ਹੁਣ 4 ਲੋਕ ਵੱਟਸਐੱਪ 'ਤੇ ਕਰ ਸਕਣਗੇ ਗਰੁੱਪ ਕਾਲਿੰਗ

    • ਲੇਖਕ, ਸਾਈਂਰਾਮ ਜਯਾਰਮਨ
    • ਰੋਲ, ਬੀਬੀਸੀ ਪੱਤਰਕਾਰ

ਇਸ ਹਫ਼ਤੇ ਦੇ ਤਕਨੀਕ ਬਲੌਗ ਵਿੱਚ ਜਾਣੋਂ ਕਿਵੇਂ ਤੁਸੀਂ ਹੁਣ ਆਪਣੇ ਪਰਿਵਾਰ ਦੇ ਤਿੰਨ ਬੰਦਿਆਂ ਨਾਲ ਵੱਟਸਐੱਪ ਤੇ ਵੀਡੀਓ ਅਤੇ ਗਰੁੱਪ ਕਾਲਿੰਗ ਕਿਵੇਂ ਕਰ ਸਕੋਗੇ ਅਤੇ ਕਿਵੇਂ ਇੱਕ ਡਰੋਨ ਬਿਨਾਂ ਕਿਸੇ ਈਧਨ ਦੇ ਇੱਕ ਸਾਲ ਤੱਕ ਉੱਡ ਸਕਦਾ ਹੈ।

ਵੱਟਸ ਐਪ ਜ਼ਰੀਏ ਗਰੁੱਪ ਕਾਲਿੰਗ

ਵੱਟਸ ਐੱਪ ਨੇ ਗਰੁੱਪ ਆਡੀਓ ਅਤੇ ਵੀਡੀਓ ਕਾਲਿੰਗ ਸ਼ੁਰੂ ਕੀਤੀ ਹੈ। ਇਸ ਸਹੂਲਤ ਨਾਲ ਇੱਕੋ ਵਾਰ ਵਿੱਚ ਚਾਰ ਲੋਕ ਗਰੁੱਪ ਵਿੱਚ ਗੱਲਬਾਤ ਕਰ ਸਕਦੇ ਹਨ।

ਤਿੰਨ ਸਾਲ ਪਹਿਲਾਂ ਫੇਸਬੁੱਕ ਨੇ ਵੱਟਸ ਐੱਪ ਨੂੰ ਖਰੀਦ ਲਿਆ ਸੀ। ਉਸ ਤੋਂ ਬਾਅਦ ਫੇਸਬੁੱਕ ਦੀ ਸਾਲਾਨਾ ਤਕਨੀਕ ਕਾਨਫਰੰਸ F8 ਵਿੱਚ ਕਈ ਨਵੇਂ ਫੀਚਰਜ਼ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਨੂੰ ਹੀ ਕੰਪਨ ਵੱਲੋਂ ਹੁਣ ਲਾਗੂ ਕੀਤਾ ਜਾ ਰਿਹਾ ਹੈ।

ਹਾਲ ਵਿੱਚ ਹੋਈ F8 ਕਾਨਫਰੰਸ ਵਿੱਚ ਫੇਸਬੁੱਕ ਨੇ ਐਲਾਨ ਕੀਤਾ ਹੈ ਕਿ ਜਲਦ ਹੀ ਗਰੁੱਪ ਵੀਡੀਓ ਅਤੇ ਆਡੀਓ ਕਾਲ ਦੀ ਸਹੂਲਤ ਸ਼ੁਰੂ ਕੀਤੀ ਜਾਵੇਗੀ।

ਇਹ ਵੀ ਪੜ੍ਹੋ:

ਉਸੇ ਤਰੀਕੇ ਨਾਲ ਵੱਟਸ ਐੱਪ ਨੇ ਵੀ ਐਲਾਨ ਕੀਤਾ ਹੈ ਕਿ ਐਂਡਰੌਇਡ ਅਤੇ ਆਈਓਐੱਸ ਯੂਜ਼ਰਸ ਜਲਦ ਹੀ ਗਰੁੱਪ ਆਡੀਓ ਤੇ ਵੀਡੀਓ ਕਾਲ ਫੀਚਰ ਦਾ ਲਾਹਾ ਚੁੱਕ ਸਕਣਗੇ। ਇਸ ਫੀਚਰ ਵਿੱਚ ਚਾਰ ਲੋਕ ਇੱਕੋ ਵਾਰ ਵਿੱਚ ਕਾਲ ਦਾ ਹਿੱਸਾ ਬਣ ਸਕਣਗੇ।

ਨਵੇਂ ਫੀਚਰ ਨੂੰ ਇੰਝ ਵਰਤ ਸਕਦੇ ਹੋ:

  • ਆਪਣਾ ਵੱਟਸ ਐੱਪ ਖੋਲ੍ਹੋ ਅਤੇ ਆਮ ਵਾਂਗ ਕਿਸੇ ਨੂੰ ਆਡੀਓ ਅਤੇ ਵੀਡੀਓ ਕਾਲ ਕਰੋ
  • ਫਿਰ ਸਕਰੀਨ ਦੇ ਸੱਜੇ ਪਾਸੇ ਨਜ਼ਰ ਆ ਰਹੇ ਐਡ ਪਾਰਟੀਸਿਪੈਂਟ ਨੂੰ ਕਲਿੱਕ ਕਰੋ ਅਤੇ ਕੰਨਟੈਕਟ ਲਿਸਟ ਤੋਂ ਲੋਕਾਂ ਨੂੰ ਚੁਣੋ।
  • ਤੁਸੀਂ ਵੀਡੀਓ ਕਾਲ ਨੂੰ ਆਡੀਓ ਕਾਲ ਵਿੱਚ ਨਹੀਂ ਬਦਲ ਸਕਦੇ ਅਤੇ ਨਾ ਹੀ ਆਡੀਓ ਕਾਲ ਨੂੰ ਵੀਡੀਓ ਕਾਲ ਵਿੱਚ ਬਦਲ ਸਕਦੇ ਹੋ।

ਕੰਪਨੀ ਦਾ ਦਾਅਵਾ ਹੈ ਕਿ ਆਡੀਓ ਤੇ ਵੀਡੀਓ ਫੀਚਰ ਪੂਰੇ ਤਰੀਕੇ ਨਾਲ ਇਨਕਰਿਪਟਿਡ ਹੈ। ਇਸ ਦਾ ਮਤਲਬ ਹੈ ਕਿ ਯੂਜ਼ਰਸ ਵਿਚਾਲੇ ਸ਼ੇਅਰ ਕੀਤਾ ਡੇਟਾ ਕੋਈ ਵੀ ਹਾਸਿਲ ਨਹੀਂ ਕਰ ਸਕਦਾ ਹੈ, ਐਪ ਡਵਲੱਪਰ ਅਤੇ ਸਰਕਾਰ ਵੀ ਡੇਟਾ ਤੱਕ ਪਹੁੰਚ ਨਹੀਂ ਕਰ ਸਕਦੀਆਂ ਹਨ।

ਹੁਣ ਪਾਸਵਰਡ ਦੀ ਲੋੜ ਨਹੀਂ- ਗੂਗਲ ਦਾ ਨਵੇਂ ਪ੍ਰੋਡਕਟ ਬਾਰੇ ਐਲਾਨ

ਗੂਗਲ ਨੇ ਨਵਾਂ ਪ੍ਰੋਡਕਟ ਦਾ ਐਲਾਨ ਕੀਤਾ ਹੈ ਜਿਸਦਾ ਨਾਂ ਹੈ ਟਾਈਟਨ ਸਿਕਿਊਰਿਟੀ ਕੀਅ।

ਇਹ ਪ੍ਰੋਡਕਟ ਰਵਾਇਤੀ ਪਾਸਵਰਡ ਆਧਾਰਿਤ ਲੋਗਿਨ ਦੀ ਥਾਂ ਲਵੇਗਾ ਜਿਸ ਨਾਲ ਟੂ-ਸਟੈਪ ਵੈਰੀਫਿਕੇਸ਼ਨ ਪ੍ਰਕਿਰਿਆ ਵੀ ਜੁੜੀ ਹੋਈ ਹੈ।

ਦੁਨੀਆਂ ਵਿੱਚ ਕਈ ਵੈਬਸਾਈਟਜ਼ ਨੂੰ ਹੈਕ ਕੀਤਾ ਜਾ ਰਿਹਾ ਹੈ ਅਤੇ ਯੂਜ਼ਰਸ ਦੀ ਨਿੱਜੀ ਜਾਣਕਾਰੀ ਨੂੰ ਜਨਤਕ ਕੀਤਾ ਜਾਂਦਾ ਹੈ।

ਯੂਜ਼ਰਜ਼ ਨੂੰ ਮੁਸ਼ਕਿਲ ਪਾਸਵਰਡ ਸੈਟ ਕਰਨ ਲਈ ਕਿਹਾ ਜਾਂਦਾ ਹੈ ਅਤੇ ਹੋਰ ਵੀ ਕਈ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਜਿਵੇਂ ਵੈਬਸਾਈਟਜ਼ ਦੇ ਸੁਰੱਖਿਆ ਫੀਚਰਸ ਨੂੰ ਚੈਕ ਕਰੋ ਅਤੇ 2 ਸਟੈੱਪ ਪਾਸਵਰਡ ਵੈਲੀਡੇਸ਼ਨ ਦੀ ਪ੍ਰਕਿਰਿਆ ਦਾ ਪਾਲਣ ਕਰੋ।

ਇੱਕ ਸਾਈਬਰ ਸੁਰੱਖਿਆ ਦੇ ਮਾਹਿਰ ਵੱਲੋਂ ਖੁਲਾਸਾ ਕੀਤਾ ਗਿਆ ਸੀ ਕਿ ਗੂਗਲ ਦੀ ਸੁਰੱਖਿਆ ਕੀਜ਼ ਪੂਰੀ ਦੁਨੀਆਂ ਵਿੱਚ ਤਕਰੀਬਨ 85,000 ਗੂਗਲ ਮੁਲਾਜ਼ਮਾਂ ਨੂੰ ਸਾਈਬਰ ਹਮਲਿਆਂ ਤੋਂ ਬਚਾਉਂਦੀਆਂ ਹਨ।

ਇਹ ਵੀ ਪੜ੍ਹੋ:

ਇਸੇ ਖੁਲਾਸੇ ਤੋਂ ਕੁਝ ਦਿਨ ਬਾਅਦ ਹੀ ਇਸ ਨਵੇਂ ਪ੍ਰੋਡਕਟ ਦਾ ਐਲਾਨ ਕੀਤਾ ਗਿਆ। ਇਸ ਦਾ ਮਤਲਬ ਹੈ ਕਿ ਜੇ ਤੁਸੀਂ ਇਸ ਕੀਅ ਨੂੰ ਆਪਣੇ ਕੰਪਿਊਟਰ ਵਿੱਚ ਲਗਾ ਲਿਆ ਤਾਂ ਤੁਹਾਨੂੰ ਦੂਜੀਆਂ ਵੈਬਸਾਈਟਜ਼ ਜਿਵੇਂ ਫੇਸਬੁੱਕ ਟਵਿੱਟਰ 'ਤੇ ਸਿਰਫ਼ ਕਲਿੱਕ ਕਰਨ ਦੀ ਲੋੜ ਹੈ ਅਤੇ ਹੁਣ ਪਾਸਵਰਡ ਅਤੇ ਟੂ ਸਟਿੱਪ ਸੁਰੱਖਿਆ ਪ੍ਰਕਿਰਿਆ ਪੂਰੀ ਕਰਨ ਦੀ ਲੋੜ ਨਹੀਂ ਹੈ।

ਸਿਰਫ ਪਹਿਲੀ ਵਾਰ ਤੁਹਾਨੂੰ ਇਸ ਕੀਅ ਵਿੱਚ ਪਾਸਵਰਡ ਪਾਉਣ ਦੀ ਲੋੜ ਹੈ ਤਾਂ ਜੋ ਕੰਪਿਊਟਰ ਯੂਜ਼ਰਸ ਦੀ ਜਾਣਕਾਰੀ ਅਤੇ ਪਾਸਵਰਡ ਨੂੰ ਸਟੋਰ ਕਰ ਲਏ। ਇਸ ਜਾਣਕਾਰੀ ਨੂੰ ਇਨਕਰਿਪਟਿਡ ਫਾਰਮੈਟ ਵਿੱਚ ਸਟੋਰ ਕੀਤਾ ਜਾਵੇਗਾ।

ਗੂਗਲ ਦਾ ਐਲਾਨਿਆ ਇਹ ਟੂਲ ਅਜੇ ਸਿਰਫ ਗੂਗਲ ਕਲਾਊਡ ਦੀਆਂ ਸੇਵਾਵਾਂ ਦਾ ਇਸਤੇਮਾਲ ਕਰਨ ਵਾਲੇ ਯੂ਼ਜ਼ਰਸ ਲਈ ਉਪਲਬਧ ਹੈ ਅਤੇ ਜਲਦ ਹੀ ਬਾਕੀ ਯੂਜ਼ਰਸ ਲਈ ਉਪਲਬਧ ਹੋਵੇਗਾ।

ਸੋਲਰ ਪਾਵਰ ਨਾਲ ਚੱਲਣ ਵਾਲੇ ਡਰੋਨ

ਬੀਤੇ ਹਫ਼ਤੇ ਇੱਕ ਅਜਿਹਾ ਡਰੋਨ ਦਾ ਐਲਾਨ ਕੀਤਾ ਗਿਆ ਜੋ ਪੂਰੇ ਇੱਕ ਸਾਲ ਤੱਕ ਬਿਨਾਂ ਕਿਸੇ ਈਧਨ ਅਤੇ ਮੁਰੰਮਤ ਦੇ ਉਡਾਇਆ ਜਾ ਸਕਦਾ ਹੈ।

ਇਹ ਡਰੋਨ ਸੌਰ ਉਰਜਾ ਨਾਲ ਚੱਲੇਗਾ। ਬੀਤੇ ਹਫਤੇ ਫਾਰਨਬੋਰੋਹ ਕੌਮੀ ਏਅਰ ਸ਼ੋਅ ਵਿੱਚ ਕਈ ਨਵੀਂਆਂ ਤਕਨੀਕਾਂ ਬਾਰੇ ਐਲਾਨ ਕੀਤਾ ਗਿਆ ਹੈ।

ਖ਼ਾਸਕਰ ਸੌਰ ਉਰਜਾ ਨਾਲ ਚੱਲਣ ਵਾਲੇ ਡਰੋਨ ਨੇ ਸਾਰਿਆਂ ਦਾ ਧਿਆਨ ਖਿੱਚਿਆ ਹੈ। ਇਹ ਡਰੋਨ 15 ਕਿਲੋਗ੍ਰਾਮ ਦਾ ਭਾਰ ਚੁੱਕ ਸਕਦਾ ਹੈ ਅਤੇ 50-75 ਕਿਲੋਮੀਟਰ ਫੀ ਘੰਟੇ ਦੀ ਰਫ਼ਤਾਰ 'ਤੇ 55 ਤੋਂ 70 ਹਜ਼ਾਰ ਫੀਟ ਦੀ ਉੱਚਾਈ 'ਤੇ ਉੱਡ ਸਕਦਾ ਹੈ, ਉਹ ਵੀ ਬਿਨਾਂ ਕਿਸੇ ਮਦਦ ਦੇ।

ਬਰਤਾਨੀਆ ਦੀ ਐਰੋਸਪੇਸ ਅਤੇ ਸੁਰੱਖਿਆ ਕੰਪਨੀਆਂ ਪ੍ਰਿਸਮੈਟਿਕ ਅਤੇ ਬੀਏਈ ਸਿਸਟਮ ਕਹਿੰਦੀਆਂ ਹਨ, "ਫੇਸ-35 ਡਰੋਨ ਨੂੰ ਨਿਗਰਾਨੀ, ਸੰਚਾਰ, ਰਿਮੋਟ ਸੈਂਸਿੰਗ ਅਤੇ ਵਾਤਾਵਰਨ ਸਾਈਂਸ ਲਈ ਵਰਤਿਆ ਜਾ ਸਕਦਾ ਹੈ ਅਤੇ ਇਹ ਬਾਕੀ ਡਰੋਨ ਦੇ ਮੁਕਾਬਲੇ ਕਾਫੀ ਸਸਤੇ ਹਨ।''

"ਅਜੇ ਇਨ੍ਹਾਂ ਡਰੋਨਜ਼ 'ਤੇ ਕੰਮ ਚੱਲ ਰਿਹਾ ਹੈ ਅਤੇ ਸਾਰੇ ਟੈਸਟ ਹੋਣ ਤੋਂ ਬਾਅਦ ਇਨ੍ਹਾਂ ਡਰੋਨਜ਼ ਦਾ 2020 ਜਾਂ 2021 ਵਿੱਚ ਕਮਰਸ਼ੀਅਲ ਇਸਤੇਮਾਲ ਕੀਤਾ ਜਾ ਸਕੇਗਾ।''

ਇਹ ਮੰਨਿਆ ਜਾ ਰਿਹਾ ਹੈ ਕਿ ਇਹ ਡਰੋਨਜ਼ ਸੈਟਲਾਈਟ ਲਾਂਚ ਕਰਨ ਵਾਲੇ ਰਾਕੇਟਸ ਦੀ ਤਕਨੀਕ ਤੋਂ ਕਾਫੀ ਸਸਤਾ ਹੈ।

ਇਹ ਵੀ ਮੰਨਿਆ ਜਾ ਰਿਹਾ ਹੈ ਕਿ ਡਰੋਨਜ਼ ਹਾਈ ਸਪੀਡ ਇੰਟਰਨੈਟ ਪਹੁੰਚਾਉਣ ਵਿੱਚ ਵੀ ਮਦਦ ਪਹੁੰਚਾ ਸਕਦੇ ਹਨ ਜਿਵੇਂ ਭਵਿੱਖ ਵਿੱਚ ਪੇਂਡੂ ਖੇਤਰਾਂ ਵਿੱਚ 4ਜੀ ਅਤੇ 5ਜੀ ਇੰਟਰਨੈੱਟ ਪਹੁੰਚਾਉਣ ਵਿੱਚ ਇਹ ਡਰੋਨ ਮਦਦਗਾਰ ਸਾਬਿਤ ਹੋ ਸਕਦੇ ਹਨ।

ਇਹ ਵੀ ਪੜ੍ਹੋ:

ਨਵੇਂ ਪ੍ਰੋਡਕਟਸ ਦੀ ਲੌਂਚਿੰਗ ਦੇ ਨਾਲ-ਨਾਲ ਅਸੀਂ ਤੁਹਾਨੂੰ ਟਵਿੱਟਰ ਟਰੈਂਡਿੰਗ ਬਾਰੇ ਵੀ ਅਹਿਮ ਜਾਣਕਾਰੀ ਦੇ ਰਹੇ ਹਾਂ ਕਿ ਆਖਿਰ ਟਵਿੱਟਰ ਟਰੈਂਡਿੰਗ ਕੀ ਹੁੰਦਾ ਹੈ ਅਤੇ ਕਿਵੇਂ ਕੀਤਾ ਜਾਂਦਾ ਹੈ।

ਕੀ ਹੈ ਟਵਿੱਟਰ ਟਰੈਂਡਿੰਗ?

21 ਮਾਰਚ 2006 ਨੂੰ ਜੈਕ ਡੋਰਸੇਅ, ਨੋਅਹ ਗਲਾਸ, ਬਿਜ਼ ਸਟੋਨ ਅਤੇ ਈਵਾਨ ਵਿਲੀਅਮਜ਼ ਵੱਲੋਂ ਟਵਿੱਟਰ ਦੇ ਕੈਲੀਫੋਰਨੀਆ ਦੇ ਹੈੱਡ ਕੁਆਟਰ ਵਿਖੇ ਟਵਿੱਟਰ ਲਾਂਚ ਕੀਤਾ ਗਿਆ ਸੀ।

ਜਨਵਰੀ. 2010 ਨੂੰ ਟਵਿੱਟਰ ਨੇ ਆਪਣੀ ਟਰੈਂਡਿੰਗ ਸਰਵਿਸ ਲਾਂਚ ਕੀਤੀ ਸੀ ਜੋ ਇਹ ਦੱਸਦੀ ਸੀ ਕਿ ਪੂਰੀ ਦੁਨੀਆਂ ਵਿੱਚ ਕਿਸ ਵਿਸ਼ੇ ਬਾਰੇ ਉਸਦੇ ਯੂਜ਼ਰਸ ਚਰਚਾ ਕਰ ਰਹੇ ਹਨ।

ਇਹ ਨਤੀਜੇ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਕੱਢੇ ਜਾਂਦੇ ਸਨ।

ਟਵਿੱਟਰ ਟਰੈਂਡਿੰਗ ਕਿਵੇਂ ਤੈਅ ਕੀਤੀ ਜਾਂਦੀ ਹੈ?

ਟਵਿੱਟਰ ਦੀ ਰਿਪੋਰਟ ਅਨੁਸਾਰ, "ਅਸੀਂ ਜਾਣਕਾਰੀ ਦਾ ਟਰੈਕ ਲਗਾਤਾਰ ਰੱਖਦੇ ਹਾਂ। ਕੋਈ ਵੀ ਵਿਸ਼ਾ ਟਰੈਂਡਿੰਗ ਵਿੱਚ ਉਦੋਂ ਆਉਂਦਾ ਹੈ ਜਦੋਂ ਉਸ ਬਾਰੇ ਟਵੀਟਸ ਦੀ ਗਿਣਤੀ ਅਚਾਨਕ ਉਸ ਵੇਲੇ ਵਧ ਜਾਂਦੀ ਹੈ।''

ਟਵਿੱਟਰ ਅਨੁਸਾਰ ਕਈ ਵਾਰ ਕੋਈ ਵਿਸ਼ਾ ਟਰੈਂਡਜ਼ ਵਿੱਚ ਸ਼ਾਮਿਲ ਨਹੀਂ ਹੁੰਦਾ ਜਦੋਂ ਉਸ ਦੀ ਮਸ਼ਹੂਰੀ ਜ਼ਿਆਦਾ ਫੈਲੀ ਨਹੀਂ ਹੁੰਦੀ। ਕਈ ਵਾਰ ਮਸ਼ਹੂਰ ਵਿਸ਼ੇ ਵੀ ਟਰੈਂਡਜ਼ ਵਿੱਚ ਨਹੀਂ ਆਉਂਦੇ ਕਿਉਂਕਿ ਉਨ੍ਹਾਂ ਬਾਰੇ ਕੀਤੀ ਜਾਂਦੀ ਗੱਲਬਾਤ ਦੀ ਰਫ਼ਤਾਰ ਰੋਜ਼ਾਨਾ ਦੀ ਆਮ ਗੱਲਬਾਤ ਦੇ ਮੁਕਾਬਲੇ ਉੰਨੀ ਤੇਜ਼ ਨਹੀਂ ਹੁੰਦੀ ਹੈ।

ਕੀ ਟਵਿੱਟਰ 'ਤੇ ਹੈਸ਼ਟੈੱਗ ਟਰੈਂਡਿੰਗ ਲਈ ਕੋਈ ਨਿਯਮ ਹਨ?

ਟਵਿੱਟਰ ਅਨੁਸਾਰ ਕੰਪਿਊਟਰ ਆਧਾਰਿਤ ਅੰਕੜਿਆਂ ਅਨੁਸਾਰ ਹੈਸ਼ਟੈਗ ਨੂੰ ਟਵਿੱਟਰ ਦੀ ਟਰੈਂਡਿੰਗ ਲਿਸਟ ਲਈ ਚੁਣਿਆ ਜਾਂਦਾ ਹੈ ਅਤੇ ਉਸਦੇ ਬਾਰੇ ਚਰਚਾ ਘੱਟਣ 'ਤੇ ਉਸ ਨੂੰ ਹਟਾ ਦਿੱਤਾ ਜਾਂਦਾ ਹੈ।

ਉਨ੍ਹਾਂ ਟਰੈਂਡਿੰਗ ਹੈਸ਼ਟੈਗ ਨੂੰ ਵੀ ਲਿਸਟ ਤੋਂ ਹਟਾ ਦਿੱਤਾ ਜਾਂਦਾ ਹੈ ਜੋ ਹੈਸ਼ਟੈਗ ਵਿਵਾਦਿਤ, ਪੋਰਨ ਨਾਲ ਜੁੜਿਆ, ਜਾਂ ਨਸਲ, ਲਿੰਗ, ਪਛਾਣ,ਧਰਮ, ਅਪਾਹਜਤਾ ਜਾਂ ਬਿਮਾਰੀ ਆਧਾਰਿਤ ਵਿਤਕਰੇ ਨੂੰ ਵਧਾਵਾ ਦਿੰਦਾ ਹੋਵੇ।

ਇਸ ਤੋਂ ਅੱਗੇ ਟਵਿੱਟਰ ਦੀ ਨਿਯਮਾਂ ਅਨੁਸਾਰ ਹੈਸ਼ਟੈਗ ਨੂੰ ਹਟਾਉਣ ਵੇਲੇ ਉਸਦੀ ਕੁਆਲਿਟੀ ਅਤੇ ਲੋਕਾਂ ਦੀ ਉਸਦੇ ਪ੍ਰਤੀ ਦਿਲਚਸਪੀ ਨੂੰ ਵੀ ਦੇਖਿਆ ਜਾਂਦਾ ਹੈ।

ਇਸ ਵੀ ਜਾਣਨਾ ਜ਼ਰੂਰੀ ਹੈ ਕਿ ਭਾਵੇਂ ਹੈਸ਼ਟੈਗ ਟਰੈਂਡਿੰਗ ਲਿਸਟ ਤੋਂ ਹਟਾ ਦਿੱਤਾ ਜਾਂਦਾ ਹੈ ਪਰ ਲੋਗਜ਼ ਨੂੰ ਟਵਿੱਟਰ ਤੋਂ ਹਟਾਇਆ ਨਹੀਂ ਜਾਂਦਾ ਹੈ।

ਤਕਨੀਕੀ ਮਾਹਿਰ ਮਨੀ ਮਨੀਵਾਨਨ ਅਨੁਸਾਰ, "ਭਾਵੇਂ ਫੇਸਬੁੱਕ ਅਤੇ ਟਵਿੱਟਰ ਵਰਗੀਆਂ ਕੌਮਾਂਤਰੀ ਕੰਪਨੀਆਂ ਦੇ ਆਪਣੇ ਨਿਯਮ ਅਤੇ ਸ਼ਰਤਾਂ ਹੁੰਦੀਆਂ ਹਨ ਪਰ ਉਹ ਫਿਰ ਵੀ ਪੂਰੀ ਦੁਨੀਆਂ ਵਿੱਚ ਸਰਕਾਰਾਂ ਦੇ ਦਬਾਅ ਹੇਠ ਹੈਸ਼ਟੈਗ,ਪੋਸਟ ਅਤੇ ਐਕਾਊਂਟਸ ਨੂੰ ਡਿਲੀਟ ਕਰਦੀਆਂ ਹਨ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)