ਕਿਮ ਜੋਂਗ ਨੂੰ ਮਿਲਣਗੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ

ਤਸਵੀਰ ਸਰੋਤ, EPA
ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਉੱਤਰੀ ਕੋਰੀਆ ਜਾਣ ਦੀ ਯੋਜਨਾ ਬਣਾ ਰਹੇ ਹਨ।
ਉੱਤਰੀ ਕੋਰੀਆ ਦੀ ਸਰਕਾਰੀ ਖ਼ਬਰ ਏਜੰਸੀ ਕੇਸੀਐਨਏ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਲ 2011 ਵਿੱਚ ਦੇਸ਼ ਦੀ ਕਮਾਨ ਸਾਂਭਣ ਮਗਰੋਂ ਪਹਿਲੀ ਬਾਰ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਕਿਸੇ ਦੇਸ ਦੀ ਮੇਜਬਾਨੀ ਕਰਨਗੇ।
ਅੱਜਕੱਲ ਕਿਮ ਜੋਂਗ ਉਨ ਕੂਟਨੀਤਕ ਮੋਰਚੇ ਉੱਤੇ ਕਾਫੀ ਸਰਗਰਮ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਮਈ ਵਿੱਚ ਚੀਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਅਤੇ ਇਸੇ ਮਹੀਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਉਨ੍ਹਾਂ ਦੀ ਮੁਲਾਕਾਤ ਤੈਅ ਹੈ।
ਹਾਲੇ ਸੀਰੀਆ ਨੇ ਅਸਦ ਦੇ ਉੱਤਰੀ ਕੋਰੀਆ ਦੇ ਦੌਰੇ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਸੀਰੀਆ ਦੀ ਗਿਣਤੀ ਉੱਤਰੀ ਕੋਰੀਆ ਦੇ ਸਹਿਯੋਗੀ ਦੇਸ ਦੇ ਤੌਰ 'ਤੇ ਹੁੰਦੀ ਹੈ।
ਦੋਹਾਂ ਮੁਲਕਾਂ ਉੱਤੇ ਕੈਮੀਕਲ ਹਥਿਆਰਾਂ ਨੂੰ ਲੈ ਕੇ ਇੱਕ ਦੂਜੇ ਨਾਲ ਸਹਿਯੋਗ ਕਰਨ ਦੇ ਇਲਜ਼ਾਮ ਲੱਗਦੇ ਰਹੇ ਹਨ। ਉਹ ਗੱਲ ਵੱਖਰੀ ਹੈ ਕਿ ਇਸ ਗੱਲ ਨੂੰ ਦੋਵੇਂ ਮੁਲਕ ਖਾਰਿਜ ਕਰਦੇ ਰਹੇ ਹਨ।
ਉੱਤਰੀ ਕੋਰੀਆ ਦੀ ਖ਼ਬਰ ਏਜੰਸੀ ਨੇ ਅਸਦ ਦੀ ਯਾਤਰੀ ਦੀ ਕੋਈ ਤਰੀਕ ਨਹੀਂ ਦੱਸੀ ਹੈ।
ਏਜੰਸੀ ਮੁਤਾਬਕ ਅਸਦ ਨੇ ਕਿਹਾ, ''ਮੈਂ ਕਿਮ ਜੋਂਗ ਉਨ ਨੂੰ ਮਿਲਣ ਉੱਤਰੀ ਕੋਰੀਆ ਜਾ ਰਿਹਾ ਹਾਂ।''

ਤਸਵੀਰ ਸਰੋਤ, AFP
ਅਸਦ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਕਿ ਜੋਂਗ ਉਨ ਅੰਤਮ ਜਿੱਤ ਹਾਸਿਲ ਕਰਨਗੇ ਅਤੇ ਬਿਨਾ ਅਸਫਲ ਹੋਏ ਦੋਵੇਂ ਕੋਰੀਆਈ ਮੁਲਕ ਇੱਕ ਹੋਣਗੇ।
ਉੱਤਰੀ ਕੋਰੀਆ ਨੇ 1966 ਵਿੱਚ ਸੀਰੀਆ ਨਾਲ ਸਿਆਸੀ ਸੰਬੰਧ ਬਣਾਏ ਸਨ ਅਤੇ ਅਰਬ-ਇਸਰਾਇਲ ਸੰਘਰਸ਼ ਦੇ ਸਮੇਂ ਉਨ੍ਹਾਂ ਨੇ ਅਕਤੂਬਰ 1973 ਵਿੱਚ ਆਪਣੀ ਤਰਫੋਂ ਫੌਜੀ ਦਸਤਾ ਅਤੇ ਹਥਿਆਰ ਭੇਜੇ ਸਨ।
ਇਸੇ ਸਾਲ ਫਰਵਰੀ ਵਿੱਚ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਉੱਤਰੀ ਕੋਰੀਆ ਨੇ 2012 ਅਤੇ 2017 ਵਿਚਾਲੇ ਸੀਰੀਆ ਨੂੰ ਕੈਮੀਕਲ ਹਥਿਆਰ ਬਣਾਉਣ ਵਿੱਚ ਮਦਦ ਕੀਤੀ ਸੀ।
ਅਸਦ ਉੱਤੇ ਸੱਤ ਸਾਲ ਦੇ ਗ੍ਰਹਿ ਯੁੱਧ ਦੌਰਾਨ ਕੈਮੀਕਲ ਹਥਿਆਰਾਂ ਦੀ ਵਰਤੋਂ ਕਰਨ ਦੇ ਇਲਜ਼ਾਮ ਲੱਗਦੇ ਰਹੇ ਹਨ, ਹਾਲਾਂਕਿ ਉਹ ਇਲਜ਼ਾਮਾਂ ਤੋਂ ਇਨਕਾਰ ਕਰਦੇ ਰਹੇ ਹਨ।












