ਔਰਤਾਂ ਨੂੰ ਭਿਆਨਕ ਦਰਦ ਵਿਚੋਂ ਕਿਉਂ ਲੰਘਣਾ ਪੈਂਦਾ ਹੈ

    • ਲੇਖਕ, ਇੰਮੀ ਗਰਾਂਟ ਅੰਬਰਬੈਚ
    • ਰੋਲ, ਬੀਬੀਸੀ

ਔਰਤਾਂ ਸੋਹਲ ਹੁੰਦੀਆਂ ਹਨ, ਆਮ ਤੌਰ 'ਤੇ ਇਹੀ ਕਿਹਾ ਜਾਂਦਾ ਹੈ।

ਮੰਨਿਆ ਜਾਂਦਾ ਹੈ ਕਿ ਜਿਸਮਾਨੀ ਤੌਰ 'ਤੇ ਉਹ ਮਰਦਾਂ ਵਾਂਗ ਤਾਕਤਵਰ ਨਹੀਂ ਹੁੰਦੀਆਂ ਪਰ ਇਸ ਸੱਚਾਈ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਦਰਦ ਬਰਦਾਸ਼ਤ ਕਰਨ ਦੀ ਸਮਰੱਥਾ ਔਰਤਾਂ ਨਾਲੋਂ ਵਧੇਰੇ ਕਿਸੇ ਵਿੱਚ ਨਹੀਂ ਹੁੰਦੀ।

ਭਾਵੇਂ ਉਹ ਸਰੀਰਕ ਦਰਦ ਹੋਵੇ ਜਾਂ ਜਜ਼ਬਾਤੀ ਦਰਦ।

ਦੁਨੀਆਂ ਦੀ ਹਰ ਬਾਲਗ਼ ਕੁੜੀ ਨੂੰ ਹਰ ਵਾਰ ਮਾਹਵਾਰੀ ਸ਼ੁਰੂ ਹੋਣ ਤੋਂ ਪਹਿਲਾਂ ਦਰਦ ਵਿੱਚੋਂ ਲੰਘਣਾ ਪੈਂਦਾ ਹੈ। ਕੁਝ ਨੂੰ ਇਹ ਦਰਦ ਘੱਟ ਹੁੰਦਾ ਹੈ ਤਾਂ ਕੁਝ ਨੂੰ ਬਰਦਾਸ਼ਤ ਤੋਂ ਬਾਹਰ। ਕੁਝ ਨੂੰ ਦਰਦ ਨੇ ਨਾਲ-ਨਾਲ ਜੀਅ ਘਬਰਾਉਣਾ, ਉਲਟੀ ਜਾਂ ਬਦਹਜ਼ਮੀ ਹੋ ਜਾਂਦੀ ਹੈ।

ਮਾਹਵਾਰੀ ਦੌਰਾਨ ਮਾਮੂਲੀ ਦਰਦ ਹੋਣਾ ਆਮ ਗੱਲ ਹੈ ਪਰ ਹੱਦੋਂ ਵੱਧ ਦਰਦ ਆਮ ਨਹੀਂ ਹੈ। ਫਿਰ ਇਹ ਇੱਕ ਤਰ੍ਹਾਂ ਦੀ ਬਿਮਾਰੀ ਹੈ, ਜਿਸ ਨੂੰ ਐਂਡੋਮੇਟ੍ਰਿਓਸਿਸ ਕਹਿੰਦੇ ਹਨ।

ਅਸਲ ਵਿੱਚ ਮਾਹਵਾਰੀ ਤੋਂ ਪਹਿਲਾਂ ਬੱਚੇਦਾਨੀ ਦੇ ਕੋਲ ਖ਼ੂਨ ਜਮਾ ਹੁੰਦਾ ਹੈ ਜੋ ਕਿ ਫਰਟੀਲਿਟੀ ਪੀਰੀਅਡ ਦੌਰਾਨ ਵੀਰਜ ਨਾ ਮਿਲਣ ਕਾਰਨ ਸਰੀਰ ਤੋਂ ਬਾਹਰ ਨਿਕਲ ਜਾਂਦਾ ਹੈ।

ਕਈ ਵਾਰ ਇਹ ਬਲੱਡ ਟਿਸ਼ੂ ਬੱਚੇਦਾਨੀ ਦੇ ਨਾਲ-ਨਾਲ ਫੈਲੋਪੀਅਨ ਟਿਊਬ, ਅੰਤੜੀ, ਕੁੱਖ ਆਦਿ ਵਿੱਚ ਜਮਾ ਹੋ ਜਾਂਦਾ ਹੈ।

ਇਹ ਵੀ ਪੜ੍ਹੋ-

ਕੁਝ ਖ਼ਾਸ ਮਾਮਲਿਆਂ ਵਿੱਚ ਤਾਂ ਇਹ ਫੇਫੜਿਆਂ, ਅੱਖਾਂ, ਦਿਮਾਗ ਅਤੇ ਰੀੜ ਦੀ ਹੱਡੀ ਵਿੱਚ ਵੀ ਮਿਲੇ ਹਨ।

ਐਂਡੋਮੇਟ੍ਰਿਓਸਿਸ ਹੋਣ 'ਤੇ ਮਾਹਵਾਰੀ ਦੌਰਾਨ ਖ਼ੂਨ ਬਹੁਤ ਵਧੇਰੇ ਆਉਂਦਾ ਹੈ, ਪੀਰੀਅਡ ਸ਼ੁਰੂ ਹੋਣ ਤੋਂ ਪਹਿਲਾਂ ਕਮਜ਼ੋਰੀ ਅਤੇ ਥਕਾਣ ਹੋਣ ਲੱਗਦੀ ਹੈ, ਰੀੜ ਦੀ ਹੱਡੀ ਦੇ ਹੇਠਲੇ ਹਿੱਸੇ ਅਤੇ ਚੂਲੇ ਦੀ ਹੱਡੀ 'ਚ ਬੇਇੰਤਹਾ ਦਰਦ ਹੁੰਦਾ ਹੈ।

ਰਿਸਰਚ 'ਤੇ ਧਿਆਨ ਨਹੀਂ

ਦੁਨੀਆਂ ਦੀਆਂ ਹਰੇਕ 10 ਔਰਤਾਂ ਵਿਚੋਂ ਇੱਕ ਨੂੰ ਐਂਡੋਮੇਟ੍ਰਿਓਸਿਸ ਦੀ ਸ਼ਿਕਾਇਤ ਹੈ। ਮੰਨਿਆ ਜਾਂਦਾ ਹੈ ਕਿ 17 ਕਰੋੜ ਤੋਂ ਵੱਧ ਔਰਤਾਂ ਇਸ ਨਾਲ ਪ੍ਰੇਸ਼ਾਨ ਹਨ।

ਅੱਜ ਮੈਡੀਕਲ ਖੇਤਰ 'ਚ ਵੱਡੇ ਪੈਮਾਨੇ 'ਤੇ ਰਿਸਰਚ ਹੋ ਰਹੀ ਹੈ ਪਰ ਔਰਤਾਂ ਨਾਲ ਜੁੜੀਆਂ ਬਹੁਤ ਸਾਰੀਆਂ ਬਿਮਾਰੀਆਂ 'ਤੇ ਬਹੁਤ ਘੱਟ ਖਰਚ ਕੀਤਾ ਗਿਆ ਹੈ। ਉਨ੍ਹਾਂ ਵਿਚੋਂ ਇੱਕ ਹੈ ਐਂਡੋਮੇਟ੍ਰਿਓਸਿਸ।

ਅਮਰੀਕਾ 'ਚ ਵੀ ਹਰੇਕ 10ਵੀਂ ਔਰਤ ਇਸ ਦੀ ਸ਼ਿਕਾਰ ਹੈ। ਫਿਰ ਵੀ ਉੱਥੇ ਔਰਤਾਂ ਨਾਲ ਜੁੜੀਆਂ ਬਿਮਾਰੀਆਂ ਦੀ ਖੋਜ 'ਤੇ ਮਹਿਜ਼ 60 ਲੱਖ ਡਾਲਰ ਸਾਲਾਨਾ ਦੀ ਰਕਮ ਹੀ ਖਰਚ ਕੀਤੀ ਜਾ ਰਹੀ ਹੈ। ਜਦਕਿ ਨੀਂਦ 'ਤੇ ਰਿਸਰਚ ਲਈ ਇਸ ਰਕਮ ਦਾ 50 ਗੁਣਾ ਵੱਧ ਪੈਸਾ ਖਰਚ ਕੀਤਾ ਜਾ ਰਿਹਾ ਹੈ।

ਇੱਕ ਰਿਸਰਚ ਮੁਤਾਬਕ ਐਂਡੋਮੇਟ੍ਰਿਓਸਿਸ ਦੀ ਸ਼ਿਕਾਰ ਔਰਤ ਨਾ ਸਿਰਫ਼ ਹਰ ਮਹੀਨੇ ਦਰਦ ਬਰਦਾਸ਼ਤ ਕਰਦੀ ਹੈ ਬਲਕਿ ਵੱਡੀ ਰਕਮ ਇਲਾਜ ਲਈ ਵੀ ਖਰਚ ਕਰਦੀ ਹੈ।

ਇਹੀ ਨਹੀਂ ਕਈ ਵਾਰ ਐਂਡੋਮੇਟ੍ਰਿਓਸਿਸ ਕਾਰਨ ਬਾਂਝਪਨ (ਮਾਂ ਨਾ ਬਣਨਾ) ਵੀ ਹੋ ਜਾਂਦਾ ਹੈ। ਇਹ ਦਰਦ ਮਰੀਜ਼ 'ਚ ਹੋਰ ਕਿਸੇ ਦਰਦ ਨੂੰ ਸਹਿਣ ਦੀ ਤਾਕਤ ਨੂੰ ਵੀ ਕਮਜ਼ੋਰ ਕਰ ਦਿੰਦਾ ਹੈ।

ਕਿਹਾ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਚੈਕ ਵਿਗਿਆਨੀ ਕਾਰਲ ਫੋਨ ਰੋਕਿਤਾਂਸਕੀ ਨੇ 1860 'ਚ ਐਂਡੋਮੇਟ੍ਰਿਓਸਿਸ ਦੀ ਪਛਾਣ ਕੀਤੀ ਸੀ। ਹਾਲਾਂਕਿ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਮਤਭੇਦ ਹਨ।

ਕਿਹਾ ਜਾਂਦਾ ਹੈ ਕਿ ਇਹ ਰਿਸਰਚ ਬਹੁਤ ਬੁਨਿਆਦੀ ਮਾਈਕਰੋਸਕੋਲ ਨਾਲ ਕੀਤੀ ਗਈ ਸੀ।

ਜਿਸ ਤਰ੍ਹਾਂ ਦੇ ਲੱਛਣ ਐਂਡੋਮੇਟ੍ਰਿਓਸਿਸ 'ਚ ਨਜ਼ਰ ਆਉਂਦੇ ਹਨ, ਉਵੇਂ ਦੀ ਲੱਛਣ ਮਿਰਗੀ ਦੀ ਬਿਮਾਰੀ 'ਚ ਵੀ ਨਜ਼ਰ ਆਉਂਦੇ ਹਨ। ਇਸ ਨੂੰ ਅੰਗਰੇਜ਼ੀ ਵਿੱਚ ਹਿਸਟੀਰਿਆ ਕਹਿੰਦੇ ਹਨ। ਹਿਸਟੀਰਿਆ ਸ਼ਬਦ ਲੈਟਿਨ ਸ਼ਬਦ ਤੋਂ ਬਣਿਆ ਹੈ। ਜਿਸ ਦਾ ਮਤਲਬ ਬੈ 'ਪੇਟ ਨਾਲ ਜੁੜਿਆ'।

ਇਸੇ ਆਧਾਰ 'ਤੇ ਐਂਡੋਮੇਟ੍ਰਿਓਸਿਸ ਦਾ ਸਬੰਧ ਹਿਸਟੀਰਿਆ ਨਾਲ ਦੱਸਿਆ ਜਾਂਦਾ ਹੈ। ਹਾਲਾਂਕਿ, ਕੁੱਖ ਦੇ ਦਰਦ 'ਤੇ ਕੀਤੀਆਂ ਗਈਆਂ ਬਹੁਤ ਸਾਰੀਆਂ ਖੋਜਾਂ ਇਸ ਨੂੰ ਖਾਰਿਜ ਕਰਦੀਆਂ ਹਨ।

ਐਂਡੋਮੇਟ੍ਰਿਓਸਿਸ ਨੂੰ ਲੈ ਕੇ ਗ਼ਲਤਫਹਿਮੀਆਂ ਪਹਿਲਾਂ ਵੀ ਸਨ ਅਤੇ ਅੱਜ ਵੀ। ਇਸ ਦਾ ਵੱਡਾ ਕਾਰਨ ਹੈ ਇਸ ਖੇਤਰ ਵਿੱਚ ਰਿਸਰਚ ਦਾ ਨਾ ਹੋਣਾ।

ਇਹ ਵੀ ਪੜ੍ਹੋ-

ਘੱਟ ਜਾਣਕਾਰੀ ਹੋਣ ਕਾਰਨ ਕਈ ਵਾਰ ਬਿਮਾਰੀ ਦਹਾਕਿਆਂ ਤੱਕ ਫੜੀ ਨਹੀਂ ਜਾਂਦੀ। ਇੱਕ ਕਾਰਨ ਇਹ ਵੀ ਹੈ ਕਿ ਔਰਤਾਂ ਨੂੰ ਹੋਣ ਵਾਲੇ ਦਰਦ ਨੂੰ ਮਾਮੂਲੀ ਦਰਦ ਮੰਨ ਕੇ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ।

ਐਂਡੋਮੇਟ੍ਰਿਓਸਿਸ ਨੂੰ ਲੈ ਕੇ ਗੰਭੀਰ ਨਾ ਹੋਣਾ

ਆਮ ਤੌਰ 'ਤੇ ਡਾਕਟਰ ਵੀ ਇਸ ਦਰਦ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਲੈਂਦੇ।

ਕੈਟਾਲਿਨ ਕੋਨੇਅਰਜ਼ ਦੀ ਉਮਰ 24 ਸਾਲ ਹੈ। ਉਹ ਮਾਈ ਐਂਡੋਮੇਟ੍ਰਿਓਸਿਸ ਡਾਇਰੀ ਨਾਮ ਦਾ ਬਲਾਗ ਚਲਾਉਂਦੀ ਹੈ। ਉਨ੍ਹਾਂ ਨੂੰ ਮਾਹਵਾਰੀ ਦੌਰਾਨ ਨਾ ਸਿਰਫ਼ ਤੇਜ਼ ਦਰਦ ਹੁੰਦਾ ਸੀ ਬਲਕਿ ਖ਼ੂਨ ਵੀ ਬਹੁਤ ਆਉਂਦਾ ਸੀ।

ਆਪਣੀ ਹਾਲਤ ਦੇ ਮੁਤਾਬਕ ਉਨ੍ਹਾਂ ਨੇ ਨੈਟ 'ਤੇ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਦੀ ਰਿਸਰਚ ਇਸ ਸਿੱਟੇ 'ਤੇ ਪਹੁੰਚੀ ਕਿ ਉਨ੍ਹਾਂ ਨੂੰ ਐਂਡੋਮੇਟ੍ਰਿਓਸਿਸ ਹੈ। ਉਨ੍ਹਾਂ ਨੇ ਆਪਣੇ ਡਾਕਟਰ ਨੂੰ ਕਿਹਾ ਵੀ ਕਿ ਹੋ ਸਕਦਾ ਹੈ ਉਨ੍ਹਾਂ ਨੂੰ ਐਂਡੋਮੇਟ੍ਰਿਓਸਿਸ ਹੋਵੇ ਪਰ ਉਨ੍ਹਾਂ ਦੀ ਗੱਲ ਖਾਰਿਜ ਕਰ ਦਿੱਤਾ ਗਿਆ।

ਆਕਸਫਾਰਡ ਦੇ ਵਿੰਸੈਂਟ ਦਾ ਕਹਿਣਾ ਹੈ ਕਿ ਜੈਂਡਰ ਇਸ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ।

ਆਮ ਤੌਰ 'ਤੇ ਸ਼ੁਰੂਆਤੀ ਜਾਂਚ 'ਚ ਵੀ ਦਰਦ ਕਾਰਨ ਹੋਣ ਵਾਲੇ ਜਖ਼ਮਾਂ ਨੂੰ ਦੇਖ ਨਹੀਂ ਸਕਦੇ। ਅਜਿਹੇ ਬਹੁਤ ਸਾਰੇ ਕੇਸ ਹਨ ਜਦੋਂ ਐਂਡੋਮੇਟ੍ਰਿਓਸਿਸ ਦੇ ਸਕੈਨ 'ਚ ਅਲਟਰਾਸਾਊਂਡ ਨੈਗੇਟਿਵ ਆਏ ਹਨ।

ਇਸ ਤੋਂ ਇਲਾਵਾ ਮਰੀਜ਼ ਦੀ ਨਾਵਾਕਫੀਅਤ ਕਰਕੇ ਵੀ ਮਰਜ਼ ਸਮਝਣ 'ਚ ਦੇਰੀ ਹੁੰਦੀ ਹੈ। ਕਿਸ਼ੋਰ ਅਵਸਥਾ ਸ਼ੁਰੂ ਹੋਣ ਤੋਂ ਪਹਿਲਾਂ ਕੁੜੀਆਂ ਨੂੰ ਇਹ ਤਾਂ ਸਮਝਾਇਆ ਜਾਂਦਾ ਹੈ ਕਿ ਪੀਰੀਅਡ ਦੌਰਾਨ ਦਰਦ ਹੁੰਦਾ ਹੈ ਪਰ ਦਰਦ ਕਿੰਨਾ ਹੋਵੇਗਾ, ਨਹੀਂ ਦੱਸਿਆ ਜਾਂਦਾ।

ਇਸ ਲਈ ਬਹੁਤ ਵਧੇਰੇ ਦਰਦ ਨੂੰ ਵੀ ਆਮ ਮੰਨ ਲਿਆ ਜਾਂਦਾ ਹੈ।

ਐਂਡੋਮੇਟ੍ਰਿਓਸਿਸ ਨੂੰ ਲੈ ਕੇ ਹੁਣ ਸਾਰੀ ਦੁਨੀਆਂ ਵਿੱਚ ਜਾਗਰੂਕਤਾ ਦੀ ਮੁਹਿੰਮ ਚਲਾਈ ਜਾ ਰਹੀ ਹੈ। 2017 'ਚ ਐਸਟਰੇਲੀਆ ਦੀ ਸਰਕਾਰ ਨੇ ਇਸ ਉਦੇਸ਼ ਨਾਲ ਨੈਸ਼ਨਲ ਐਕਸ਼ਨ ਪਲਾਨ ਫਾਰ ਐਂਡੋਮੇਟ੍ਰਿਓਸਿਸ ਸ਼ੁਰੂ ਕੀਤਾ।

ਇਸ ਦੇ ਤਹਿਤ ਐਂਡੋਮੇਟ੍ਰਿਓਸਿਸ ਲਈ ਨਵੀਂ ਗਾਇਡਲਾਈਨ ਬਣਾਈ ਗਈ ਅਤੇ ਇਨ੍ਹਾਂ ਨੂੰ ਪ੍ਰਾਈਮਰੀ ਹੈਲਥਕੇਅਰ ਐਜੂਕੇਸ਼ਨ ਦਾ ਹਿੱਸਾ ਬਣਾਇਆ ਗਿਆ। ਇਸ ਤੋਂ ਇਲਾਵਾ ਸਰਕਾਰ ਨੇ 25 ਲੱਖ ਡਾਲਰ ਦਾ ਫੰਡ ਵੀ ਬਣਾਇਆ।

ਇਸੇ ਤਰ੍ਹਾਂ ਦਾ ਇੱਕ ਪ੍ਰੋਗਰਾਮ ਸਾਲ 2017 ਵਿੱਚ ਬ੍ਰਿਟਿਸ਼ ਸਰਕਾਰ ਨੇ ਵੀ ਸ਼ੁਰੂ ਕੀਤਾ ਸੀ। ਵਰਲਡ ਐਂਡੋਮੇਟ੍ਰਿਓਸਿਸ ਸੁਸਾਇਟੀ ਦੀ ਚੀਫ ਐਗਜ਼ੇਕੇਟਿਵ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਮੁਹਿੰਮਾਂ ਨਾਲ ਲੋਕਾਂ 'ਚ ਜਾਗਰੂਕਤਾ ਤਾਂ ਵਧੀ ਹੈ ਪਰ ਬਿਮਾਰੀ ਤੋਂ ਬਚਣ ਲਈ ਸਭ ਤੋਂ ਵੱਡਾ ਮਸਲਾ ਸਪੈਸ਼ਲਿਸਟ ਕਲੀਨਿਕ ਅਤੇ ਡਾਕਟਰਾਂ ਦੀ ਘਾਟ ਹੈ।

ਬਿਮਾਰੀ ਨੂੰ ਲੈ ਕੇ ਭਲੇਖੇ

ਐਂਡੋਮੇਟ੍ਰਿਓਸਿਸ ਨੂੰ ਲੈ ਕੇ ਅਜੇ ਤੱਕ ਜਿੰਨੀਆਂ ਰਿਸਰਚ ਹੋਈਆਂ ਹਨ, ਉਨ੍ਹਾਂ ਨਾਲ ਇੰਨਾ ਲਾਭ ਤਾਂ ਜ਼ਰੂਰ ਹੋਇਆ ਹੈ ਕਿ ਕੁਝ ਸਮੇਂ ਬਾਅਦ ਹੀ ਸਹੀ ਪਰਵ ਬਿਮਾਰੀ ਪਕੜ 'ਚ ਤਾਂ ਆਈ। ਪਰ ਇਸ ਨੂੰ ਲੈ ਕੇ ਕਈ ਭੁਲੇਖੇ ਬਰਕਰਾਰ ਹਨ।

ਅਜੇ ਵੀ ਡਾਕਟਰ ਇਸ ਬਿਮਾਰੀ ਤੋਂ ਬਚਣ ਦਾ ਇੱਕ ਉਪਾਅ ਗਰਭ ਧਾਰਨ ਦੱਸਦੇ ਹਨ। ਜਦ ਕਿ ਇਹ ਰਾਹਤ ਸਿਰਫ਼ ਗਰਭ ਅਵਸਥਾ ਤੱਕ ਹੀ ਹੁੰਦਾ ਹੈ। ਉਸ ਤੋਂ ਬਾਅਦ ਮਾਹਵਾਰੀ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਤਾਂ ਤਕਲੀਫ਼ ਵੀ ਸ਼ੁਰੂ ਹੋ ਜਾਂਦੀ ਹੈ। ਕੁਝ ਦਾ ਤਾਂ ਇਹ ਵੀ ਕਹਿਣਾ ਹੈ ਕਿ ਐਂਡੋਮੇਟ੍ਰਿਓਸਿਸ ਕਾਰਨ ਬਾਂਝਪਨ ਵੀ ਹੋ ਜਾਂਦਾ ਹੈ।

ਇਸ ਬਿਮਾਰੀ ਨੂੰ ਲੈ ਕੇ ਅਜੇ ਤੱਕ ਪੁਖ਼ਤਾ ਇਲਾਜ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ, ਸਰਜਰੀ ਇਸ ਦਾ ਇੱਕ ਉਪਾਅ ਦੱਸਿਆ ਜਾਂਦਾ ਹੈ ਪਰ ਉਹ ਵੀ ਯਕੀਨੀ ਇਲਾਜ ਨਹੀਂ ਹੈ। ਆਪਰੇਸ਼ਨ ਤੋਂ ਬਾਅਦ ਦਰਦ ਦੀ ਸ਼ਿਕਾਇਤ ਰਹਿ ਸਕਦੀ ਹੈ।

ਐਂਡੋਮੇਟ੍ਰਿਓਸਿਸ ਦੇ ਜਖ਼ਮਾਂ ਨੂੰ ਓਏਸਟਰੋਜਨ ਅਤੇ ਹਾਰਮੋਨਲ ਟਰੀਟਮੈਂਟ ਰਾਹੀਂ ਵੀ ਠੀਕ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਓਏਸਟਰੋਜਨ ਦੇ ਇਸਤੇਮਾਲ ਨਾਲ ਔਰਤਾਂ 'ਚ ਡਿਪਰੈਸ਼ਨ ਦੀ ਸਮੱਸਿਆ ਵੱਧ ਜਾਂਦੀ ਹੈ। 2016 ਡੈਨਮਾਰਕ 'ਚ ਕਈ ਰਿਸਰਚ ਨਾਲ ਇਹ ਗੱਲ ਸਾਬਿਤ ਵੀ ਹੋ ਚੁੱਕੀ ਹੈ।

ਮੈਡੀਕਲ ਮੀਨੋਪਾਜ਼ ਵੀ ਇੱਕ ਬਦਲ ਹੋ ਸਕਦਾ ਹੈ ਪਰ ਇਸ ਕਾਰਨ ਹੱਡੀਆਂ ਕਮਜ਼ੋਰ ਹੋਣ ਲਗਦੀਆਂ। ਕਈ ਵਾਰ ਐਕਸੀਡੈਂਟਲ ਫੁਲ ਮੀਨੋਪੋਜ਼ ਵੀ ਹੋ ਸਕਦਾ ਹੈ। ਪੇਨ ਕਿਲਰ ਨਾਲ ਦਰਦ ਨੂੰ ਰੋਕਿਆ ਜਾ ਸਕਦਾ ਹੈ ਪਰ ਸਥਾਈ ਤੌਰ 'ਤੇ ਖ਼ਤਮ ਨਹੀਂ ਕੀਤਾ ਜਾ ਸਕਦਾ।

ਦੂਜਾ, ਲੰਬੇ ਸਮੇਂ ਤੱਕ ਦਰਦ ਤੋਂ ਬਚਣ ਦੀਆਂ ਦਵਾਈਆਂ ਲੈਣ ਨਾਲ ਖ਼ੂਨ ਦੀ ਘਾਟ ਅਤੇ ਹਾਈਪਰਟੈਂਸ਼ਨ ਦੀ ਸ਼ਿਕਾਇਤ ਹੋ ਜਾਂਦੀ ਹੈ।

ਖ਼ੈਰ, ਐਂਡੋਮੇਟ੍ਰਿਓਸਿਸ ਨੂੰ ਲੈ ਕੇ ਖੋਜ ਜਾਰੀ ਹੈ ਅਤੇ ਜਾਗਰੂਕਤਾ ਵੀ ਫੈਲਾਈ ਜਾ ਰਹੀ ਹੈ। ਪਰ ਜਦੋਂ ਤੱਕ ਖੋਜ ਦਾ ਕੋਈ ਠੋਸ ਸਿੱਟਾ ਨਹੀਂ ਨਿਕਲ ਆਉਂਦਾ, ਉਦੋਂ ਤੱਕ ਹਾਰਮੌਨ ਕੰਟ੍ਰੋਲ ਦਵਾਈਆਂ ਅਤੇ ਲੈਪਰੋਸਕੋਪੀ ਹੀ ਇਸ ਦੇ ਇਲਾਜ ਹੈ। ਇਹ ਇਲਾਜ ਵੀ ਹੈ। ਇਹ ਇਲਾਜ ਵੀ ਤਾਂ ਹੀ ਸੰਭਵ ਹੈ ਜਦੋਂ ਬਿਮਾਰੀ ਨੂੰ ਠੀਕ ਤਰੀਕੇ ਨਾਲ ਸਮਝ ਜਾਵੇ।

ਇਹ ਵੀ ਪੜ੍ਹੋ-

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)