You’re viewing a text-only version of this website that uses less data. View the main version of the website including all images and videos.
ਇਮਰਾਨ ਖ਼ਾਨ ਮੁਤਾਬਕ ਕੌਣ 'ਚੋਣਾਂ ਜਿੱਤਣਾ' ਜਾਣਦੇ ਹਨ?
- ਲੇਖਕ, ਸਿਕੰਦਰ ਕੇਰਮਾਨੀ
- ਰੋਲ, ਬੀਬੀਸੀ ਨਿਊਜ਼, ਲਾਹੌਰ
ਪਾਕਿਸਤਾਨ ਵਿੱਚ ਮੁੱਖ ਵਿਰੋਧੀ ਆਗੂ ਇਮਰਾਨ ਖ਼ਾਨ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਵਿਰੋਧੀ ਆਪਣੇ ਪਿਛਲੇ ਰਿਕਾਰਡ ਕਰਕੇ ਹਾਰਨਗੇ।
ਇਮਰਾਨ ਨੇ ਸਾਫ ਸੁਥਰੀਆਂ ਚੋਣਾਂ ਬਾਰੇ ਲਗਾਈਆਂ ਜਾ ਰਹੀਆਂ ਕਿਆਸਅਰਾਈਆਂ ਨੂੰ ਰੱਦ ਕੀਤਾ ਹੈ।
"ਪਾਰਟੀਆਂ ਅਚਾਨਕ ਕਹਿਣ ਲੱਗੀਆਂ ਹਨ ਕਿ ਚੋਣਾਂ ਆਜ਼ਾਦ ਅਤੇ ਨਿਰਪੱਖ ਨਹੀਂ ਹੋਣਗੀਆਂ। ਇਸ ਦਾ ਕਾਰਨ ਇਹ ਹੈ ਕਿ ਸਾਰੇ ਓਪੀਨੀਅਨ ਪੋਲ ਪੀਟੀਆਈ ਦਾ ਉਭਾਰ ਦਿਖਾ ਰਹੇ ਹਨ।"
ਇਹ ਵੀ ਪੜ੍ਹੋ꞉
ਨਵਾਜ਼ ਸ਼ਰੀਫ ਵਾਲੀ ਪਾਕਿਸਤਾਨ ਮੁਸਲਿਮ ਲੀਗ ਪਿਛਲੇ ਪੰਜ ਸਾਲਾਂ ਤੋਂ ਸਰਕਾਰ ਵਿੱਚ ਰਹੀ ਹੈ। ਉਨ੍ਹਾਂ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਫੌਜ ਚੋਣਾਂ ਵਿੱਚ ਇਮਰਾਨ ਦੀ ਪਾਰਟੀ ਦਾ ਪੱਖ ਪੂਰ ਰਹੀ ਹੈ।
ਇਨ੍ਹਾਂ ਚੋਣਾਂ ਨੂੰ ਨਵਾਜ਼ ਸ਼ਰੀਫ ਦੇ ਪਰਿਵਾਰਕ ਦਬਦਬੇ ਵਾਲੀ ਪਾਕਿਸਤਾਨ ਮੁਸਲਿਮ ਲੀਗ ਅਤੇ ਇਮਰਾਨ ਖ਼ਾਨ ਦੀ ਪੀਟੀਆਈ ਵਿੱਚ ਇੱਕ ਮੁਕਾਬਲੇ ਵਜੋਂ ਦੇਖਿਆ ਜਾ ਰਿਹਾ ਹੈ।
ਖ਼ਾਨ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦਾ ਮਿਸ਼ਨ "ਪਾਕਿਸਤਾਨ ਨੂੰ ਮੁੜ ਚੜ੍ਹਦੀਕਲਾ" ਵੱਲ ਜਾਂਦਿਆਂ ਦੇਖਣਾ ਹੈ।
ਇਮਰਾਨ ਖ਼ਾਨ ਨੇ ਭ੍ਰਿਸ਼ਟਾਚਾਰ ਨਾਲ ਲੜਾਈ ਨੂੰ ਹੀ ਆਪਣਾ ਮੁੱਖ ਮੁੱਦਾ ਬਣਾਇਆ ਹੈ। ਉਨ੍ਹਾਂ ਦੇ ਵਿਰੋਧੀ ਨਵਾਜ਼ ਸ਼ਰੀਫ ਨੂੰ ਦੇਸ ਦੀ ਇੱਕ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ 10 ਸਾਲਾਂ ਦੀ ਸਜ਼ਾ ਸੁਣਾਈ ਹੈ। ਇਹ ਉਸੇ ਜਾਂਚ ਦਾ ਨਤੀਜਾ ਹੈ ਜਿਸ ਦੀ ਵਕਾਲਤ ਇਮਰਾਨ ਖ਼ਾਨ ਹਮੇਸ਼ਾ ਤੋਂ ਕਰਦੇ ਆਏ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਕੇਸ ਨੇ ਦੇਸ ਵਿੱਚ ਭ੍ਰਿਸ਼ਟਾਚਰ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕਤਾ ਲਿਆਉਣ ਵਿੱਚ ਮਦਦ ਕੀਤੀ ਹੈ।
ਉਨ੍ਹਾਂ ਕਿਹਾ "ਇਸੇ ਕਰਕੇ ਦੇਸ ਕੋਲ ਆਪਣੇ ਖਰਚੇ ਲਈ ਅਤੇ ਆਪਣੇ ਮਨੁੱਖੀ ਵਿਕਾਸ ਲਈ ਪੈਸਾ ਨਹੀਂ ਹਨ।"
"ਨਾਵਾਜ਼ ਦੇ ਦਾਅਵੇ ਧਿਆਨ ਭਟਕਾਉਣ ਲਈ"
ਹਾਲਾਂਕਿ ਕਈ ਮਾਹਿਰਾਂ ਦੀ ਰਾਇ ਹੈ ਕਿ ਨਵਾਜ਼ ਦਾ ਫੌਜ ਨਾਲ ਟੱਕਰ ਲੈਣਾ ਹੀ ਉਨ੍ਹਾਂ ਨੂੰ ਹੋਈ ਸਜ਼ਾ ਦਾ ਵੱਡਾ ਕਾਰਨ ਹੈ।
ਨਵਾਜ਼ ਦਾ ਦਾਅਵਾ ਹੈ ਕਿ ਫੌਜ ਜਿਸ ਨੇ ਪਾਕਿਸਤਾਨ ਦੀ ਹੋਂਦ ਤੋਂ ਹੁਣ ਤੱਕ ਦੇ ਅੱਧੇ ਤੋਂ ਵੱਧ ਸਮੇਂ ਦੌਰਾਨ ਇਸ ਉੱਪਰ ਕਬਜ਼ਾ ਰੱਖਿਆ ਹੈ, ਹੁਣ ਉਨ੍ਹਾਂ ਨੂੰ ਮੁੜ ਸਰਕਾਰ ਵਿੱਚ ਆਉਣ ਤੋਂ ਰੋਕਣ ਲਈ ਗੰਢਤੁਪ ਕਰਨ ਵਿੱਚ ਲੱਗੀ ਹੋਈ ਹੈ।
ਨਵਾਜ਼ ਦੀ ਪਾਰਟੀ ਦੇ ਕਈ ਉਮੀਦਵਾਰਾਂ ਨੇ ਕਿਹਾ ਹੈ ਕਿ ਖੂਫੀਆ ਏਜੰਸੀਆਂ ਨੇ ਉਨ੍ਹਾਂ ਨੂੰ ਪਾਰਟੀ ਤੋਂ ਵੱਖ ਹੋਣ ਲਈ ਕਿਹਾ ਸੀ। ਪੱਤਰਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਵਾਜ਼ ਪੱਖੀ ਖ਼ਬਰਾਂ ਦੇਣ ਤੋਂ ਰੋਕਿਆ ਗਿਆ ਹੈ।
ਪਾਕਿਸਤਾਨੀ ਫੌਜ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਦਾ ਖੰਡਨ ਕੀਤਾ ਹੈ। ਲਾਹੌਰ ਦੀ ਇੱਕ ਰੈਲੀ ਵਿੱਚ ਇਮਰਾਨ ਖ਼ਾਨ ਨੇ ਕਿਹਾ ਸੀ ਕਿ ਨਵਾਜ਼ ਦੇ ਦਾਅਵੇ ਲੋਕਾਂ ਦਾ ਭ੍ਰਿਸ਼ਟਾਚਾਰ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹਨ।
ਇਹ ਵੀ ਪੜ੍ਹੋ꞉
ਇਮਰਾਨ ਖ਼ਾਨ ਨੂੰ ਕਈ ਲੋਕ ਤਬਦੀਲੀ ਦੇ ਉਮੀਦਵਾਰ ਵਜੋਂ ਦੇਖਦੇ ਹਨ। ਆਪਣੇ ਵਿਰੋਧੀਆਂ ਵਾਂਗ ਇਮਰਾਨ ਕਿਸੇ ਸਿਆਸੀ ਖ਼ਾਨਦਾਨ ਵਿੱਚੋਂ ਨਹੀਂ ਆਉਂਦੇ ਅਤੇ ਨਾ ਹੀ ਉਨ੍ਹਾਂ ਦੀ ਪਾਰਟੀ ਕਦੇ ਸਰਕਾਰ ਵਿੱਚ ਰਹੀ ਹੈ।
ਹਾਲਾਂਕਿ ਪਿਛਲੇ ਸਮੇਂ ਦੌਰਾਨ ਇਮਰਾਨ ਦੀ ਆਪਣੀ ਪਾਰਟੀ ਵਿੱਚ "ਜਿੱਤਣਯੋਗ" ਉਮੀਦਵਾਰ ਸ਼ਾਮਲ ਕਰਨ ਕਰਕੇ ਆਲੋਚਨਾ ਵੀ ਹੋਈ ਸੀ।
ਇਹ ਉਹ ਦਲਬਦਲੂ ਉਮੀਦਵਾਰ ਸਨ ਜੋ ਆਪਣੇ ਪੈਸੇ ਕਰਕੇ ਭਾਵੇਂ ਕਿਸੇ ਵੀ ਪਾਰਟੀ ਵੱਲੋਂ ਲੜਨ ਵੋਟਾਂ ਲੈਣ ਵਿੱਚ ਕਾਮਯਾਬ ਹੋ ਹੀ ਜਾਂਦੇ ਹਨ।
ਇਮਰਾਨ ਇਨ੍ਹਾਂ ਉਮੀਦਵਾਰਾਂ ਨੂੰ ਚੋਣਾਂ ਜਿੱਤਣ ਦੀ ਕਲਾ ਜਾਣਨ ਵਾਲੇ ਕਹਿੰਦੇ ਹਨ।
ਚੋਣਾਂ ਬਾਰੇ ਭਵਿੱਖਬਾਣੀ ਹੋ ਰਹੀ ਹੈ ਕਿ ਆਉਣ ਵਾਲੀ ਸੰਸਦ ਤਿਕੋਨੀ ਹੋ ਸਕਦੀ ਹੈ ਜਿਸ ਵਿੱਚ ਕਿਸੇ ਵੀ ਪਾਰਟੀ ਕੋਲ ਪੂਰਨ ਬਹੁਮਤ ਨਾ ਹੋਵੇ।
ਇਸ ਬਾਰੇ ਇਮਰਾਨ ਦਾ ਕਹਿਣਾ ਹੈ ਕਿ ਅਜਿਹੀ ਹਾਲਤ ਵਿੱਚ ਚੋਣਾਂ ਜਿੱਤਣ ਮਗਰੋਂ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਗੱਠਜੋੜ ਕਰਨਾ ਪੈ ਸਕਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਨਵਾਜ਼ ਦੀ ਪਾਰਟੀ, ਜਾਂ ਪੀਪੀਪੀ ਨਾਲ ਕਿਸੇ ਕਿਸਮ ਦੇ ਗਠਜੋੜ ਤੋਂ ਇਨਕਾਰ ਕੀਤਾ ਹੈ।
ਪੀਪੀਪੀ ਦੀ ਅਗਵਾਈ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਪੁੱਤਰ ਬਿਲਾਵਲ ਅਲੀ ਭੁੱਟੋ ਅਤੇ ਪਤੀ ਆਸਿਫ ਅਲੀ ਜ਼ਰਦਾਰੀ ਕਰ ਰਹੇ ਹਨ।
"ਜੇ ਤੁਸੀਂ ਉਨ੍ਹਾਂ ਨਾਲ ਗਠਜੋੜ ਹੀ ਕਰ ਲਿਆ ਫੇਰ ਤਾਂ ਸਰਕਾਰ ਵਿੱਚ ਆਉਣ ਦਾ ਉਦੇਸ਼ ਹੀ ਖ਼ਤਮ ਹੋ ਜਾਵੇਗਾ।"
ਇਹ ਵੀ ਪੜ੍ਹੋ꞉