ਪਰਮਾਣੂ ਬੰਬ ਦਾ ਬਟਨ ਮੇਰੀ ਡੈਸਕ 'ਤੇ ਲੱਗਾ ਹੈ: ਕਿਮ ਜੋਂਗ-ਉਨ

ਤਸਵੀਰ ਸਰੋਤ, Getty Images
ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ-ਉਨ ਨੇ ਅਮਰੀਕਾ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਪਰਮਾਣੂ ਬੰਬ ਨੂੰ ਲੌਂਚ ਕਰਨ ਦਾ ਬਟਨ ਹਮੇਸ਼ਾ ਉਨ੍ਹਾਂ ਦੇ ਡੈਸਕ 'ਤੇ ਰਹਿੰਦਾ ਹੈ ਯਾਨੀ 'ਅਮਰੀਕਾ ਕਦੇ ਵੀ ਜੰਗ ਨਹੀਂ ਸ਼ੁਰੂ ਕਰ ਸਕੇਗਾ'।
ਟੀਵੀ 'ਤੇ ਆਪਣੇ ਨਵੇਂ ਸਾਲ ਦੇ ਭਾਸ਼ਨ ਵਿੱਚ ਕਿਮ ਜੋਂਗ-ਉਨ ਨੇ ਦੱਸਿਆ ਕਿ ਪੂਰਾ ਅਮਰੀਕਾ ਉੱਤਰੀ ਕੋਰੀਆ ਦੇ ਪਰਮਾਣੂ ਹਥਿਆਰਾਂ ਦੀ ਹੱਦ ਵਿੱਚ ਹੈ ਅਤੇ ''ਇਹ ਧਮਕੀ ਨਹੀਂ, ਸੱਚਾਈ ਹੈ''।
ਕਿਮ ਨੇ ਇਸ ਸਾਲ ਦੱਖਣੀ ਕੋਰੀਆ ਨਾਲ ਸਬੰਧ ਸੁਧਰਨ ਦੀ ਉਮੀਦ ਜਤਾਈ।
ਹਾਲਾਂਕਿ, ਗੁਆਂਢੀ ਮੁਲਕ ਦੱਖਣੀ ਕੋਰੀਆ ਨੂੰ ਲੈ ਕੇ ਕਿਮ ਥੋੜੇ ਨਰਮ ਨਜ਼ਰ ਆਏ। ਉਨ੍ਹਾਂ ਸੰਕੇਤ ਦਿੱਤਾ ਕਿ ਉਹ ਦੱਖਣੀ ਕੋਰੀਆ ਦੇ ਨਾਲ ''ਗੱਲਬਾਤ ਲਈ ਤਿਆਰ ਹਨ''।
ਕਿਮ ਨੇ ਉੱਤਰੀ ਕੋਰੀਆ ਸੋਲ 'ਚ ਹੋਣ ਵਾਲੀਆਂ ਵਿੰਟਰ ਓਲੰਪਿਕ ਵਿੱਚ ਆਪਣੀ ਟੀਮ ਭੇਜ ਸਕਦਾ ਹੈ। ਦੱਖਣੀ ਕੋਰੀਆ ਵੀ ਕਹਿ ਚੁੱਕਾ ਹੈ ਕਿ ਅਜਿਹੇ ਕਦਮ ਦਾ ਸਵਾਗਤ ਕਰਾਂਗੇ।

ਤਸਵੀਰ ਸਰੋਤ, Getty Images
2018 ਉੱਤਰੀ ਅਤੇ ਦੱਖਣੀ ਕੋਰੀਆ ਲਈ ਇੱਕ ਅਹਿਮ ਸਾਲ ਹੈ। ਉੱਤਰੀ ਕੋਰੀਆ ਆਪਣੇ 70 ਸਾਲ ਪੂਰੇ ਕਰ ਰਿਹਾ ਹੈ ਅਤੇ ਦੱਖਣੀ ਕੋਰੀਆ ਵਿੰਟਰ ਓਲੰਪਿਕ ਦੀ ਮੇਜ਼ਬਾਨੀ।
ਦੱਖਣੀ ਕੋਰੀਆ 'ਤੇ ਬੋਲਦੇ ਹੋਏ ਕਿਮ ਨੇ ਅੱਗੇ ਕਿਹਾ, "ਦੋਵਾਂ ਕੋਰੀਆਈ ਮੁਲਕਾਂ ਨੂੰ ਦੇ ਅਧਿਕਾਰੀਆਂ ਨੂੰ ਸੰਭਾਵਨਾਵਾਂ ਦੀ ਭਾਲ ਲਈ ਤੁਰੰਤ ਮਿਲਣਾ ਚਾਹੀਦਾ ਹੈ।"
ਛੇ ਪਰਮਾਣੂ ਪਰੀਖਣ, ਕਈ ਮਿਜ਼ਾਈਲ ਟੈਸਟ
ਉੱਤਰੀ ਕੋਰੀਆ 'ਤੇ ਕਈ ਮਿਜ਼ਾਈਲ ਪਰੀਖਣਾਂ ਅਤੇ ਪਰਮਾਣੂ ਪ੍ਰੋਗਰਾਮਾਂ ਦੀ ਵਜ੍ਹਾ ਨਾਲ ਕਈ ਪਬੰਦੀਆਂ ਲਗਾਈਆਂ ਗਈਆਂ ਹਨ।
ਦੁਨੀਆਂ ਦੇ ਬਹੁਤੇ ਮੁਲਕ ਉੱਤਰੀ ਕੋਰੀਆ ਤੋਂ ਦੂਰੀ ਬਣਾ ਕੇ ਰੱਖਦੇ ਹਨ ਪਰ ਉਸਦੀ ਪਰਵਾਹ ਕੀਤੇ ਬਿਨਾਂ ਉੱਤਰੀ ਕੋਰੀਆ ਛੇ ਅੰਡਰਗ੍ਰਾਉਂਡ ਪਰੀਖਣ ਕਰ ਚੁੱਕਾ ਹੈ।

ਤਸਵੀਰ ਸਰੋਤ, VIDEO GRAB
ਨਵੰਬਰ 2017 ਵਿੱਚ ਉਸਨੇ ਹਵਾਸੋਂਗ-15 ਮਿਜ਼ਾਈਲ ਦਾ ਪਰੀਖਣ ਕੀਤਾ। ਇਹ ਮਿਜ਼ਾਈਲ 4,475 ਕਿੱਲੋਮੀਟਰ ਤੱਕ ਗਈ ਜੋ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਵੀ 10 ਗੁਣਾ ਜ਼ਿਆਦਾ ਉਚਾਈ ਹੈ।
ਉੱਤਰੀ ਕੋਰੀਆ ਦਾ ਦਾਅਵਾ ਹੈ ਕਿ ਉਸਦੇ ਕੋਲ ਲੌਂਚ ਲਈ ਤਿਆਰ ਪਰਮਾਣੂ ਹਥਿਆਰ ਹਨ ਪਰ ਕੌਮਾਂਤਰੀ ਭਾਈਚਾਰੇ ਦੇ ਕੁਝ ਹਲਕਿਆਂ ਵਿੱਚ ਅਜਿਹੀ ਚਰਚਾ ਹੈ ਕਿ ਕੀ ਉੱਤਰੀ ਕੋਰੀਆ ਕੋਲ ਸੱਚਮੁੱਚ ਅਜਿਹੇ ਹਥਿਆਰ ਹਨ ਜਿਨ੍ਹਾਂ ਦਾ ਉਹ ਦਾਅਵਾ ਕਰਦਾ ਹੈ।

ਤਸਵੀਰ ਸਰੋਤ, Getty Images
ਨਵੇਂ ਸਾਲ ਮੌਕੇ ਦਿੱਤੇ ਭਾਸ਼ਣ ਵਿੱਚ ਕਿਮ ਜੋਂਗ ਨੇ ਹਥਿਆਰਾਂ ਨੂੰ ਲੈ ਤੇ ਆਪਣੀ ਨੀਤੀ 'ਤੇ ਫ਼ਿਰ ਜ਼ੋਰ ਦਿੱਤਾ।
ਉਨ੍ਹਾਂ ਕਿਹਾ, "ਉੱਤਰੀ ਕੋਰੀਆ ਨੂੰ ਵੱਡੀ ਮਾਤਰਾ ਵਿੱਚ ਪਰਮਾਣੂ ਹਥਿਆਰ ਤੇ ਬੈਲਿਸਟਿਕ ਮਿਜ਼ਾਈਲਾਂ ਬਣਾਉਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਨੂੰ ਤਾਇਨਾਤ ਕਰਨ ਲਈ ਕੰਮ ਤੇਜ਼ੀ ਨਾਲ ਹੋਵੇ।"














