ਟਰੰਪ ਨਾਲ ਮੁਲਾਕਾਤ ਲਈ ਇਹ ਹੈ ਕਿਮ ਜੋਂਗ ਦਾ ਏਜੰਡਾ

ਤਸਵੀਰ ਸਰੋਤ, Reuters
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਉੱਤਰੀ ਕੋਰੀਆ ਦੇ ਪਰਮਾਣੂ ਹਥਿਆਰਾਂ ਦੇ ਪੂਰਨ ਖਾਤਮੇ ਤੋਂ ਘੱਟ 'ਤੇ ਨਹੀ ਮੰਨਣਗੇ।
ਮਾਈਕ ਪੋਮਪਿਓ ਨੇ ਇਹ ਇਹ ਬਿਆਨ ਵਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਮੁਲਾਕਾਤ ਤੋਂ ਠੀਕ ਪਹਿਲਾਂ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਬੀਤੇ ਵਕਤ ਵਿੱਚ ਹੋਏ ਅਜਿਹੇ ਕਰਾਰ ਖ਼ਤਮ ਕਰਨਾ ਚਾਹੁੰਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਵੱਲੋਂ ਕਮਜ਼ੋਰ ਕਰਾਰ ਦੱਸਿਆ ਗਿਆ ਹੈ।
ਦੂਸਰੇ ਪਾਸੇ ਉੱਤਰੀ ਕੋਰੀਆ ਅਤੇ ਅਮਰੀਕਾ ਦੇ ਸਭ ਤੋਂ ਵੱਡੇ ਆਗੂਆਂ ਦੀ ਇਸ ਇਤਿਹਾਸਕ ਮੁਲਾਕਾਤ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ਤੇ ਡੌਨਲਡ ਟਰੰਪ ਅਤੇ ਕਿਮ ਜੋਂਗ ਉਨ ਮੁਲਾਕਾਤ ਦੇ ਲਈ ਸਿੰਗਾਪੁਰ ਪਹੁੰਚ ਚੁੱਕੇ ਹਨ।

ਤਸਵੀਰ ਸਰੋਤ, Getty Images
ਜੇ ਸਭ ਕੁਝ ਤੈਅ ਪ੍ਰੋਗਰਾਮ ਦੇ ਮੁਤਾਬਕ ਹੋਇਆ ਤਾਂ ਮੰਗਲਵਾਰ ਦੇ ਦਿਨ ਇਹ ਇਤਿਹਾਸਕ ਮੁਲਾਕਾਤ ਹੋਵੇਗੀ।
ਏਜੰਡਾ ਕੁਝ ਹੱਦ ਤੱਕ ਸਾਫ਼
ਅਮਰੀਕਾ ਨੇ ਇਸ ਮੁਲਾਕਾਤ ਤੋਂ ਪਹਿਲਾਂ ਸ਼ਰਤ ਰੱਖੀ ਸੀ ਕਿ ਉੱਤਰੀ ਕੋਰੀਆ ਨੂੰ ਆਪਣਾ ਪਰਮਾਣੂ ਪ੍ਰੋਗਰਾਮ ਬੰਦ ਕਰਨ ਪਵੇਗਾ ਪਰ ਇਸ ਦੇ ਬਦਲੇ ਉੱਤਰੀ ਕੋਰੀਆ ਕੀ ਚਾਹੁੰਦਾ ਹੈ ਇਹ ਅਜੇ ਤੱਕ ਸਾਫ਼ ਨਹੀਂ ਹੋ ਸਕਿਆ ਹੈ।
ਹੁਣ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਡੌਨਲਡ ਟਰੰਪ ਨਾਲ ਆਪਣੀ ਮੁਲਾਕਾਤ ਦਾ ਏਜੰਡਾ ਕੁਝ ਹੱਦ ਤੱਕ ਸਾਫ਼ ਕਰ ਦਿੱਤਾ ਹੈ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਕਿਹਾ ਹੈ ਕਿ ਉਹ ਟਰੰਪ ਦੇ ਨਾਲ ਪੂਰੇ ਤਰੀਕੇ ਨਾਲ ਸ਼ਾਂਤੀ ਸਥਾਪਿਤ ਕਰਨ ਵਾਲੇ ਤਰੀਕਿਆਂ 'ਤੇ ਗੱਲਬਾਤ ਕਰਨਗੇ।
ਕਿਮ ਨੇ ਕਿਹਾ ਕਿ ਪੂਰੀ ਦੁਨੀਆਂ ਇਸ ਮੁਲਾਕਾਤ ਵੱਲ ਦੇਖ ਰਹੀ ਹੈ। ਉੱਥੇ ਹੀ ਟਰੰਪ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਇਸ ਮੁਲਾਕਾਤ ਦੇ ਸਕਾਰਾਤਮਕ ਹੋਣ ਦਾ ਅਹਿਸਾਸ ਹੈ।
ਯੁੱਗ ਪਲਟੇ ਦੀ ਸ਼ੁਰੂਆਤ
ਉੱਤਰੀ ਕੋਰੀਆ ਦੇ ਸਰਕਾਰੀ ਅਖ਼ਬਾਰ ਵਿੱਚ ਪ੍ਰਕਾਸ਼ਿਤ ਇੱਕ ਸੰਪਾਦਕੀ ਵਿੱਚ ਇਸ ਗੱਲ ਦੇ ਸੰਕੇਤ ਦਿੱਤੇ ਗਏ ਹਨ ਕਿ ਇਸ ਮੁਲਾਕਾਤ ਵਿੱਚ ਅਮਰੀਕਾ ਦੇ ਨਾਲ ਚੰਗੇ ਸਬੰਧ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਹੋਵੇਗੀ।
ਸਰਕਾਰੀ ਅਖ਼ਬਾਰ ਰੋਡੋਂਗ ਸਿਨਮੁਨ ਨੇ ਆਪਣੀ ਸੰਪਾਦਕੀ ਵਿੱਚ ਲਿਖਿਆ ਹੈ ਕਿ ਉੱਤਰੀ ਕੋਰੀਆ ਅਮਰੀਕਾ ਦੇ ਨਾਲ ਆਪਣੇ ਰਿਸ਼ਤੇ ਸੁਧਾਰਨ ਦੀ ਦਿਸ਼ਾ ਵੱਲ ਕੰਮ ਕਰੇਗਾ।
ਸੰਪਾਦਕੀ ਵਿੱਚ ਲਿਖਿਆ ਗਿਆ ਹੈ, "ਭਾਵੇਂ ਕਿਸੇ ਦੇਸ ਨਾਲ ਸਾਡੇ ਰਿਸ਼ਤੇ ਪਹਿਲਾਂ ਖਰਾਬ ਰਹੇ ਹੋਣ ਪਰ ਜੇ ਉਹ ਦੇਸ ਸਾਡੀ ਆਜ਼ਾਦੀ ਦਾ ਸਨਮਾਨ ਕਰਦਾ ਹੈ ਤਾਂ ਅਸੀਂ ਵੀ ਉਨ੍ਹਾਂ ਦੇ ਨਾਲ ਗੱਲਬਾਤ ਜ਼ਰੀਏ ਚੰਗੇ ਰਿਸ਼ਤੇ ਕਾਇਮ ਰੱਖਣ ਵਿੱਚ ਵਿਸ਼ਵਾਸ ਰੱਖਦੇ ਹਾਂ।''
ਉੱਥੇ ਹੀ ਉੱਤਰੀ ਕੋਰੀਆ ਦੀ ਸਰਕਾਰੀ ਖ਼ਬਰ ਏਜੰਸੀ ਕੇਸੀਐੱਨਏ ਵੱਲੋਂ ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਦੋਵੇਂ ਹੀ ਨੇਤਾ ਕੋਰੀਆਈ ਪ੍ਰਾਇਦੀਪ ਵਿੱਚ ਨਿਸ਼ਚਿਤ ਅਤੇ ਲੰਬੇ ਟਿਕਾਊ ਸ਼ਾਂਤੀ ਸਥਾਪਿਤ ਕਰਨ ਬਾਰੇ ਗੱਲਬਾਤ ਕਰਨਗੇ।

ਤਸਵੀਰ ਸਰੋਤ, Reuters
ਇਸਦੇ ਇਲਾਵਾ ਕੋਰੀਆਈ ਪ੍ਰਾਇਦੀਪ ਦੇ ਪਰਮਾਣੂ ਹਥਿਆਰ ਖ਼ਤਮ ਕਰਨ ਅਤੇ ਹੋਰ ਸਾਂਝੇ ਮੁੱਦਿਆਂ 'ਤੇ ਵੀ ਗੱਲਬਾਤ ਹੋਵੇਗੀ।
ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਬਦਲਦੇ ਜੁਗ ਦੀ ਸ਼ੁਰੂਆਤ ਹੈ।
ਟਰੰਪ ਦੀ ਤਿਆਰੀ?
ਬੀਬੀਸੀ ਦੇ ਉੱਤਰੀ ਅਮਰੀਕਾ ਦੇ ਸੰਪਾਦਕ ਜੌਨ ਸੋਪੇਲ ਨੇ ਕਿਹਾ, "ਅੱਜ ਅਸੀਂ ਜਿਸ ਮੁਲਾਕਾਤ ਦਾ ਇੰਤਜ਼ਾਰ ਕਰ ਰਹੇ ਹਾਂ, ਉਹ ਮੁਲਾਕਾਤ ਰਵਾਇਤੀ ਸਿਆਸਤ ਦੇ ਰਸਤੇ ਨਾਲ ਕਦੇ ਵੀ ਮੁਮਕਿਨ ਨਹੀਂ ਹੋ ਸਕਦੀ ਸੀ।''
ਜੌਨ ਸੋਪੇਲ ਕਹਿੰਦੇ ਹਨ, "ਅਸੀਂ ਇੱਥੇ ਤੱਕ ਇਸ ਲਈ ਪਹੁੰਚੇ ਹਾਂ ਕਿਉਂਕਿ ਰਾਸ਼ਟਰਪਤੀ ਟਰੰਪ ਨੇ ਰਵਾਇਤੀ ਕੂਟਨੀਤਿਕ ਤਰੀਕਿਆਂ ਨੂੰ ਛੱਡ ਕੇ ਨਵੇਂ ਰਾਹ ਅਪਣਾਏ ਹਨ।''
ਜੌਨ ਸੋਪੇਲ ਅਨੁਸਾਰ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਮੁਲਾਕਾਤ ਦੇ ਲਈ ਕੋਈ ਤਿਆਰੀ ਨਹੀਂ ਕੀਤੀ ਹੈ।
ਕੋਰੀਆਈ ਪ੍ਰਾਇਦੀਪ ਵਿੱਚ ਪਰਮਾਣੂ ਹਥਿਆਰ ਕਿਸ ਤਰ੍ਹਾਂ ਖ਼ਤਮ ਹੋਣਗੇ, ਇਸ ਦੇ ਲਈ ਕਿਹੜੀ ਪ੍ਰਕਿਰਿਆ ਅਪਣੀਆ ਜਾਵੇਗੀ, ਇਹ ਵੀ ਅਜੇ ਤੈਅ ਨਹੀਂ ਹੈ।

ਤਸਵੀਰ ਸਰੋਤ, EPA
ਉੱਥੇ ਹੀ ਇਸਦੇ ਬਦਲੇ ਵਿੱਚ ਅਮਰੀਕਾ ਉੱਤਰੀ ਕੋਰੀਆ ਤੋਂ ਕਿੰਨੀਆਂ ਪਾਬੰਦੀਆਂ ਹਟਾਵੇਗਾ ਅਤੇ ਉਸਦੀ ਸੁਰੱਖਿਆ ਦੀ ਕੀ ਗਾਰੰਟੀ ਰਹੇਗੀ, ਇਹ ਸਾਰੇ ਮੁੱਦੇ ਕਾਫੀ ਗੁੰਝਲਦਾਰ ਹਨ।
ਜੌਨ ਮੰਨਦੇ ਹਨ ਕਿ ਭਾਵੇਂ ਜੋ ਵੀ ਹੋਵੇ ਫਿਲਹਾਲ ਇੱਕ ਸਕਾਰਾਤਮਕ ਕਦਮ ਹੈ।
ਐਤਵਾਰ ਨੂੰ ਸਿੰਗਾਪੁਰ ਪਹੁੰਚਣ ਤੋਂ ਬਾਅਦ ਦੋਵੇਂ ਆਗੂ ਵੱਖ-ਵੱਖ ਹੋਟਲ ਵਿੱਚ ਠਹਿਰੇ ਹੋਏ ਹਨ। ਕਿਮ ਸਿੰਗਾਪੁਰ ਦੇ ਫਾਈਵ ਸਟਾਰ ਹੋਟਲ ਸੈਂਟ ਰੈਜਿਸ ਵਿੱਚ ਠਹਿਰੇ ਹਨ ਤਾਂ ਟਰੰਪ ਉਸ ਤੋਂ ਥੋੜ੍ਹੀ ਹੀ ਦੂਰ ਸ਼ੰਗਰੀ ਲਾ ਹੋਟਲ ਦੇ ਮਹਿਮਾਨ ਹਨ।
ਦੋਵੇਂ ਆਗੂਆਂ ਦੀ ਮੁਲਾਕਾਤ ਸੇਨਟੋਸਾ ਟਾਪੂ ਦੇ ਆਲੀਸ਼ਾਨ ਕਪੇਲੇ ਹੋਟਲ ਵਿੱਚ ਹੋਣੀ ਹੈ।












