46 ਸਾਲਾਂ ਬਾਅਦ ਆਸਟਰੇਲੀਆ ਦਾ ਇਹ ਪੁਲਿਸਵਾਲਾ ਸਾਬਿਤ ਹੋਇਆ 'ਹੀਰੋ'

ਤਸਵੀਰ ਸਰੋਤ, CHRIS KNIGHT
ਆਸਟਰੇਲੀਆ ਦੇ ਸਾਬਕਾ ਡਿਟੈਕਟਿਵ ਡੈਨਿਸ ਰਿਆਨ ਨੂੰ ਉਸ ਸਮੇਂ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਜਦੋਂ ਉਨ੍ਹਾਂ ਨੇ ਬੱਚਿਆਂ ਦਾ ਜਿਣਸੀ ਸ਼ੋਸ਼ਣ ਕਰਨ ਵਾਲੇ ਪਾਦਰੀ ਨੂੰ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਦੀ ਸੇਵਾ ਬਰਖ਼ਾਸਤਗੀ ਨੂੰ 50 ਸਾਲ ਹੋ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੂੰ ਪੈਨਸ਼ਨ ਮਿਲੇਗੀ।
86 ਸਾਲਾ ਡੈਨਿਸ ਨੂੰ ਹਾਲ ਹੀ ਵਿੱਚ ਵਿਕਟੋਰੀਆ ਸੂਬੇ ਦੀ ਸਰਕਾਰ ਵੱਲੋਂ ਇਨਾਮ ਦਿੱਤਾ ਗਿਆ ਹੈ।
ਇਨਾਮ ਦੀ ਰਾਸ਼ੀ ਜਨਤਕ ਨਹੀਂ ਕੀਤੀ ਗਈ।
ਡੈਨਿਸ ਰਿਆਨ ਨੇ ਕਿਹਾ, "ਜਦੋਂ ਮੈਂ ਇਹ ਖ਼ਬਰ ਸੁਣੀ ਤਾਂ ਮੈਂ ਉਛਲ ਪਿਆ।"
'ਮੇਰੀ ਜ਼ਿੰਦਗੀ ਦੀ ਬਰਬਾਦੀ'
1970 ਦੇ ਦਹਾਕੇ ਵਿੱਚ ਰਿਆਨ ਨੇ ਇੱਕ ਖੇਤਰੀ ਸ਼ਹਿਰ ਮਿਲਡੁਰਾ ਵਿੱਚ ਇੱਕ ਪਾਦਰੀ ਜੌਨ ਡੇਅ ਨੂੰ ਜਿਣਸੀ ਜੁਰਮਾਂ ਲਈ ਨਾਮਜ਼ਦ ਕਰਨ ਦਾ ਯਤਨ ਕੀਤਾ।
ਉਨ੍ਹਾਂ ਦੇ ਸੀਨੀਅਰ ਅਧਿਕਾਰੀਆਂ ਨੇ ਕੇਸ ਛੱਡ ਦੇਣ ਲਈ ਕਿਹਾ। ਇਸ ਬਾਰੇ ਰਿਆਨ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਇਹ ਦਬਾਅ ਆਪਣੀ ਚਰਚ ਲਈ ਵਫ਼ਾਦਾਰੀ ਕਰਕੇ ਕੀਤਾ।
ਸਾਲ 2015 ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਜਾਂਚ ਲਈ ਬੈਠੇ ਇੱਕ ਕਮਿਸ਼ਨ ਦੀ ਪੈਰਵੀ ਦੌਰਾਨ ਵਿਕਟੋਰੀਆ ਪੁਲਿਸ ਦੇ ਚੀਫ਼ ਕਮਿਸ਼ਨਰ ਮਾਈਕ ਮਿਲਰ ਨੇ ਉਨ੍ਹਾਂ ਦੇ ਪੱਖ ਵਿੱਚ ਗਵਾਹੀ ਦਿੱਤੀ।
ਮਾਈਕ ਮਿਲਰ ਨੇ ਆਪਣੇ ਬਿਆਨ ਵਿੱਚ ਵਿਕਟੋਰੀਆ ਪੁਲਿਸ ਦੇ ਅਧਿਕਾਰੀਆਂ ਉੱਪਰ ਫਰਜ਼ ਪ੍ਰਤੀ ਅਣਗਹਿਲੀ ਵਰਤਣ, ਨਿਆਂ ਪ੍ਰਕਿਰਿਆ ਵਿੱਚ ਵਿਘਨ ਪਾਉਣ ਦੀ ਸਾਜਿਸ਼ ਘੜਨ ਅਤੇ ਦੂਸਰੇ ਅਫ਼ਸਰਾਂ ਨੂੰ ਇਸ ਸਾਜਿਸ਼ ਵਿੱਚ ਸ਼ਾਮਲ ਹੋਣ ਲਈ ਭੜਕਾਉਣ ਦੇ ਦੋਸ਼ ਲਾਏ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਰਿਆਨ ਦੀ ਇਸ ਕੇਸ ਕਰਕੇ ਬਦਲੀ ਵੀ ਕੀਤੀ ਗਈ।
ਉਹ ਪਰਿਵਾਰਕ ਕਾਰਨਾਂ ਕਰਕੇ ਇਸ ਨਵੀਂ ਥਾਂ 'ਤੇ ਨਾ ਜਾ ਸਕੇ ਅਤੇ ਉਨ੍ਹਾਂ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ।
ਅਸਤੀਫ਼ਾ ਦੇਣ ਕਰਕੇ ਉਨ੍ਹਾਂ ਨੂੰ ਪੈਨਸ਼ਨ ਨਹੀਂ ਦਿੱਤੀ ਗਈ। ਸਾਬਕਾ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਕਰਕੇ ਉਨ੍ਹਾਂ ਦੀ ਜਿੰਦਗੀ ਤਬਾਹ ਹੋ ਗਈ ਅਤੇ ਉਨ੍ਹਾਂ ਦਾ ਵਿਆਹ ਟੁੱਟ ਗਿਆ।
ਪਾਦਰੀ ਜੌਨ ਡੇਅ 'ਤੇ ਉਨ੍ਹਾਂ ਦੀ 1978 ਵਿੱਚ ਹੋਈ ਮੌਤ ਤੱਕ ਕੋਈ ਕੇਸ ਦਾਖਲ ਨਹੀਂ ਕੀਤਾ ਗਿਆ।
ਮਾਫ਼ੀ ਅਤੇ ਮੁਆਵਜਾ
ਵਿਕਟੋਰੀਆ ਪੁਲਿਸ ਨੇ ਉਨ੍ਹਾਂ ਤੋਂ ਸਾਲ 2016 ਵਿੱਚ ਲਿਖਤੀ ਮਾਫੀ ਮੰਗੀ ਅਤੇ ਅਗਲੇ ਮਹੀਨੇ ਉਨ੍ਹਾਂ ਨੂੰ ਇਨਾਮ ਦਿੱਤਾ ਜਾਵੇਗਾ।
ਪਿਛਲੇ ਮਹੀਨੇ ਉਨ੍ਹਾਂ ਨੂੰ ਵਿਕਟੋਰੀਆ ਦੇ ਸਿਰਮੌਰ ਹੀਰੋ ਦਾ ਸਨਮਾਨ ਦਿੱਤਾ ਗਿਆ ਜਿਸ ਬਾਰੇ ਰਿਆਨ ਨੇ ਕਿਹਾ ਕਿ ਸ਼ਾਇਦ 45 ਸਾਲ ਦਾ ਇੰਤਜ਼ਾਰ ਕਾਫ਼ੀ ਹੈ।
ਰਿਆਨ ਦਾ ਕਹਿਣਾ ਹੈ ਕਿ ਜਿਹੜੇ ਬੱਚਿਆਂ ਦਾ ਸ਼ੋਸ਼ਣ ਹੋਇਆ। ਉਹ ਹੁਣ ਵੱਡੇ ਹੋ ਚੁੱਕੇ ਹਨ। ਉਨ੍ਹਾਂ ਨਾਲ ਜੋ ਕੁਝ ਹੋਇਆ ਉਨ੍ਹਾਂ 'ਤੇ ਬੋਝ ਹੈ ਅਤੇ ਸਾਰੀ ਉਮਰ ਇਹ ਬੋਝ ਉਨ੍ਹਾਂ ਦੇ ਨਾਲ ਰਹੇਗਾ।
ਰਿਆਨ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੇ ਵੀ ਡਰਾਉਣੇ ਸੁਫ਼ਨੇ ਆਉਂਦੇ ਹਨ।












