ਅਮਰੀਕਾ 'ਚ ਅਖ਼ਬਾਰ ਦੇ ਦਫ਼ਤਰ 'ਤੇ ਹਮਲਾ, 5 ਮੌਤਾਂ

ਅਮਰੀਕਾ ਵਿੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੈਰੀਲੈਂਡ ਸੂਬੇ ਵਿੱਚ ਇੱਕ ਸਥਾਨਕ ਅਖ਼ਬਾਰ ਦੇ ਦਫ਼ਤਰ ਵਿੱਚ ਹਮਲਾ ਕੀਤਾ ਗਿਆ ਹੈ, ਜਿੱਥੇ ਹੋਈ ਗੋਲੀਬਾਰੀ ਵਿੱਚ ਘੱਟੋ ਘੱਟ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕੁਝ ਜ਼ਖ਼ਮੀ ਵੀ ਹੋ ਗਏ ਹਨ।

ਪੁਲਿਸ ਮੁਤਾਬਕ ਗੋਲੀਆਂ ਚਲਾਉਣ ਵਾਲੇ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਕੈਪੀਟਲ ਗਜ਼ਟ ਨਾਮ ਦੇ ਇਸ ਅਖ਼ਬਾਰ ਵਿੱਚ ਹਮਲੇ ਵੇਲੇ ਕਈ ਲੋਕ ਮੌਜੂਦ ਸਨ।

ਇੱਕ ਪੱਤਰਕਾਰ ਮੁਤਾਬਕ ਬੰਦੂਕਧਾਰੀ ਨੇ ਕੱਚ ਦੇ ਦਰਵਾਜ਼ੇ ਨੂੰ ਆਪਣਾ ਨਿਸ਼ਾਨਾ ਬਣਾਇਆ, ਜਿਸ ਦੇ ਪਿੱਛੇ ਕਈ ਕਰਮਚਾਰੀ ਮੌਜੂਦ ਸਨ।

ਪੁਲਿਸ ਦਾ ਕਹਿਣਾ ਹੈ ਕਿ ਫੜ੍ਹੇ ਗਏ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਕੈਪੀਟਲ ਗਜ਼ਟ ਇੱਕ ਰੋਜ਼ਾਨਾ ਅਖ਼ਬਾਰ ਹੈ, ਜਿਸ ਦੀ ਇੱਕ ਡਿਜੀਟਲ ਵੈਬਸਾਈਟ ਵੀ ਹੈ। ਇਸ ਦਾ ਸੰਬੰਧ ਬਾਲਟੀਮੋਰ ਸੰਨ ਮੀਡੀਆ ਗਰੁੱਪ ਨਾਲ ਹੈ।

ਕੀ ਕਿਹਾ ਦਫ਼ਤਰ 'ਚ ਫਸੇ ਰਿਪੋਰਟਰਾਂ ਨੇ?

ਕੈਪੀਟਲ ਗਜ਼ਟ ਦੇ ਕ੍ਰਾਈਮ ਰਿਪੋਰਟਰ ਫਿਲ ਡੇਵਿਸ ਨੇ ਟਵੀਟ ਕੀਤਾ, "ਇਸ ਤੋਂ ਖੌਫ਼ਨਾਕ ਕੁਝ ਨਹੀਂ ਕਿ ਤੁਸੀਂ ਆਪਣੇ ਟੇਬਲ ਦੇ ਹੋਠਾਂ ਲੁਕੇ ਹੋਏ ਹੋ ਅਤੇ ਲੋਕਾਂ ਨੂੰ ਗੋਲੀਆਂ ਮਾਰੇ ਜਾਣ ਦੀ ਆਵਾਜ਼ ਆ ਰਹੀ ਹੈ ਅਤੇ ਫੇਰ ਤੁਸੀਂ ਬੰਦੂਕਧਾਰੀ ਨੂੰ ਬੰਦੂਕ ਲੋਡ ਕਰਦਿਆਂ ਸੁਣਦੇ ਹੋ।"

ਫਿਲ ਨੇ ਦਫ਼ਤਰ ਤੋਂ ਸੁਰੱਖਿਅਤ ਬਾਹਰ ਨਿਕਲਣ ਤੋਂ ਬਾਅਦ ਕਈ ਟਵੀਟ ਕੀਤੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)