50 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਬੁੱਢੀਆਂ, ਉਨ੍ਹਾਂ ਨਾਲ ਇਸ਼ਕ ਨਹੀਂ ਹੋ ਸਕਦਾ: ਫਰੈਂਚ ਲੇਖ ਨੇ ਛੇੜੀ ਬਹਿਸ

ਫਰਾਂਸ ਦੇ ਇੱਕ ਮਸ਼ਹੂਰ ਲੇਖਕ ਦੀ ਇਸ ਟਿੱਪਣੀ ਨੇ ਭਖਵੀਂ ਬਹਿਸ ਛੇੜ ਦਿੱਤੀ ਹੈ ਕਿ 50 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ "ਜ਼ਿਆਦਾ ਬੁੱਢੀਆਂ" ਹੁੰਦੀਆਂ ਹਨ ਜਿਨ੍ਹਾਂ ਨਾਲ ਇਸ਼ਕ ਕਰਨਾ ਮੁਸ਼ਕਲ ਹੈ।

ਹਾਲਾਂਕਿ ਲੇਖਕ ਯਾਨ ਮੁਆਕਸ ਦੀ ਆਪਣੀ ਉਮਰ 50 ਸਾਲ ਹੈ, ਉਨ੍ਹਾਂ ਨੇ ਇੱਕ ਰਸਾਲੇ ਨੂੰ ਦਿੱਤੇ ਇੰਟਰਵਿਊ 'ਚ ਕਿਹਾ, "ਮੈਂ ਜਵਾਨ ਔਰਤਾਂ ਦੇ ਸ਼ਰੀਰ ਪਸੰਦ ਕਰਦਾ ਹਾਂ। ਗੱਲ ਬਸ ਇੰਨੀ ਹੀ ਹੈ। ਇੱਕ 25-ਸਾਲਾ ਔਰਤਾਂ ਦਾ ਸ਼ਰੀਰ ਅਸਧਾਰਨ ਹੁੰਦਾ ਹੈ। 50 ਸਾਲਾਂ ਦੀ ਔਰਤ ਦਾ ਸ਼ਰੀਰ ਬਿਲਕੁਲ ਵੀ ਅਸਧਾਰਨ ਨਹੀਂ ਹੁੰਦਾ।"

ਵੀ ਜ਼ਰੂਰ ਪੜ੍ਹੋ

ਸੋਸ਼ਲ ਮੀਡੀਆ ਉੱਪਰ ਇਸ ਟਿੱਪਣੀ ਉੱਪਰ ਖੂਬ ਗੁੱਸਾ ਅਤੇ ਵਿਅੰਗ ਕੀਤਾ ਜਾ ਰਿਹਾ ਹੈ।

ਫਰਾਂਸ ਦੀ ਇੱਕ ਕਾਮੇਡੀਅਨ ਨੇ ਟਵਿੱਟਰ ਉੱਪਰ ਲਿਖਿਆ ਕਿ ਉਨ੍ਹਾਂ ਦੀ ਉਮਰ ਹੁਣ 49 ਸਾਲ ਹੈ ਪਰ ਉਨ੍ਹਾਂ ਕੋਲ ਯਾਨ ਮੁਆਕਸ ਨਾਲ ਰਾਤ ਬਿਤਾਉਣ ਲਈ ਕੇਵਲ 1 ਸਾਲ 14 ਦਿਨ ਹੀ ਬਾਕੀ ਰਹਿ ਗਏ ਹਨ।

ਇੱਕ ਹੋਰ ਟਵਿੱਟਰ ਯੂਜ਼ਰ ਨੇ ਮਜ਼ਾਕ ਉਡਾਉਂਦਿਆਂ ਆਖਿਆ ਕਿ ਯਾਨ ਮੁਆਕਸ ਦੇ ਇਸ ਕੁਮੈਂਟ ਤੋਂ ਬਾਅਦ ਕਈ ਔਰਤਾਂ ਸੁੱਖ ਦਾ ਸਾਹ ਲੈ ਰਹੀਆਂ ਹੋਣਗੀਆਂ।

ਵੀ ਜ਼ਰੂਰ ਪੜ੍ਹੋ

ਨਾਲ ਹੀ 50 ਸਾਲ ਅਤੇ ਵੱਧ ਉਮਰ ਦੀਆਂ ਕੁਝ ਔਰਤਾਂ ਨੇ ਆਪਣੀਆਂ ਖੂਬਸੂਰਤ ਤਸਵੀਰਾਂ ਪੋਸਟ ਕਰ ਕੇ ਵੀ ਇਸ ਲੇਖਕ ਉੱਪਰ ਤੰਜ ਕਸਿਆ। ਹੋਰਾਂ ਨੇ ਮਸ਼ਹੂਰ ਅਦਾਕਾਰਾਂ ਦੇ ਫੋਟੋ ਸ਼ੇਅਰ ਕੀਤੇ।

ਐਨ ਰੁਮਾਨੌਫ ਨਾਂ ਦੀ ਇੱਕ ਫਰਾਂਸੀਸੀ ਹਾਸ ਕਲਾਕਾਰ ਨੇ ਇੱਕ ਰੇਡੀਓ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਟਿੱਪਣੀ ਕੀਤੀ ਕਿ ਇਸ਼ਕ ਕੇਵਲ ਸ਼ਰੀਰ ਦਾ ਮਾਮਲਾ ਨਹੀਂ ਹੁੰਦਾ, ਸਗੋਂ ਦੋ ਇਨਸਾਨਾਂ ਵਿੱਚ ਕਾਇਮ ਰਿਸ਼ਤਾ ਹੁੰਦਾ ਹੈ। "ਮੈਂ ਆਸ਼ਾ ਕਰਦੀ ਹਾਂ ਕਿ ਕਿਸੇ ਦਿਨ ਉਸ (ਯਾਨ ਮੁਆਕਸ) ਨੂੰ ਇਹ ਖੁਸ਼ੀ ਮਹਿਸੂਸ ਹੋਵੇ।"

ਇਸ ਸਾਰੀ ਬਹਿਸ ਬਾਰੇ ਜਦੋਂ ਮੁਆਕਸ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਕਿਸੇ "ਪਸੰਦ ਦੇ ਮਸਲਿਆਂ ਦੀ ਅਦਾਲਤ" ਨੂੰ ਜਵਾਬ ਨਹੀਂ ਦੇਣਾ ਚਾਹੁੰਦੇ, ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ਼ਕ ਕਰਨ ਲਈ ਉਹ ਖੁਦ ਵੀ ਕੋਈ ਖਾਸ ਨਹੀਂ ਹਨ।

ਵੀ ਜ਼ਰੂਰ ਪੜ੍ਹੋ

ਉਨ੍ਹਾਂ ਇੱਕ ਰੇਡੀਓ ਚੈਨਲ ਨਾਲ ਗੱਲਬਾਤ ਕਰਦਿਆਂ ਆਖਿਆ, "50 ਸਾਲਾਂ ਦੀਆਂ ਔਰਤਾਂ ਵੀ ਮੇਰੇ ਨਾਲ ਨਹੀਂ ਹੋਣਾ ਚਾਹੁੰਦੀਆਂ। ਉਨ੍ਹਾਂ ਕੋਲ ਵੀ ਕੋਈ ਬਿਹਤਰ ਕੰਮ ਹੋਵੇਗਾ ਬਜਾਇ ਕਿ ਮੇਰੇ ਵਰਗੇ ਪਾਗਲ ਨਾਲ ਰਹਿਣ ਜਿਹੜਾ ਸਾਰਾ ਦਿਨ ਲਿਖਦਾ ਜਾਂ ਪੜ੍ਹਦਾ ਰਹਿੰਦਾ ਹੈ। ਮੇਰੇ ਨਾਲ ਰਹਿਣਾ ਸੌਖਾ ਨਹੀਂ।"

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)