ਮਾੜੇ ਵਕਤ 'ਚ ਪਰਿਵਾਰ ਮੇਰੀ ਢਾਲ ਬਣਿਆ : ਨਵਜੀਤ ਢਿੱਲੋਂ

    • ਲੇਖਕ, ਅਮਰਿੰਦਰ ਸਿੰਘ ਗਿੱਦਾ
    • ਰੋਲ, ਗੋਲਡ ਕੋਸट ਆਸਟਰੇਲੀਆ ਤੋਂ ਬੀਬੀਸੀ ਪੰਜਾਬੀ ਲਈ

''ਮੈਂ ਆਪਣੀ ਖੁਸ਼ੀ ਨੂੰ ਲਫ਼ਜ਼ਾਂ ਵਿੱਚ ਬਿਆਨ ਨਹੀਂ ਕਰ ਸਕਦੀ ਕਿ ਇਹ ਮੇਰੀ ਪਹਿਲੀ ਕਾਮਨਵੈਲਥ ਖੇਡਾਂ ਸਨ ਅਤੇ ਮੈਨੂੰ ਵਿਸ਼ਵਾਸ ਸੀ ਕਿ ਮੈਂ ਮੈਡਲ ਲਵਾਂਗੀ। ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਮਾਪਿਆਂ ਨੇ ਮੇਰੇ 'ਤੇ ਇੰਨੀ ਮਿਹਨਤ ਕੀਤੀ।''

ਇਹ ਸ਼ਬਦ ਸਨ ਕਾਮਨਵੈਲਥ ਖੇਡਾਂ ਵਿੱਚ ਡਿਸਕਸ ਥ੍ਰੋਅ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਪੰਜਾਬ ਦੀ ਐਥਲੀਟ ਨਵਜੀਤ ਢਿੱਲੋਂ ਦੇ।

ਆਪਣੀ ਇਸ ਵੱਡੀ ਕਾਮਯਾਬੀ ਤੋਂ ਬਾਅਦ ਅੰਮ੍ਰਿਤਸਰ ਵਿੱਚ ਜੰਮੀ ਨਵਜੀਤ ਢਿੱਲੋਂ ਨੇ ਬੀਬੀਸੀ ਪੰਜਾਬੀ ਦੇ ਲਈ ਪੱਤਰਕਾਰ ਅਮਰਿੰਦਰ ਸਿੰਘ ਗਿੱਦਾ ਨਾਲ ਖਾਸ ਗੱਲਬਾਤੀ ਕੀਤੀ।

ਆਪਣੇ ਸਖ਼ਤ ਮੁਕਾਬਲੇ ਬਾਰੇ ਦੱਸਦੇ ਹੋਏ ਨਵਜੀਤ ਨੇ ਕਿਹਾ, "ਮੈਨੂੰ ਪਹਿਲਾਂ ਹੀ ਅਹਿਸਾਸ ਹੋ ਗਿਆ ਸੀ ਕਿ ਨਿਊਜ਼ੀਲੈਂਡ ਦੀ ਖਿਡਾਰਣ ਮੇਰੇ ਨਾਲੋਂ ਬਿਹਤਰ ਹੈ ਪਰ ਮੇਰਾ ਧਿਆਨ ਸਿਰਫ਼ ਮੈਡਲ 'ਤੇ ਸੀ।''

''ਮੁਕਾਬਲਾ ਬੇਹੱਦ ਕਰੀਬੀ ਸੀ ਤੇ ਮੈਂ ਅਖ਼ੀਰ ਤੱਕ ਇਹੀ ਸੋਚਿਆ ਕਿ ਮੈਡਲ ਮੈਂ ਹੀ ਲੈ ਕੇ ਜਾਵਾਂਗੀ। ਇਹ ਸਾਡੇ ਪੰਜਾਬੀਆਂ ਲਈ ਬਹੁਤ ਵੱਡੀ ਪ੍ਰਾਪਤੀ ਹੈ ਅਤੇ ਮੈਂ ਅੱਗੇ ਵੀ ਏਸ਼ੀਅਨ ਗੇਮਜ਼ ਵਿੱਚ ਵੀ ਵਧੀਆ ਖੇਡਾਂਗੀ, ਹੋਰ ਵੀ ਤਿਆਰੀ ਕਰਾਂਗੀ।''

ਨਵਜੀਤ ਢਿੱਲੋਂ ਆਪਣੇ ਇਸ ਪ੍ਰਦਰਸ਼ਨ ਨੂੰ ਬਿਹਤਰੀਨ ਨਹੀਂ ਮੰਨਦੇ ਹਨ।

ਉਨ੍ਹਾਂ ਕਿਹਾ, "ਹਾਲਾਂਕਿ ਇਹ ਮੇਰਾ ਬਿਹਤਰੀਨ ਪ੍ਰਦਰਸ਼ਨ ਨਹੀਂ ਸੀ। ਮੇਰਾ ਬਿਹਤਰੀਨ ਪ੍ਰਦਰਸ਼ਨ ਤਾਂ 59 ਮੀਟਰ ਸੀ ਪਰ ਮੈਂ ਥੋੜ੍ਹੇ ਦਬਾਅ ਹੇਠ ਸੀ।

"ਕਾਫੀ ਲੋਕ ਸਨ, ਉਨ੍ਹਾਂ ਨੂੰ ਮੇਰੇ ਤੋਂ ਬਹੁਤ ਉਮੀਦਾਂ ਸਨ ਤੇ ਮੈਂ ਥੋੜ੍ਹਾ ਘਬਰਾਈ ਹੋਈ ਵੀ ਸੀ ਪਰ ਮੈਨੂੰ ਫ਼ਖ਼ਰ ਹੈ ਕਿ ਉਨ੍ਹਾਂ ਦੀਆਂ ਉਮੀਦਾਂ 'ਤੇ ਮੈਂ ਖਰੀ ਉਤਰੀ।''

ਜਿੱਤ ਦਾ ਸਿਹਰਾ ਪਰਿਵਾਰ ਨੂੰ

ਨਵਜੀਤ ਢਿੱਲੋਂ ਨੇ ਦੱਸਿਆ, "ਕਾਮਨਵੈਲਥ ਸੀਨੀਅਰ ਵਿੱਚ ਮੈਡਲ ਲੈਣਾ ਮੇਰਾ ਪਹਿਲਾ ਕਦਮ ਹੈ, ਇਹ ਇੱਕ ਵੱਡੀ ਉਪਲਬਧੀ ਹੈ ਅਤੇ ਮੈਂ ਇਸ ਨੂੰ ਹੋਰ ਨਿਖਾਰਨ ਦੀ ਕੋਸ਼ਿਸ਼ ਕਰਾਂਗੀ ਤੇ ਹੋਰ ਮੈਡਲ ਜਿੱਤਾਂਗੀ।''

ਨਵਜੀਤ ਢਿੱਲੋਂ ਮੰਨਦੇ ਹਨ ਕਿ ਮਾੜੇ ਵਕਤ ਵਿੱਚ ਪਰਿਵਾਰ ਦੇ ਸਾਥ ਨੇ ਉਨ੍ਹਾਂ ਦੀ ਹਿੰਮਤ ਵਧਾਈ ਸੀ।

ਉਨ੍ਹਾਂ ਦੱਸਿਆ, "ਮੈਂ ਪਿਛਲੇ ਕੁਝ ਸਮੇਂ ਤੋਂ ਕੌਮੀ ਖੇਡਾਂ ਵਿੱਚ ਮਾੜੇ ਥ੍ਰੋਅ ਲਗਾ ਰਹੀ ਸੀ ਤਾਂ ਮੇਰੇ ਭਰਾ ਨੇ ਮੇਰਾ ਹੌਸਲਾ ਵਧਾਇਆ ਅਤੇ ਉਨ੍ਹਾਂ ਦੀ ਮਿਹਨਤ ਸਦਕਾ ਹੀ ਮੈਂ ਇੱਥੋਂ ਤੱਕ ਪਹੁੰਚ ਸਕੀ ਹਾਂ।''

''ਜਦੋਂ ਵੀ ਮੇਰਾ ਆਤਮ ਵਿਸ਼ਵਾਸ ਹਿੱਲਦਾ ਸੀ ਤਾਂ ਮੇਰੇ ਮਾਤਾ-ਪਿਤਾ ਅਤੇ ਮੇਰਾ ਭਰਾ ਮੇਰੀ ਢਾਲ ਬਣ ਕੇ ਖੜ੍ਹੇ ਰਹਿੰਦੇ ਸੀ।''

ਉਨ੍ਹਾਂ ਕਿਹਾ, "ਕਾਮਨਵੈਲਥ ਗੇਮਜ਼ ਖੇਡਣਾ ਮੇਰੇ ਲਈ ਇੱਕ ਸੁਫ਼ਨਾ ਸੀ ਅਤੇ ਮੈਨੂੰ ਨਹੀਂ ਲਗਦਾ ਹੈ ਕਿ ਜਿੱਤ ਦੀ ਖੁਸ਼ੀ ਮੈਨੂੰ ਰਾਤ ਨੂੰ ਸੌਣ ਦੇਵੇਗੀ। ਮੈਂ ਪਹਿਲੇ ਦਿਨ ਤੋਂ ਹੀ ਇਹ ਸੋਚਿਆ ਸੀ ਕਿ ਜੇ ਮੇਰਾ ਮੈਡਲ ਆਵੇਗਾ ਤਾਂ ਮੇਰੇ ਲਈ ਨਵੇਂ ਰਸਤੇ ਵੀ ਖੁੱਲ੍ਹ ਜਾਣਗੇ।''

''ਸਾਡਾ ਅਗਲਾ ਟੀਚਾ ਟੋਕਿਓ 20-20 ਹੈ ਅਤੇ ਉੱਥੇ ਵੀ ਮੈਂ ਮੈਡਲ ਜਿੱਤਣ ਦੀ ਕੋਸ਼ਿਸ਼ ਕਰਾਂਗੀ।''

ਪੰਜਾਬ ਸਰਕਾਰ ਤੋਂ ਆਸ

ਨਵਜੀਤ ਤੋਂ ਜਦੋਂ ਘਰ ਪਹੁੰਚਣ ਬਾਰੇ ਪੁੱਛਿਆ ਤਾਂ ਨਵਜੀਤ ਨੇ ਕਿਹਾ, ''ਪਹਿਲਾਂ ਵੀ ਮੈਂ ਮੈਡਲ ਜਿੱਤਿਆ ਸੀ ਤਾਂ ਮੇਰੇ ਬਹੁਤ ਸਵਾਗਤ ਹੋਇਆ ਸੀ ਅਤੇ ਇਸ ਵਾਰ ਕਾਮਨਵੈਲਥ ਵਿੱਚ ਮੈਡਲ ਜਿੱਤਣ ਤੇ ਮੈਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਮੇਰੇ ਵੱਲ ਹੋਰ ਧਿਆਨ ਦੇਵੇਗੀ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)