਾਬਕ ਇਸ ਸ਼ੋਧ ਦੀ ਅੱਗੇ ਵੱਡੀ ਵਰਤੋਂ ਕੀਤੀ ਜਾ ਸਕੇਗੀ।

ਟੀਮ ਦੀ ਸੀਨੀਅਰ ਮੈਂਬਰ ਲੈਸਲੀ ਵੋਸਹਾਲ ਨੇ ਕਿਹਾ, "ਬਿਮਾਰੀਆਂ ਫੈਲਾਉਣ ਵਾਲੇ ਕੀਟਾਂ ਨਾਲ ਨਜਿੱਠਣ ਦੇ ਤਰੀਕਿਆਂ ਦੀ ਸਖਤ ਲੋੜ ਹੈ ਅਤੇ ਇਹ ਬਿਲਕੁਲ ਨਵਾਂ ਪ੍ਰਯੋਗ ਹੈ।"

ਉਨ੍ਹਾਂ ਅੱਗੇ ਕਿਹਾ, "ਕੀਟਨਾਸ਼ਕ ਹੁਣ ਪਹਿਲਾਂ ਜਿੰਨੇ ਅਸਰਦਾਰ ਨਹੀਂ ਹਨ ਕਿਉਂਕਿ ਕੀਟਾਂ ਨੇ ਇਨ੍ਹਾਂ ਖਿਲਾਫ ਸ਼ਰੀਰਕ ਬਦਲਾਅ ਲੈ ਆਉਂਦੇ ਹਨ। ਅਸੀਂ ਇਨ੍ਹਾਂ ਨੂੰ ਭਜਾਉਣ ਦੇ ਚੰਗੇ ਤਰੀਕੇ ਨਹੀਂ ਲੱਭ ਸਕੇ ਹਾਂ ਅਤੇ ਨਾ ਹੀ ਕੋਈ ਅਜਿਹੇ ਟੀਕੇ ਹਨ ਜਿਹੜੇ ਇਨ੍ਹਾਂ ਦੁਆਰਾ ਫੈਲਾਈਆਂ ਜਾਣ ਵਾਲੀਆਂ ਬਿਮਾਰੀਆਂ ਨੂੰ ਮੁਕਾਇਆ ਜਾ ਸਕੇ।"

ਇਹ ਵੀ ਜ਼ਰੂਰ ਪੜ੍ਹੋ

ਪ੍ਰਯੋਗ ਵਿੱਚ ਹਿੱਸਾ ਲੈਣ ਵਾਲੀ ਇੱਕ ਹੋਰ ਵਿਗਿਆਨੀ, ਲੌਰਾ ਡੁਵਾਲ ਮੁਤਾਬਕ, "ਮੱਛਰਾਂ ਦੀ ਭੁੱਖ ਉੱਪਰ ਕਾਬੂ ਪਾਉਣ ਦਾ ਪ੍ਰਯੋਗ ਨਵਾਂ ਸੀ ਪਰ ਇਸ ਨਾਲ ਉਨ੍ਹਾਂ ਨੂੰ ਮੁਕਾਇਆ ਨਹੀਂ ਜਾਵੇਗਾ ਕਿਉਂਕਿ ਦਵਾਈਆਂ ਦਾ ਅਸਰ ਕੁਝ ਦੇਰ ਲਈ ਹੀ ਰਹੇਗਾ।"

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)