ਮਨੁੱਖ ਦਾ 'ਦੂਜਾ ਦਿਮਾਗ' ਜਿਸ ਦਾ ਸਿਹਤਮੰਦ ਹੋਣਾ ਤੁਹਾਡੇ ਲਈ ਹੈ ਜ਼ਰੂਰੀ

ਮਨੁੱਖੀ ਸਰੀਰ ਵਿਚ ਅੰਤੜੀਆਂ ਨੂੰ 'ਦੂਜਾ ਦਿਮਾਗ' ਕਿਹਾ ਜਾਂਦਾ ਹੈ। ਅੰਤੜੀਆਂ ਵਿਚ ਰੀੜ੍ਹ ਦੀ ਹੱਡੀ ਤੋਂ ਜ਼ਿਆਦਾ ਨਿਊਰੋਨ ਹੁੰਦੇ ਹਨ ਅਤੇ ਇਹ ਸਰੀਰ ਦੀ 'ਕੇਂਦਰੀ ਨਸ ਪ੍ਰਣਾਲੀ' (ਸੈਂਟਰਲ ਨਰਵਸ ਸਿਸਟਮ) ਤੋਂ ਬਿਲਕੁਲ ਵੱਖ ਕੰਮ ਕਰਦੇ ਹਨ।

ਡਾਕਟਰਾਂ ਦਾ ਮੰਨਣਾ ਹੈ ਕਿ ਸਾਡਾ ਪਾਚਨ ਤੰਤਰ ਭੋਜਨ ਨੂੰ ਹਜ਼ਮ ਕਰਨ ਦੇ ਨਾਲ-ਨਾਲ ਹੋਰ ਵੀ ਕਈ ਕੰਮ ਕਰਦਾ ਹੈ।

ਡਾਕਟਰ ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਇਸ ਦੀ ਮਦਦ ਨਾਲ ਦਿਮਾਗੀ ਬਿਮਾਰੀਆਂ ਅਤੇ ਇਮਿਊਨ ਸਿਸਟਮ ਨਾਲ ਸਬੰਧਿਤ ਸਮੱਸਿਆਵਾਂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ:

ਅੰਤੜੀਆਂ ਨਾਲ ਸਬੰਧਤ ਜ਼ਰੂਰੀ ਤੱਥਾਂ ਨੂੰ ਸਮਝਣ ਲਈ ਬੀਬੀਸੀ ਨੇ ਅੰਤੜੀਆਂ ਦੀ ਮਾਹਿਰ ਆਸਟਰੇਲੀਆਈ ਡਾਕਟਰ ਮੇਗਨ ਰੌਸੀ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਇਸ ਵਿਸ਼ੇ 'ਤੇ ਕੁਝ ਖਾਸ ਤੱਥ ਸਾਂਝੇ ਕੀਤੇ।

ਆਜ਼ਾਦ ਤੌਰ 'ਤੇ ਕੰਮ ਕਰਨ ਵਾਲੀ ਪ੍ਰਣਾਲੀ

ਡਾ. ਰੌਸੀ ਦੱਸਦੇ ਹਨ, "ਸਾਡੇ ਸਰੀਰ ਦੇ ਬਾਕੀ ਅੰਗਾਂ ਤੋਂ ਅਲੱਗ, ਅੰਤੜੀਆਂ ਇਕੱਲੇ ਕੰਮ ਕਰਦੀਆਂ ਹਨ। ਇਸ ਦੀ ਕਾਰਜ-ਪ੍ਰਣਾਲੀ, ਸਰੀਰ ਦੇ ਕਿਸੇ ਵੀ ਹੋਰ ਸਿਸਟਮ ਤੋਂ ਪ੍ਰਭਾਵਿਤ ਨਹੀਂ ਹੁੰਦੀ। ਇਸ ਕੰਮ ਲਈ ਮਨੁੱਖੀ ਦਿਮਾਗ ਦੇ ਹੁਕਮਾਂ ਦੀ ਵੀ ਜ਼ਰੂਰਤ ਨਹੀਂ ਹੁੰਦੀ।"

ਅੰਤੜੀਆਂ ਨੂੰ ਅੰਦਰੂਨੀ ਨਸ ਪ੍ਰਣਾਲੀ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ। ਇਹ ਇੱਕ ਸੁਤੰਤਰ ਨਰਵਸ ਸਿਸਟਮ ਹੈ ਜਿਸ ਦਾ ਕੰਮ ਕੇਂਦਰੀ ਨਸ ਪ੍ਰਣਾਲੀ ਤੋਂ ਬਿਲਕੁਲ ਵੱਖ ਹੁੰਦਾ ਹੈ ਅਤੇ ਇਹ ਸਿੱਧੇ ਤੌਰ 'ਤੇ ਪਾਚਨ ਸਿਸਟਮ ਲਈ ਜ਼ਿੰਮੇਵਾਰ ਹੁੰਦੀ ਹੈ।

ਇਹ ਨਸ ਪ੍ਰਣਾਲੀ ਟਿਸ਼ੂ ਰਾਹੀਂ ਪੂਰੇ ਟਿੱਢ ਅਤੇ ਪਾਚਨ ਸਿਸਟਮ ਵਿਚ ਫੈਲੀ ਹੁੰਦੀ ਹੈ। ਨਾਲ ਹੀ ਇਸ ਦਾ ਆਪਣਾ ਨਸਾਂ ਦਾ ਸਰਕਲ ਹੁੰਦਾ ਹੈ।

ਕੇਂਦਰੀ ਨਸ ਪ੍ਰਣਾਲੀ ਤੋਂ ਸੁਤੰਤਰ ਤੌਰ 'ਤੇ ਕੰਮ ਕਰਨ ਵਾਲੀ ਇਹ ਨਸ ਕੇਂਦਰੀ ਨਸ ਪ੍ਰਣਾਲੀ ਨਾਲ ਸੰਪਰਕ ਵਿਚ ਰਹਿੰਦੀ ਹੈ।

ਇਮਿਊਨ ਸਿਸਟਮ ਦੀ ਭੂਮਿਕਾ 'ਤੇ ਵੱਡਾ ਅਸਰ

ਇਨਸਾਨ ਦੇ ਇਮਿਊਨ ਸਿਸਟਮ ਲਈ ਅੰਤੜੀਆਂ ਦੀ ਭੂਮਿਕਾ ਬਹੁਤ ਹੀ ਅਹਿਮ ਹੈ। ਸਰੀਰ ਦੇ ਇਮਿਊਨ ਸਿਸਟਮ ਦੀਆਂ 70 ਫ਼ੀਸਦੀ ਧੰਮਣੀਆਂ ਅੰਤੜੀਆਂ ਵਿਚ ਹੁੰਦੀਆਂ ਹਨ।

ਮਾਹਿਰਾਂ ਦਾ ਮੰਨਣਾ ਹੈ ਕਿ ਹਾਲ ਹੀ ਵਿਚ ਕੀਤੀਆਂ ਗਈਆਂ ਖੋਜਾਂ ਤੋਂ ਇਹ ਜ਼ਾਹਿਰ ਹੰਦਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਅੰਤੜੀਆਂ ਦੇ ਨਾਲ ਸਬੰਧਤ ਕੋਈ ਬਿਮਾਰੀ ਹੈ ਤਾਂ ਉਹ ਫ਼ਲੂ ਵਰਗੀ ਬਿਮਾਰੀਆਂ ਦਾ ਬਹੁਤ ਆਸਾਨੀ ਨਾਲ ਸ਼ਿਕਾਰ ਹੋ ਸਕਦਾ ਹੈ।

ਮਲ ਵਿਚ ਹੁੰਦੇ ਹਨ 50 ਫ਼ੀਸਦੀ ਬੈਕਟੀਰੀਆ

ਸਰੀਰ 'ਤੋਂ ਨਿਕਲਣ ਵਾਲੇ ਮਲ ਦਾ 50 ਫ਼ੀਸਦੀ ਹਿੱਸਾ ਬੈਕਟੀਰੀਆ ਹੁੰਦਾ ਹੈ। ਇਹ ਬੈਕਟੀਰੀਆ ਫਾਇਦੇਮੰਦ ਹੁੰਦੇ ਹਨ।

ਡਾ. ਰੌਸੀ ਨੇ ਦੱਸਿਆ, "ਕੀਤੀਆਂ ਗਈਆਂ ਖੋਜਾਂ ਤੋਂ ਪਤਾ ਲੱਗਾ ਹੈ ਕਿ ਇੱਕ ਸਿਹਤਮੰਦ ਵਿਅਕਤੀ ਇੱਕ ਦਿਨ ਵਿਚ ਤਿੰਨ ਵਾਰ ਤੋਂ ਲੈਕੇ ਇੱਕ ਹਫ਼ਤੇ ਵਿਚ ਤਿੰਨ ਵਾਰ ਤੱਕ ਮਲ ਤੋਂ ਮੁਕਤ ਹੁੰਦਾ ਹੈ।"

ਤੁਹਾਡਾ ਭੋਜਨ ਹੈ ਬਹੁਤ ਮਹੱਤਵਪੂਰਨ

ਮਾਹਿਰਾਂ ਦਾ ਕਹਿਣਾ ਹੈ ਕਿ ਮਾਈਕਰੋਬਜ਼ ਇੱਕ ਛੋਟੇ ਬੱਚੇ ਵਾਂਗ ਹੁੰਦੇ ਹਨ, ਇਸ ਲਈ ਇਨ੍ਹਾਂ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ।

ਮਾਈਕਰੋਹਬਜ਼ ਨੂੰ ਵੱਖ-ਵੱਖ ਤਰ੍ਹਾਂ ਦੇ ਭੋਜਨ ਤੋਂ ਪੋਸ਼ਨ ਮਿਲਦਾ ਹੈ।

ਸਾਫ਼ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਜਿੰਨ੍ਹਾਂ ਵੱਖ-ਵੱਖ ਢੰਗ ਦਾ ਤੁਹਾਡਾ ਭੋਜਨ, ਮਾਈਕਰੋਬਜ਼ ਉੰਨੇ ਹੀ ਵੱਖ-ਵੱਖ ਤਰੀਕਿਆਂ ਨਾਲ ਸਿਹਤੰਮਦ ਹੋਣਗੇ।

ਜੇਕਰ ਤੁਸੀਂ ਇੱਕੋ ਤਰ੍ਹਾਂ ਦਾ ਭੋਜਨ ਖਾਂਦੇ ਹੋ ਤਾਂ ਤੁਹਾਡੇ ਮਾਈਕਰੋਬਜ਼ ਕਮਜ਼ੋਰ ਹੋ ਜਾਂਦੇ ਹਨ।

ਅੰਤੜੀਆਂ ਦਾ ਤਨਾਅ ਨਾਲ ਕਨੈਕਸ਼ਨ

ਡਾ. ਰੌਸੀ ਦੱਸਦੇ ਹਨ, "ਜੇਕਰ ਤੁਹਾਨੂੰ ਅੰਤੜੀਆਂ ਦੇ ਨਾਲ ਸਬੰਧਿਤ ਸਮੱਸਿਆਵਾ ਆ ਰਹੀਆਂ ਹਨ, ਤਾਂ ਸਭ ਤੋਂ ਪਹਿਲਾਂ ਇਹ ਦੇਖੋ ਕਿ ਤੁਸੀਂ ਕਿੰਨੇ ਮਾਨਸਿਕ ਤਣਾਅ ਹੇਠ ਹੋ। ਮੈਂ ਆਪਣੇ ਮਰੀਜ਼ਾਂ ਨੂੰ ਦਿਨ ਵਿਚ 15 ਤੋਂ 20 ਮਿੰਟ ਤੱਕ ਮੈਡੀਟੇਸ਼ਨ ਕਰਨ ਦੀ ਸਲਾਹ ਦਿੰਦੀ ਹਾਂ।"

ਕਈ ਤਰ੍ਹਾਂ ਦੀਆਂ ਖੋਜਾਂ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਡਿਪਰੈਸ਼ਨ ਵਰਗੀਆਂ ਮਾਨਸਿਕ ਬਿਮਾਰੀਆਂ ਤੋਂ ਪੀੜਤ ਲੋਕਾਂ ਦੇ ਮਾਈਕ੍ਰੋਬੀਅਮ ਆਮ ਲੋਕਾਂ ਦੇ ਮਾਈਕ੍ਰੋਬੀਅਮ ਤੋਂ ਵੱਖਰੇ ਹੁੰਦੇ ਹਨ।

ਇਹ ਗੱਲ ਸਹੀ ਹੈ ਕਿ ਕੁਝ ਲੋਕਾਂ ਦੀਆਂ ਅੰਤੜੀਆਂ ਆਮ ਨਾਲੋਂ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਹਨ।

ਡਾ. ਮੇਗਨ ਰੌਸੀ ਇੱਕ ਖੋਜ ਦਾ ਹਵਾਲਾ ਦਿੰਦਿਆਂ ਦੱਸਦੇ ਹਨ, "ਜੇਕਰ ਤੁਸੀਂ ਕਿਸੇ ਇੱਕ ਤਰ੍ਹਾਂ ਦਾ ਭੋਜਨ ਖਾਣ ਤੋਂ ਡਰਦੇ ਹੋ ਅਤੇ ਉਸ ਨੂੰ ਖਾ ਲੈਣ 'ਤੇ ਤੁਹਾਡੇ ਟਿੱਢ ਵਿਚ ਦਰਦ ਹੁੰਦਾ ਹੈ, ਤਾਂ ਅਸਲ ਵਿਚ ਤੁਹਾਡਾ ਡਰ ਹੀ ਇਸ ਤਰ੍ਹਾਂ ਦਾ ਲੱਛਣ ਪੈਦਾ ਕਰਦਾ ਹੈ।"

ਉਨ੍ਹਾਂ ਇਹ ਵੀ ਦੱਸਿਆ, "ਆਪਣੇ ਕਲੀਨਿਕ ਵਿਚ ਮੈਂ ਅਜਿਹੇ ਕਈ ਲੋਕਾਂ ਨੂੰ ਦੇਖਿਆ ਹੈ ਜਿੰਨ੍ਹਾਂ ਦੇ ਮਨ ਦਾ ਯਕੀਨ ਹੀ ਉਨ੍ਹਾਂ ਦੀ ਬਿਮਾਰੀ ਦਾ ਕਾਰਨ ਬਣ ਜਾਂਦਾ ਹੈ।"

ਕਿਸ ਤਰ੍ਹਾਂ ਬਣਾਇਆ ਜਾਵੇ ਪਾਚਨ ਪ੍ਰਣਾਲੀ ਨੂੰ ਮਜ਼ਬੂਤ

ਮੇਗਨ ਰੌਸੀ ਮਤਾਬਕ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖ ਅਸੀਂ ਆਪਣੇ ਪਾਚਨ ਸਿਸਟਮ ਨੂੰ ਸਿਹਤਮੰਦ ਅਤੇ ਅੰਤੜੀਆਂ ਦੇ ਮਾਈਕਰੋਬਜ਼ ਨੂੰ ਬਿਹਤਰ ਬਣਾ ਸਕਦੇ ਹਾਂ।

  • ਵੱਖ- ਵੱਖ ਤਰ੍ਹਾਂ ਦਾ ਖਾਣਾ ਖਾਓ, ਇਸ ਨਾਲ ਮਾਈਕਰੋਬਜ਼ ਤੰਦਰੁਸਤ ਹੁੰਦੇ ਹਨ।
  • ਤਣਾਅ ਨੂੰ ਘੱਟ ਕਰਨ ਲਈ ਮੈਡੀਟੇਸ਼ਨ ਅਤੇ ਮਾਨਸਿਕ ਯੋਗਾ ਕਰਨਾ ਚਾਹੀਦਾ ਹੈ।
  • ਜੇਕਰ ਤੁਹਾਨੂੰ ਅੰਤੜੀਆਂ ਦੇ ਨਾਲ ਸਬੰਧਤ ਕੋਈ ਦਿੱਕਤ ਹੈ ਤਾਂ ਸ਼ਰਾਬ ਨਹੀਂ ਪੀਣੀ ਚਾਹੀਦੀ। ਕੈਫ਼ੀਨ ਅਤੇ ਮਸਾਲੇਦਾਰ ਭੋਜਨ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ।
  • ਬਿਹਤਰ ਨੀਂਦ ਲੈਣੀ ਚਾਹਿਦੀ ਹੈ। ਜੇਕਰ ਤੁਸੀਂ ਆਪਣੀ ਨੀਂਦ ਦੇ ਨਾਲ ਸਮਝੌਤਾ ਕਰ ਰਹੇ ਹੋ ਤਾਂ ਇਹ ਤੁਹਾਡੀ ਅੰਤੜੀਆਂ ਦੇ ਜੀਵਾਣੂਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)