ਥਾਈਲੈਂਡ: ਗੁਫ਼ਾ 'ਚ ਆਕਸੀਜਨ ਸਪਲਾਈ ਕਰਨ ਗਏ ਗੋਤਾਖੋਰ ਦੀ ਆਕਸੀਜਨ ਦੀ ਘਾਟ ਕਾਰਨ ਮੌਤ

ਤਸਵੀਰ ਸਰੋਤ, 02Max Triathlon Team
ਥਾਈਲੈਂਡ ਵਿੱਚ ਗੁਫ਼ਾ ਅੰਦਰ ਫਸੀ ਫੁੱਟਬਾਲ ਟੀਮ ਨੂੰ ਬਚਾਉਣ ਦੀ ਕੋਸ਼ਿਸ ਵਿੱਚ ਇੱਕ ਗੋਤਾਖੋਰ ਦੀ ਮੌਤ ਹੋ ਗਈ ਹੈ।
ਬਚਾਅ ਕਾਰਜ ਵਿੱਚ ਹਿੱਸਾ ਲੈ ਰਿਹਾ ਗੋਤਾਖੋਰ ਅਚਾਨਕ ਬੇਹੋਸ਼ ਹੋ ਗਿਆ ਜਿਸ ਨੂੰ ਕਾਫ਼ੀ ਕੋਸ਼ਿਸ਼ਾਂ ਮਗਰੋਂ ਵੀ ਬਚਾਇਆ ਨਹੀਂ ਜਾ ਸਕਿਆ।
38 ਸਾਲ ਦਾ ਸਮਨ ਗੁਨਾਮ ਥਾਮ ਲੁਐਂਗ ਗੁਫ਼ਾ ਜਿੱਥੇ ਟੀਮ ਅਤੇ ਉਸਦਾ ਕੋਚ ਫਸੇ ਹਨ ਉੱਥੇ ਆਕਸੀਜਨ ਦੀ ਸਪਲਾਈ ਕਰਕੇ ਵਾਪਸ ਨਿਕਲ ਰਿਹਾ ਸੀ।
ਇੱਕ ਅਧਿਕਾਰੀ ਮੁਤਾਬਕ, ''ਉਸਦਾ ਕੰਮ ਸੀ ਆਕਸੀਜਨ ਦੀ ਸਪਲਾਈ ਕਰਨਾ। ਪਰ ਵਾਪਸੀ ਵੇਲੇ ਉਸ ਕੋਲ ਖ਼ੁਦ ਲੋੜੀਂਦੀ ਆਕਸੀਜਨ ਨਹੀਂ ਬਚੀ ਸੀ।''
ਸਮਨ ਪਹਿਲਾਂ ਨੇਵੀ ਵਿੱਚ ਸੀ ਅਤੇ ਇਸ ਬਚਾਅ ਕਾਰਜ ਵਿੱਚ ਲੱਗਿਆ ਹੋਇਆ ਸੀ। ਇਸ ਕਾਰਜ ਵਿੱਚ ਤਕਰੀਬਨ 1, 000 ਲੋਕਾਂ ਦੀ ਸ਼ਮੂਲੀਅਤ ਹੈ।
ਥਾਈਲੈਂਡ ਦੀ ਗੁਫ਼ਾ ਅੰਦਰ ਫੁੱਟਬਾਲ ਟੀਮ ਅਤੇ ਉਸਦੇ ਕੋਚ ਨੂੰ ਬਚਾਉਣ ਲਈ ਰਾਹਤ ਕਾਰਜ ਤਕਰੀਬਨ 2 ਹਫ਼ਤਿਆਂ ਤੋਂ ਜਾਰੀ ਹੈ।

ਤਸਵੀਰ ਸਰੋਤ, Reuters
ਕਾਫ਼ੀ ਕੋਸ਼ਿਸਾਂ ਮਗਰੋਂ ਇਹ ਪਤਾ ਲੱਗ ਸਕਿਆ ਸੀ ਕਿ ਸਾਰੇ ਜ਼ਿੰਦਾ ਹਨ ਪਰ ਉਨ੍ਹਾਂ ਨੂੰ ਬਾਹਰ ਕੱਢਣਾ ਹਾਲੇ ਵੀ ਚੁਣੌਤੀ ਬਣਿਆ ਹੋਇਆ ਹੈ।
ਥਾਈਲੈਂਡ ਦੀ ਗੁਫ਼ਾ 'ਚ ਫਸੇ 12 ਮੁੰਡਿਆਂ ਤੇ ਉਨ੍ਹਾਂ ਦੇ ਇੱਕ ਫ਼ੁੱਟਬਾਲ ਕੋਚ ਨੂੰ ਬਚਾਉਣ ਲਈ ਰਾਹਤ ਤੇ ਬਚਾਅ ਕਾਰਜਾਂ 'ਚ ਲੱਗੇ ਕਰਮੀਆਂ ਦੀ ਮੁੱਖ ਜੱਦੋਜਹਿਦ ਮੌਸਮ ਨਾਲ ਹੈ।
ਆਉਣ ਵਾਲੇ ਦਿਨਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਇਸ ਨਾਲ ਪਾਣੀ ਦਾ ਪੱਧਰ ਵੀ ਵੱਧ ਸਕਦਾ ਹੈ।
ਇਹ ਵੀ ਪੜ੍ਹੋ:
ਜਿਸ ਥਾਂ ਉੱਤੇ ਬੱਚੇ ਤੇ ਉਨ੍ਹਾਂ ਦੇ ਕੋਚ ਫਸੇ ਹਨ ਉੱਥੇ ਪਾਣੀ ਦਾ ਪੱਧਰ ਵਧਣ ਨਾਲ ਖ਼ਤਰਾ ਹੋਰ ਵੱਧ ਸਕਦਾ ਹੈ।
ਚਿਆਂਗ ਰਾਏ ਇਲਾਕੇ ਨੇ ਪਿਛਲੇ ਕੁਝ ਦਿਨਾਂ ਤੋਂ ਖੁਸ਼ਕ ਮੌਸਮ ਦਾ ਅਨੁਭਵ ਕੀਤਾ ਹੈ।

ਤਸਵੀਰ ਸਰੋਤ, AFP
ਬਚਾਅ ਕਰਮਚਾਰੀ ਹੁਣ ਵਿਚਾਰ ਕਰ ਰਹੇ ਹਨ ਕਿ ਗਰੁੱਪ ਨੂੰ ਕਿਵੇਂ ਸੁਰੱਖਿਅਤ ਕੀਤਾ ਜਾਵੇ।
ਚਿਆਂਗ ਰਾਏ ਦੇ ਗਵਰਨਰ ਨਾਰੋਂਗਸਾਕ ਓਸੋਥਾਨਕੋਰਮ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ''ਪਹਿਲਾਂ ਉਨ੍ਹਾਂ ਨੂੰ ਲੱਭਣ ਲਈ ਸਾਡੀ ਲੜਾਈ ਸਮੇਂ ਨਾਲ ਸੀ, ਪਰ ਹੁਣ ਅਸੀਂ ਪਾਣੀ ਨਾਲ ਲੜ ਰਹੇ ਹਾਂ।''
ਇਸਦੇ ਨਾਲ ਗੁਫ਼ਾ 'ਚ ਫਸੇ 12 ਬੱਚਿਆਂ ਤੇ ਉਨ੍ਹਾਂ ਦੇ ਫੁੱਟਬਾਲ ਕੋਚ ਕੋਲ ਫ਼ੋਨ ਲਾਈਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਇਸ ਤੋਂ ਪਹਿਲਾਂ ਇਹ ਕੋਸ਼ਿਸ਼ਾਂ ਵਾਟਰਪਰੂਫ਼ ਸੀਲ ਦੇ ਟੁੱਟਣ ਕਾਰਨ ਅਸਫ਼ਲ ਰਹੀਆਂ ਸਨ।

ਜੇ ਮੀਂਹ ਦੇਰ ਤੱਕ ਰੁਕਿਆ ਰਹਿੰਦਾ ਹੈ ਤਾਂ ਸੰਭਾਵਨਾ ਹੈ ਕਿ ਇਹ ਗਰੁੱਪ ਬਿਨ੍ਹਾਂ ਗੋਤੇ ਲਾਏ ਹੀ ਥੈਮ ਲੁਆਂਗ ਗੁਫ਼ਾ 'ਚੋਂ ਬਾਹਰ ਆ ਜਾਵੇ।
ਮੌਜੂਦਾ ਵਕਤ ਵਿੱਚ ਗੁਫ਼ਾ ਦੇ ਸਿਰੇ ਤੋਂ ਬੱਚਿਆਂ ਤੱਕ ਪਹੁੰਚਣ ਅਤੇ ਵਾਪਸ ਆਉਣ ਵਿੱਚ 11 ਘੰਟੇ ਲਗ ਰਹੇ ਹਨ - ਛੇ ਘੰਟੇ ਜਾਣ ਲਈ ਅਤੇ ਪੰਜ ਘੰਟੇ ਵਾਪਿਸ ਆਉਣ ਲਈ।
ਬਹੁਤੇ ਮੁੰਡੇ ਤੈਰਨਾ ਨਹੀਂ ਜਾਣਦੇ ਅਤੇ ਜੇ ਉਨ੍ਹਾਂ ਇਸ ਤਰ੍ਹਾਂ ਬਾਹਰ ਆਉਣਾ ਹੈ ਤਾਂ ਉਨ੍ਹਾਂ ਨੂੰ ਗੋਤਾ ਲਾਉਣ ਬਾਰੇ ਮੁੱਢਲੀ ਸਿਖਲਾਈ ਦੇਣੀ ਪਵੇਗੀ।
'ਇਹ ਮੁੰਡੇ ਮੇਰੇ ਭਰਾ ਹਨ'
ਹਿਲੀਅਰ ਚਿਉਂਗ, ਬੀਬੀਸੀ ਨਿਊਜ਼, ਥੈਮ ਲੁਆਂਗ ਗੁਫ਼ਾ
ਬਚਾਅ ਕਾਰਜਾਂ 'ਚ ਲੱਗੀਆਂ ਟੀਮਾਂ ਬਹੁਤ ਹੀ ਮੁਸ਼ਕਿਲ ਹਾਲਾਤ 'ਚ ਕੰਮ ਕਰ ਰਹੀਆਂ ਹਨ।

ਤਸਵੀਰ ਸਰੋਤ, Thai Navi Seal
ਗਰਮੀ ਦਾ ਕਹਿਰ ਜਾਰੀ ਹੈ ਅਤੇ ਤਾਪਮਾਨ 30 ਡਿਗਰੀ ਦੇ ਪਾਰ ਪਹੁੰਚ ਗਿਆ ਹੈ, ਬਹੁਤੀਆਂ ਥਾਵਾਂ ਚਿੱਕੜ ਵਿੱਚ ਡੁੱਬ ਗਈਆਂ ਹਨ ਅਤੇ ਚਿੱਕੜ ਕਰਕੇ ਮੋਟੀ ਪਰਤ ਬਣ ਗਈ ਹੈ ਜਿਸ ਕਾਰਨ ਵੱਧ ਤਿਲਕਣ ਹੋ ਗਈ ਹੈ।
ਪਰ ਫਿਰ ਵੀ ਬਚਾਅ ਲਈ ਕੰਮ ਜ਼ੋਰਾਂ 'ਤੇ ਹੈ - ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਜੇ ਇੱਕ ਵਾਰ ਮਾਨਸੂਨ ਸ਼ੁਰੂ ਹੋ ਗਿਆ ਤਾਂ ਬਚਾਅ ਕਾਰਜਾਂ ਲਈ ਵੱਧ ਪ੍ਰੇਸ਼ਾਨੀ ਹੋਵੇਗੀ।
ਇਹ ਵੀ ਪੜ੍ਹੋ:
ਉੱਧਰ, ਦੂਜੇ ਪਾਸੇ ਸੈਂਕੜੇ ਕਰਮਚਾਰੀ ਘਟਨਾ ਵਾਲੀ ਥਾਂ ਨੂੰ ਸਹੀ ਢੰਗ ਨਾਲ ਰੱਖਣ ਵਿੱਚ ਮਦਦ ਕਰ ਰਹੇ ਹਨ। ਥਾਈ ਰੌਇਲ ਕਿਚਨ ਦੇ ਕਰਮਚਾਰੀ ਗਰਮ ਭੋਜਣ ਮੁਹੱਈਆ ਕਰਵਾ ਰਹੇ ਹਨ ਅਤੇ ਵਾਲੰਟੀਅਰ ਪਾਣੀ ਦੀਆਂ ਬੋਤਲਾਂ ਦੇ ਕੇ ਸੇਵਾਵਾਂ ਦੇ ਰਹੇ ਹਨ।

ਤਸਵੀਰ ਸਰੋਤ, Reuters
ਵਾਲੰਟੀਅਰ ਦੇ ਤੌਰ 'ਤੇ ਸੇਵਾਵਾਂ ਦੇ ਰਹੇ ਇੱਕ ਸਥਾਨਕ ਵਿਅਕਤੀ ਨੇ ਕਿਹਾ ਕਿ ਉਹ ਮੁੰਡਿਆਂ ਨੂੰ ਨਿੱਜੀ ਤੌਰ 'ਤੇ ਨਹੀਂ ਜਾਣਦੇ ਪਰ ਫਿਰ ਵੀ ਉਨ੍ਹਾਂ ਨੇ ਮਦਦ ਕਰਨ ਦਾ ਫ਼ੈਸਲਾ ਕੀਤਾ। ਇਸ ਬਾਰੇ ਉਨ੍ਹਾਂ ਕਿਹਾ, ''ਗੁਫ਼ਾ 'ਚ ਫਸੇ ਮੁੰਡਿਆਂ ਨੂੰ ਮੈਂ ਆਪਣੇ ਭਰਾ ਮੰਨਦਾ ਹਾਂ''
ਇਸ ਤੋਂ ਪਹਿਲਾਂ ਥਾਈ ਫ਼ੌਜ ਨੇ ਕਿਹਾ ਸੀ ਕੇ ਜੇ ਉਹ ਤੈਰ ਨਹੀਂ ਸਕਦੇ ਤਾਂ ਗਰੁੱਪ ਨੂੰ ਚਾਰ ਮਹੀਨਿਆਂ ਤੱਕ ਹੜ੍ਹਾਂ ਦਾ ਇੰਤਜ਼ਾਰ ਕਰਨਾ ਹੋਵੇਗਾ।












