ਪੜ੍ਹੋ ਆਸਟਰੇਲੀਆ 'ਚ ਪਹਿਲਾ ਗੁਰਦੁਆਰਾ ਬਣਨ ਦੀ ਕਹਾਣੀ

AUSTRALIA GURUDWARA
    • ਲੇਖਕ, ਵਿਨੀਤ ਖਰੇ
    • ਰੋਲ, ਬੀਬੀਸੀ ਪੱਤਰਕਾਰ ਆਸਟਰੇਲੀਆ ਤੋਂ

ਆਸਟਰੇਲੀਆ ਦੇ 'ਮਿਨੀ ਪੰਜਾਬ' ਵੂਲਗੂਲਗਾ ਵਿੱਚ ਆਏ ਤਾਂ ਦੂਰ ਤੋਂ ਗੁਰਦੁਆਰੇ ਦਾ ਚਮਕਦਾ ਹੋਇਆ ਗੁੰਬਦ ਨਜ਼ਰ ਆ ਜਾਏਗਾ।

ਗਰਿੱਲ ਨਾਲ ਘਿਰੇ ਗੁਰਦੁਆਰੇ ਦੇ ਬਾਹਰ ਚਿੱਟੇ ਬੋਰਡ 'ਤੇ ਅੰਗਰੇਜ਼ੀ ਵਿੱਚ ਲਿਖਿਆ ਹੈ-3 ਜਨਵਰੀ 1970 ਨੂੰ ਸਭ ਤੋਂ ਪਹਿਲਾਂ ਖੁੱਲ੍ਹਿਆ।

ਇਹ ਹੈ ਵੂਲਗੂਲਗਾ ਦਾ ਦੂਜਾ ਗੁਰਦੁਆਰਾ।

ਕੁਝ ਹੀ ਦੂਰੀ 'ਤੇ ਸਥਿਤ ਹੈ ਆਸਟਰੇਲੀਆ ਵਿੱਚ 1968 ਵਿੱਚ ਬਣਿਆ ਪਹਿਲਾ ਗੁਰਦੁਆਰਾ।

ਇਸ ਗੁਰਦੁਆਰੇ ਦਾ ਡਿਜ਼ਾਈਨ ਰਵਾਇਤੀ ਗੁਰਦੁਆਰਿਆਂ ਤੋਂ ਵੱਖਰਾ ਹੈ।

ਦਿਨ ਐਤਵਾਰ ਸੀ ਅਤੇ ਅੰਦਰੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੰਨਾ ਵਿੱਚ ਰਸ ਘੋਲ ਰਹੀ ਸੀ।

ਸਵੇਰ ਦੇ 9 ਵੱਜੇ ਸਨ ਇਸ ਲਈ ਕੁਝ ਲੋਕ ਹੀ ਗੁਰਦੁਆਰੇ ਪਹੁੰਚ ਸਕੇ ਸਨ।

150 ਸਾਲ ਪੁਰਾਣੀ ਕਹਾਣੀ

ਅੰਦਰ ਮਰਦ, ਔਰਤਾਂ ਅਤੇ ਬੱਚੇ ਸਿਰ ਢੱਕ ਕੇ ਚਿੱਟੀ ਚਾਦਰ 'ਤੇ ਬੈਠੇ ਪਾਠ ਸੁਣ ਰਹੇ ਸਨ।

ਜੋ ਕਿਸੇ ਕਾਰਨਾਂ ਤੋਂ ਹੇਠਾਂ ਨਹੀਂ ਬੈਠ ਸਕਦੇ ਸਨ ਉਨ੍ਹਾਂ ਲਈ ਕੰਧ ਦੇ ਨਾਲ ਕੁਰਸੀਆਂ ਰੱਖੀਆਂ ਗਈਆਂ ਸਨ।

AUSTRALIA GURUDWARA
ਤਸਵੀਰ ਕੈਪਸ਼ਨ, ਵੂਲਗੂਲਗਾ ਦਾ ਗੁਰਦੁਆਰਾ 3 ਜਨਵਰੀ 1970 ਨੂੰ ਪਹਿਲੀ ਵਾਰੀ ਖੁੱਲ੍ਹਿਆ।

ਆਸਟਰੇਲੀਆ ਵਿੱਚ ਸਿੱਖਾਂ ਦੇ ਆਉਣ ਦੀ ਕਹਾਣੀ 150 ਸਾਲ ਪੁਰਾਣੀ ਹੈ।

1901 ਤੋਂ ਆਸਟਰੇਲੀਆਂ ਵਿੱਚ ਵਸੇ ਸਿੱਖ

ਵੂਲਗੂਲਗਾ ਦੇ ਇਸ ਗੁਰਦੁਆਰੇ ਦੇ ਬਾਹਰ ਮੇਰੀ ਮੁਲਾਕਾਤ ਅਮਰਜੀਤ ਸਿੰਘ ਮੋਰ ਨਾਲ ਹੋਈ।

ਉਨ੍ਹਾਂ ਦੇ ਦਾਦਾ ਠਾਕੁਰ ਸਿੰਘ ਨੇ ਸਾਲ 1901 ਵਿੱਚ ਦੋ ਸਾਥੀਆਂ ਨਾਲ ਜਲੰਧਰ ਤੋਂ ਆਸਟਰੇਲੀਆ ਜਾਣ ਦਾ ਫੈਸਲਾ ਕੀਤਾ ਸੀ।

ਉਹ ਦੱਸਦੇ ਹਨ, "ਪੰਜਾਬ ਤੋਂ ਆਸਟਰੇਲੀਆ ਆਉਣ ਦਾ ਕਾਰਨ ਪੰਜਾਬ ਵਿੱਚ ਜ਼ਮੀਨ ਦੀ ਕਮੀ ਹੋ ਸਕਦਾ ਹੈ। ਹੋ ਸਕਦਾ ਹੈ ਉਹ ਜ਼ਿੰਦਗੀ ਵਿੱਚ ਕੁਝ ਨਵਾਂ ਕਰਨਾ ਚਾਹੁੰਦੇ ਹੋਣ।"

ਸਾਥੀਆਂ ਨੇ ਸਾਥ ਛੱਡਿਆ ਫਿਰ ਵੀ ਆਸਟਰੇਲੀਆ ਪਹੁੰਚੇ

ਜਦੋਂ ਠਾਕੁਰ ਸਿੰਘ ਅਤੇ ਉਨ੍ਹਾਂ ਦੇ ਦੋ ਸਾਥੀ ਆਸਟ੍ਰੇਲੀਆ ਜਾਣ ਲਈ ਬੰਦਰਗਾਹ ਪਹੁੰਚੇ ਤਾਂ ਸਮੁੰਦਰ ਨੂੰ ਦੇਖ ਕੇ ਇਕ ਸਾਥੀ ਦੇ ਹੱਥ-ਪੈਰ ਫੁੱਲਣ ਲੱਗੇ। ਉਹ ਘਬਰਾ ਕੇ ਵਾਪਸ ਚਲੇ ਗਏ।

ਪਰ ਠਾਕੁਰ ਸਿੰਘ ਦੂਜੇ ਸਾਥੀਆਂ ਨਾਲ ਆਸਟਰੇਲੀਆ ਪਹੁੰਚੇ।

AMARJEET SINGH MORE
ਤਸਵੀਰ ਕੈਪਸ਼ਨ, ਅਮਰਜੀਤ ਸਿੰਘ ਮੋਰ ਦੇ ਦੋ ਸਾਥੀ ਸਮੁੰਦਰ ਤੋਂ ਘਬਰਾ ਕੇ ਮੁੜ ਗਏ ਪਰ ਅਮਰਜੀਤ ਫਿਰ ਵੀ ਆਸਟਰੇਲੀਆ ਪਹੁੰਚੇ।

ਇਹ ਸਪੱਸ਼ਟ ਨਹੀਂ ਹੈ ਕਿ ਠਾਕੁਰ ਸਿੰਘ ਵਰਗੇ ਲੋਕ ਕਿਸ ਰਾਹ ਤੋਂ ਆਸਟਰੇਲੀਆ ਆਉਂਦੇ ਸਨ।

ਇਹ ਮੰਨਿਆ ਜਾਂਦਾ ਹੈ ਕਿ ਉਹ ਪਹਿਲਾਂ ਪੱਛਮੀ ਕਿਨਾਰੇ 'ਤੇ ਵਸੇ ਸ਼ਹਿਰ ਪਰਥ ਪਹੁੰਚਦੇ ਸਨ ਤੇ ਫਿਰ ਜ਼ਮੀਨ ਜਾਂ ਜਹਾਜ਼ ਰਾਹੀਂ ਸਫ਼ਰ ਕਰਦੇ ਸਨ।

ਰਸ਼ਮੀਰ ਭੱਟੀ ਅਤੇ ਵਰਨ ਏ ਡੁਸੇਨਬੇਰੀ ਨੇ ਆਸਟਰੇਲੀਆ ਖਾਸ ਤੌਰ 'ਤੇ ਵੂਲਗੂਲਗਾ ਵਿੱਚ ਸਿੱਖਾਂ ਦੇ ਵੱਸਣ ਉੱਤੇ ਇਕ ਕਿਤਾਬ ਲਿਖੀ ਹੈ।

'ਏਸ਼ੀਆਈ ਲੋਕਾਂ ਦੇ ਵਿਰੁੱਧ ਮਾਹੌਲ'

ਕਿਤਾਬ ਦਾ ਨਾਮ ਹੈ "ਏ ਪੰਜਾਬੀ ਸਿੱਖ ਕਮਿਊਨਿਟੀ ਇਨ ਆਸਟਰੇਲੀਆ - ਫਰਾਮ ਸੋਜਰਨਰਸ ਟੂ ਸੈਟਲਰਸ"

ਕਿਤਾਬ ਮੁਤਾਬਕ ਜਦੋਂ ਬ੍ਰਿਟਿਸ਼ ਫੌਜ ਵਿੱਚ ਤੈਨਾਤ ਸਿੱਖ ਫੌਜੀ ਸਿੰਗਾਪੁਰ ਅਤੇ ਹਾਂਗਕਾਂਗ ਵਰਗੇ ਦੱਖਣੀ ਏਸ਼ੀਆਈ ਦੇਸਾਂ ਵਿੱਚ ਗਏ ਤਾਂ ਉਨ੍ਹਾਂ ਨੂੰ ਆਸਟਰੇਲੀਆ ਵਰਗੇ ਦੇਸਾਂ ਵਿੱਚ ਕੰਮ ਬਾਰੇ ਪਤਾ ਲੱਗਿਆ।

ਛੇਤੀ ਹੀ ਗੱਲ ਪੰਜਾਬ ਦੇ ਪਿੰਡਾਂ ਵਿੱਚ ਫੈਲ ਗਈ।

19 ਵੀਂ ਸਦੀ ਦੇ ਪਿਛਲੇ ਕੁਝ ਸਾਲਾਂ ਵਿੱਚ ਜਦੋਂ ਸਿੱਖ ਆਸਟਰੇਲੀਆ ਪਹੁੰਚਣ ਲੱਗੇ ਤਾਂ ਮਾਹੌਲ ਏਸ਼ੀਆਈ ਲੋਕਾਂ ਦੇ ਵਿਰੁੱਧ ਸੀ।

ਚੁਣੌਤੀ ਭਰਪੂਰ ਹਾਲਾਤ

ਗੋਰੇ ਆਸਟਰੇਲੀਆਈ ਲੋਕਾਂ ਨੂੰ ਡਰ ਸੀ ਕਿ ਬਾਹਰੀ ਲੋਕ ਉਨ੍ਹਾਂ ਦੀਆਂ ਨੌਕਰੀਆਂ, ਉਨ੍ਹਾਂ ਦੇ ਕੰਮ ਲੈ ਲੈਣਗੇ।

PUNJAB INFANTRY SIKH REGIMENT

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 1858 ਵਿੱਚ ਬ੍ਰਿਟਿਸ਼ 15ਵੀਂ ਪੰਜਾਬ ਇਨਫੈਂਟਰੀ ਰੈਜੀਮੈਂਟ ਦੇ ਸਿੱਖ ਜਵਾਨ

ਭਾਰਤ ਤੋਂ ਆਏ ਇਹ ਲੋਕ ਅਣਪਛਾਤੇ ਲੋਕਾਂ ਵਿਚਕਾਰ ਬਹੁਤ ਮੁਸ਼ਕਿਲ ਹਾਲਾਤਾਂ ਵਿੱਚ ਕੰਮ ਕਰਦੇ ਸਨ।

ਭਾਰਤ ਵਿੱਚ ਬ੍ਰਿਟਿਸ਼ ਰਾਜ ਦੇ ਕਾਰਨ ਕਈ ਲੋਕ ਅੰਗਰੇਜ਼ੀ ਭਾਸ਼ਾ ਤੋਂ ਪੂਰੀ ਤਰ੍ਹਾਂ ਅਣਜਾਣ ਨਹੀਂ ਸਨ ਪਰ ਪੰਜਾਬ ਦੇ ਪਰਿਵਾਰਾਂ ਤੋਂ ਸਾਲਾਂ ਤੱਕ ਦੂਰ ਰਹਿਣਾ ਬਹੁਤ ਚੁਣੌਤੀ ਭਰਿਆ ਸੀ।

ਇਹ ਲੋਕ ਕੁਝ ਸਾਲ ਆਸਟਰੇਲੀਆ ਵਿੱਚ ਗੰਨੇ, ਛੱਲੀ, ਕੇਲੇ ਦੇ ਖੇਤਾਂ ਵਿੱਚ ਕੰਮ ਕਰਦੇ ਅਤੇ ਫਿਰ ਪੈਸੇ ਕਮਾ ਕੇ ਵਾਪਸ ਭਾਰਤ ਜਾਂਦੇ ਸਨ। ਅਤੇ ਫਿਰ ਵਾਪਸ ਆਸਟਰੇਲੀਆ ਆ ਜਾਂਦੇ।

ਭਾਰਤ ਅਤੇ ਆਸਟਰੇਲੀਆ ਦੋਹਾਂ ਦੇਸਾਂ ਵਿੱਚ ਬ੍ਰਿਟੇਨ ਦਾ ਸ਼ਾਸਨ ਸੀ ਇਸ ਲਈ ਆਉਣ-ਜਾਣ ਵਿੱਚ ਕੋਈ ਮੁਸ਼ਕਿਲ ਨਹੀਂ ਸੀ।

AUSTRALIA GURUDWARA

ਤਸਵੀਰ ਸਰੋਤ, Amarjit Singh More

ਤਸਵੀਰ ਕੈਪਸ਼ਨ, 19ਵੀਂ ਸਦੀ ਦੇ ਅਖੀਰਲੇ ਸਾਲਾਂ ਵਿੱਚ ਪੰਜਾਬ ਤੋਂ ਆਸਟਰੇਲੀਆ ਆਉਣ ਵਾਲੇ ਲੋਕ।

ਭਾਰਤ ਤੋਂ ਆਉਣ ਵਾਲੇ ਲੋਕਾਂ ਨੂੰ 'ਹਿੰਦੂਜ਼' ਕਿਹਾ ਜਾਂਦਾ ਸੀ।

ਕਿਤਾਬ ਮੁਤਾਬਕ ਸਾਲ 1897 ਤੱਕ ਆਸਟਰੇਲੀਆ ਦੇ ਕਲੇਰੈਂਸ, ਰਿਚਮੰਡ ਅਤੇ ਟਵੀਡ ਜ਼ਿਲ੍ਹਿਆਂ ਵਿੱਚ 521 ਹਿੰਦੂ ਰਹਿੰਦੇ ਸਨ।

ਵੂਲਗੂਲਗਾ-ਕਾਫ਼ਸ ਹਾਰਬਰ ਵਿੱਚ ਰਹਿਣ ਵਾਲਾ ਪੰਜਾਬੀ ਸਿੱਖ ਭਾਈਚਾਰਾ ਇਨ੍ਹਾਂ ਦਾ ਹੀ ਉੱਤਰਾਧਿਕਾਰੀ ਹੈ।

ਆਸਟਰੇਲੀਆ ਵਿੱਚ ਏਸ਼ੀਅਈ ਲੋਕਾਂ ਦੇ ਆਉਣ 'ਤੇ ਰੋਕ

ਆਸਟਰੇਲੀਆ ਵਿੱਚ ਬਾਹਰੀ ਲੋਕਾਂ ਦਾ ਡਰ ਇੰਨਾ ਵੱਧ ਗਿਆ ਕਿ 1901 ਵਿੱਚ ਇਮੀਗ੍ਰੇਸ਼ਨ ਰੋਕੂ ਐਕਟ ਪਾਸ ਕੀਤਾ ਗਿਆ।

ਇਸ ਨੂੰ ਵ੍ਹਾਈਟ ਆਸਟਰੇਲੀਅਨ ਨੀਤੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਯਾਨਿ ਕਿ ਏਸ਼ੀਆਈ ਲੋਕਾਂ ਦੇ ਆਸਟਰੇਲੀਆ ਵਿੱਚ ਜਾਣ 'ਤੇ ਕਾਨੂੰਨੀ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ।

वूलगूलगा हेरिटेज वॉक पर लगी तस्वीर
ਤਸਵੀਰ ਕੈਪਸ਼ਨ, ਵੂਲਗੂਲਗਾ ਹੈਰੀਟੇਜ ਵਾਕ 'ਤੇ ਲੱਗੀ ਤਸਵੀਰ

ਕਿਤਾਬ ਮੁਤਾਬਕ ਬ੍ਰਿਟਿਸ਼ ਅਧਿਕਾਰੀਆਂ ਨੂੰ ਫ਼ਿਕਰ ਸੀ ਕਿ ਜੇਕਰ ਆਸਟਰੇਲੀਆ ਵਿੱਚ ਭਾਰਤੀਆਂ ਦੇ ਖਿਲਾਫ਼ ਖੁੱਲ੍ਹਾ ਵਿਤਕਰਾ ਹੋਇਆ ਤਾਂ ਇਸ ਦਾ ਅਸਰ ਬ੍ਰਿਟਿਸ਼ ਅਤੇ ਭਾਰਤੀਆਂ ਵਿਚਾਲੇ ਸਬੰਧਾਂ 'ਤੇ ਪਵੇਗਾ।

ਅਸਲੀਅਤ ਇਹ ਸੀ ਕਿ ਏਸ਼ੀਆਈ ਇਮੀਗ੍ਰੇਸ਼ਨ 'ਤੇ ਰੋਕ ਤਾਂ ਲਾਈ ਗਈ ਪਰ ਇਹ ਜਾਰੀ ਰਹੀ।

ਲੋਕਾਂ ਨੂੰ ਵੂਲਗੂਲਗਾ ਦੇ ਖੇਤਾਂ ਵਿੱਚ ਕੰਮ ਨਜ਼ਰ ਆਇਆ ਅਤੇ ਉਹ ਇੱਥੇ ਆਉਣ ਲੱਗੇ।

ਜਦੋਂ ਲੋਕਾਂ ਨੂੰ ਲੱਗਿਆ ਕਿ ਇਹ ਥਾਂ ਔਰਤਾਂ ਲਈ ਸੁਰੱਖਿਅਤ ਹੈ ਤਾਂ ਉਹ ਪਰਿਵਾਰਾਂ ਨੂੰ ਵੀ ਪੰਜਾਬ ਤੋਂ ਲਿਆਉਣ ਲੱਗੇ।

ਰਘਬੀਰ ਤੇ ਮਨਜੀਤ ਦੀ ਕਹਾਣੀ

ਰਘੁਬੀਰ ਕੌਰ ਵੀ ਪਿਤਾ ਦੇ ਸੱਦੇ 'ਤੇ ਆਸਟਰੇਲੀਆ ਆ ਗਏ।

ਉਹ ਗੁਰਦੁਆਰੇ ਦੀ ਪਹਿਲੀ ਮੰਜ਼ਿਲ 'ਤੇ ਵਿਛੀ ਦਰੀ 'ਤੇ ਬੈਠ ਕੇ ਲੰਘੇ ਦਿਨਾਂ ਨੂੰ ਯਾਦ ਕਰਦੇ ਹਨ।

ਰਘੁਬੀਰ ਮੁਤਾਬਕ, "ਇੱਥੇ ਸਭ ਲੋਕ ਗੋਰੇ ਹੁੰਦੇ ਸਨ, ਮੇਰੇ ਪਿਤਾ ਜੀ ਕੋਲ ਕੋਈ ਕਾਰ ਨਹੀਂ ਸੀ। ਉਨ੍ਹਾਂ ਦਾ ਇੱਕ ਗੋਰਾ ਦੋਸਤ ਸੀ ਜਿਸ ਦੀ ਗੱਡੀ ਉਹ ਕੰਮ ਵਿੱਚ ਇਸੇਤਮਾਲ ਕਰਦੇ ਸਨ। ਚਾਰ ਸਾਲ ਇੱਥੇ ਰਹਿਣ ਤੋਂ ਬਾਅਦ ਮੈਂ ਭਾਰਤ ਵਾਪਸ ਚਲੀ ਗਈ।"

RAGHUBIR KAUR
ਤਸਵੀਰ ਕੈਪਸ਼ਨ, ਰਘੁਵੀਰ ਕੌਰ ਦਾ ਕਹਿਣਾ ਹੈ ਕਿ ਨਵੇਂ ਦੇਸ ਵਿੱਚ ਪਰਿਵਾਰ ਲਈ ਭੋਜਨ ਦਾ ਪ੍ਰਬੰਧ ਕਰਨਾ ਸੌਖਾ ਨਹੀਂ ਸੀ।

ਪੰਜਾਬ ਵਿੱਚ ਰਘੁਬੀਰ ਦਾ ਵਿਆਹ ਹੋ ਗਿਆ ਅਤੇ ਫਿਰ ਉਹ ਪਤੀ ਨਾਲ ਵਾਪਸ ਆਸਟਰੇਲੀਆ ਆ ਗਏ ਪਰ ਨਵੇਂ ਦੇਸ ਵਿੱਚ ਪਰਿਵਾਰ ਲਈ ਭੋਜਨ ਦਾ ਪ੍ਰਬੰਧ ਕਰਨਾ ਸੌਖਾ ਨਹੀਂ ਸੀ।

ਉਹ ਦੱਸਦੇ ਹਨ ਕਿ ਇੱਥੇ ਖਾਣਾ ਮਿਲ ਜਾਂਦਾ ਸੀ। ਦਾਲ ਵੀ ਮਿਲ ਜਾਂਦੀ ਸੀ।

ਮਸਾਲੇ ਤੇ ਹਲਦੀ ਲੋਕ ਪੰਜਾਬ ਤੋਂ ਲੈ ਕੇ ਆਉਂਦੇ ਸਨ। ਕੇਲੇ ਦੇ ਖੇਤ ਵਿੱਚ ਬਿਜਲੀ ਨਹੀਂ ਹੁੰਦੀ ਸੀ।

ਅਸੀਂ ਚੁੱਲ੍ਹੇ 'ਤੇ ਰੋਟੀ ਪਕਾਉਂਦੇ ਤੇ ਪਾਣੀ ਚੁੱਲ੍ਹੇ 'ਤੇ ਗਰਮ ਕਰਕੇ ਉਸ ਨਾਲ ਨਹਾ ਲੈਂਦੇ ਸੀ।

AUSTRALIA GURUDWARA
ਤਸਵੀਰ ਕੈਪਸ਼ਨ, ਜੁਆਇੰਟ ਫੈਮਿਲੀ ਵਿੱਚ ਰਹਿ ਰਹੀ ਮਨਜੀਤ ਦੋਸਾਂਝ ਦਾ ਜਨਮ ਆਸਟਰੇਲੀਆ ਵਿੱਚ ਹੋਇਆ ਸੀ।

ਮਨਜੀਤ ਦੋਸਾਂਝ ਦਾ ਜਨਮ ਆਸਟਰੇਲੀਆ ਵਿੱਚ ਹੋਇਆ ਸੀ।

ਉਨ੍ਹਾਂ ਦੇ ਘਰ ਵਿੱਚ ਉਨ੍ਹਾਂ ਦਾ ਪਰਿਵਾਰ ਇਕੱਠਾ (ਜੁਆਇੰਟ ਫੈਮਿਲੀ) ਰਹਿੰਦਾ ਹੈ।

'ਨਵੀਂ ਪੀੜ੍ਹੀ ਨੂੰ ਪੁਰਖਿਆਂ ਦੀ ਮਿਹਨਤ ਦਾ ਪਤਾ ਨਹੀਂ'

ਬਚਪਨ ਵਿੱਚ ਉਹ ਆਪਣੀ ਮਾਂ ਜਿੰਦੋ ਸਿੰਘ ਅਤੇ ਪਿਤਾ ਝਾਲਮਨ ਫੂਨੀ ਨਾਲ ਕੇਲੇ ਦੇ ਖੇਤਾਂ ਵਿੱਚ ਕੰਮ ਕਰਦੀ ਸੀ।

ਮਰਦ ਕੇਲੇ ਨੂੰ ਮੋਢਿਆਂ 'ਤੇ ਚੁੱਕ ਕੇ ਪਹਾੜਾ ਤੋਂ ਹੇਠਾਂ ਲੈ ਕੇ ਜਾਂਦੇ ਸਨ, ਔਰਤਾਂ ਕੇਲੇ ਨੂੰ ਪੈਕ ਕਰਨ ਲਈ ਹੱਥਾਂ ਨਾਲ ਲੱਕੜ ਦੇ ਬਾਕਸ ਬਣਾਉਂਦੀਆਂ ਸਨ।

AUSTRALIA GURUDWARA

ਤਸਵੀਰ ਸਰੋਤ, GURMESH FAMILY

ਤਸਵੀਰ ਕੈਪਸ਼ਨ, ਆਸਟਰੇਲੀਆ ਜਾਣ ਵਾਲੇ ਪੰਜਾਬੀਆਂ ਨੇ ਕੇਲੇ ਦੇ ਖੇਤਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ।

ਮਨਜੀਤ ਲੰਘੇ ਦਿਨਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੀ ਹੈ, "ਪਰਿਵਾਰਾਂ ਲਈ ਖਾਣੇ, ਕੱਪੜਿਆਂ ਦਾ ਪ੍ਰਬੰਧ ਕਰਨਾ ਸਭ ਤੋਂ ਵੱਡੀ ਚੁਣੌਤੀ ਹੁੰਦੀ ਸੀ ਪਰ ਮੈਂ ਕਿਸੇ ਨੂੰ ਸ਼ਿਕਾਇਤ ਕਰਦੇ ਨਹੀਂ ਸੁਣਿਆ।"

"ਅਸੀਂ ਅੱਜ ਜੋ ਹਾਂ ਆਪਣੇ ਮਾਪਿਆਂ ਦੀ ਮਿਹਨਤ ਕਰਕੇ ਹੀ ਹਾਂ। ਅੱਜ ਦੀ ਨਵੀਂ ਪੀੜ੍ਹੀ ਨੂੰ ਪਤਾ ਵੀ ਨਹੀਂ ਹੋਵੇਗਾ ਕਿ ਸਾਡੇ ਪੁਰਖਿਆਂ ਨੇ ਸਾਡੇ ਲਈ ਕੀ-ਕੀ ਕੀਤਾ ਹੈ।"

ਜਦੋਂ ਸਿੱਖਾਂ ਨੇ ਜ਼ਿੱਦ ਫੜੀ

ਅਮਰਜੀਤ ਸਿੰਘ ਮੋਰ ਆਪਣੀ ਮਾਂ ਅਤੇ ਭੈਣ ਨਾਲ 1964 ਵਿੱਚ ਵੂਲਗੂਲਗਾ ਪਹੁੰਚੇ।

ਉਨ੍ਹਾਂ ਦੇ ਪਿਤਾ ਦੋ ਸਾਲ ਪਹਿਲਾਂ ਇੱਥੇ ਆਏ ਸਨ।

ਉਨ੍ਹਾਂ ਲਈ ਇੱਥੇ ਹਜ਼ਾਰਾਂ ਮੀਲ ਦੂਰ ਆਉਣਾ ਬਹੁਤ ਵੱਡਾ ਬਦਲਾਅ ਸੀ।

AUSTRALIA GURUDWARA

ਤਸਵੀਰ ਸਰੋਤ, Amarjit Singh More

ਤਸਵੀਰ ਕੈਪਸ਼ਨ, ਅਮਰਜੀਤ ਸਿੰਘ ਮੋਰ ਮੁਤਾਬਕ ਆਸਟਰੇਲੀਆ ਦੇ ਪਹਿਲਾ ਗੁਰਦੁਆਰੇ ਦੇ ਪਿੱਛੇ 1967 ਦੀ ਇੱਕ ਘਟਨਾ ਹੈ।

ਉਹ ਯਾਦ ਕਰਦੇ ਹਨ, "ਉਸ ਵੇਲੇ ਵੂਲਗੂਲਗਾ ਦੀ ਆਬਾਦੀ ਤਕਰੀਬਨ 200-300 ਹੋਵੇਗੀ ਅਤੇ ਪੰਜ ਜਾਂ ਛੇ ਸਿੱਖ ਪਰਿਵਾਰ ਹੋਣਗੇ। ਮੈਂ ਪਿੰਡ ਦੇ ਸਕੂਲ ਵਿੱਚ ਪੜ੍ਹਾਈ ਕੀਤੀ ਸੀ ਅਤੇ ਅੰਗਰੇਜ਼ੀ ਨਹੀਂ ਆਉਂਦੀ ਸੀ।"

ਅਮਰਜੀਤ ਸਿੰਘ ਮੋਰ ਮੁਤਾਬਕ ਆਸਟਰੇਲੀਆ ਦੇ ਪਹਿਲੇ ਗੁਰਦੁਆਰੇ ਦੇ 1967 ਦੀ ਇੱਕ ਘਟਨਾ ਹੈ।

ਇੱਕ ਕਮਿਉਨਿਟੀ ਮੈਗਜ਼ੀਨ ਵਿੱਚ ਉਹ ਲਿਖਦੇ ਹਨ, "ਇੱਕ ਸਥਾਨਕ ਲੜਾਈ ਦੇ ਹੱਲ ਲਈ ਪਿੰਡ ਦੀ ਪੰਚਾਇਤ ਦੀ ਪਾਰਕ ਵਿੱਚ ਇੱਕ ਬੈਠਕ ਹੋਈ।

"ਵਿਦੇਸ਼ੀ ਭਾਸ਼ਾ ਵਿੱਚ ਤੇਜ਼ ਆਵਾਜ਼ ਵਿੱਚ ਗੱਲ ਕਰਦੇ ਹੋਏ ਜਦੋਂ ਕੇਅਰਟੇਕਰ ਨੇ ਸੁਣਿਆ ਤਾਂ ਉਸ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਉਨ੍ਹਾਂ ਨੂੰ ਪਾਰਕ ਵਿੱਚੋਂ ਚਲੇ ਜਾਣ ਲਈ ਕਿਹਾ।"

ਪਹਿਲੇ ਗੁਰਦੁਆਰੋ ਤੋਂ ਬਾਅਦ ਦੂਜਾ ਅਤੇ ਹੁਣ ਤੀਜਾ

ਸਿੱਖਾਂ ਨੂੰ ਇਹ ਗੱਲ ਬਰਦਾਸ਼ਤ ਨਾ ਹੋਈ ਅਤੇ ਉਨ੍ਹਾਂ ਨੇ ਗੁਰਦੁਆਰਾ ਬਣਾਉਣ ਦਾ ਫੈਸਲਾ ਕੀਤਾ।

ਰਸ਼ਮੀਰ ਭੱਟੀ ਦਸਦੀ ਹੈ, "ਉਹ ਗੁਰਦੁਆਰੇ ਲਈ ਚਰਚ ਦਾ ਡਿਜ਼ਾਈਨ ਲੈ ਕੇ ਆਏ ਪਰ ਕੁਝ ਲੋਕ ਇਸ ਗੱਲ ਤੋਂ ਸਹਿਮਤ ਨਹੀਂ ਸਨ ਕਿਉਂਕਿ ਉਹ ਰਵਾਇਤੀ ਗੁਰਦੁਆਰਾ ਚਾਹੁੰਦੇ ਸਨ।"

ਇਸ ਲਈ ਪਹਿਲਾ ਗੁਰਦੁਆਰਾ ਬਣਨ ਦੇ ਦੋ ਸਾਲ ਬਾਅਦ ਦੂਜਾ ਨਵਾਂ ਰਵਾਇਤੀ ਗੁਰਦੁਆਰਾ ਬਣਿਆ।

ਪਹਿਲਾ ਗੁਰਦੁਆਰਾ ਬਣਨ ਦੇ 50 ਸਲ ਪੂਰੇ ਹੋਣ 'ਤੇ ਹੁਣ ਨੇੜੇ ਹੀ ਤੀਜਾ ਗੁਰਦੁਆਰਾ ਬਣ ਰਿਹਾ ਹੈ ਜਿਸ 'ਤੇ ਕੰਮ ਕਰਨ ਲਈ ਕਾਰੀਗਰ ਪੰਜਾਬ ਤੋਂ ਆਏ ਹਨ।

ਪੰਜਾਬ ਤੋਂ ਆਏ ਸਿੱਖ ਅੱਜ ਕਾਫ਼ੀ ਜ਼ਮੀਨਾਂ ਦੇ ਮਾਲਕ ਹਨ ਅਤੇ ਉਹ ਸ਼ਾਨਦਾਰ ਘਰਾਂ ਵਿੱਚ ਰਹਿ ਰਹੇ ਹਨ।

ਕੇਲੇ ਤੋਂ ਆਮਦਨੀ ਘੱਟ ਹੋਣ ਤੋਂ ਬਾਅਦ ਖੇਤਾਂ ਵਿੱਚ ਕੇਲੇ ਦੀ ਬਜਾਏ ਬਲੂਬੇਰੀ ਉੱਗਾਉਣ ਲੱਗੇ ਹਨ।

ਖਾਲੀ ਸੜਕਾਂ ਦੇ ਦੋਹਾਂ ਪਾਸੇ ਵੱਖ-ਵੱਖ ਕਿਆਰੀਆਂ ਅਤੇ ਬਲੂਬੇਰੀ ਦੇ ਦਰਖ਼ਤ ਸਿੱਧੀਆਂ ਲਾਈਨਾਂ ਵਿੱਚ ਲੱਗੇ ਸਨ।

ਪੰਜਾਬ ਤੋਂ ਆਉਣ ਵਾਲੇ ਲੋਕ ਸ਼ਾਇਦ ਪੰਜਾਬ ਨੂੰ ਵੂਲਗੂਲਗਾ ਬਣਾਉਣਾ ਚਾਹੁਣ ਕਿਉਂਕਿ ਇੱਥੇ ਰਹਿਣ ਵਾਲਿਆਂ ਦੇ ਦਿਲਾਂ ਵਿੱਚ ਪੰਜਾਬ ਹਮੇਸ਼ਾਂ ਲਈ ਵਸਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)