ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕਰਕੇ ਜਿੰਬਾਬਵੇ ਵਿੱਚ ਰਾਸ਼ਟਰਪਤੀ ਦੀ ਚੋਣ ਲੜਨ ਵਾਲਾ 40 ਸਾਲਾ ਨੌਜਵਾਨ

ਜ਼ਿੰਬਾਬਵੇ ਵਿੱਚ ਚੋਣਾਂ ਜਾਰੀ ਹਨ ਅਤੇ ਉੱਥੇ ਦੇ 93 ਫੀਸਦ ਬੇਰੁਜ਼ਗਾਰ ਨੌਜਵਾਨਾਂ ਲਈ ਇਹ ਬੇਹੱਦ ਮਾਇਨੇ ਰੱਖਦੀਆਂ ਹਨ। ਉਹ ਚਾਹੁੰਦੇ ਹਨ ਕਿ ਜੋ ਵੀ ਆਗੂ ਰਾਸ਼ਟਰਪਤੀ ਬਣੇ ਚਾਹੇ 72 ਸਾਲ ਦੇ ਐਮਰਸਨ ਮਨਨਗਗਵਾ ਹੋਣ ਜਾਂ 40 ਸਾਲ ਦੇ ਨੈਲਸਨ ਚਮੀਸਾ, ਉਨ੍ਹਾਂ ਲਈ ਨੌਕਰੀਆਂ ਦੇ ਮੌਕੇ ਪੈਦਾ ਕਰਨ।

ਪਹਿਲੀ ਵਾਰ ਹੈ ਕਿ 40 ਸਾਲ ਤੋਂ ਸੱਤਾ 'ਤੇ ਕਾਬਿਜ਼ ਰਹੇ ਰੌਬਰਟ ਮੁਗਾਬੀ ਤੋਂ ਬਿਨਾਂ ਦੇਸ ਵਿੱਚ ਚੋਣਾਂ ਲੜੀਆਂ ਜਾ ਰਹੀਆਂ ਹਨ।

ਮੁਗਾਬੀ ਨੇ ਖੁਦ ਆਪਣੀ ਹੀ ਪਾਰਟੀ ਜ਼ਾਨੂ-ਪੀਐੱਫ ਦੀ ਥਾਂ ਵਿਰੋਧੀ ਧਿਰ ਐਮਡੀਸੀ (ਮੂਵਮੈਂਟ ਆਫ ਡੈਮੋਕਰੈਟਿਕ ਚੇਂਜ) ਨੂੰ ਵੋਟ ਪਾਉਣ ਦਾ ਐਲਾਨ ਕੀਤਾ ਹੈ।

ਇਸ ਵਾਰ ਕੁੱਲ ਵੋਟਰਾਂ 'ਚੋਂ 43 ਫੀਸਦ 35 ਸਾਲਾਂ ਤੋਂ ਘੱਟ ਉਮਰ ਦੇ ਹਨ। ਸ਼ਾਇਦ ਇਹੀ ਵਜ੍ਹਾ ਹੈ ਕਿ ਇਸ ਵਾਰ ਰਾਸ਼ਟਰਪਤੀ ਚੋਣਾਂ ਵਿੱਚ ਖੜੇ ਹੋਏ ਮੂਵਮੈਂਟ ਫਾਰ ਡੈਮੋਕਰੇਟਿਕ (MDC) ਪਾਰਟੀ ਦੇ 40 ਸਾਲ ਦੇ ਆਗੂ ਨੈਲਸਨ ਚਮੀਸਾ ਚੋਣ ਪ੍ਰਚਾਰ ਲਈ ਸੋਸ਼ਲ ਮੀਡੀਆ ਦੀ ਦੱਬ ਕੇ ਵਰਤੋਂ ਕਰ ਰਹੇ ਹਨ।

ਜਿੱਤੇਗਾ ਕੌਣ, ਇਹ ਨਤੀਜੇ ਦੱਸਣਗੇ ਪਰ ਉਸ ਤੋਂ ਪਹਿਲਾਂ ਜਾਣਨਾ ਜ਼ਰੂਰੀ ਹੈ ਕਿ 75 ਸਾਲ ਦੇ ਮਨਨਗਗਵਾ ਜਿਨ੍ਹਾਂ ਨੂੰ ਸਿਆਸੀ ਚਲਾਕੀਆਂ ਕਾਰਨ ਕ੍ਰੌਕੋਡਾਈਲ ਜਾਂ ਮਗਰਮੱਛ ਵੀ ਕਿਹਾ ਜਾਂਦਾ ਹੈ ਉਨ੍ਹਾਂ ਨੂੰ ਚੁਣੌਤੀ ਦੇ ਰਹੇ ਉਨ੍ਹਾਂ ਤੋਂ ਅੱਧੀ ਉਮਰ ਦੇ ਆਗੂ ਨੈਲਸਨ ਚਮੀਸਾ ਕੌਣ ਹਨ?

  • ਵਕਾਲਤ ਕਰ ਚੁਕੇ ਨੈਲਸਨ ਚਮੀਸਾ ਦੋ ਸਾਲ ਪਹਿਲਾਂ ਹੀ ਪਾਦਰੀ ਵੀ ਬਣੇ ਹਨ। ਉਸ ਦਾ ਅਸਰ ਉਨ੍ਹਾਂ ਦੀਆਂ ਰੈਲੀਆਂ ਵਿੱਚ ਵੀ ਸਾਫ ਨਜ਼ਰ ਆਉਂਦਾ ਹੈ ਜੋ ਲੋਕਾਂ ਨੂੰ ਆਕਰਸ਼ਤ ਕਰਨ ਵਿੱਚ ਸਮਰਥ ਸਾਬਤ ਹੁੰਦਾ ਹੈ।
  • ਨੈਲਸਨ ਸੋਸ਼ਲ ਮੀਡੀਆ ਰਾਹੀਂ ਆਪਣੀਆਂ ਰੈਲੀਆਂ ਕਰ ਰਹੇ ਹਨ, ਉਨ੍ਹਾਂ ਨੇ #GodIsInIt ਨਾਂ ਦਾ ਹੈਸ਼ਟੈਗ ਵੀ ਚਲਾਇਆ ਹੈ।
  • ਉਹ ਈ-ਰੈਲੀਆਂ ਵੀ ਕਰਦੇ ਹਨ, ਮਤਲਬ ਇਹ ਕਿ ਚਮੀਸਾ ਇੰਟਰਨੈੱਟ ਰਾਹੀਂ ਵੀ ਵੱਡੇ ਇਕੱਠ ਨੂੰ ਸੰਬੋਧਿਤ ਕਰਦੇ ਹਨ।
  • ਨੈਲਸਨ 25 ਸਾਲ ਦੀ ਉਮਰ ਵਿੱਚ ਐਮਪੀ, 31 ਸਾਲ ਵਿੱਚ ਕੈਬਨਿਟ ਮੰਤਰੀ ਤੇ 40 ਸਾਲ ਦੇ ਸਭ ਤੋਂ ਜਵਾਨ ਰਾਸ਼ਟਰਪਤੀ ਬਣਨਗੇ ਜੇ ਉਹ ਜਿੱਤਦੇ ਹਨ।
  • ਕਾਲਜ ਦੇ ਦਿਨਾਂ ਵਿੱਚ ਉਨ੍ਹਾਂ ਨੂੰ ਮਸ਼ਹੂਰ ਕੌਂਗੋਲੀਅਨ ਵਾਰਡਰ 'ਵਾਂਬਾ ਡੀਆ ਵਾਂਬਾ' ਦੇ ਨਾਂ ਨਾਲ ਬੁਲਾਇਆ ਜਾਂਦਾ ਸੀ ਕਿਉਂਕਿ ਉਹ ਬੇਹੱਦ ਪ੍ਰਭਾਵਸ਼ਾਲੀ ਸਟੂਡੈਂਟ ਲੀਡਰ ਸਨ।
  • ਚਮੀਸਾ ਕੋਲ ਰਾਜਨੀਤੀ ਵਿਗਿਆਨ, ਇੰਟਰਨੈਸ਼ਨਲ ਰਿਲੇਸ਼ਨਜ਼ ਅਤੇ ਲਾਅ ਵਿੱਚ ਡਿਗਰੀ ਹੈ।
  • 2007 ਵਿੱਚ ਸੁਰੱਖਿਆ ਏਜੰਟਸ ਨੇ ਮੁਗਾਬੀ ਖਿਲਾਫ ਵਿਰੋਧ ਕਰਨ ਲਈ ਇਨ੍ਹਾਂ ਨੂੰ ਕੁੱਟਿਆ ਸੀ ਜਿਸ ਕਰਕੇ ਉਨ੍ਹਾਂ ਦਾ ਸਿਰ ਟੁੱਟ ਗਿਆ ਸੀ।
  • ਚਮੀਸਾ ਨੂੰ ਸਿਆਸੀ ਗਤੀਵਿਧੀਆਂ ਕਾਰਨ ਹਰਾਰੇ ਪਾਲੀਟੈਕਨਿਕ ਕਾਲਜ ਵਿੱਚੋਂ ਕੱਢ ਦਿੱਤਾ ਗਿਆ ਸੀ।

ਨੈਲਸਨ ਕੁਈ ਵਿਵਾਦਾਂ ਵਿੱਚ ਵੀ ਘਿਰੇ ਰਹੇ ਹਨ। ਆਲੋਚਕਾਂ ਮੁਤਾਬਕ ਰਾਜਨੀਤਕ ਪਾਰਟੀ ਮੂਵਮੈਂਟ ਫਾਰ ਚੇਂਜ ਦੇ ਸਾਬਕਾ ਆਗੂ ਦੀ ਮੌਤ ਤੋਂ ਬਾਅਦ ਨੈਲਸਮ ਨੇ ਗਲਤ ਤਰੀਕੇ ਨਾਲ ਉਨ੍ਹਾਂ ਦੀ ਥਾਂ ਲਈ ਸੀ।

ਸੋਸ਼ਲ ਮੀਡੀਆ 'ਤੇ ਝੂਠੀਆਂ ਗੱਲਾਂ ਕਰਨ ਲਈ ਵੀ ਕੁਝ ਲੋਕ ਉਨ੍ਹਾਂ ਦੀਆਂ ਨਿੰਦਾ ਕਰਦੇ ਹਨ। ਅਜਿਹਾ ਇੱਕ ਦਾਅਵਾ ਉਨ੍ਹਾਂ ਕੀਤਾ ਸੀ ਕਿ ਉਹ ਅਮਰੀਕੀ ਰਾਸ਼ਟਪਰਤੀ ਡੌਨਲਡ ਟਰੰਪ ਨੂੰ ਮਿਲੇ ਹਨ ਜਿਸ ਲਈ ਬਾਅਦ ਵਿੱਚ ਉਨ੍ਹਾਂ ਨੂੰ ਮੁਆਫੀ ਵੀ ਮੰਗਣੀ ਪਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)