ਜ਼ਿੰਬਾਬਵੇ ਸੰਕਟ: ਕੌਣ ਹੈ ਜ਼ਿੰਬਾਬਵੇ ਸੰਕਟ ਦਾ ਕੇਂਦਰ ਬਿੰਦੂ ਬਣੀ ਔਰਤ?

ਜ਼ਿੰਬਾਬਵੇ ਦੀ ਫਸਟ ਲੇਡੀ 54 ਸਾਲਾ ਗਰੇਸ ਮੁਗਾਬੇ ਆਪਣੇ 93 ਸਾਲਾ ਪਤੀ ਦੀ ਸਿਆਸੀ ਵਾਰਸ ਬਣਨਾ ਚਾਹੁੰਦੀ ਸੀ। ਮੁਗਾਬੇ ਦੇ ਗੱਦੀ ਛੱਡਣ ਜਾਂ ਉਸ ਦੇ ਮਰਨ ਤੋਂ ਬਾਅਦ ਵਿੱਚ ਸੱਤਾ ਉੱਤੇ ਕਾਬਜ਼ ਹੋ ਸਕੇ ਇਸ ਲਈ ਉਹ ਤਿਆਰੀ ਕਰ ਰਹੀ ਸੀ।

ਕਿਸੇ ਸਮੇਂ ਖ਼ਰੀਦਦਾਰੀ ਅਤੇ ਸਮਾਜ ਭਲਾਈ ਕਾਰਜਾਂ ਲਈ ਜਾਣੀ ਜਾਂਦੀ ਗਰੇਸ ਮੁਗਾਬੇ ਹੁਣ ਮੁਲਕ ਦੀ ਵੱਕਾਰੀ ਸਿਆਸੀ ਸੱਤਾਧਾਰੀ ਜਾਨੂੰ-ਪੀਐੱਫ਼ ਪਾਰਟੀ ਦੀ ਮਹਿਲਾ ਵਿੰਗ ਦੇ ਪ੍ਰਧਾਨ ਦੀ ਜਿੰਮੇਵਾਰੀ ਨਿਭਾ ਰਹੀ ਹੈ।

ਉੱਪ ਰਾਸ਼ਟਰਪਤੀ ਦੀ ਬਰਖ਼ਾਸਤਗੀ

ਉਸ ਨੇ ਰਾਸ਼ਟਰਪਤੀ ਦੇ ਅਹੁਦੇ ਦੇ ਕਈ ਦਾਅਵੇਦਾਰਾਂ ਨੂੰ ਖੂੰਜੇ ਲਾ ਦਿੱਤਾ ਸੀ। ਬੀਤੇ ਹਫ਼ਤੇ ਮੁਲਕ ਦੇ ਉੱਪ ਰਾਸ਼ਟਰਪਤੀ ਐਮਰਸਨ ਮਨਗਗਵਾ ਦੀ ਬਰਖ਼ਾਸਤੀ ਨੂੰ ਵੀ ਇਸੇ ਲੜੀ ਦੀ ਘਟਨਾ ਵਜੋਂ ਦੇਖਿਆ ਜਾ ਰਿਹਾ ਸੀ।

ਇਹੀ ਨੁਕਤਾ ਜ਼ਿੰਬਾਬਵੇ ਸੰਕਟ ਦਾ ਕੇਂਦਰੀ ਕਾਰਕ ਹੈ ਜਿਸ ਨੇ ਫੌਜੀ ਕਾਰਵਾਈ ਦਾ ਰਾਹ ਖੋਲਿਆ ਹੈ।

ਫ਼ੌਜ ਨੇ ਬੁੱਧਵਾਰ ਨੂੰ ਮੁਗਾਬੇ ਦਾ ਤਖਤਾ ਪਲਟ ਦਿੱਤਾ ਅਤੇ ਐਲਾਨ ਕੀਤਾ ਕਿ 1980 ਤੋਂ ਸੱਤਾ 'ਤੇ ਕਾਬਜ਼ ਰਾਸ਼ਟਰਪਤੀ ਰੌਬਰਟ ਮੁਗਾਬੇ ਹਿਰਾਸਤ 'ਚ ਸੁਰੱਖਿਅਤ ਹਨ।

ਕੌਮੀ ਟੀ.ਵੀ. 'ਤੇ ਕਬਜ਼ਾ ਕਰਨ ਤੋਂ ਬਾਅਦ, ਫ਼ੌਜ ਦੇ ਇੱਕ ਬੁਲਾਰੇ ਨੇ ਐਲਾਨ ਕੀਤਾ ਕਿ ਮੁਗਾਬੇ ਦੇ ਨਜ਼ਦੀਕੀ ਜਿਹੜੇ "ਸਮਾਜਿਕ ਅਤੇ ਆਰਥਿਕ ਬਿਪਤਾ" ਲਈ ਜ਼ਿੰਮੇਵਾਰ ਹਨ, ਨੂੰ ਹਿਰਾਸਤ ਵਿੱਚ ਲੈਣ ਲਈ ਮੁਹਿੰਮ ਚਲਾਈ ਜਾ ਰਹੀ ਹੈ।

ਕੌਣ ਹਨ ਰੌਬਰਟ ਮੁਗਾਬੇ?

ਰਾਸ਼ਟਰਪਤੀ ਰੌਬਰਟ ਮੁਗਾਬੇ ਜ਼ਿੰਬਾਬਵੇ ਵਿੱਚ 1980 ਤੋਂ ਸੱਤਾ 'ਤੇ ਕਾਬਜ਼ ਸਨ।

ਉਹ ਜ਼ਿੰਬਾਬਵੇ 'ਚ ਇੱਕ ਇਨਕਲਾਬੀ ਆਗੂ ਮੰਨੇ ਜਾਂਦੇ ਹਨ ਜਿਨ੍ਹਾਂ ਮੁਲਕ ਦੀ ਅਜ਼ਾਦੀ ਦੀ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਈ।

1980 ਤੋਂ ਪਹਿਲਾਂ ਉਹ ਜ਼ਿੰਬਾਬਵੇ ਅਫ਼ਰੀਕਨ ਨੈਸ਼ਨਲ ਯੂਨੀਅਨ - ਪੈਟ੍ਰੀਓਟਿਕ ਫ਼ਰੰਟ ਦੇ ਪ੍ਰਧਾਨ ਸਨ।

ਫ਼ੌਜੀ ਕਾਰਵਾਈ ਤੋਂ ਪਹਿਲਾਂ ਰਾਜਨੀਤਕ ਸਥਿਤੀ ਕੀ ਸੀ?

ਮੁਗਾਬੇ ਨੇ ਬੀਤੇ ਹਫ਼ਤੇ ਮੁਲਕ ਦੇ ਉੱਪ ਰਾਸ਼ਟਰਪਤੀ ਐਮਰਸਨ ਮਨਗਗਵਾ ਨੂੰ ਬਰਖ਼ਾਸਤ ਕਰ ਦਿੱਤਾ ਸੀ।

ਮਨਗਗਵਾ ਨੂੰ ਪਹਿਲਾਂ ਰਾਸ਼ਟਰਪਤੀ ਦੇ ਦਾਅਵੇਦਾਰ ਵਜੋਂ ਦੇਖਿਆ ਗਿਆ ਸੀ, ਪਰ ਰੌਬਰਟ ਮੁਗਾਬੇ ਦੀ ਪਤਨੀ ਗ੍ਰੇਸ ਮੁਗਾਬੇ ਵੀ ਸਪੱਸ਼ਟ ਰੂਪ ਵਿੱਚ ਦਾਅਵੇਦਾਰ ਬਣ ਗਈ ਸੀ।

ਗ੍ਰੇਸ ਮੁਗਾਬੇ ਅਤੇ ਮਨਗਗਵਾ ਵਿਚਕਾਰ ਦੁਸ਼ਮਨੀ ਨੇ ਜ਼ਿੰਬਾਬਵੇ ਅਫਰੀਕਨ ਨੈਸ਼ਨਲ ਯੂਨੀਅਨ - ਪੈਟ੍ਰੀਓਟਿਕ ਫ਼ਰੰਟ ਵਿੱਚ ਪਾੜ ਪਾ ਦਿੱਤਾ।

ਪਿਛਲੇ ਮਹੀਨੇ ਸ਼੍ਰੀਮਤੀ ਮੁਗਾਬੇ ਨੇ ਤਖ਼ਤਾ ਪਲਟ ਦੀ ਚੇਤਾਵਨੀ ਦਿੱਤੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਸ੍ਰੀ ਮਨਗਗਵਾ ਦੇ ਸਹਿਯੋਗੀ ਉਨ੍ਹਾਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਰਹੇ ਸਨ ਜਿਨ੍ਹਾਂ ਨੇ ਉਨ੍ਹਾਂ ਦੀ ਹਮਾਇਤ ਨਹੀਂ ਕੀਤੀ।

ਐਮਰਸਨ ਮਨਗਗਵਾ ਕੌਣ ਹਨ?

ਐਮਰਸਨ ਮਨਗਗਵਾ ਜ਼ਿੰਬਾਬਵੇ ਦੇ ਸਾਬਕਾ ਉਪ ਰਾਸ਼ਟਰਪਤੀ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਗਿਆ।

ਬੀਬੀਸੀ ਦੇ ਪੱਤਰਕਾਰਾਂ ਦਾ ਮੰਨਣਾ ਹੈ ਕਿ ਫ਼ੌਜੀ ਕਾਰਵਾਈ ਮੁਗਾਬੇ ਨੂੰ ਉਸ ਦੇ ਬਰਖ਼ਾਸਤ ਉਪ ਰਾਸ਼ਟਰਪਤੀ, ਮਾਨਗਗਵਾ ਨਾਲ ਬਦਲਣ ਲਈ ਵੀ ਹੋ ਸਕਦੀ ਹੈ।

ਅਸੀਂ ਇਸ ਲੜਾਈ ਬਾਰੇ ਕੀ ਜਾਣਦੇ ਹਾਂ?

ਬੀਬੀਸੀ ਦੇ ਸ਼ਿੰਗਾਈ ਨਿਓਕਾ ਨੇ ਹਰਾਰੇ ਤੋਂ ਰਿਪੋਰਟ ਦਿੱਤੀ ਹੈ ਕਿ ਗੋਲੀਬਾਰੀ ਉੱਤਰੀ ਇਲਾਕਿਆਂ 'ਚ ਹੋ ਰਹੀ ਹੈ ਜਿੱਥੇ ਮੁਗਾਬੇ ਅਤੇ ਕਈ ਹੋਰ ਸਰਕਾਰੀ ਅਧਿਕਾਰੀ ਰਹਿੰਦੇ ਹਨ।

ਇੱਕ ਗਵਾਹ ਨੇ ਏਐੱਫ਼ਪੀ ਨਿਊਜ਼ ਏਜੰਸੀ ਨੂੰ ਦੱਸਿਆ ਕਿ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਬੋਰੋਡੇਲ ਇਲਾਕੇ ਵਿਚ ਮੁਗਾਬੇ ਦੇ ਘਰ ਦੇ ਨੇੜੇ ਗੋਲੀਬਾਰੀ ਨੂੰ ਸੁਣਿਆ ਜਾ ਸਕਦਾ ਸੀ।

ਸੂਤਰਾਂ ਨੇ ਰਾਇਟਰਸ ਨੂੰ ਦੱਸਿਆ ਕਿ ਜਦੋਂ ਜ਼ੈਡਬੀਸੀ ਦੇ ਕੁਝ ਕਰਮਚਾਰੀਆਂ ਨਾਲ ਬਦਸਲੂਕੀ ਹੋਈ ਤਾਂ ਸੈਨਿਕਾਂ ਨੇ ਅੰਦਰ ਆਉਣਾ ਸ਼ੁਰੂ ਕਰ ਦਿੱਤਾ।

ਸੂਤਰਾਂ ਨੇ ਕਿਹਾ ਕਿ ਕਰਮਚਾਰੀਆਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਅਤੇ ਸਿਪਾਹੀ ਸਿਰਫ਼ ਸਾਈਟ ਦੀ ਰੱਖਿਆ ਲਈ ਸਨ।

ਕੀ ਇਹ ਤਖ਼ਤਾ-ਪਲਟ ਕਾਰਵਾਈ ਸੀ?

ਜ਼ਿੰਬਾਬਵੇ ਦੇ ਸਾਬਕਾ ਲੀਡਰ ਮੋਰਗਨ ਸਵਾਂਗੀਰਾਏ ਦੇ ਸਾਬਕਾ ਸਲਾਹਕਾਰ ਐਲੇਕਸ ਮਾਮਾਆ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਫ਼ੌਜ ਦੇ ਦਾਅਵਿਆਂ 'ਤੇ ਵਿਸ਼ਵਾਸ ਨਹੀਂ ਕਰਦੇ ਸਨ ਕਿ ਉਨ੍ਹਾਂ ਨੇ 'ਤਖ਼ਤਾ-ਪਲਟ ਕਾਰਵਾਈ' ਨਹੀਂ ਕੀਤੀ।

ਉਨ੍ਹਾਂ ਨੇ ਕਿਹਾ ਕਿ ਉਹ ਇਸ ਨੂੰ ਤਖ਼ਤਾ-ਪਲਟ ਕਾਰਵਾਈ ਨਹੀਂ ਕਹਿਣਗੇ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਇਸ ਦੀ ਨਿੰਦਾ ਕੀਤੀ ਜਾਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)