ਪ੍ਰਵਾਸੀ ਬੱਚਿਆਂ ਦੀਆਂ ਤਸਵੀਰਾਂ ਵੇਖ ਮੇਰਾ ਦਿਲ ਪਸੀਜ ਗਿਆ - ਡੌਨਲਡ ਟਰੰਪ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਹਿਰਾਸਤ ਵਿੱਚ ਲਏ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਵੱਖ ਨਾ ਕੀਤੇ ਜਾਣ ਦੇ ਹੁਕਮਾਂ 'ਤੇ ਦਸਤਾਖ਼ਤ ਕਰ ਦਿੱਤੇ ਹਨ।
ਉਨ੍ਹਾਂ ਨੇ ਵਾਅਦਾ ਕੀਤਾ ਹੈ ਕਿ ਹੁਣ ਪ੍ਰਵਾਸੀ ਪਰਿਵਾਰ ਇਕੱਠੇ ਹੀ ਰਹਿਣਗੇ।
ਇਸ ਹੁਕਮ ਵਿੱਚ ਕਿਹਾ ਗਿਆ ਹੈ ਕਿ ਹੁਣ ਗੈਰ ਕਾਨੂੰਨੀ ਪ੍ਰਵਾਸੀ ਪਰਿਵਾਰਾਂ ਨੂੰ ਇਕੱਠੇ ਹੀ ਹਿਰਾਸਤ ਵਿੱਚ ਲਿਆ ਜਾਵੇਗਾ।
ਪਰ ਜੇ ਮਾਪਿਆਂ ਨੂੰ ਹਿਰਾਸਤ ਵਿੱਚ ਲਏ ਜਾਣ ਨਾਲ ਬੱਚਿਆਂ 'ਤੇ ਮਾੜਾ ਅਸਰ ਪੈਣ ਦਾ ਖਦਸ਼ਾ ਹੋਵੇ ਤਾਂ ਉਨ੍ਹਾਂ ਨੂੰ ਵੱਖ ਰੱਖਿਆ ਜਾਵੇਗਾ।
ਹੁਕਮ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਬੱਚਿਆਂ ਨੂੰ ਉਨ੍ਹਾਂ ਦੇ ਮਾਂਪਿਆਂ ਤੋਂ ਕਿੰਨੇ ਵਕਤ ਲਈ ਵੱਖ ਰੱਖਿਆ ਜਾਵੇਗਾ ਨਾਲ ਹੀ ਟਰੰਪ ਦਾ ਇਹ ਹੁਕਮ ਕਦੋਂ ਤੋਂ ਲਾਗੂ ਕੀਤਾ ਜਾਵੇਗਾ, ਇਸ ਬਾਰੇ ਵੀ ਕੁਝ ਸਾਫ਼ ਨਹੀਂ ਹੈ।
'ਬੱਚਿਆਂ ਦੀ ਤਸਵੀਰਾਂ ਦੇਖ ਕੇ ਦਿਲ ਪਸੀਜ ਗਿਆ'
ਟਰੰਪ ਨੇ ਕਿਹਾ ਹੈ ਕਿ ਉਹ ਆਪਣੇ ਮਾਂਪਿਆਂ ਤੋਂ ਵੱਖ ਹੋਏ ਬੱਚਿਆਂ ਦੀਆਂ ਤਸਵੀਰਾਂ ਦੇਖ ਕੇਪਸੀਜ ਗਏ ਅਤੇ ਇਸ ਲਈ ਉਨ੍ਹਾਂ ਨੇ ਇਹ ਹੁਕਮ ਜਾਰੀ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪ ਵੀ ਪਰਿਵਾਰਾਂ ਨੂੰ ਵੱਖ ਹੁੰਦਿਆਂ ਵੇਖਣਾ ਪਸੰਦ ਨਹੀਂ ਹੈ।

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਅਤੇ ਧੀ ਇਵਾਂਕਾ ਵੀ ਪਰਿਵਾਰਾਂ ਨੂੰ ਇਕੱਠੇ ਰੱਖਣ ਦੀ ਹਮਾਇਤ ਕਰਦੀ ਹੈ।
ਮੀਡੀਆ ਰਿਪੋਰਟਸ ਅਨੁਸਾਰ ਮੇਲਾਨੀਆ ਤੇ ਇਵਾਂਕਾ, ਟਰੰਪ 'ਤੇ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਲਈ ਬਣੇ ਵਿਵਾਦਤ ਕਾਨੂੰਨ ਵਿੱਚ ਨਰਮ ਰੁਖ਼ ਅਪਨਾਉਣ ਦਾ ਦਬਾਅ ਪਾ ਰਹੀਆਂ ਸਨ।
ਡੌਨਲਡ ਟਰੰਪ ਦੇ ਇਸ ਹੁਕਮ 'ਤੇ ਦਸਤਾਖ਼ਤ ਕਰਨ ਦੇ ਕੁਝ ਦੇਰ ਬਾਅਦ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਦਾ ਸਵਾਗਤ ਕਰਨ ਦਾ ਤਰੀਕਾ ਲੱਭਣਾ ਹੀ ਅਮਰੀਕਾ ਦੀ ਰਵਾਇਤ ਹੈ।

ਤਸਵੀਰ ਸਰੋਤ, Barak obama/facebook
ਪਹਿਲਾਂ ਕੀ ਸੀ ਟਰੰਪ ਦਾ ਰੁਖ?
ਇਸ ਤੋਂ ਪਹਿਲਾਂ ਟਰੰਪ ਨੇ ਵਿਰੋਧੀ ਡੈਮੋਕਰੈਟਿਕ ਪਾਰਟੀ ਦੇ ਮੈਂਬਰਾਂ 'ਤੇ ਉਨ੍ਹਾਂ ਦੇ ਕੰਮ ਵਿੱਚ ਰੁਕਾਵਟ ਪੈਦਾ ਕਰਨ ਦਾ ਇਲਜ਼ਾਮ ਲਾਇਆ ਸੀ।
ਉਨ੍ਹਾਂ ਨੇ ਪ੍ਰਵਾਸੀਆਂ ਲਈ ਬਣਾਈ ਗਈ ਆਪਣੀ ਜ਼ੀਰੋ ਟੋਲਰੈਂਸ ਨੀਤੀ ਦਾ ਬਚਾਅ ਵੀ ਕੀਤਾ ਸੀ। ਟਰੰਪ ਨੇ ਇਹ ਵੀ ਕਿਹਾ ਸੀ ਕਿ ਯੂਰਪੀ ਦੇਸਾਂ ਨੇ ਲੱਖਾਂ ਪ੍ਰਵਾਸੀਆਂ ਨੂੰ ਆਪਣੀ ਥਾਂ ਦੇ ਕੇ ਵੱਡੀ ਗਲਤੀ ਕੀਤੀ ਹੈ।
ਕੀ ਹੈ ਵਿਵਾਦਤ ਕਾਨੂੰਨ?
ਵਿਵਾਦਤ ਕਾਨੂੰਨ ਅਨੁਸਾਰ ਅਮਰੀਕਾ ਦੀ ਸਰਹੱਦ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਵੜਨ ਵਾਲਿਆਂ 'ਤੇ ਅਪਰਾਧਿਕ ਮਾਮਲਾ ਦਰਜ ਕਰ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਂਦਾ ਹੈ।
ਅਜਿਹੇ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਵੀ ਵੱਖ ਰੱਖਿਆ ਜਾਂਦਾ ਹੈ।
ਇਨ੍ਹਾਂ ਬੱਚਿਆਂ ਦੀ ਦੇਖਭਾਲ ਅਮਰੀਕਾ ਦਾ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸੇਜ ਕਰਦਾ ਹੈ। ਇਸ ਤੋਂ ਪਹਿਲਾਂ ਬਿਨਾਂ ਜ਼ਰੂਰੀ ਦਸਤਾਵੇਜ਼ ਦੇ ਪਹਿਲੀ ਵਾਰ ਸਰਹੱਦ ਪਾਰ ਕਰਕੇ ਆਉਣ ਵਾਲੇ ਪ੍ਰਵਾਸੀਆਂ ਨੂੰ ਅਦਾਲਤ ਵਿੱਚ ਬੁਲਾਇਆ ਜਾਂਦਾ ਸੀ।
ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਮਨ ਭੇਜੇ ਜਾਣ ਦੇ ਬਾਵਜੂਦ ਇਹ ਪ੍ਰਵਾਸੀ ਕਦੇ ਵੀ ਅਦਾਲਤ ਵਿੱਚ ਪੇਸ਼ ਨਹੀਂ ਹੁੰਦੇ ਸੀ ਇਸ ਲਈ ਇਨ੍ਹਾਂ 'ਤੇ ਸਿੱਧਾ ਅਪਰਾਧਿਕ ਮਾਮਲਾ ਦਰਜ ਕੀਤੇ ਜਾਣ ਦਾ ਨਿਯਮ ਲਾਗੂ ਕਰਨਾ ਪਿਆ।

ਨਵੇਂ ਕਾਨੂੰਨ ਅਨੁਸਾਰ ਵੀ ਗੈਰ ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਵਾਲਿਆਂ ਨੂੰ ਹਿਰਾਸਤ ਵਿੱਚ ਲਿਆ ਜਾਵੇਗਾ ਅਤੇ ਜੇਲ੍ਹ ਭੇਜਿਆ ਜਾਵੇਗਾ ਪਰ ਇਕੱਠੇ।
ਟਰੰਪ ਦੇ ਨਵੇਂ ਹੁਕਮਾਂ ਵਿੱਚ ਇਹ ਵੀ ਸਾਫ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਅਮਰੀਕਾ ਦੀ 'ਜ਼ੀਰੋ ਟੌਲਰੈਂਸ ਪੌਲਿਸੀ' ਪਹਿਲਾਂ ਵਾਂਗ ਹੀ ਲਾਗੂ ਹੋਵੇਗੀ।













