You’re viewing a text-only version of this website that uses less data. View the main version of the website including all images and videos.
ਕੀ ਤੁਸੀਂ Google ਤੋਂ ਆਪਣੇ ਬਾਰੇ ਸਰਚ ਰਿਜ਼ਲਟ ਮਿਟਾਉਣ ਨੂੰ ਕਹਿ ਸਕਦੇ ਹੋ?
ਬਰਤਾਨੀਆ ਦੀ ਇੱਕ ਅਦਾਲਤ ਵਿੱਚ ਇੱਕ ਵਪਾਰੀ ਨੇ ਗੂਗਲ ਖਿਲਾਫ਼ ਕੇਸ ਕੀਤਾ ਸੀ ਕਿ ਗੂਗਲ ਉਸ ਨੂੰ ਭੁੱਲ ਜਾਵੇ। ਉਹ ਵਪਾਰੀ ਇਹ ਕੇਸ ਜਿੱਤ ਗਿਆ ਹੈ।
ਇਸ ਫੈਸਲੇ ਦੇ ਪ੍ਰਭਾਵ ਵਜੋਂ ਗੂਗਲ ਦੇ ਖੋਜ ਨਤੀਜਿਆਂ ਵਿੱਚੋਂ ਉਸ ਨਾਲ ਸੰਬੰਧਿਤ ਨਤੀਜੇ ਹਟਾ ਦਿੱਤੇ ਜਾਣਗੇ।
ਕੇਸ ਦੀ ਰਿਪੋਰਟਿੰਗ ਨਾਲ ਜੁੜੀਆਂ ਬੰਦਿਸ਼ਾਂ ਕਰਕੇ ਸ਼ਿਕਾਇਤ ਕਰਨ ਵਾਲੇ ਦਾ ਨਾਮ ਗੁਪਤ ਰੱਖਿਆ ਗਿਆ ਹੈ।
ਉਸ ਨੇ ਅਪੀਲ ਕੀਤੀ ਸੀ ਕਿ ਅਤੀਤ ਵਿੱਚ ਉਸ ਵੱਲੋਂ ਕੀਤੇ ਜੁਰਮਾਂ ਨਾਲ ਜੁੜੇ ਸਰਚ ਰਿਜ਼ਲਟ ਹਟਾ ਦਿੱਤੇ ਜਾਣ।
ਜੱਜ ਮਾਰਕ ਵਾਰਬੀ ਨੇ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ।
ਅਦਾਲਤ ਨੇ ਅਜਿਹੀ ਹੀ ਇੱਕ ਹੋਰ ਅਪੀਲ ਖਾਰਜ ਕਰ ਦਿੱਤੀ ਜੋ ਇੱਕ ਗੰਭੀਰ ਜੁਰਮ ਕਰਨ ਵਾਲੇ ਵੱਲੋਂ ਕੀਤੀ ਗਈ ਸੀ।
ਜੇਤੂ ਵਪਾਰੀ ਨੂੰ ਦਸ ਸਾਲ ਪਹਿਲਾਂ ਕਮਿਊਨੀਕੇਸ਼ਨ ਇੰਟਰਸੈਪਟ ਕਰਨ ਦੀ ਸਾਜਿਸ਼ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਸੀ। ਉਸ ਨੇ 6 ਮਹੀਨੇ ਦੀ ਜ਼ੇਲ੍ਹ ਕੱਟੀ ਸੀ।
'ਕਮਿਊਨੀਕੇਸ਼ਨ ਇੰਟਰਸੈਪਟ' ਵਿੱਚ ਕਿਸੇ ਦੂਸਰੇ ਦੀਆਂ ਫੋਨ ਕਾਲਜ਼ ਨੂੰ ਸੁਣਨਾ ਜਾਂ ਚਿੱਠੀਆਂ ਨੂੰ ਪੜ੍ਹਨਾ ਸ਼ਾਮਿਲ ਹੁੰਦਾ ਹੈ।
ਹਾਰਨ ਵਾਲੇ ਵਪਾਰੀ ਨੂੰ ਵੀ ਦਸ ਸਾਲ ਪਹਿਲਾਂ ਖਾਤਿਆਂ ਵਿੱਚ ਹੇਰਾ ਫੇਰੀ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਸੀ। ਉਸ ਨੇ 4 ਸਾਲ ਤੋਂ ਵੱਧ ਸਮਾਂ ਜ਼ੇਲ੍ਹ ਵਿੱਚ ਕੱਟਿਆ।
ਇਨ੍ਹਾਂ ਦੋਹਾਂ ਨੇ ਹੀ ਗੂਗਲ ਨੂੰ ਆਪਣੇ ਕੇਸਾਂ ਨਾਲ ਜੁੜੀਆਂ ਖ਼ਬਰਾਂ ਆਦਿ ਨਾਲ ਜੁੜੇ ਵੈੱਬ ਲਿੰਕ ਆਪਣੇ ਸਰਚ ਰਿਜ਼ਲਟ ਵਿੱਚੋਂ ਹਟਾਉਣ ਦੀ ਬੇਨਤੀ ਕੀਤੀ ਸੀ।
ਜਦੋਂ ਗੂਗਲ ਨੇ ਇਸ ਤੋਂ ਮਨ੍ਹਾਂ ਕਰ ਦਿੱਤਾ ਤਾਂ ਉਨ੍ਹਾਂ ਮੁਕਦੱਮਾ ਕਰ ਦਿੱਤਾ।
ਗੂਗਲ ਦਾ ਕਹਿਣਾ ਸੀ ਕਿ ਉਹ ਫੈਸਲੇ ਦਾ ਪਾਲਣ ਕਰੇਗਾ।
ਗੂਗਲ ਨੇ ਆਪਣੇ ਬਿਆਨ ਵਿੱਚ ਕਿਹਾ꞉
"ਅਸੀਂ ਭੁੱਲੇ ਜਾਣ ਦੇ ਹੱਕ ਦੀ ਪਾਲਣਾ ਕਰਨ ਲਈ ਪੂਰੀ ਮਿਹਨਤ ਕਰਦੇ ਹਾਂ ਪਰ ਅਸੀਂ ਲੋਕ ਹਿੱਤ ਵਾਲੇ ਸਰਚ ਨਤੀਜਿਆਂ ਨੂੰ ਬਰਕਰਾਰ ਰੱਖਣ ਵਿੱਚ ਬਹੁਤ ਜ਼ਿਆਦਾ ਧਿਆਨ ਰੱਖਦੇ ਹਾਂ।"
"ਅਸੀਂ ਖੁਸ਼ ਹਾਂ ਕਿ ਅਦਾਲਤ ਨੇ ਇਸ ਖੇਤਰ ਵਿੱਚ ਸਾਡੀਆਂ ਕੋਸ਼ਿਸ਼ਾਂ ਪਛਾਣੀਆਂ ਹਨ ਅਤੇ ਅਸੀਂ ਇਸ ਮਾਮਲੇ ਵਿੱਚ ਉਨ੍ਹਾਂ ਦੇ ਫੈਸਲੇ ਦੀ ਪਾਲਣਾ ਕਰਾਂਗੇ।"
ਅਦਾਲਤ ਨੇ ਫੈਸਲੇ ਦੀ ਵਿਆਖਿਆ ਵਿੱਚ ਕੀ ਕਿਹਾ?
ਸ਼ੁੱਕਰਵਾਰ ਨੂੰ ਦਿੱਤੇ ਆਪਣੇ ਫੈਸਲੇ ਵਿੱਚ ਜੱਜ ਨੇ ਕਿਹਾ ਕਿ ਇੱਕ ਵਿਅਕਤੀ ਲੋਕਾਂ ਨੂੰ ਧੋਖਾ ਦਿੰਦਾ ਰਿਹਾ ਹੈ ਜਦਕਿ ਦੂਸਰੇ ਨੇ ਪਛਤਾਵਾ ਕੀਤਾ ਹੈ।
ਕੀ ਹੈ 'ਭੁੱਲੇ ਜਾਣ ਦਾ ਹੱਕ'
'ਭੁੱਲੇ ਜਾਣ ਦੇ ਹੱਕ' ਦੀ ਮਿਸਾਲ ਯੂਰਪੀ ਯੂਨੀਅਨ ਦੀ ਕੋਰਟ ਆਫ਼ ਜਸਟਿਸ ਨੇ 2014 ਵਿੱਚ ਕਾਇਮ ਕੀਤੀ ਸੀ।
ਸਪੈਨੀਆਰਡ ਮਾਰੀਓ ਕੋਸਟੇਜਾ ਗੋਨਜ਼ੇਲਜ਼ ਨਾਮ ਦੇ ਇੱਕ ਵਿਅਕਤੀ ਨੇ ਗੂਗਲ ਤੋਂ ਆਪਣਾ ਵਿੱਤੀ ਇਤਿਹਾਸ ਮਿਟਾਉਣ ਲਈ ਕਿਹਾ ਸੀ। ਉਸੇ ਦੇ ਕੇਸ ਵਿੱਚ ਅਦਾਲਤ ਨੇ ਇਹ ਮਿਸਾਲ ਕਾਇਮ ਕੀਤੀ ਸੀ।
ਗੂਗਲ ਦਾ ਕਹਿਣਾ ਹੈ ਕਿ ਉਹ ਆਪਣੇ ਖੋਜ ਨਤੀਜਿਆਂ ਵਿੱਚੋਂ 800,000 ਸਫੇ ਇਸ ਅਖੌਤੀ 'ਭੁੱਲੇ ਜਾਣ ਦੇ ਹੱਕ' ਕਰਕੇ ਹਟਾ ਚੁੱਕਿਆ ਹੈ।
ਇਸ ਦਾ ਅਰਥ ਇਹ ਨਹੀਂ ਹੈ ਕਿ ਤੁਸੀਂ ਸਰਚ ਇੰਜਣ ਨੂੰ ਕਹੋਂਗੇ ਤੇ ਉਹ ਤੁਹਾਡੇ ਨਾਲ ਜੁੜੀ ਜਾਣਕਾਰੀ ਹਟਾ ਦੇਵੇਗਾ।
ਸਰਚ ਇੰਜਣ ਕੰਪਨੀ ਨੂੰ ਜੇ ਮਹਿਸੂਸ ਹੋਵੇ ਕਿ ਅਜਿਹੀ ਕਿਸੇ ਵੀ ਜਾਣਕਾਰੀ ਦਾ ਪਬਲਿਕ ਡੋਮੇਨ ਵਿੱਚ ਰਹਿਣਾ ਆਮ ਲੋਕਾਂ ਲਈ ਲਾਹੇਵੰਦ ਹੈ ਤਾਂ ਉਹ ਅਜਿਹੀਆਂ ਅਰਜੀਆਂ ਖ਼ਾਰਜ ਕਰ ਸਕਦੀ ਹੈ।
ਓਪਨ ਰਾਈਟਜ਼ ਗਰੁੱਪ ਇੰਟਰਨੈੱਟ ਅਧਿਕਾਰਾਂ ਦੀ ਵਕਾਲਤ ਕਰਨ ਵਾਲਾ ਇੱਕ ਸੰਗਠਨ ਹੈ।
ਇਸ ਦੇ ਕਾਰਜਕਾਰੀ ਨਿਰਦੇਸ਼ਕ ਜਿਮ ਕਾਲੋਕ ਨੇ ਕਿਹਾ, "ਇਹ ਹੱਕ ਇਸ ਲਈ ਹੈ ਤਾਂ ਕਿ ਕਿਸੇ ਵਿਅਕਤੀ ਨਾਲ ਜੁੜੀ ਅਜਿਹੀ ਜਾਣਕਾਰੀ ਜੋ ਹੁਣ ਲੁੜੀਂਦੀ ਨਹੀਂ ਹੈ ਅਤੇ ਵਿਅਕਤੀ ਦੇ ਅਕਸ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਉਸ ਨੂੰ ਹਟਾਇਆ ਜਾ ਸਕਦਾ ਹੈ।"
ਉਨ੍ਹਾਂ ਅੱਗੇ ਕਿਹਾ, "ਅਦਾਲਤ ਨੂੰ ਲੋਕਾਂ ਦੇ ਇਤਿਹਾਸਕ ਰਿਕਾਰਡ ਨੂੰ ਦੇਖ ਸਕਣ ਦੇ ਹੱਕ, ਵਿਅਕਤੀ ਉੱਪਰ ਉਸਦੇ ਪ੍ਰਭਾਵ ਅਤੇ ਲੋਕ ਹਿੱਤ ਦਾ ਸਮਤੋਲ ਰੱਖਣਾ ਪਵੇਗਾ।"