ਕਿਉਂ 33000 ਰੁਪਏ ਦਾ ਪਿਆ ਇੱਕ ਸੇਬ ?

ਤਸਵੀਰ ਸਰੋਤ, Getty Images
ਕੀ ਇੱਕ ਸੇਬ ਦੀ ਕੀਮਤ 33,000 ਤੋਂ ਪਾਰ ਜਾ ਸਕਦੀ ਹੈ? ਜਵਾਬ ਹੈ ਜੀ ਹਾਂ।
ਇੱਕ ਔਰਤ ਦਾ ਕਹਿਣਾ ਹੈ ਕਿ ਉਸ 'ਤੇ ਅਮਰੀਕੀ ਕਸਟਮ ਏਜੰਸੀ ਨੇ 500 ਡਾਲਰ ਯਾਨਿ 33,000 ਰੁਪਏ ਤੋਂ ਵੀ ਵੱਧ ਦਾ ਜੁਰਮਾਨਾ ਲਗਾਇਆ ਹੈ।
ਇਸ ਔਰਤ ਮੁਤਾਬਕ ਇਹ ਜੁਰਮਾਨਾ ਉਸ ਨੂੰ ਹਵਾਈ ਸਫ਼ਰ ਦੌਰਾਨ ਦਿੱਤੇ ਗਏ ਇੱਕ ਸੇਬ ਦੇ ਉਸ ਦੇ ਬੈਗ 'ਚੋਂ ਮਿਲਣ ਕਾਰਨ ਲਗਾਇਆ ਗਿਆ ਹੈ।
ਪੈਰਿਸ ਤੋਂ ਅਮਰੀਕਾ ਜਾ ਰਹੀ ਕ੍ਰਿਸਟਲ ਟੈਡਲੋਕ ਨੇ ਕਿਹਾ, ''ਉਸ ਨੇ ਸੇਬ ਆਪਣੀ ਅਗਲੀ ਹਵਾਈ ਯਾਤਰਾ ਜਿਹੜੀ ਕਿ ਡੇਨਵਰ ਵੱਲ ਸੀ, ਉਸ ਦੌਰਾਨ ਖਾਣ ਲਈ ਰਖਿਆ ਸੀ।''
ਪਰ ਉਸ ਦੀ ਪਹਿਲੀ ਫਲਾਈਟ ਦੇ ਮਿਨੀਏਪਲਸ ਪਹੁੰਚਣ 'ਤੇ ਅਮਰੀਕੀ ਬਾਰਡਰ ਏਜੰਟਾ ਵੱਲੋਂ ਕੀਤੀ ਗਈ ਇੱਕ ਅਚਨਚੇਤ ਤਲਾਸ਼ੀ ਦੌਰਾਨ ਬੈਗ ਵਿੱਚੋਂ ਸੇਬ ਮਿਲ ਗਿਆ।

ਤਸਵੀਰ ਸਰੋਤ, Getty Images
ਅਮਰੀਕੀ ਕਸਟਮ ਤੇ ਬਾਰਡਰ ਪਟਰੋਲ ਟੀਮ ਨੇ ਇਸ ਕੇਸ 'ਤੇ ਟਿੱਪਣੀ ਨਹੀਂ ਕੀਤੀ, ਪਰ ਕਿਹਾ ਕਿ ਖਾਣ-ਪੀਣ ਦੀਆਂ ਚੀਜ਼ਾਂ ਬਾਰੇ ਦੱਸਣਾ ਪਏਗਾ।
ਸੇਬ ਬਣਿਆ ਮੁਸੀਬਤ
ਸੇਬ ਨੂੰ ਡੇਲਟਾ ਏਅਰ ਲਾਈਨ ਦੇ ਪਲਾਸਟਿਕ ਬੈਗ ਵਿੱਚ ਬਾਹਰ ਰੱਖਿਆ ਗਿਆ ਸੀ।
ਟੈਡਲੌਕ ਨੇ ਕਿਹਾ ਕਿ ਉਸਨੇ ਸੇਬ ਨੂੰ ਬੈਗ 'ਚੋਂ ਨਹੀਂ ਕੱਢਿਆ ਸਗੋਂ ਇਸ ਨੂੰ ਡੇਨਵਰ, ਕੋਲੋਰਾਡੋ ਲਈ ਆਪਣੀ ਅਗਲੀ ਉਡਾਨ ਲਈ ਬੈਗ ਵਿੱਚ ਪਾਇਆ ਸੀ।
ਜਦੋਂ ਸੇਬ ਮਿਲਿਆ ਤਾਂ ਟੈਡਲੋਕ ਨੇ ਏਜੰਟ ਨੂੰ ਕਿਹਾ ਕਿ ਉਸ ਨੂੰ ਇਹ ਸੇਬ ਏਅਰ ਲਾਈਨ ਤੋਂ ਮਿਲਿਆ ਹੈ ਅਤੇ ਪੁੱਛਿਆ ਕਿ ਉਸ ਨੂੰ ਇਹ ਖਾ ਲੈਣਾ ਚਾਹੀਦਾ ਹੈ ਜਾਂ ਸੁੱਟ ਦੇਣਾ ਚਾਹੀਦਾ ਹੈ।

ਤਸਵੀਰ ਸਰੋਤ, Getty Images
ਇਸ ਤੋਂ ਬਾਅਦ ਏਜੰਟ ਨੇ 33,000 ਰੁਪਏ ਤੋਂ ਵੱਧ (500 ਡਾਲਰਾਂ) ਦੇ ਜੁਰਮਾਨੇ ਦਾ ਪਰਚਾ ਉਸ ਦੇ ਹੱਥ ਫੜਾ ਦਿੱਤਾ।
ਜੁਰਮਾਨਾ ਜਾਂ ਅਦਾਲਤ!
ਟੈਡਲੋਕ ਕੋਲ ਹੁਣ ਦੋ ਵਿਕਲਪ ਹਨ - ਇੱਕ ਤਾਂ ਉਹ ਜੁਰਮਾਨਾ ਭਰੇ ਜਾਂ ਫਿਰ ਅਦਾਲਤ ਵਿੱਚ ਇਸ ਬਾਬਤ ਲੜਾਈ ਲੜੇ।
ਉਨ੍ਹਾਂ ਡੇਨਵਰ ਦੇ ਇੱਕ ਮੀਡੀਆ ਅਦਾਰੇ ਨੂੰ ਕਿਹਾ ਕਿ ਉਹ ਇਸ ਕੇਸ ਨੂੰ ਅਦਾਲਤ ਲੈ ਕੇ ਜਾਣਾ ਚਾਹੇਗੀ।
ਕ੍ਰਿਸਟਲ ਟੈਡਲੋਕ ਨੇ ਕਿਹਾ, ''ਇਹ ਬਹੁਤ ਮੰਦਭਾਗਾ ਹੈ ਕਿ ਕਿਸੇ ਨੂੰ ਇਹ ਸਭ ਝੱਲਣਾ ਪਵੇ ਅਤੇ ਇੱਕ ਫ਼ਲ ਲਈ ਉਸ ਨਾਲ ਅਪਰਾਧੀ ਦੀ ਤਰ੍ਹਾਂ ਪੇਸ਼ ਆਇਆ ਜਾਵੇ।''
ਡੇਲਟਾ ਏਅਰ ਲਾਈਨਜ਼ ਦੇ ਬੁਲਾਰੇ ਨੇ ਇਸ ਕੇਸ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਤਸਵੀਰ ਸਰੋਤ, Getty Images
ਹਾਲਾਂਕਿ, ਕੰਪਨੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, "ਅਸੀਂ ਆਪਣੇ ਗਾਹਕਾਂ ਨੂੰ ਅਮਰੀਕੀ ਕਸਟਮ ਅਤੇ ਬਾਰਡਰ ਪ੍ਰੋਟੋਕੋਲ ਪ੍ਰਣਾਲੀ ਦੀ ਪਾਲਣਾ ਕਰਨ ਲਈ ਉਤਸਾਹਿਤ ਕਰਦੇ ਹਾਂ।"












